HOME ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੀ 47ਵੀਂ ਬਰਸੀ ਮੌਕੇ ਲਿਬਰੇਸ਼ਨ ਵਲੋਂ ਦਸੂਹਾ ਵਿਖੇ...

ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੀ 47ਵੀਂ ਬਰਸੀ ਮੌਕੇ ਲਿਬਰੇਸ਼ਨ ਵਲੋਂ ਦਸੂਹਾ ਵਿਖੇ ਸ਼ਰਧਾਂਜਲੀ ਸਮਾਗਮ

11
ਫਿਲਮ ਸਤਲੁਜ ਉਤੇ ਲੱਗੀ ਰੋਕ ਹਟਾਉਣ ਦੀ ਮੰਗ 
ਦਸੂਹਾ,  (ਸਮਾਜ ਵੀਕਲੀ)   (ਜਸਵੰਤ ਗਿੱਲ) ਪੰਜਾਬ ਦੀ ਵਿਦਿਆਰਥੀ ਲਹਿਰ ਦੇ ਹਰਮਨ ਪਿਆਰੇ ਆਗੂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਸ਼ਹਾਦਤ ਦਿਵਸ 18 ਜੁਲਾਈ ਮੌਕੇ ਕੱਲ ਉਨ੍ਹਾਂ ਦੇ ਸ਼ਹਿਰ ਦਸੂਹਾ ਵਿਖੇ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਅੰਬੇਡਕਰ ਭਵਨ ਦਸੂਹਾ ਵਿਖੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਪਾਰਟੀ ਦੀ ਹੁਸ਼ਿਆਰਪੁਰ ਜ਼ਿਲ੍ਹਾ ਕਮੇਟੀ ਵਲੋਂ ਜਥੇਬੰਦ ਕੀਤੇ ਇਸ ਸ਼ਹੀਦੀ ਸਮਾਗਮ ਵਿੱਚ ਇਲਾਕੇ ਦੇ ਨੌਜਵਾਨ ਤੇ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸ਼ਹੀਦੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪਾਰਟੀ ਦੀ ਦਸੂਹਾ ਤਹਿਸੀਲ ਕਮੇਟੀ ਵਲੋਂ ਗੁਰਬਚਨ ਸਿੰਘ, ਮੁਕੇਰੀਆਂ ਤਹਿਸੀਲ ਵਲੋਂ ਬਖਸ਼ੀਸ਼ ਸਿੰਘ, ਹੁਸ਼ਿਆਰਪੁਰ ਤਹਿਸੀਲ ਵਲੋਂ ਕਾਮਰੇਡ ਸ਼ੇਰ ਜੰਗ ਬਹਾਦਰ ਸਿੰਘ, ਹਿਮਾਚਲ ਤੋਂ ਪਹੁੰਚੇ ਕਾਮਰੇਡ ਸੁਰਿੰਦਰ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਭੁਪਿੰਦਰ ਸਿੰਘ ਭੁੰਗਾ ਸ਼ਾਮਲ ਸਨ। ਸਮਾਗਮ ਦਾ ਮੰਚ ਸੰਚਾਲਨ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਚਰਨਜੀਤ ਸਿੰਘ ਭਿੰਡਰ ਵਲੋਂ ਕੀਤਾ ਗਿਆ। ਸਮਾਗਮ ਨੂੰ ਮੁੱਖ ਬੁਲਾਰੇ ਵਜੋਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੰਵਲਜੀਤ ਨੇ ਸੰਬੋਧਨ ਕੀਤਾ। ਉਨ੍ਹਾਂ ਦਸਿਆ ਕਿ 1952 ਦੇ ਜੰਮਪਲ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ 18 ਜੁਲਾਈ 1979 ਨੂੰ ਸਤਾਧਾਰੀ ਅਕਾਲੀ ਦਲ ਦੇ ਕੁਝ ਲੀਡਰਾਂ ਦੀ ਸਰਪ੍ਰਸਤੀ ਹੇਠਲੇ ਗੁੰਡਾ ਗਿਰੋਹ ਨੇ ਲੁਧਿਆਣਾ ਵਿਖੇ ਉਨ੍ਹਾਂ ਦੇ ਸਹੁਰੇ ਘਰੋਂ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਸੀ। 1970-71 ਦੇ ਉਸ ਖ਼ਤਰਨਾਕ ਦੌਰ ਵਿੱਚ ਜਦੋਂ ਹਕੂਮਤ ਵਲੋਂ ਵਹਿਸ਼ੀ ਢੰਗ ਨਾਲ ਨਕਸਲੀ ਲਹਿਰ ਦੇ ਆਗੂਆਂ ਅਤੇ ਵਰਕਰਾਂ ਨੂੰ ਫ਼ੜ ਫ਼ੜ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਸੀ, ਸ਼ਹੀਦ ਰੰਧਾਵਾ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਇਨਕਲਾਬੀ ਲੀਹਾਂ ‘ਤੇ ਜਥੇਬੰਦ ਕਰਨ ਦਾ ਉੱਦਮ ਕੀਤਾ। ਨਤੀਜਾ ਵੱਖ ਵੱਖ ਘੋਲਾਂ ਤੇ ਪਰਖਾਂ ਵਿੱਚ ਪੂਰੀ ਉੱਤਰਦੀ ਹੋਈ ਇਹ ਜਥੇਬੰਦੀ ਉਨ੍ਹਾਂ ਦੀ ਸ਼ਹਾਦਤ ਤੱਕ ਪੰਜਾਬ ਦੇ ਵਿਦਿਆਰਥੀਆਂ ਦੀ ਇਕ ਪ੍ਰਤੀਨਿਧ ਜਥੇਬੰਦੀ ਬਣ ਚੁੱਕੀ ਸੀ। ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੀਤੇ 47 ਸਾਲਾਂ ਵਿੱਚ ਦੇਸ਼ ਦੇ ਦਰਿਆਵਾਂ ਵਿੱਚ ਅਥਾਹ ਪਾਣੀ ਵਹਿ ਚੁੱਕਿਆ ਹੈ। ਹੁਣ 12 ਸਾਲ ਤੋਂ ਦੇਸ਼ ਉਤੇ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਦੀ ਮੋਦੀ ਸਰਕਾਰ ਰਾਜ ਕਰ ਰਹੀ ਹੈ, ਜੋ ਦੇਸ਼ ਦੇ ਸੰਵਿਧਾਨ ਤੇ ਜਨਤਾ ਦੇ ਬੁਨਿਆਦੀ ਅਧਿਕਾਰਾਂ ਨੂੰ ਸਤਾ ਦੇ ਬੁਲਡੋਜ਼ਰ ਨਾਲ ਕੁਚਲ ਰਹੀ ਹੈ। ਇਹ ਸਰਕਾਰ ਮਜ਼ਦੂਰਾਂ ਕਿਸਾਨਾਂ ਤੇ ਵਿਦਿਆਰਥੀ -ਨੌਜਵਾਨਾਂ ਦੇ ਨਾਲ ਨਾਲ ਦੇਸ਼ ਦੀਆਂ ਧਾਰਮਿਕ ਤੇ ਕੌਮੀ ਘੱਟ ਗਿਣਤੀਆਂ, ਦਲਿਤਾਂ ਤੇ ਆਦਿਵਾਸੀਆਂ ਅਤੇ ਸੂਬਿਆਂ ਦੀ ਖੁਦਮੁਖਤਾਰੀ ਨੂੰ ਬੁਰੀ ਤਰ੍ਹਾਂ ਕੁਚਲ ਰਹੀ ਹੈ। ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦੀ ਸਿਆਸੀ ਦੁਰਵਰਤੋਂ ਕਰਦਿਆਂ ਐਸ ਆਈ ਆਰ ਦੀ ਆੜ ਵਿੱਚ ਵਿਰੋਧੀਆਂ ਦੀਆਂ ਵੋਟਾਂ ਕੱਟਣ ਅਤੇ ਨਿਆਂ ਪਾਲਿਕਾ ਵਲੋਂ ਸੰਵਿਧਾਨ ਦੇ ਕਸਟੋਡੀਅਨ ਹੋਣ ਦੀ ਅਪਣੀ ਭੂਮਿਕਾ ਨਾ ਨਿਭਾਉਣ ਕਰਕੇ ਅੱਜ ਦੇਸ਼ ਵਿੱਚ ਇੰਦਰਾ ਵਲੋਂ ਲਾਈ ਐਮਰਜੈਂਸੀ ਨਾਲੋਂ ਵੀ ਭਿਆਨਕ ਹਾਲਤ ਬਣ ਚੁੱਕੀ ਹੈ। ਇਸ ਲਈ ਸੀਪੀਆਈ ਐਮ ਐਲ ਲਿਬਰੇਸ਼ਨ ਸਮਝਦਾਰੀ ਹੈ ਕਿ ਦੇਸ਼ ਦੀਆਂ ਸਾਰੀਆਂ ਸੁਹਿਰਦ ਇਨਕਲਾਬੀ ਤੇ ਖੱਬੀਆਂ ਸ਼ਕਤੀਆਂ ਦੇ ਧੁਰੇ ਦੁਆਲੇ ਸਮੂਹ ਫਾਸ਼ੀਵਾਦ ਵਿਰੋਧੀ ਤਾਕਤਾਂ ਨੂੰ ਇਕਜੁੱਟ ਕਰਕੇ ਹੀ ਸੰਘ-ਬੀਜੇਪੀ ਨੂੰ ਹਾਰ ਦਿੱਤੀ ਜਾ ਸਕਦੀ ਹੈ ਅਤੇ ਸਤਾ ਦੇ ਮਨਮਾਨੇ ਜਬਰ ਤੇ ਤਾਨਾਸ਼ਾਹੀ ਦੇ ਰਾਜ ਦਾ ਅੰਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਅਧਾਰਤ ਫਿਲਮ ਸਤਲੁਜ ਉਤੇ ਪਾਬੰਦੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਫਿਲਮ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਇਤਰਾਜ਼ਯੋਗ ਹੋਵੇ, ਹਾਂ ਇਹ ਸਤਾ ਅਤੇ ਇਸ ਦੇ ਸਾਰੇ ਹਥਿਆਰਬੰਦ ਬਲਾਂ ਦੇ ਘਿਨਾਉਣੇ ਚੇਹਰੇ ਨੂੰ ਜ਼ਰੂਰ ਨੰਗਾ ਕਰਦੀ ਹੈ ਅਤੇ ਜਨਤਾ ਨੂੰ ਇਸ ਸਚਾਈ ਨੂੰ ਵੇਖਣ ਸਮਝਣ ਦਾ ਪੂਰਾ ਹੱਕ ਹੈ।ਸ਼ਰਧਾਂਜਲੀ ਸਮਾਗਮ ਨੂੰ ਫਿਲਾਸਫੀ ਵਿਭਾਗ ਦੇ ਪ੍ਰੋਫੈਸਰ ਪੰਕਜ ਵਲੋਂ ਵੀ ਸੰਬੋਧਨ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleडॉ. बी. आर. अंबेडकर की कम्यूनिज़्म की आलोचना और कम्युनिस्टों के साथ उनके संबंध
Next articleਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਤੇ ਨਾਮ ਜੋੜਨ ਦੀ ਪ੍ਰਕਿਰਿਆ ਹੋਈ ਆਸਾਨ : ਵਿਧਾਇਕ ਸੰਤੋਸ਼ ਕਟਾਰੀਆ