ਸਮਾਜ ਵੀਕਲੀ ਯੂ ਕੇ
1995 ਵਿੱਚ ਮੈ, ਸਿੰਘਾਪੁਰ ਦੀ ਇੱਕ ਅਰਧ ਸਰਕਾਰੀ ਕੰਪਨੀ ਐਸ ਟੀ ਸੀ (ਸਿੰਘਾਪੁਰ ਟੈਕਨਾਲੋਜੀ ਕੰਸਟਰਕਸ਼ਨ) ਵਿੱਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ। 1992 ‘ਚ, ਮੈਂ ਇਸ ਕੰਪਨੀ ਵਿੱਚ, ਇਕ ਮਜ਼ਦੂਰ ਦੇ ਤੌਰ ਤੇ ਸਿੰਘਾਪੁਰ ਗਿਆ ਸੀ। ਉਸ ਸਮੇਂ ਇਸ ਕੰਪਨੀ ਦੇ ਕਿਸੇ ਵੀ ਕੰਮ ‘ਤੇ ਕੋਈ ਸਕਿਉਰਟੀ ਨਹੀਂ ਹੋਇਆ ਕਰਦੀ ਸੀ। ਕਿਉਂਕਿ ਸਿੰਘਾਪੁਰ ਦੀ ਕਾਨੂੰਨ ਵਿਵਸਥਾ ਬਹੁਤ ਸਖਤ ਹੋਣ ਕਾਰਣ, ਸਕਿਉਰਟੀ ਦੀ ਕੋਈ ਜਰੂਰਤ ਹੀ ਨਹੀਂ ਸੀ। ਉਸ ਸਮੇਂ ਸਿੰਘਾਪੁਰ ਵਿੱਚ ਗੈਰਕਾਨੂਨੀ ਕਾਮੇ, ਸਰਕਾਰ ਲਈ ਬੜੀ ਸਿਰਦਰਦੀ ਬਣੇ ਹੋਏ ਸਨ। ਕਿਉਂਕਿ ਇੰਡੀਆ, ਬੰਗਲਾਦੇਸ਼, ਥਾਈਲੈਂਡ ਅਤੇ ਚੀਨ ਤੋਂ ਭਾਰੀ ਗਿਣਤੀ ਚ ਲੋਕ ਟੂਰਿਸਟ ਵੀਜ਼ੇ ‘ਤੇ ਆ ਕੇ ਇੱਥੇ ਕੰਮ ਕਰ ਰਹੇ ਸਨ।ਫੜੇ ਜਾਣ ‘ਤੇ ਸਖ਼ਤ ਸਜ਼ਾ (9 ਮਹੀਨੇ ਜੇਲ੍ਹ ਅਤੇ 3 ਰੁਦਨ) ਦਾ ਵੀ ਇਹਨਾਂ ਨੂੰ ਕੋਈ ਡਰ ਭੈ ਨਹੀਂ ਸੀ। ਜਿਸ ਨਾਲ ਸਰਕਾਰ ਨੂੰ ਆਰਥਿਕ ਤੌਰ ‘ਤੇ ਵੀ ਭਾਰੀ ਨੁਕਸਾਨ ਹੋ ਰਿਹਾ ਸੀ। ਕਿਉਂਕਿ ਵਰਕ ਪਰਮਿਟ ‘ਤੇ ਕੰਮ ਕਰਨ ਵਾਲੇ ਕਾਮਿਆਂ ਤੋਂ ਸਰਕਾਰ ਤਿੰਨ ਸੌ ਅੱਸੀ ਡਾਲਰ ਪ੍ਰਤੀ ਮਹੀਨਾ ਲੈਵੀ ਵਸੂਲਦੀ ਸੀ।ਇਹਨਾਂ ਗੈਰਕਾਨੂੰਨੀ ਕਾਮਿਆਂ ਤੋਂ ਛੁਟਕਾਰਾ ਪਾਉਣ ਲਈ ਸਿੰਘਾਪੁਰ ਸਰਕਾਰ ਨੇ, ਉੱਨੀਂ ਸੌ ਪਚੱਨਵੇਂ (1995) ਵਿੱਚ ਨਵਾਂ ਕਨੂੰਨ ਬਣਾ ਦਿੱਤਾ ਸੀ ਕਿ ਜਿਸ ਕੰਪਨੀ, ਦੁਕਾਨ ਜਾਂ ਹੋਟਲ ਤੋਂ ਗੈਰਕਨੂੰਨੀ ਕਾਮਾ ਫੜਿਆ ਜਾਵੇ ਗਾ, ਉੱਥੇ ਦੇ ਮੈਨੇਜਰ ਨੂੰ ਤਿੰਨ ਸਾਲ ਦੀ ਜੇਹਲ ਅਤੇ ਪੰਜ ਹਜ਼ਾਰ ਸਿੰਘਾਪੁਰ ਡਾਲਰ ਜੁਰਮਾਨਾ ਕੀਤਾ ਜਾਵੇਗਾ।ਇਸ ਤਰ੍ਹਾਂ ਸਾਰੀਆਂ ਹੀ ਕੰਪਨੀਆਂ ਨੂੰ ਸਕਿਉਰਟੀ ਰੱਖਣ ਦੀ ਜਰੂਰਤ ਪੈ ਗਈ ਸੀ,ਤਾਂ ਕਿ ਕੰਮ ਉੱਤੇ ਗੈਰਕਾਨੂੰਨੀ ਕਾਮਿਆਂ ਦਾ ਦਾਖਲਾ ਰੋਕਿਆ ਜਾ ਸਕੇ।
ਇਸ ਲਈ ਸਾਡੀ ਕੰਪਨੀ ਵਲੋਂ ਕਰਨਲ ਚੰਨ (ਰਿਟਾ: ਕਰਨਲ ਚੰਨ ਚਿਊ ਨਾਮ) ਨੂੰ ਸਕਿਉਰਟੀ ਟੀਮ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ। ਜੋ ਕਿ ਨਿਰੋਲ ਨੇਪਾਲੀ ਗੋਰਖਾ ਦੀ ਹੀ ਟੀਮ ਬਣਾਉਣੀ ਚਾਹੁੰਦਾ ਸੀ। ਪਰ ਕੰਪਨੀ ਦੇ ਵਾਇਸ ਪ੍ਰੈਜੀਡੈਂਟ ਹਰਮਨ ਐਨ ਜੀ ਨੇ,ਆਪਣੀ ਪਸੰਦ ਦੇ ਤਿੰਨ ਕਾਮਿਆਂ ( ਮੈਂ, ਆਂਧਰਾ ਪ੍ਦੇਸ਼ ਦਾ ਰਾਮ ਚੰਦਰ ਅਤੇ ਥਾਈਲੈਂਡ ਦਾ ਬਾਹੁੰਗ ) ਨੂੰ ਸਕਿਉਰਟੀ ਟੀਮ ਦਾ ਹਿੱਸਾ ਬਣਾਇਆ। ਉਸ ਦੇ ਪਰੋਜੈਕਟ ਮੈਨੇਜਰ ਹੁੰਦਿਆਂ ਅਸੀਂ ਉਸ ਨਾਲ ਤਿੰਨ ਸਾਲ ਤੱਕ ਕੰਮ ਕੀਤਾ ਸੀ। ਇਹ ਸਮਝ ਲਓ ਕਿ ਹਰਮਨ ਐਨ ਜੀ ਨੇ ਸਾਨੂੰ ਸਾਡੀ ਮਿਹਨਤ ਦਾ ਇਨਾਮ ਦਿੱਤਾ ਸੀ ਜਾਂ ਸਹੀ ਮੁਲ ਪਾਇਆ ਸੀ।
ਬੈਂਨਕਿਟ ਰੋਡ, ਬੁਕਿਤ ਪੰਨਜਿੰਗ ਚ ਨਵੇਂ ਪਰੋਜੈਕਟ ਐਗਜੀਕਿਊਟਿਵ ਕੰਡੋਮੀਨੀਅਮ ਤੋਂ ਸਕਿਉਰਟੀ ਦੀ ਸ਼ੁਰੂਆਤ ਕੀਤੀ ਗਈ ਸੀ।ਗੋਰਖਾ ਸਕਿਉਰਟੀ ਗਾਰਡ ਦੇ ਪੁੰਹਚਣ ਤੱਕ, ਤਕਰੀਬਨ ਢਾਈ ਮਹੀਨੇ ਤੱਕ ਅਸੀਂ ਤਿੰਨਾਂ ਨੇ ( ਇੱਥੇ ਨੌਂ ਗਾਰਡ ਦੀ ਜਰੂਰਤ ਸੀ) ਪੂਰਾ ਪਰੋਜੈਕਟ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਰੱਖਿਆ ਸੀ।ਅਤੇ ਜਦੋਂ ਛੇ ਗੋਰਖਾ ਗਾਰਡ ਆਏ, ਉਹਨਾਂ ਨੇ ਸਾਡੀ ਢਾਈ ਮਹੀਨੇ ਦੀ ਮਿਹਨਤ ਬੇਕਾਰ ਕਰ ਦਿੱਤੀ ਸੀ। ਡਿਊਟੀ ‘ਤੇ ਲੇਟ ਆਉਣਾ ( ਗਾਰਡ ਰੂਮ ਤੋਂ ਪੰਦਰ੍ਹਾਂ ਕੁ ਮੀਟਰ ਤੇ ਸਾਡਾ ਕਮਰਾ ਸੀ) ਬਿਨਾਂ ਇੰਟਰੀ ਪਾਸ ਕਾਮਿਆਂ ਨੂੰ ਅੰਦਰ ਜਾਣ ਦੇਣਾ, ਰਾਤ ਦੀ ਡਿਊਟੀ ਚ ਸੌਣਾਂ ਆਦਿ ਦੀਆਂ ਸ਼ਿਕਾਇਤਾਂ ਕਾਰਣ ਸੱਤ ਕੁ ਮਹੀਨਿਆਂ ਬਾਅਦ ਕੰਪਨੀ ਵਲੋਂ ਦੋ ਗਾਰਡ ਨੂੰ ਵਾਪਸ ਇੰਡੀਆ ਭੇਜਣਾਂ ਪਿਆ ਸੀ। ਪਰ ਅਗਲੇ ਨਵੇਂ ਪਰੋਜੈਕਟ ਲਈ ਕਰਨਲ ਚੰਨ ਫ਼ੇਰ ਤੋਂ ਗੋਰਖਾ ਗਾਰਡ ਲਿਆ ਰਿਹਾ ਸੀ। (ਸਾਰੇ ਗੋਰਖਾ ਗਾਰਡ ਪੱਛਮੀ ਬੰਗਾਲ ਦੇ ਸ਼ਹਿਰ ਕਾਲੀਪੌਂਗ ਤੋਂ ਸਨ, ਸਿੰਘਾਪੁਰ ਫੌਜ ਵਿੱਚ ਨੇਪਾਲ ਦੇ ਗੋਰਖਾ ਦੀ ਅਲੱਗ ਬਟਾਲੀਅਨ ਹੈ।ਜਿਸ ਕਾਰਣ ਕਰਨਲ ਚੰਨ ਗੋਰਖਾ ਸਕਿਉਰਟੀ ਟੀਮ ਬਣਾਉਣੀ ਚਾਹੁੰਦਾ ਸੀ) ਜਦੋਂ ਕਰਨਲ ਚੰਨ, ਨਵੇਂ ਸਕਿਉਰਟੀ ਗਾਰਡ ਭਰਤੀ ਕਰਨ ਲਈ ਕਾਲੀਪੌਂਗ ਗਿਆ ਤਾਂ ਇੱਕ ਦਿਨ ਮੈਂ ਆਪਣੇ ਸਾਥੀ ਗੋਰਖਾ ਗਾਰਡ ਈਗਨ ਛਤਰੀ ਨੂੰ ਪੁੱਛ ਹੀ ਲਿਆ ਕਿ ਯਾਰ, ਇਹ ਕਰਨਲ ਚੰਨ ਗੋਰਖਿਆਂ ਲਈ ਇੰਨਾ ਪਾਗਲ ਕਿਉਂ ਹੋਇਆ ਪਿਆ।ਐਨਾਂ ਕੁਝ ਹੋਣ ਤੋਂ ਬਾਅਦ ਵੀ ਇਹ ਕਾਲੀਪੌਂਗ ਨੂੰ ਤੁਰ ਗਿਆ। ਹੋਰ ਕਿਤਿਉਂ ਇਸ ਨੂੰ ਗਾਰਡ ਨਹੀਂ ਲੱਭਦੇ? ਈਗਨ ਗੰਭੀਰਤਾ ਨਾਲ ਮੇਰੇ ਵੱਲ ਦੇਖਦਾ ਹੋਇਆ ਕਹਿਣ ਲੱਗਾ ਕਿ ਸਿੰਘ, ਪੂਰੀ ਦੁਨੀਆਂ ‘ਚ, ਖਾਸ ਕਰ ਕੇ ਅੰਗਰੇਜ਼ਾਂ ਵਲੋਂ, ਸਿੱਖ ਅਤੇ ਗੋਰਖਾ ਦੋ ਕੌਮਾਂ ਨੂੰ ਮਾਰਸ਼ਲ ਮੰਨਿਆ ਗਿਆ ਹੈ। ਈਗਨ ਕਹਿੰਦਾ ਕਿ ਸਾਡੇ ਗੋਰਖਿਆਂ ਚ ਕਿਹਾ ਜਾਂਦਾ ਹੈ ਕਿ ਸਿੱਖ ਦੀ ਕਿਰਪਾਨ ਅਤੇ ਗੋਰਖਾ ਦੀ ਖੁਖੱਰੀ ਜੇ ਮਿਆਨ ਵਿੱਚੋਂ ਨਿਕਲ ਗਈ, ਤਾਂ ਇਹ ਬਿਨਾਂ ਖੂਨ ਲੱਗੇ ਮਿਆਨ ‘ਚ ਵਾਪਸ ਨਹੀਂ ਪੈਂਦੀਆਂ। ਗੁੱਸਾ ਨਾ ਕਰੀਂ ਸਿੰਘ, ਇਹ ਸਾਡੇ ਬਜ਼ੁਰਗਾਂ ਦੀ ਕਮਾਈ ਹੈ ਜੋ ਅਸੀਂ ਅੱਜ ਤੱਕ ਖਾ ਰਹੇ ਹਾਂ, ਵਰਨਾਂ ਅੱਜ ਸਾਡੇ ਦੋਹਾਂ ( ਗੋਰਖਾ ਅਤੇ ਸਿੱਖ ) ਦੇ ਪੱਲੇ ਕੁਝ ਨਹੀਂ ਹੈ। ਉਸ ਦੀ ਗੱਲ ਸੁਣ ਕੇ ਮੈਂ ਸੋਚਾਂ ਚ ਪੈ ਗਿਆ ਸੀ। ਅੱਜ ਸਿੰਘਾਪੁਰ ਤੋਂ ਪਿੰਡ ਵਾਪਸ ਆਏ ਮੈਨੂੰ ਸਤਾਰਾਂ ਅਠਾਰਾਂ ਸਾਲ ਹੋ ਗਏ ਹਨ, ਪਰ ਆਪਣੇ ਸਾਥੀ ਈਗਨ ਦੀ ਕਹੀ ਇਹ ਗੱਲ ਮੇਰੇ ਦਿਮਾਗ ਵਿੱਚੋਂ ਨਹੀਂ ਨਿਕਲ ਰਹੀ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133



