ਮਰੋ ਫਿਲਮ ਦਾ ਰਵਿਊ

(ਸਮਾਜ ਵੀਕਲੀ)

ਜ਼ਿੰਦਗੀ ਦਾ ਨਾਮ “ਮਰੋ’

ਕੁੱਝ ਦਿਨ ਪਹਿਲਾਂ ਵਿੰਨੀਪੈਗ ਕਨੇਡਾ ਦੇ ਸਿਟੀ ਸਿਨੇਮਾ ਚ ਸਰਤਾਜ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ਕਲੀ ਜੋਟਾ ਵੇਖੀ ਸੀ । ਜਬਰੀ ਧੱਕੇ ਨਾਲ ਹਸਾਉਣ ਤੇ ਹਲਕੇ ਕਿਸਮ ਦੀਆਂ ਫਿਲਮਾਂ ਤੋਂ ਹਟਕੇ ਇਹ ਫਿਲਮ ਸੱਚਮੁੱਚ ਸਮਾਜ ਨੂੰ ਸੰਬੋਧਨ ਹੈ।ਜੋ ਔਰਤ ਦੀ ਵੇਦਨਾ ,ਸੰਵੇਦਨਸ਼ੀਲਤਾ,ਮਨੋਸਥਿਤੀ ਨੂੰ ਬਿਆਨਦੀ ਤੇ ਕਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕਰਦੀ ਹੈ। ਇਹ ਫਿਲਮ ਦਰਸ਼ਕਾਂ ਨੂੰ ਟਿਕਟਾਂ ਦਾ ਮੁੱਲ ਹੀ ਨਹੀਂ ਮੋੜਦੀ ਬਲਕਿ ਮਨੁੱਖੀ ਹਿਰਦੇ ਨੂੰ ਝੰਜੋੜਦੀ ਹੋਈ ਸੋਚਣ ਲਈ ਮਜ਼ਬੂਰ ਕਰਦੀ ਹੈ।ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਵੱਡੀ ਦੇਣ ਦਿੱਤੀ ਹੈ।

ਹਾਲੇ ਇਸ ਫਿਲਮ ਦਾ ਦਿਲ ਦਿਮਾਗ ਤੇ ਪ੍ਰਭਾਵ ਬਣਿਆ ਹੀ ਹੋਇਆ ਸੀ ਕਿ ਸ਼ੋਸਲ ਮੀਡੀਏ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਸਤਨਾਮ ਦੀ ਨਿਰਦੇਸ਼ਨਾਂ ਹੇਠ ਯੂ ਟਿਊਬ ਫਿਲਮ ‘ਮਰੋ”।ਮੈਂ ਇਸ ਫਿਲਮ ਦੇ ਮੋਬਾਇਲ ਤੇ ਅੰਸ਼ ਵੇਖਦਾ ਮਨ ਨੂੰ ਟੁੰਬਦੇ ਲੇਕਿਨ ਕਦੇ ਕਿਸੇ ਦੀ ਕਾਲ ਆ ਜਾਣੀ ਜਾਂ ਮੈਸੇਜ ਤਾਂ ਰਿਦਮ ਟੁੱਟ ਜਾਂਦਾ।ਅੱਜ ਫਿਰ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਐਨੇ ਨੂੰ ਬੇਟੀ ਸਿਮਰਨ ਕੰਮ ਤੋਂ ਵਾਪਸ ਆ ਗਈ।ਆਉਂਦੇ ਹੀ ਬੇਟੀ ਨੇ ਪੁੱਛਿਆ ਡੈਡੀ ਕੀ ਕਰਦੇ ਸੀ? ਮੈਂ ਕਿਹਾ ਮੋਬਾਇਲ ਤੇ ਮਰੋ ਫਿਲਮ ਵੇਖਦਾ ਹਾਂ ,ਬੇਟੀ ਝੱਟ ਬੋਲੀ ਵੇਖ ਲੋ ਵਧੀਆ ਫਿਲਮ ਹੈ ਮੈਂ ਐਲ ਸੀ ਡੀ ਤੇ ਲਾ ਕੇ ਦਿੰਦੀ ਹਾਂ ਆਪਣੇ ਨਵੋਦਿਅਨ ਨੇ ਬਣਾਈ ਹੈ।

ਨਵੋਦਿਅਨ ਦਾ ਨਾਮ ਸੁਣਦਿਆਂ ਦਿਮਾਗ ਸੱਤ ਅੱਠ ਸਾਲ ਪਿੱਛੇ ਚਲਾ ਗਿਆ।ਜਦੋਂ ਮੇਰੀ ਬੇਟੀ ਸਿਮਰਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਦਾਖਲਾ ਲਿਆ ਸੀ।ਸੱਤੀ ਨਵੋਦਿਅਨ ਇੱਥੇ ਹੀ ਮਿਲਿਆ ਸੀ ਜੋ ਮੇਰਾ ਤੇ ਬੇਟੀ ਦਾ ਜਲਦੀ ਦੋਸਤ ਬਣ ਗਿਆ ਸੀ। ਇਹ ਵੀ ਮੌਕਾ ਮੇਲ ਸੀ ਕਿ ਸੱਤੀ ਨਵੋਦਿਅਨ ਉਨ੍ਹਾਂ ਅਗਾਂਹਵਧੂ ਵਿਚਾਰਾਂ ਦਾ ਹਾਮੀ ਸੀ ਜਿੰਨਾਂ ਦਾ ਮੈਂ। ਉਹ ਸਮਾਜਿਕ ਮਸਲਿਆਂ ਨੂੰ ਨੁੱਕੜ ਨਾਟਕਾਂ ਰਾਹੀਂ ਲੋਕਾਂ ਚ ਲੈ ਕੇ ਜਾਂਦਾ।ਪੀਪਲਜ਼ ਆਰਟ ਪਟਿਆਲਾ ਦੀ ਟੀਮ ਵੱਲੋਂ ਭਰੂਣ ਹੱਤਿਆ ਦੇ ਖਿਲਾਫ਼ ਖੇਡਿਆ ਜਾਣ ਵਾਲਾ ਨਾਟਕ ਤੈਂ ਕੀ ਦਰਦ ਨਾ ਆਇਆ।ਸੱਤੀ ਉਸ ਦਾ ਕਮਾਲ ਦਾ ਪਾਤਰ ਸੀ।ਇਸ ਨਾਟਕ ਚ ਉਸ ਦੀ ਭੂਮਿਕਾ ਦਿਲ ਨੂੰ ਛੂ ਲੈਣ ਵਾਲੀ ਹੁੰਦੀ।ਉਹ ਖੁਦ ਵੀ ਸੰਵੇਦਨਸ਼ੀਲ,ਭਾਵੁਕ ਤੇ ਕੋਮਲ ਦਿਲ ਦਾ ਜ਼ਜਬਾਤਾਂ ਨਾਲ ਭਰਿਆ ਹੋਇਆ ਹੈ।ਸ਼ਾਇਦ ਉਸ ਦੀ ਏਹੋ ਸੰਵੇਦਨਾ ਮਰੋ ਫਿਲਮ ਦੇ ਨਿਰਦੇਸ਼ਨ ਤੱਕ ਲੈ ਆਈ।

ਤੀਹ ਕੁ ਬਸੰਤਾਂ ਨੂੰ ਢੁੱਕਿਆ ਕਿਰਤੀਆਂ ਦੇ ਵਿਹੜੇ ਦੇ ਜਾਏ ਸੱਤੀ ਨੇ ਮਰੋ ਵਰਗੇ ਸੂਖਮ ਵਿਸ਼ੇ ਨੂੰ ਹੱਥ ਪਾਇਆ। ਜਿਵੇਂ ਕਲੀ ਜੋਟਾ ਫਿਲਮ ਦੀ ਰਾਬੀਆ ਸ਼ੁਰੂਆਤ ਚ ਚੁਲਬੁਲੀ ਹੁੰਦੀ ਹੈ ਉਸ ਤਰ੍ਹਾਂ ਹੀ ਮਮਤਾ ਦੀ ਮਾਰੀ ਮਰੋ ਬਾਹਰੋਂ ਸ਼ਰਾਰਤੀ ਤੇ ਕਿਊਟ ਜਾਪਦੀ ਹੈ। ਅੰਦਰੋਂ ਅੰਦਰ ਰੋਂਦੀ ਤਾਹਨੇ ਸੁਣਦੀ ਮਰੋ ਫਿਰ ਵੀ ਸ਼ਰਾਰਤ ਕਰਦੀ ਹੈ ਜਦ ਸਕੂਲ ਜੁਆਇਨ ਕਰਨ ਆਈ ਸਿਮਰਨ ਅਕਸ ਨੂੰ ਸਕੂਲ ਦਾ ਅਡਰੈਸ ਦੱਸ ਆਪਣੀ ਸਹੇਲੀ ਸਮੇਤ ਅਧਿਆਪਕਾ ਨੂੰ ਤਾਏ ਦੇ ਘਰ ਤੱਕ ਲੈ ਜਾਂਦੀ ਹੈ…।ਤੇ ਉਸੇ ਮੈਡਮ ਵੱਲੋਂ ਅੱਠਵੀ ਕਲਾਸ ਦੇ ਵਿਦਿਆਰਥੀ ਨੂੰ ਬਣਾਏ ਮਨੀਟਰ ਨੂੰ ਤਾੜਣਾ ਕਰਦੀ ਹੈ।

ਮਰੋ ਨਾਮ ਸਮਾਜ ਚ ਦੁਰਕਾਰਨ ਨਾਲ ਜੁੜਿਆ ਹੋਇਆ ਹੈ।ਧੀ ਦੇ ਜਨਮ ਮੌਕੇ ਘਰ ਚ ਕੁੱਝ ਮਾੜਾ ਵਾਪਰ ਜਾਣ,ਇੱਕ ਦੋ ਤੋਂ ਵੱਧ ਧੀਆਂ ਦਾ ਹੋਣਾ ਨੂੰ ਧੀ ਨੂੰ ਮਰੋ,ਅੱਕੀ,ਕਲਿਹਣੀ ਤੇ ਪੱਥਰ ਕਹਿ ਬੁਲਾਇਆ ਜਾਂਦਾ ਹੈ। ਫਿਲਮ ਚ ਅਧਿਆਪਕਾ ਸਿਮਰਨ ਅਕਸ ਦੀ ਭੂਮਿਕਾ ਬਾ ਕਾਮਾਲ ਹੈ। ਜੋ ਅਧਿਆਪਕ ਵਰਗ ਨੂੰ ਦਿਖਾਉਂਦੀ ਹੈ ਕਿ ਜੇ ਸਕੂਲ ਪੜ੍ਹਦੇ ਬੱਚਿਆਂ ਚੋਂ ਆਪਣੇ ਬੱਚਿਆਂ ਨੂੰ ਵੇਖਿਆ ਜਾਵੇ ਤਾਂ ਰੈਡੀਮੇਡ ਗਿਆਨ ਵਾਲੇ ਕਨਵੈਂਟ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਿਤੇ ਅੱਗੇ ਲਿਜਾਇਆ ਜਾ ਸਕਦਾ ਹੈ। ਮਰੋ ਦੀ ਸਟੇਟ ਪੱਧਰ ਤੇ ਪਹਿਲੀ ਪੁਜ਼ੀਸ਼ਨ ਸਿਰਫ ਕਨਵੈਂਟ ਸਕੂਲਾਂ ਦੀ ਮਨੈਜਮੈਂਟ ਵਲੋਂ ਕੀਤੀ ਸ਼ਾਜ਼ਿਸਾਂ ਨੂੰ ਬੇਪਰਦ ਹੀ ਨਹੀਂ ਕਰਦੀ ਜੋ ਆਪਣੇ ਪੈਸਾ ਪ੍ਰਧਾਨ ਸਕੂਲਾਂ ਨੂੰ ਅੱਗੇ ਰੱਖਣ ਲਈ ਧੋਖਾਧੜੀ ਕਰਦੇ ਨੇ ਬਲਕਿ ਮਰੋ ਦੀ ਸਫਲਤਾ ਦੂਰ ਹੁੰਦੇ ਜਾ ਰਹੇ ਰਿਸ਼ਤਿਆਂ ਨੂੰ ਵੀ ਗੰਢਦੀ ਹੈ। ਫਿਲਮ ਚ ਸਰਕਾਰੀ ਸਕੂਲ ਨੂੰ ਉਤਸ਼ਾਹਿਤ ਕਰਨ ਦੀ ਨਿਵੇਕਲੀ ਵਿਧਾ ਹੈ ਜਦੋਂ ਕਿ ਕਾਨਵੈਂਟ ਸਕੂਲ ਮੁੱਖੀ ਸਪਨਦੀਪ ਰੰਗਕਰਮੀ ਨੇ ਨਿਭਾਏ ਰੋਲ ਨੇ ਮਰੋ ਫਿਲਮ ਚ ਜਾਨ ਪਾ ਦਿੱਤੀ ਹੈ।

ਦਿਲ ਨੂੰ ਟੁੰਬਣ ਵਾਲੀ ਅੰਤ ਤੱਕ ਫਿਲਮ ਚ ਖਿੱਚ ਬਣਾਈ ਰੱਖਣ ਵਾਲੀ ਮਰੋ ਤੇ ਜ਼ਜਬੇ ਭਰੀ ਸਿਮਰਨ ਅਕਸ ਸਮੇਤ ਸਮੁੱਚੀ ਟੀਮ ਸੰਨੀ ਧੰਨੋਆ,ਤਪਤੇਜ ਬਰਾੜ( ਮਰੋ,) ਤਰਸੇਮ ਬੁੱਟਰ ,ਗੁਰਸੇਵਕ ਸਿੰਘ ਬਹਿਮਨ,ਸੁਖਮੰਦਰ ਸਿੰਘ ਚੱਠਾ,ਪਰਮਜੀਤ ਕੌਰ ਢਿੱਲੋਂ, ਅਮਨਦੀਪ ਸਿੰਘ ਸਿੰਧੂ, ਜਗਦੀਪ ਸਿੰਘ ਸੋਹਲ ਆਦਿ ਸਮੁਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।ਉਮੀਦ ਹੈ ਨਿਰਦੇਸ਼ਕ ਸੱਤੀ ਨਵੋਦਿਅਨ (ਸਤਨਾਮ ਸਿੰਘ) ਤੇ ਲੇਖਕ ਬਲਕਾਰ ਸਿੰਘ ਕਲੇਰ
ਹੋਰ ਵੀ ਸਾਬਤ ਕਦਮੀਂ ਅੱਗੇ ਵਧਣਗੇ।
ਅਗਲੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ

ਹਰਭਗਵਾਨ ਭੀਖੀ
9876896122

 

Previous articleSuspended ASP Divya’s illegal resort demolished in Udaipur
Next articleIPS officer Rashmi Shukla appointed DG of SSB, faced phone-tapping allegations