(ਸਮਾਜ ਵੀਕਲੀ)
ਹਰ ਮਨੁੱਖ ਦੀ ਇਹ ਦਿਲੀ ਖਾਹਿਸ਼ ਹੁੰਦੀ ਹੈ ਕਿ ਉਹ ਜਿਸ ਮਾਹੌਲ/ਸਮਾਜ ਵਿਚ ਜੰਮਿਆਂ ਪਲਿਆ ਅਤੇ ਰਹਿ ਰਿਹਾ ਹੋਵੇ ਉਸ ਬਾਰੇ ਜਾਣੇ। ਪਰ ਇਹ ਸਾਧਾਰਨ ਕਾਰਜ ਤੇ ਹੈ ਨਹੀਂ। ਇਹ ਸਭ ਕੁੱਝ ਜਾਨਣ ਵਾਸਤੇ ਉਸਨੂੰ ਅਜਿਹੇ ਸਾਹਿਤ ਦੀ ਭਾਲ ਕਰਨੀ ਪੈਂਦੀ ਹੈ ਜੋ ਉਸ ਦੀਆਂ ਜੜ੍ਹਾਂ, ਉਸਦੇ ਚਲਣ ਤੇ ਉਸਦੇ ਹੁੰਦੇ ਰਹੇ ਵਿਕਾਸ ਬਾਰੇ ਜਾਣਕਾਰੀ ਦਿੰਦਾ ਹੋਵੇ। ਹਰ ਸਮਾਜ ਬਹੁਪਰਤੀ ਹੀ ਹੁੰਦਾ ਹੈ। ਇਸ ਦੇ ਵਰਤਾਰਿਆਂ ਨੂੰ ਧੁਰ ਤੱਕ ਹੰਘਾਲਣਾਂ, ਉਨ੍ਹਾਂ ਬਾਰੇ ਜਾਨਣਾਂ ਅਤੇ ਬਿਆਨ ਕਰਨਾ ਬਹੁਤ ਔਖਾ ਕਾਰਜ ਹੈ। ਅਜਿਹੇ ਕਾਰਜ ਸਿਰੇ ਚੜ੍ਹਾਉਣ ਵਾਲੇ ਕਲਮ ਦੇ ਸੂਰਮੇ ਹੁੰਦੇ ਹਨ।
ਹਰ ਇਕ ਸਮਾਜ ਅੰਦਰ ਜੀਵਨ ਨਾਲ ਸਬੰਧਤ ਅਖਾਣਾਂ/ਕਹਾਵਤਾਂ ਦੀ ਵੀ ਭਰਮਾਰ ਹੁੰਦੀ ਹੈ। ਇਹ ਜੀਵਨ ਦੇ ਸੱਚ ਨੂੰ ਉਜਾਗਰ ਕਰਨ ਦਾ ਗੁੱਝਾ ਰਹੱਸ ਹੁੰਦਾ ਹੈ। ਇਨ੍ਹਾਂ ਦੇ ਪ੍ਰਚੱਲਤ ਰੂਪ ਧਾਰਨ ਵਿਚ ਲੰਮਾਂ ਸਮਾਂ ਲਗਦਾ ਹੈ। ਇਹ ਸਮਾਜਿਕ ਤੇ ਸੱਭਿਆਚਾਰਕ ਵਰਤਾਰਾ ਹੈ, ਪਰ ਜਦੋਂ ਪਾਰਖੂ ਨਜ਼ਰ ਨਾਲ ਦੇਖਦੇ ਹਾਂ ਕਿ ਸਮਾਜਿਕ ਜੀਵਨ ਦੇ ਨਾਲ ਹੀ ਧਾਰਮਕ ਖੇਤਰ ਅੰਦਰ ਵੀ ਇਨ੍ਹਾਂ ਦੇ ਪ੍ਰਵਾਹ ਦੀ ਭਰਮਾਰ ਹੁੰਦੀ ਹੈ। ਇੱਥੇ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਨ੍ਹਾਂ ਦੀ ਵਿਆਖਿਆ ਤਰਕ ਦੇ ਅਧਾਰ `ਤੇ ਨਾ ਕੀਤੀ ਜਾਵੇ।
ਅਜਿਹੀਆਂ ਗੱਲਾਂ ਸੁਣਨ ਦਾ ਮੌਕਾ ਕੁੱਝ ਸਾਲ ਪਹਿਲਾਂ ਪਟਿਆਲਾ ਤੋਂ ਲੋਕਧਾਰਾ/ਲੋਕਯਾਨ ਵਿਸ਼ੇ ਦੇ ਚੰਗੇ ਜਾਣਕਾਰ ਪੱਤਰਕਾਰ ਪ੍ਰਮਿੰਦਰ ਸਿੰਘ ਟਿਵਾਣਾ ਵਲੋਂ ਇਸ ਵਿਸ਼ੇ ਦੇ ਗਿਆਤਾ ਸੂਝਵਾਨ ਸੱਜਣ ਜੋਗਿੰਦਰ ਸਿੰਘ ਸਿਵੀਆਂ ਨਾਲ ਰੇਡੀਉ ‘ਚੰਨ ਪ੍ਰਦੇਸੀ` `ਤੇ ਹੁੰਦੀ ਗੱਲਬਾਤ, ਵਿਚਾਰ-ਚਰਚਾ ਸੁਣਦਾ ਸੀ। ਭਾਵੇਂ ਉਨ੍ਹਾਂ ਦੇ ਅੱਜ ਅਰਥ ਵੀ ਬਦਲ ਗਏ ਹਨ ਤੇ ਇਨ੍ਹਾਂ ਦੀ ਵਰਤੋਂ ਵਿਹਾਰ ਦਾ ਵੀ ਉਹ ਮੁੱਲ ਨਹੀਂ ਜੋ ਕੁੱਝ ਦਹਾਕੇ ਪਹਿਲਾਂ ਹੁੰਦਾ ਸੀ। ਦਰਅਸਲ ਇਹ ਗੁਆਚ ਗਏ ਜਾਂ ਹੋਰ ਗੁਆਚ ਰਹੇ ਪੇਂਡੂ ਵਿਰਸੇ, ਜੀਵਨ ਜਾਚ ਨਾਲ ਅਤੇ ਕਦਰਾਂ-ਕੀਮਤਾਂ ਨਾਲ ਸਬੰਧਤ ਵਿਚਾਰਾਂ ਹੁੰਦੀਆਂ ਸਨ। ਲੋਪ ਹੋ ਗਏ ਤੇ ਹੋ ਰਹੇ ਸ਼ਬਦਾਂ ਦਾ ਵਿਖਿਆਨ ਹੁੰਦਾ। ਖਾਸ ਕਰਕੇ ਕਿਸਾਨੀ ਜੀਵਨ ਨਾਲ ਸਬੰਧਤ ਹਰ ਸ਼ੈਅ (ਸੰਦ-ਸਬੇੜਾ) ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਂਦੀ, ਵਰਤੇ ਜਾਂਦੇ ਅਜਿਹੇ ਬਹੁਤ ਸਾਰੇ ਸੰਦਾਂ ਦੇ ਅੱਜ ਦੀ ਪੀੜ੍ਹੀ ਨੂੰ ਤਾਂ ਨਾਂ ਵੀ ਪਤਾ ਨਹੀਂ ਹੋਣੇ। ਸਮਾਂ ਅੱਗੇ ਹੀ ਨਹੀਂ ਤੁਰਦਾ ਸਗੋਂ ਸਮਾਜ ਦਾ ਸਰੂਪ ਵੀ ਬਦਲਦਾ ਰਹਿੰਦਾ ਹੈ, ਤੌਰ-ਤਰੀਕੇ ਅਤੇ ਸੰਦ-ਸਬੇੜਾ ਵੀ। ਗੁਆਚਦੇ ਜਾ ਰਹੇ ਸ਼ਬਦਾਂ ਬਾਰੇ ਸੁਣਨ ਨੂੰ ਵੀ ਮਿਲਦਾ ਸੀ।
ਜੋਗਿੰਦਰ ਸਿੰਘ ਸਿਵੀਆਂ ਹੋਰੀਂ ਅਧਿਆਪਕ ਰਹੇ ਅਤੇ ਕਿਸਾਨ ਵੀ, ਉਹ ਪਹਿਲਾਂ ਵੀ ਕਈ ਕਿਤਾਬਾਂ ਲਿਖ ਚੁੱਕੇ ਹਨ। ਹਥਲੀ ਕਿਤਾਬ “ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ” ਹੈ। ਇਹ ਕਿਤਾਬ ਅਖਾਣਾਂ ਤੇ ਮੁਹਾਵਰਿਆਂ ਤੱਕ ਸੀਮਤ ਨਹੀਂ ਇਸ ਤੋਂ ਬਹੁਤ ਜਿ਼ਆਦਾ ਹੈ। ਇਸ ਕਿਤਾਬ ਰਾਹੀਂ ਲੇਖਕ ਨੇ ਸਮਾਜ ਅੰਦਰ ਲੋਕ ਧਾਰਾ ਦੀਆਂ ਬਹੁਤ ਸਾਰੀਆਂ ਪਰਤਾਂ ਫਰੋਲੀਆਂ ਹਨ, ਇਸ ਰਾਹੀਂ ਜੀਵਨ ਦੇ ਰੰਗਾਂ, ਪੇਂਡੂ ਜੀਵਨ ਜਾਚ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਕਿਤਾਬ ਇਸ ਕਰਕੇ ਬਹੁਤ ਮੁੱਲਵਾਨ ਹੈ ਕਿ ਲੋਕ ਇਤਿਹਾਸ ਨੂੰ ਸਾਡੇ ਸਾਹਮਣੇ ਪੇਸ਼ ਕਰਨ ਦਾ ਜਤਨ ਕਰਦੀ ਹੈ, ਜਿਸਦੀ ਪੰਜਾਬੀ ਵਿਚ ਅਸਲੋਂ ਘਾਟ ਹੈ। ਇਸ ਵੱਲ ਅਜੇ ਤੱਕ ਬਹੁਤਾ ਧਿਆਨ ਨਹੀਂ ਦਿੱਤਾ ਗਿਆ (ਜੇ ਦਿੱਤਾ ਗਿਆ ਹੋਵੇ ਤਾਂ ਮੈਂ ਮਾਫੀ ਸਹਿਤ ਕਹਾਂਗਾ ਕਿ ਮੈਨੂੰ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ)।
ਪੇਂਡੂ ਜੀਵਨ ਬਾਰੇ ਲਿਖਣ ਵਾਲੇ ਆਮ ਕਰਕੇ ਸੱਭਿਆਚਾਰਕ ਪੱਖ ਤੋਂ ਹੀ ਲਿਖਦੇ ਹਨ, ਲੋਕਾਂ ਦੇ ਰੀਤੀ-ਰਿਵਾਜ, ਲੋਕ ਗੀਤ, ਲੋਕ ਨਾਚ, ਪੇਂਡੂ ਖੇਡਾਂ, ਪਹਿਰਾਵਾ, ਖਾਣ-ਪੀਣ, ਮੇਲੇ, ਤਿਉਹਾਰ, ਧਾਰਮਕ ਦਿਨ-ਦਿਹਾੜ ਜਾਂ ਫੇਰ ਪ੍ਰਾਹੁਣਚਾਰੀ ਆਦਿ। ਪਰ ਸਾਡੇ ਸਮਾਜ ਦਾ ਸਮੁੱਚਾ ਵਿਕਾਸ ਕਿਵੇਂ ਹੋਇਆ। ਇਸ ਬਾਰੇ ਬਹੁਤ ਕੁੱਝ ਨਹੀਂ ਦੱਸਿਆ ਜਾਂਦਾ। ਇਤਿਹਾਸ ਅੰਦਰ ਰਾਜੇ-ਰਾਣੀਆਂ, ਜੰਗਾਂ ਤੇ ਰਾਜਾਂ ਦੀ ਬਣਨ ਤੇ ਟੁੱਟਣ ਵਾਲੀ ਘਾਟ ਵਾਧ ਅਤੇ ਵੱਖੋ ਵੱਖ ਘਰਾਣਿਆਂ ਦਾ ਸੱਤਾ ‘ਤੇ ਕਾਬਜ ਹੋਣ ਦਾ ਵਿਖਿਆਨ ਹੁੰਦਾ ਹੈ। ਕੁੱਝ ਤੱਥ, ਕੁੱਝ ਤਾਰੀਖਾਂ, ਕਿਹੜੇ ਮੈਦਾਨੇ ਲੜਾਈ ਹੋਈ, ਕੌਣ ਕਿਸਦੇ ਹੱਥੋਂ ਮਾਰਿਆ ਗਿਆ, ਕੌਣ ਜਿੱਤਿਆ – ਕੌਣ ਹਾਰਿਆ। ਕਿਹੜਾ ਰਾਜਾ ਜਾਂ ਰਾਜ ਚੰਗਾ ਸੀ ਕਿਹੜਾ ਮਾੜਾ ਤੇ ਕਿਉਂ ਆਦਿ।
ਸਾਡੇ ਕੋਲ ਲੋਕ ਇਤਿਹਾਸ ਦੀ ਬਹੁਤ ਘਾਟ ਹੈ। ਇਹ ਹਥਲੀ ਕਿਤਾਬ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਇਕ ਖਿੱਤੇ (ਮਾਲਵੇ ਦਾ ਵੱਡਾ ਹਿੱਸਾ ਬਠਿੰਡੇ ਦਾ ਖੇਤਰ) ਦੇ ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦਹੀ ਜਰੂਰ ਕਰਦੀ ਹੈ। ਲੋਕ ਇਤਿਹਾਸ ਅੰਦਰ ਦੱਸਿਆ ਜਾਂਦਾ ਹੈ ਕਿ ਸਮਾਜ ਦਾ ਵਿਕਾਸ ਕਿਵੇਂ ਹੋਇਆ, ਖੇਤੀ ਬਾੜੀ ਕਿਵੇਂ ਵਿਕਸਤ ਹੋਈ। ਇਸ ਵਿਕਾਸ ਅੰਦਰ ਕਿਹੜੀਆਂ ਤਕਨੀਕਾਂ, ਕਿਹੜੇ ਸੰਦ ਅਤੇ ਸਾਧਨ ਵਰਤੇ ਜਾਂਦੇ ਸਨ। ਵਪਾਰ ਹੋਵੇ ਜਾਂ ਹੋਰ ਖੇਤਰ ਹੋਣ ਉਨ੍ਹਾਂ ਦਾ ਕੀ ਚਲਣ ਸੀ। ਹੁੰਡੀ ਰਾਹੀਂ ਬੈਂਕ ਵਾਲਾ ਪਰਬੰਧ ਕੀ ਸੀ। ਕਿਰਤ ਦਾ ਕੀ ਮਹੱਤਵ ਸੀ। ਸਮਾਜ ਦੇ ਵਿਕਾਸ ਵਿਚ ਔਰਤਾਂ ਦਾ ਕਿੰਨਾ ਵੱਡਾ ਹਿੱਸਾ (ਰੋਲ) ਰਿਹਾ ਹੈ।
ਪੇਂਡੂ ਸਮਾਜ ਅੰਦਰ (ਖਾਸ ਕਰਕੇ ਖੇਤੀਬਾੜੀ) ਪਸ਼ੂ-ਧੰਨ ਕਿੰਨਾਂ ਕੀਮਤੀ ਅਤੇ ਮਹੱਤਵਪੂਰਨ ਸਰਮਾਇਆ ਹੋਇਆ ਕਰਦਾ ਸੀ। ਜ਼ਮੀਨ ਵਿਹੂਣੇ ਲੋਕ ਖੇਤੀਬਾੜੀ ਲਈ ਕਿਵੇਂ ਸਹਾਈ ਹੁੰਦੇ ਸਨ। ਖੇਤੀਬਾੜੀ ਨਾਲ ਬਾਕੀ ਕਿੱਤੇ ਅੰਤਰ ਸਬੰਧਤ ਹੋਣ ਕਰਕੇ ਕਿਵੇਂ ਖੇਤੀਬਾੜੀ ‘ਤੇ ਨਿਰਭਰ ਸਨ। ਲੋਕਾਂ ਦੀਆਂ ਕੀ ਮਾਨਤਾਵਾਂ ਸਨ। ਬੋਲੀ ਤੇ ਭਾਸ਼ਾ ਦੇ ਵਿਕਾਸ ਲਈ ਕਿਹੜੇ ਜਤਨ ਹੋਏ। ਖੇਤੀ ਬਾੜੀ ਦੇ ਕਿੱਤੇ ਤੋਂ ਬਾਹਰਲੀਆਂ ਔਰਤਾਂ (ਜ਼ਮੀਨ ਵਿਹੂਣੀਆਂ) ਦੀ ਕਿਰਤ ਸ਼ਕਤੀ ਦਾ ਜੀਵਨ ਨਿਰਬਾਹ ਵਾਸਤੇ ਕਿਵੇਂ ਸਦ-ਉਪਯੋਗ ਹੁੰਦਾ ਸੀ ਤੇ ਹੋਰ ਕਾਫੀ ਕੁੱਝ।
ਸਮਾਜ ਸਾਰੇ ਲੋਕਾਂ ਦੀ ਸਾਂਝੀ ਵਿਰਾਸਤ ਹੁੰਦਾ ਹੈ। ਪੇਂਡੂ ਅਰਥਚਾਰਾ ਕਿਸਾਨੀ ਦੇ ਆਸਰੇ ਹੀ ਅੱਗੇ ਚੱਲਦਾ ਹੈ। ਕਿਸਾਨ ਨੂੰ ਵੀ ਬਾਕੀਆਂ ਦੀ ਲੋੜ ਰਹਿੰਦੀ ਹੈ। ਉਹ ਖੇਤ ਮਜ਼ਦੂਰ (ਸੀਰੀ) ਤੋਂ ਬਿਨਾਂ ਅਧੂਰਾ ਹੈ (ਖੇਤ ਮਜ਼ਦੂਰ ਔਰਤਾਂ ਦਾ ਵੀ ਇਸ ਵਿਚ ਚੋਖਾ ਹਿੱਸਾ ਹੁੰਦਾ ਹੈ), ਖੇਤੀ ਦੇ ਸੰਦਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਵਾਸਤੇ ਮਿਸਤਰੀ (ਜਿਸਨੂੰ ਤਰਖਾਣਾਂ ਕੰਮ ਕਿਹਾ ਜਾਂਦਾ ਹੈ), ਉਦੋਂ ਲੱਕੜ ਦੇ ਗੱਡੇ ਸਨ, ਹਲ ਵੀ ਲੱਕੜ ਦਾ ਹੀ ਹੁੰਦਾ ਸੀ। ਲੁਹਾਰ- ਹਲ਼ ਦੇ ਫਾਲੇ ਤੋਂ ਲੈ ਕੇ ਰੰਬੇ, ਦਾਤਰੀਆਂ, ਕਹੀਆਂ ਆਦਿ ਵਾਸਤੇ, ਘੁਮਿਆਰ ਭਾਂਡੇ -ਟੀਂਡੇ ਵਾਸਤੇ, ਮੋਚੀ ਜੁੱਤੀਆਂ ਵਾਸਤੇ, ਜੁਲਾਹਾ- ਕੱਪੜੇ ਵਾਸਤੇ ( ਉਦੋਂ ਕੱਪੜਾ ਵੀ ਖੱਡੀ ਤੋਂ ਹੀ ਬੁਣਿਆਂ ਜਾਂਦਾ ਸੀ। ਇਸੇ ਤਰਾਂ ਹੋਰ ਲੋਕ ਵੀ ਕਿਸਾਨੀ ਵਿਚ ਸਹਾਈ ਹੁੰਦੇ ਸਨ। ਇਹ ਖੇਤੀਬਾੜੀ ਅੰਦਰ ਮਸ਼ੀਨੀਕਰਨ ਤੋਂ ਪਹਿਲਾਂ ਵਾਲੇ ਦੌਰ ਦੇ ਸਮੇਂ ਦੀ ਵਾਰਤਾ ਹੈ।
ਹੁਣ ਦੀ ਪੀੜ੍ਹੀ ਦੇ ਕਿੰਨੇ ਕੁ ਲੋਕ ਜਾਣਦੇ ਹਨ ਕਿ ਕਣਕ ਫਲ਼ਿਆਂ ਨਾਲ ਗਾਹੀ ਜਾਂਦੀ ਸੀ। ਫਲ਼੍ਹੇ, ਫਲਾਹੀ ਦੇ ਕੰਡੇਦਾਰ ਛਾਪਿਆਂ ਨੂੰ ਜੋੜ ਕੇ ਬਣਾਏ ਜਾਂਦੇ ਸਨ। ਬਾਅਦ ‘ਚ ਧੜਾਂ ਲਾ ਕੇ ਤੰਗਲੀਆਂ ਨਾਲ ਦਾਣੇ ਤੇ ਤੂੜੀ ਵੱਖ ਕੀਤੇ ਜਾਂਦੇ ਸਨ। ਕਿੰਨਾ ਸਮਾਂ ਉਡੀਕਿਆਂ ਜਾਂਦਾ ਸੀ ਕਿ ਰੁਖ ਸਿਰ ਹਵਾ ਵਗੇ ਤਾਂ ਤੰਗਲੀਆਂ ਲੈ ਕੇ ਇਹ ਕੰਮ ਕੀਤਾ ਜਾਵੇ। ਕਿੰਨਿੰਆ ਕੁ ਨੂੰ ਪਤਾ ਹੋਵੇਗਾ ਛੱਜ ਤੇ ਛਜਲੀ ਦਾ ਫਰਕ ਕੀ ਹੁੰਦਾ ਹੈ। ਹੁਣ ਵਾਲੀ ਪੀੜ੍ਹੀ ਤਾਂ ਵਿਆਹ ਮੌਕੇ ਕੱਢੀ ਜਾਣ ਵਾਲੀ ਜਾਗੋ ਵਾਲੇ ਛੱਜ ਨੂੰ (ਭੰਨਣਾ) ਹੀ ਜਾਣਦੀ ਹੈ।
ਬੇਜ਼ਮੀਨੇ ਪਰਿਵਾਰਾਂ ਦੀਆਂ ਔਰਤਾਂ ਬਹੁਤਾ ਕਰਕੇ ਪਸ਼ੂਆਂ ਨੂੰ ਪਾਲਣ ਵੱਲ ਧਿਆਨ ਦਿੰਦੀਆਂ ਸਨ। ਪਹਿਲਾਂ ਇਹ ਆਮ ਹੁੰਦਾ ਸੀ ਕਿ ਕੋਈ ਕਿਸਾਨ ਵੀ ਆਪਣੀ ਮੱਝ/ਮੱਝਾਂ ਅਧਿਆਰੇ ਦੇ ਦਿੰਦੇ ਉਸ ਵਿਚ ਤੈਅ ਕਰ ਲਿਆ ਜਾਂਦਾ ਕਿ ਮੱਝ ਦੇ ਸੂਣ ਸਮੇਂ ਕਿਸ ਤਰ੍ਹਾਂ ਮੁੱਲ ਮਿੱਥਿਆ ਜਾਵੇਗਾ, ਅੱਧੋ-ਅੱਧ ਜਾਂ ਪੰਜ-ਦਵੰਦੀ। ਇਸ ਤਰ੍ਹਾਂ ਉਹ ਪਰਿਵਾਰ ਆਪਣੀ ਆਰਥਕ ਹਾਲਤ ਨੂੰ ਸਾਵਾਂ ਕਰਨ ਲਈ ਆਪਣੀ ਮਿਹਨਤ ਨਾਲ ਹੀ ਆਪਣੀ ਬੇੜੀ ਬੰਨੇ ਲਾਉਂਦੇ। ਬੇ-ਜ਼ਮੀਨਿਆਂ ਲਈ ਖੇਤ ਹਾਲ਼ੇ/ਠੇਕੇ ‘ਤੇ ਲੈ ਕੇ ਸਬਜ਼ੀਆਂ ਦਾ ਧੰਦਾ ਵੀ ਉਪਜੀਵਕਾ ਦਾ ਸਾਧਨ ਬਣਦਾ ਰਿਹਾ ਹੈ। ਸਾਰਾ ਪਰਿਵਾਰ ਰਲ-ਮਿਲ ਕੇ ਇਹ ਕੰਮ ਕਰਦਾ ਸੀ।
ਕਿਸੇ ਘਰ ਮੱਝ ਦੇ ਸੂਣ ਸਮੇਂ ਦੀਆਂ ਕੁੱਝ ਗੱਲਾਂ ਅੱਜ ਦੀ ਪੀੜੀ ਨੂੰ ਖਾਸ ਕਰਕੇ ਦੱਸਣ ਵਾਲੀਆਂ ਹਨ। ਸੱਜਰ ਸੂਈ ਮੱਝ ਦੇ ਪਹਿਲੇ ਦੁੱਧ ਨੂੰ ਬੌਹਲ਼ੀ ਕਹਿੰਦੇ ਸਨ (ਹੁਣ ਵੀ), ਅਤੇ ਅਗਲੇ 5-7 ਦਿਨ ਦੇ ਦੁੱਧ ਨੂੰ ਛੇਲੜਾ (ਛੇਰੜਾ) ਕਿਹਾ ਜਾਂਦਾ ਸੀ। ਇਹ ਦੁੱਧ ਸਾਰਾ ਪਰਿਵਾਰ ਦੋਵੇਂ ਵੇਲੇ ਪੀਂਦਾ ਸੀ। ਇਹ ਦੁੱਧ ਬਹੁਤ ਹੀ ਤਾਕਤਵਰ ਹੁੰਦਾ ਹੈ- ਪੀਣ ਵਿਚ ਬਹੁਤ ਸੁਆਦ। ਇਸ ਨੂੰ ਗਰਮ ਕਰੀਏ ਤਾਂ ਇਸ ਦੀਆਂ ਫੁੱਟੀਆਂ ਬਣ ਜਾਂਦੀਆਂ ਹਨ। ਹਫਤੇ ਕੁ ਬਾਅਦ ਹੀ ਇਸ ਨੂੰ ਕਾੜ੍ਹ ਕੇ ਮੱਖਣ ਤੇ ਲੱਸੀ ਵਾਸਤੇ ਵਰਤਣਾ ਸ਼ੁਰੂ ਕੀਤਾ ਜਾਂਦਾ ਹੈ। ਪਹਿਲੇ ਘਿਉ ਨਾਲ ਵੀ ਕਈ ਤਰ੍ਹਾਂ ਦੀਆਂ ਮਾਨਤਾਵਾਂ ਜੁੜੀਆਂ ਹੋਈਆਂ ਹਨ। ਕੁੱਝ ਲੋਕ ਸੱਜਰ ਸੂਈ ਮੱਝ ਦਾ ਪਹਿਲਾ ਦੁੱਧ ਕਿਸੇ ਵਿਸ਼ੇਸ਼ ਬਰਾਦਰੀ ਦੇ ਲੋਕਾਂ ਨੂੰ ਹੀ ਪਿਆਂਉਂਦੇ ਹਨ। ਕਾਰਨ ਉਹ ਹੀ ਜਾਣਦੇ ਹੋਣਗੇ।
ਇਸ ਕਿਤਾਬ ਅੰਦਰ ਸਥਾਨਕ ਭਾਸ਼ਾ (ਬਠਿੰਡੇ ਦੀ) ਨੂੰ ਹੀ ਵਰਤਿਆ ਗਿਆ ਹੈ। ਇਸ ਨੂੰ ਪੜ੍ਹਦਿਆਂ ਬਹੁਤ ਸਾਰੇ ਸ਼ਬਦ ਅਜਿਹੇ ਮਿਲਦੇ ਹਨ ਜੋ ਦੁਆਬੇ ਤੇ ਮਾਝੇ ਵਿਚ ਨਹੀਂ ਵਰਤੇ ਜਾਂਦੇ। ਇਹ ਚੰਗੀ ਰਵਾਇਤ ਵੀ ਹੈ ਇਸ ਨਾਲ ਸਥਾਨਕਤਾ ਦੀ ਆਤਮਾ ਦੇ ਦਰਸ਼ਣ ਹੁੰਦੇ ਹਨ। ਇਸ ਤਰ੍ਹਾਂ ਹੀ ਕਿਸਾਨ ਲਈ ਸ਼ਬਦ ਜੱਟ ਹੀ ਵਰਤਿਆ ਗਿਆ ਹੈ ਭਾਵੇਂ ਕਿ ਹੋਰ ਜਾਤਾਂ/ਬਰਾਦਰੀਆਂ ਦੇ ਲੋਕ ਵੀ ਖੇਤੀਬਾੜੀ ਕਰਦੇ ਹਨ। ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ।
ਕਿਤਾਬ ਦੇ ਹਰ ਅਧਿਆਏ ਦੇ ਸਿਰਲੇਖ ਵਜੋਂ ਅਖਾਣਾਂ ਨੂੰ ਹੀ ਵਰਤਿਆ ਗਿਆ ਹੈ। ਇਨ੍ਹਾਂ ਦੀ ਵਿਆਖਿਆ ਵੀ ਕੀਤੀ ਗਈ ਹੈ- ਅਖਾਣਾਂ ਦੇ ਪਹਿਲਾਂ ਹੋਏ ਗਲਤ ਅਰਥਾਂ ਨੂੰ ਸੋਧਿਆ ਵੀ ਗਿਆ ਹੈ। ਬਹੁਤ ਸਾਰੇ ਅਖਾਣ ਖੇਤੀਬਾੜੀ ਨਾਲ ਸਬੰਧਤ ਹਨ। ਉਸ ਵੇਲੇ ਲੋਕ ਬਹੁਤ ਭੋਲ਼ੇ ਹੁੰਦੇ ਸਨ। ਚੁਸਤ-ਚਲਾਕੀਆਂ ਘੱਟ ਕਰਦੇ ਸਨ। ਦੂਜੇ ਦੀ ਮੱਦਦ ਕਰਕੇ ਖੁਸ਼ ਹੁੰਦੇ ਸਨ। ਇੱਥੇ ਜੱਟਾਂ ਦੇ ਇਸ ਭੋਲੇਪਣ ਦੀ ਮਿਸਾਲ ਦੇਣ ਵਾਸਤੇ ਇਕ ਅਖਾਣ ‘ਜੱਟ ਕੀ ਜਾਣੇ ਲੌਂਗਾਂ ਦਾ ਭਾਅ` ਵਰਤਿਆ ਗਿਆ ਹੈ ਉਹ ਸ਼ਹਿਰ ਲੌਂਗ ਲੈਣ ਗਿਆ ਖੇਸ ਵਿਛਾ ਕੇ ਬਹਿ ਗਿਆ, ਪਤਾ ਹੀ ਨਹੀਂ ਸੀ ਕਿੰਨੇ ਕੁ ਆਉਣਗੇ। ਇਹ ਸੀ ਉਸ ਸਮੇਂ ਦੀ ਮਾਸੂਮੀਅਤ।
ਜਦੋਂ ਅਸੀਂ ਲੋਕ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਕਿਤਾਬ ਲੋਕ ਵਿਰਸੇ ਦਾ ਬੜੀ ਡੂੰਘਾਈ ਤੇ ਵਿਸਥਾਰ ਨਾਲ ਵਿਚਾਰ ਕਰਦੀ ਹੈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਖੇਤੀਬਾੜੀ ਵਿਚ ਅਜੇ ਆਧੁਨਿਕ ਤਕਨੀਕ ਸ਼ਾਮਲ ਨਹੀਂ ਸੀ ਹੋਈ। ਪਰਿਵਾਰ ਕਾਫੀ ਵੱਡੇ ਹੁੰਦੇ ਸਨ, ‘ਖੇਤੀ ਖਸਮਾਂ ਸੇਤੀ’ ਦਾ ਅਖਾਣ ਇਸੇ ਦੀ ਗਵਾਹੀ ਭਰਦਾ ਹੈ। ਹਰ ਪਰਿਵਾਰ ਅੰਦਰ 8-10 ਬੱਚੇ ਆਮ ਜਹੀ ਗੱਲ ਸੀ। ਖੇਤੀ ਦੇ ਕੰਮਾਂ ਵਿਚ ਬਹੁਤੇ ਜੀਆਂ ਦੀ ਲੋੜ ਪੈਂਦੀ ਸੀ। ਉਸ ਵੇਲੇ ਜੰਮਣ ਵਾਲੇ ਬੱਚਿਆਂ ਵਿਚੋਂ ਕਾਫੀ ਸਾਰਿਆਂ ਦੀ ਜਨਮ ਤੋਂ ਛੇਤੀ ਬਾਅਦ ਮੌਤ ਵੀ ਹੋ ਜਾਂਦੀ ਸੀ। ਜਨਮ ਵੇਲੇ ਬੱਚਿਆਂ ਦੀ ਗੁਣਵੱਤਾ ਤਾਂ ਸ਼ਾਇਦ ਮਾੜੀ ਨਹੀਂ ਸੀ ਹੁੰਦੀ ਪਰ, ਕਿਸੇ ਬੀਮਾਰੀ ਨੂੰ ਜਾਂਚ ਲੈਣ ਦੀਆਂ ਸਿਹਤ ਸੇਵਾਵਾਂ ਦਾ ਨਾਂ-ਪਤਾ ਹੀ ਕਿਧਰੇ ਨਹੀਂ ਸੀ। ਬੀਮਾਰੀ ਵੇਲੇ ਇਲਾਜ ਤੀਰ-ਤੁੱਕੇ ਵਾਲੇ ਹਕੀਮਾਂ ਦੇ ਹੱਥੀਂ ਹੀ ਹੁੰਦਾ ਸੀ। ਇਹ ਗੱਲਾਂ ਛੇ ਸੱਤ ਦਹਾਕੇ ਪਹਿਲਾਂ ਦੀਆਂ ਹਨ, ਜਦੋਂ ਖੇਤੀਬਾੜੀ ਅਧਾਰਤ ਉਦਯੋਗ ਸੁਣਨ ਵਿਚ ਵੀ ਨਹੀਂ ਆਉਂਦੇ ਸਨ।
ਖੇਤੀ ਵਾਸਤੇ ਲੱਕੜ ਦੇ ਹਲ ਵਰਤੇ ਜਾਂਦੇ ਸਨ। ਜਿਸ ਹਲ ਨੂੰ ਲੋਹੇ ਦਾ ਫਾਲਾ ਹੁੰਦਾ ਸੀ। ਹਲ ਨੂੰ ਜੋੜਨ ਵਾਸਤੇ ਬਲਦਾਂ ਅਤੇ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬਜਾਈ ਸਮੇਂ ਇਕੱਲਾ ਬੰਦਾ ਲੱਕੜ ਦੇ ਹਲ਼ ਦੇ ਮੁੰਨੇ ਨਾਲ ਪੋਰ ਬੰਨਕੇ ਆਪ ਹੀ ਉਸ ਵਿਚ ਬੀਜ ਪਾਉਂਦਾ ਸੀ ਜੋ ਸਿੱਧਾ ਸਿਆੜ ਵਿਚ ਪੈ ਜਾਂਦਾ ਸੀ। ਲੋਹੇ ਦੇ ਹਲ਼, ਉਲਟਾਵੇਂ ਹਲ਼ (ਹੋਰ ਮਸ਼ੀਨਰੀ) ਇਹ ਬਹੁਤ ਦੇਰ ਬਾਅਦ ਆਏ। ਚੀਜ਼ ਵਸਤ ਦੀ ਢੋਅ-ਢੁਆਈ ਲਈ ਗੱਡਾ ਵਰਤਿਆ ਜਾਂਦਾ ਸੀ ਜਿਸਦੇ ਪਹੀਏ ਲੱਕੜ ਦੇ ਹੁੰਦੇ ਸਨ। ਬਾਅਦ ਵਿਚ ਤਕਨੀਕ ਬਦਲੀ ਤੇ ਲੱਕੜ ਦੇ ਪਹੀਏ ਰਬੜ ਵਾਲੇ ਟਾਇਰਾਂ ਵਿਚ ਬਦਲ ਗਏ ਤਾਂ ਉਸਨੂ ਰੇਹੜਾ ਕਹਿਣ ਲੱਗ ਪਏ। ਇਨ੍ਹਾਂ ਨੂੰ ਖਿੱਚਣ ਵਾਸਤੇ ਊਠਾਂ ਤੇ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਯਾਦ ਰਹੇ ਭਾੜਾ ਢੋਣ ਵਾਲੇ ਬਲਦ ਬਗੈਰਾ ਪੰਜਾਲੀ ਨਹੀਂ ਜੋੜੇ ਜਾਂਦੇ ਸਨ (ਜਾਂ ਘੱਟ ਜੋੜੇ ਜਾਂਦੇ ਸਨ)। ਇਹ ਵੀ ਯਾਦ ਰਹੇ ਗਰਮੀਆਂ ਦੀ ਰੁੱਤੇ ਹਾਲ਼ੀ ਬਲਦਾਂ ਤੇ ਊਠਾਂ ਨੂੰ ਸੱਤੂ ਅਤੇ ਜੌਂਆਂ ਦੀਆਂ ਪਿੰਨੀਆਂ ਵੀ ਦਿੱਤੀਆਂ ਜਾਂਦੀਆਂ ਸਨ।
ਕੁੱਝ ਗੱਲਾਂ ਦਾ ਸ਼ਾਇਦ ਬਹੁਤ ਸਾਰਿਆਂ ਨੂੰ ਨਾ ਹੀ ਪਤਾ ਹੋਵੇ। ਊਠਣੀ ਗਰਭ ਧਾਰਨ ਕਰਨ ਤੋਂ ਇਕ ਸਾਲ ਬਾਅਦ ਸੂੰਦੀ ਹੈ। ਉਸ ਦੇ ਸੂਣ ਵੇਲੇ ਆਮ ਔਰ ‘ਤੇ ਰੇਤਲੇ ਜਹੇ ਥਾਵੇਂ ਜਣੇਪਾ ਕਰਵਾਇਆ ਜਾਂਦਾ ਹੈ। ਊਠਣੀ ਦੇ ਨਵ ਜੰਮੇ ਬੱਚਿਆਂ ਨੂੰ ਬਤਾਰੂ ਤੇ ਬਤਾਰਨ ਕਿਹਾ ਜਾਂਦਾ ਹੈ। ਊਠਾਂ ਬਾਰੇ ਸੱਭਿਆਚਾਰ ਵਿਚ ਬਹੁਤ ਕੁੱਝ ਸੁਣਨ ਨੂੰ ਮਿਲਦਾ ਹੈ – ਇਸ ਬਾਰੇ ਕਿਸੇ ਮੁਟਿਆਰ ਦੀ ਖਾਹਿਸ਼ :
“ਤੇਰੇ ਕੈਂਠੇ ਦੀ ਮੁਹਾਰ ਬਣ ਜਾਵਾਂ, ਵੇ ਕੈਂਠੇ ਵਾਲਿਆ ਸ਼ੌਕੀਨ ਮੁੰਡਿਆ”
ਪਹਿਲੇ ਸਮਿਆਂ ਵਿਚ ਬਹੁਤੀ ਖੇਤੀ ਬਰਾਨੀ ਹੀ ਹੁੰਦੀ ਸੀ (ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ) । ਇਸ ਕਰਕੇ ਬਹੁਤੀ ਭੋਇੰ ਵਿਚ ਇਕ ਹੀ ਫਸਲ ਹੁੰਦੀ ਉਥੇ ਵੀ ਬੇਰੜਾ ਹੀ ਬੀਜਿਆ ਜਾਂਦਾ, ਛੋਲੇ ਤੇ ਜੌਂ (ਹਾਲਾਂ ਕਿ ਦੁਆਬੇ ਵਿਚ ਕਣਕ+ਛੋਲਿਆਂ ਦੀ ਫਸਲ ਨੂੰ ਬੇਰੜਾ ਕਿਹਾ ਜਾਂਦਾ ਸੀ)। ਖੇਤੀ ਦਾ ਨਕਸ਼ਾ ਅੰਗਰੇਜ਼ਾਂ ਵਲੋਂ 135 ਸਾਲ ਪਹਿਲਾਂ ਕਢਾਈ ਸਰਹਿੰਦ ਨਹਿਰ ਨੇ ਹੀ ਬਦਲਿਆ ਸੀ। ਸਰਹਿੰਦ ਨਹਿਰ ‘ਤੇ 1884 ਵਿਚ ਘਰਾਟਾਂ ਦਾ ਨਿਰਮਾਣ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਘਰਾਟ ਦਾ ਆਟਾ ਸਿਹਤ ਵਾਸਤੇ ਵੱਧੇਰੇ ਚੰਗਾ ਹੁੰਦਾ ਹੈ।
ਨਹਿਰਾਂ ਦੇ ਆਉਣ ਤੋਂ ਪਹਿਲਾਂ ਆਟਾ ਪੀਹਣ ਦਾ ਕੰਮ ਘਰੇਲੂ ਚੱਕੀਆਂ ਰਾਹੀਂ ਹੁੰਦਾ ਸੀ, ਇਕੱਲਾ ਆਟਾ ਹੀ ਨਹੀਂ ਪਸ਼ੂਆਂ ਖਾਸ ਕਰਕੇ ਬਲਦਾਂ ਵਾਸਤੇ ਦਾਣਾ ਵੀ ਹੱਥ ਚੱਕੀ ਨਾਲ ਹੀ ਦਲਿਆ ਜਾਂਦਾ ਸੀ। ਪਰਵਾਰ ਵੀ ਵੱਡੇ ਹੁੰਦੇ ਸਨ। (ਉਦੋਂ ਦੀ ਨੂੰਹ ਦਾ ਦੁੱਖ ਇਸ ਬੋਲੀ ਵਿਚ ਹੈ ਕਿ “ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰਾ ਸੱਸ ਨਾਲ ਬਣਾ ਕੇ ਰੱਖਦੀ”) ਜਾਂ ਫੇਰ ਖਰਾਸ ਰਾਹੀਂ । ਖਰਾਸ ਵੀ ਬਲਦਾਂ ਜਾਂ ਊਠਾਂ ਨਾਲ ਹੀ ਚਲਾਇਆ ਜਾਂਦਾ ਸੀ। ਨਹਿਰਾਂ ਦੇ ਆਉਣ ‘ਤੇ ਪਾਣੀ ਨਾਲ ਚੱਲਣ ਵਾਲੇ ਘਰਾਟ ਆਏ ਇਸ ਤੋਂ ਬਾਅਦ ਇੰਜਣ ਨਾਲ ਚੱਲਣ ਵਾਲੀਆਂ ਚੱਕੀਆ। ਜੀਵਨ ਕਿੰਨਾ ਔਖਾ ਸੀ – “ਤੜਕੇ ਉੱਠ ਚੱਕੀ ਝੋਅ, ਮਧਾਣੀ ਪਾ, ਪਾਣੀ ਭਰ, ਗੋਹਾ ਸੁੱਟਣ ਜਾਹ”।
ਬੜੀ ਕਮਾਲ ਦੀ ਗੱਲ ਕਿ ਊਠ ‘ਤੇ ਅਸਵਾਰੀ ਕਰਨ ਦੇ ਮਿੱਥੇ ਹੋਏ ਅਸੂ਼ਲ ਸਨ। ਇਹਦੇ ਵਾਸਤੇ ਸੂੰਡਕਾ, ਪਾਖੜਾ ਤੇ ਕਾਠੀ ਵਰਤੇ ਜਾਂਦੇ ਹਨ। ਅਸਵਾਰਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ‘ਜੇ ਪਿਊ ਤੇ ਧੀ ਨੇ ਅਸਵਾਰੀ ਕਰਨੀ ਹੋਵੇ ਤਾਂ ਧੀ ਅੱਗੇ ਬੈਠੇਗੀ ਅਤੇ ਪਿਉ ਪਿੱਛੇ। ਪਰ, ਜੇ ਪਤੀ ਪਤਨੀ ਜਾਣ ਤਾਂ ਪਤੀ ਅੱਗੇ ਬੈਠੇਗਾ ਅਤੇ ਪਤਨੀ ਪਿਛਲੇ ਆਸਣ ਉੱਤੇ। ਇਹਨੂੰ ਲੋਕ ਰਿਸ਼ਤੇ ਦੀ ਪਾਕੀਜ਼ਗੀ ਵੀ ਆਖਦੇ ਸਨ। ਹਲ਼ ਵਾਹੁਣ ਵੇਲੇ ਬਲਦ ਪੰਜਾਲੀ ਜੁੜਦੇ ਹਨ ਪਰ ਊਠ ਦੇ ਕੁਹਾਠ ‘ਤੇ ਤੰਗੜ ਪਾਇਆ ਜਾਂਦਾ ਹੈ। ਇਸੇ ਤਰਾਂ ਪਸ਼ੂਆਂ ਵਾਸਤੇ ਨਸਲ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਪੰਜਾਬੀ ਸੱਭਿਆਚਾਰ ਵਿਚ ਇਸਨੂੰ ‘ਧੀ ਲਾਣੇ ਦੀ ਮੱਝ/ਗਾਂ ਰਵੇ ਦੀ` ਕਿਹਾ ਜਾਂਦਾ ਹੈ।
ਪਸ਼ੂਆਂ ਵਾਸਤੇ ਸ਼ਬਦ ਰਵਾ ਵਰਤਿਆ ਜਾਂਦਾ ਹੈ। ਕਿਤਾਬ ਪੜ੍ਹਦਿਆਂ ਬੰਦਾ ਹੈਰਾਨ ਵੀ ਹੋਵੇਗਾ ਜਦੋਂ ਪੜ੍ਹੇਗਾ ਕਿ “ਦੋ ਰੁਪਏ ਖਲ਼ ਦੀ ਬੋਰੀ ਤੇ ਪੰਜ ਰੁਪਏ ਦੀ ਬੜੇਂਵਿਆਂ ਦੀ ਬੋਰੀ” – ਹੈਰਾਨ ਹੋਣ ਦੀ ਲੋੜ ਨਹੀਂ ਇਹ 6-7 ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਕਣਕ ਵੀ ਤਾਂ ਇਕ ਰੁਪੱਈਏ ਦੀ ਮਣ ਹੁੰਦੀ ਸੀ। ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਲੋਕਾਂ ਦੀ ਸਾਂਝ ਇੰਨੀ ਗੂੜ੍ਹੀ ਹੁੰਦੀ ਸੀ ਕਿ ਲੋਕ ਪੱਗ-ਵਟ ਭਰਾ ਬਣਕੇ ਇਕ ਦੂਜੇ ਵਾਸਤੇ ਜਾਨਾਂ ਤੱਕ ਵਾਰ ਦਿੰਦੇ ਸਨ ਅਤੇ ਬੀਬੀਆਂ ਚੁੰਨੀਆਂ ਵਟਾ ਕੇ ਆਪਣੇ ਵਚਨ ਪਾਲਦੀਆਂ ਸਨ। ਸਾਂਝਾਂ ਦਾ ਆਲਮ ਇਹ ਸੀ ਕਿ ਲੋਕ ਖੁਸ਼ੀ, ਗਮੀ ਦੇ ਮੌਕੇ ਜਰੂਰ ਇਕ ਦੂਜੇ ਨਾਲ ਮਿਲਦੇ, ਦੁੱਖ-ਸੁੱਖ ਸਾਂਝਾ ਕਰਦੇ। ਹੁਣ ਉਹ ਵੇਲੇ ਨਹੀਂ ਰਹੇ।
ਲੋਕ ਸਮਾਜ ਦੇ ਭਲੇ ਵਾਸਤੇ ਚੰਗੇ ਢੱਟੇ (ਝੋਟੇ- ਮਾਲੀ) ਆਪ ਹੀ ਸਰਕਾਰ ਵਲੋਂ ਠੱਪਾ ਲੁਆ ਕੇ ਖੁੱਲ੍ਹਾ ਛੱਡ ਦਿੰਦੇ ਸਨ ਤਾਂ ਜੋ ਪਸ਼ੂਆਂ ਦੀ ਚੰਗੀ ਤੇ ਨਰੋਈ ਨਸਲ ਵਾਸਤੇ ਸਿਹਤਮੰਦ ਜੁਗਾੜ ਬਣਿਆ ਰਹੇ। ਇਹ ਸਭ ਮੁਫਤ ਖਾਤੇ ਹੀ ਹੁੰਦੇ ਸਨ। ਇਸ ਦੇ ਨਾਲ ਹੀ ਲੇਖਕ ਲਿਖਦਾ ਹੈ ਕਿ ਪਸ਼ੂਆਂ ਅੰਦਰ ਵੀ ‘ਕਾਮ ਦਾ ਨਸ਼ਾ ਸਭ ਤੋਂ ਭੈੜਾ ਹੁੰਦਾ ਹੈ’। ਇਸ ਦੀ ਸਚਾਈ ਦੇ ਸਬੰਧ ਵਿਚ ਮੱਝਾਂ, ਗਾਵਾਂ ਤੇ ਊਠਾਂ ਦੀਆਂ ਕਾਫੀ ਮਿਸਾਲਾਂ ਪੇਸ਼ ਕਰਦਾ ਹੈ। ਇਕ ਹੋਰ ਬੜੀ ਪਤੇ ਦੀ ਗੱਲ ਦਰਜ ਹੈ ਕਿ ਸਾਰੇ ਪਸ਼ੂ ਗੋਹਾ ਨਹੀਂ ਕਰਦੇ ਬਲਦ, ਮੱਝ, ਗਾਂ, ਗੋਹਾ ਕਰਦੇ ਹਨ, ਘੋੜਾ, ਖੋਤਾ ਲਿੱਦ ਕਰਦੇ ਹਨ, ਬੱਕਰੀ ਮੀਂਙਣਾਂ ਕਰਦੀ ਹੈ, ਭੇਡ ਸੰਗੋਹ ਤੇ ਊਠ ਲੇਡਣੇ ਕਰਦਾ ਹੈ। ਗੋਹੇ ਦੀਆਂ ਪਾਥੀਆਂ ਬਣ ਜਾਂਦੀਆਂ ਹਨ, ਬਾਕੀਆਂ ਦੀਆਂ ਨਹੀਂ। ਕਈ ਲੋਕ ਉਨ੍ਹਾਂ ਨੂੰ ਸੁਕਾ ਕੇ ਬਾਲਣ ਵਜੋਂ ਵਰਤ ਲੈਂਦੇ ਸਨ।
ਪਸ਼ੂ ਵਿਗਿਆਨ ਦੇ ਜਾਣਕਾਰਾਂ ਨੇ ਬਲਦਾਂ ਦੇ ਸਿੰਙਾਂ ਦੀ ਬਣਤਰ ਅਨੁਸਾਰ ਨਾਰਾ, ਬੱਗਾ, ਚੱਪਾ, ਖੜਪਾੜਾ, ਮੀਣਾ, ਢਾਲ ਤਲਵਾਰਾ ਅਤੇ ਮੱਝਾਂ ਬਾਰੇ ਕੁੰਢੀ, ਦਾਤੀ ਸਿੰਙੀਂ, ਮੀਣੀ, ਘੋਨੀ ਆਦਿ ਦੀ ਵੰਡ ਕੀਤੀ ਹੋਈ ਸੀ। ਆਮ ਕਹਾਵਤ ਵੀ ਹੈ ਕਿ ‘ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ`। ਹੁਣ ਸਮਾਂ ਬਦਲ ਗਿਆ ਹੈ – ਖੇਤੀ ਦੇ ਮਸ਼ੀਨੀਕਰਨ ਦੇ ਸਿੱਟੇ ਵਜੋਂ ਪਿੰਡਾਂ ਦੇ ਬਹੁਤ ਘਰਾਂ ਵਿਚੋਂ ਵੀ ਪਸ਼ੂ ਮੁੱਕਦੇ ਜਾਂਦੇ ਹਨ ਤੇ ਫੇਰ ਨਵੀਂ ਪੀੜੀ ਖਲ਼ ਤੇ ਵੜੇਵਿਆਂ ਬਾਰੇ ਕਿੱਥੋਂ ਜਾਣੂ ?
ਫਸਲਾਂ ਦੇ ਹਾਈਬਰਿਡ ਬੀਜਾਂ ਨੇ ਫਸਲਾਂ ਦੇ ਝਾੜ ਵਧਾ ਦਿੱਤੇ ਹਨ ਪਰ ਲੋਕਾਂ ਦੀ ਸਿਹਤ ਵਾਸਤੇ ਜੱਭ੍ਹ ਪੈਦਾ ਕਰ ਦਿੱਤਾ ਹੈ। ਲੋਕਾਂ ਦੀ ਸਿਹਤਮੰਦੀ ਲਈ ਕੁਦਰਤੀ ਖੇਤੀ ਚੰਗੀ ਹੁੰਦੀ ਸੀ। ਫਸਲਾਂ ਵਿਚ ਬੂਟੀਆਂ ਉਦੋਂ ਵੀ ਉੱਗਦੀਆਂ ਸਨ, ਤਾਂਦਲਾ, ਪੋਹਲ਼ਾ, ਪੋਹਲ਼ੀ, ਬਾਥੂ, ਮੁਰਕ, ਪਿਆਜੀ, ਭੁਕਣਾ, ਤੋਤਾਮੈਨਾ, ਇੱਟਸਿੱਟ, ਝੱਲ, ਬਰੂ, ਧਾਮਣ, ਮਧਾਣਾਂ, ਅਲੇਹਾਂ, ਦੁੱਧਤਲ, ਭਗਤਲ, ਖਿੱਪ, ਬੂਈਆਂ, ਭੱਸਰਾ ਆਦਿ। ਇਨ੍ਹਾਂ ਨੂੰ ਦੂਰ ਕਰਨ ਵਾਸਤੇ ਫਸਲਾਂ ਦੀ ਗੋਡੀ ਹੁੰਦੀ, (ਇੱਥੇ ਕਹਾਵਤ ਵੀ ਸੀ- ਜਿੰਨੀ ਗੋਡੀ, ਉੱਨੀ ਡੋਡੀ) ਕਾਮੇ ਵੀ ਇਸ ਨਾਲ ਤੰਦਰੁਸਤ ਰਹਿੰਦੇ ਸਨ। ਹੁਣ ਵੱਧ ਝਾੜ ਦੀ ਹੋੜ ਨੇ ਕੈਮੀਕਲਾਂ ਤੇ ਸਪਰੇਆਂ ਦੀ ਭਰਮਾਰ ਨੇ ਵਾਤਾਵਰਣ ਹੀ ਖਰਾਬ ਨਹੀਂ ਕੀਤਾ ਧਰਤੀ ਨੂੰ ਨਸ਼ੇ ਤੇ ਲਾ ਦਿੱਤਾ ਹੈ। ਬੇ-ਥਾਹ ਖਾਦਾਂ ਤੇ ਕੀੜੇਮਾਰ ਦਵਾਈਆਂ ਪਾਣੀ ਰਾਹੀਂ ਧਰਤੀ ਵਿਚ ਜਜ਼ਬ ਹੋ ਰਹੀਆਂ ਹਨ – ਜੋ ਧਰਤੀ ਹੇਠਲੇ ਪਾਣੀ ਨੂੰ ਗੰਦਾ ਹੀ ਨਹੀਂ ਕਰਦੇ ਜ਼ਹਿਰੀ ਵੀ ਕਰਦੇ ਹਨ। ਸੋਚਣ ਤੇ ਪਤਾ ਲੱਗੇਗਾ ਕਿ ਕੈਂਸਰ ਬੈਲਟ ਐਵੇਂ ਤੇ ਨਹੀਂ ਬਣ ਜਾਂਦੀ, ਇਸ ਵਿਚ ਸਮਾਜ ਦਾ ਆਪਣਾ ਵੀ ਕੁੱਝ ਦੋਸ਼ ਤਾਂ ਹੈ।
ਸਮਾਜ ਅੰਦਰ ਰੁੱਖਾਂ ਦੀ ਬਹੁਤ ਮਹਾਨਤਾ ਸੀ, ਪਿੰਡਾਂ ਵਿਚ ਇਸਦੇ ਆਮ ਹੀ ਸਬੂਤ ਮਿਲਦੇ ਹਨ। ਤਪਦੀਆਂ ਦੁਪੈਹਰਾਂ ਨੂੰ ਲੋਕ ਇੱਥੇ ਇਕੱਠੇ ਹੁੰਦੇ। ਸੱਥਾਂ ਜੁੜਦੀਆਂ, ਤਾਸ਼ਾਂ ਖੇਡਦੇ, ਅਰਾਮ ਕਰਦੇ। ਬੱਚੇ ਆਪਣੀਆਂ ਖੇਡਾਂ ਵਿਚ ਮਸਤ ਰਹਿੰਦੇ। ਹਵਾ ਸਾਫ ਰਹਿੰਦੀ। ਪਹਿਲਾਂ ਸਾਡੇ ਸਮਾਜ ਅੰਦਰ ਲੜਕੀਆਂ ਦੇ ਦਾਜ ਵਿਚ ਮੱਝ, ਗਊ, ਬਲਦ, ਗੱਡੇ, ਊਠ, ਘੋੜੀਆਂ ਆਦਿ ਦਿੱਤੇ ਜਾਂਦੇ ਸਨ। ਕਿਸਾਨੀ ਪਰਵਾਰਾਂ ਦੀਆਂ ਕੁੜੀਆਂ ਆਪਣੇ ਲਈ ਦਾਜ ਬਣਾਉਂਦੀਆਂ ਤਾਂ ਉਸ ਵਿਚ ਮੁਹਾਰਾਂ, ਘੁੰਗਰਾਲਾਂ, ਗਾਨੀਆਂ, ਖੋਪੇ, ਝੁੱਲ, ਛਿੱਕਲੇ ਅਤੇ ਲੋਗੜੀ ਦੇ ਫੁੱਲ ਆਦਿ ਵੀ ਹੁੰਦੇ ਸਨ। ਪਿੰਡ ਵਿਚ ਆਈ ਨਵੀਂ ਬਹੂ ਦਾ ਦਾਜ ਦੇਖਣ ਲਈ ਅਣ-ਵਿਆਹੀਆਂ ਕੁੜੀਆਂ ਜ਼ਰੂਰ ਆਉਂਦੀਆਂ ਉਹ ਕਢਾਈ ਬਗੈਰਾ ਵਾਸਤੇ ਨਮੂਨੇ ਮਿਲ ਜਾਣ ਵਿਚ ਦਿਲਚਸਪੀ ਲੈਂਦੀਆਂ।
ਜੁਲਾਹਿਆਂ ਤੋਂ ਵੀ ਪਹਿਲਾਂ ਪਿੰਜਣਾ ਤੇ ਤੁੰਬਣਾਂ ਘਰਾਂ ਵਿਚ ਹੀ ਕਰ ਲਿਆ ਜਾਂਦਾ ਸੀ। ਇਹ ਵੀ ਸੱਤ ਕੁ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਇੱਥੇ ਰੂੰਅ ਦੇ ਨਾਲ ਹੀ ਭੇਡਾਂ ਦੀ ਉੱਨ ਵੀ ਹੁੰਦੀ ਸੀ ਜੋ ਪਿੰਜ, ਤੁੰਬ ਕੇ ਕੱਤੀ ਜਾਂਦੀ ਸੀ ਜਿਸਦੇ ਸਵੈਟਰ, ਕੋਟੀਆਂ ਬੁਣੀਆਂ ਜਾਂਦੀਆਂ ਸਨ। । ਇਹ ਸਾਰਾ ਕਾਰਜ ਪਿੰਜਣਾ, ਤੁੰਬਣਾ, ਕੱਤਣਾਂ, ਅਟੇਰਨਾਂ ਔਰਤਾਂ ਦੇ ਹੱਥੀਂ ਹੀ ਹੁੰਦੇ ਸਨ। ਕਈ ਵੱਡੇ ਬਜ਼ੁਰਗ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਸੱਜਣ ਬੇਲੀਆਂ ਨੂੰ ਸੱਦ ਕੇ ‘ਜਿਉਣ ਜੱਗ` ਕਰਿਆ ਕਰਦੇ ਸਨ। ਖਾਂਦੇ-ਪੀਂਦੇ ਲਾਣੇ ਆਪਣੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਮੌਤ ਹੋ ਜਾਣ `ਤੇ ਖੁਸ਼ੀ ਨਾਲ ਵੱਡਾ ਕਰਕੇ ਵਿਦਾ ਕਰਦੇ ਸਨ।
ਅਜਿਹੀ ਰਸਮ ਨੂੰ ਗਦੌੜਾ ਫੇਰਨਾ ਕਿਹਾ ਜਾਂਦਾ ਸੀ। ਅਜਿਹੇ ਬਜ਼ੁਰਗਾਂ ਦੀ ਅਰਥੀ ਤੋਂ ਫੁੱਲੀਆਂ, ਪਤਾਸੇ ਅਤੇ ਪੈਸੇ ਸੁੱਟੇ ਜਾਂਦੇ। ਜਿਸ ਕਿਸੇ ਦੇ ਹੱਥ ਮੋਰੀ ਵਾਲਾ ਪੈਸਾ ਲਗਦਾ ਉਹ ਸੰਭਾਲ ਕੇ ਰੱਖਦਾ। ਇਹ ਪੈਸਾ ਛੋਟੇ ਬੱਚੇ ਦੇ ਗਲ਼ ਪਾਈ ਗਾਨੀ ਜਾਂ ਲੱਕ ਨੂੰ ਬੰਨੀ ਤੜਾਗੀ ਵਿਚ ਪਾ ਦਿੱਤਾ ਜਾਂਦਾ ਸੀ – ਉਹ ਸੋਚਦੇ ਸਨ ਕਿ ਇਸ ਤਰ੍ਹਾਂ ਬੱਚਾ ਕਿਸੇ ਵੀ ਬੁਰੀ ਨਜ਼ਰ ਤੋਂ ਬਚਿਆ ਰਹੇਗਾ। ਉਦੋਂ ਸਮਾਜ ਵਿਚ ਇਸ ਤਰ੍ਹਾਂ ਦੇ ਕਾਫੀ ਸਾਰੇ ਵਹਿਮ ਵੀ ਪ੍ਰਚੱਲਤ ਸਨ। ਇਸ ਕਿਤਾਬ ਨੂੰ ਪੜ੍ਹਨਾ ਹਰ ਪਾਠਕ ਲਈ ਲਾਹੇਵੰਦ ਹੋਵੇਗਾ- ਜਦੋਂ ਉਹ ਪੜ੍ਹੇਗਾ ਕਿ ਕਪਾਹਾਂ ਦੀ ਰੁੱਤੇ ਔਰਤਾਂ ਮਹੀਨਾ ਮਹੀਨਾ ਕੇਸੀ ਇਸ਼ਨਾਨ ਨਹੀਂ ਕਰਦੀਆਂ ਸਨ। ਬਹੁਤੀਆਂ ਦੇ ਉਸ ਸਮੇਂ ਜੂਆਂ ਵੀ ਪੈ ਜਾਂਦੀਆਂ ਸਨ।
ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਪਹਿਲੇ ਸਮਿਆਂ ਵਿਚ ਜਦੋਂ ਕਿਸੇ ਔਰਤ ਨੂੰ ਕੋਈ ਉਧਾਲ ਕੇ ਲੈ ਜਾਂਦਾ ਸੀ ਤਾਂ ਮੁਕੱਦਮਾ ਚੋਰੀ ਦਾ ਦਰਜ ਹੁੰਦਾ ਸੀ, ਕਿਸੇ ਚੀਜ਼-ਵਸਤ ਵਾਂਗ, ਉਧਾਲੇ ਦਾ ਕੇਸ ਨਹੀਂ ਸੀ ਦਰਜ ਹੁੰਦਾ। ਤੇਰਵੇਂ ਮਹੀਨੇ ਦਾਣੇ ਮੁੱਕ ਜਾਣ ਵਾਲੇ ਪਰਿਵਾਰਾਂ ਬਾਰੇ ਵੀ ਪਤਾ ਲੱਗੇਗਾ। ਉਹ ਕਿਵੇਂ ਡੇਢ੍ਹੇ, ਸਵਾਏ ਕਰਕੇ ਵਾਪਸ ਕਰਦੇ ਸਨ। ਪਰ ਇਹ ਔਖੇ ਵੇਲੇ ਦੂਸਰੇ ਦੇ ਕੰਮ ਆਉਣ ਦਾ ਸਾਂਝ ਭਰਿਆ ਕਾਰਜ ਸੀ। ਸਾਡੇ ਸਮਾਜ ਵਿਚ ਪ੍ਰੌਹਣਚਾਰੀ ਦਾ ਖਾਸ ਮਹੱਤਵ ਹੁੰਦਾ ਸੀ ਪਰ ਲੇਖਕ ਹੁਣ ਦੇ ਚਲਣ ਨੂੰ ਦੇਖ ਕੇ ਉਦਾਸ ਹੋ ਕੇ ਲਿਖਦਾ ਹੈ “ਸਾਡੇ ਸੱਭਿਆਚਾਰ ਦੀ ਮਹਿਮਾਨਨਿਵਾਜ਼ੀ ਦੀ ਵਿਸ਼ੇਸ਼ਤਾਈ ਵੀ ਬੀਤੇ ਸਮੇਂ ਦੀ ਬਾਤ ਬਣ ਗਈ ਹੈ।”
ਇਸ ਕਿਤਾਬ ਨੂੰ ਪੜ੍ਹਦਿਆਂ ਵਿਰਸੇ ਨੂੰ ਜਾਨਣ ਦੀ ਤਾਂਘ ਰੱਖਣ ਵਾਲੇ ਜਗਿਆਸੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਪੱਲੇ ਪੈਣਗੀਆਂ। ਪਰ, ਇਹ ਕਿਤਾਬ ਧੀਰਜ ਨਾਲ ਪੜ੍ਹਨ ਵਾਲੀ ਹੈ। ਜਿਵੇਂ ਜਿਵੇਂ ਪੜ੍ਹਦੇ ਜਾਵੋਗੇ ਹੈਰਾਨ ਹੁੰਦੇ ਜਾਵੋਗੇ, ਕਿਉਂਕਿ ਤੁਹਾਨੂੰ ਆਪਣੇ ਵਡੇਰਿਆਂ ਦੀ ਔਖ ਭਰੀ ਜ਼ਿੰਦਗੀ ਦੇ ਸਫਰ ਦੀਆਂ ਪਾਈਆਂ ਪੈੜਾਂ ਵਿਚੋਂ ਆਪਣੀਆਂ ਅੱਖਾਂ ਨਾਲ ਝਾਕਣਾ ਪਵੇਗਾ।
ਇਹ ਕੁੱਝ ਸ਼ਬਦ ਦਾਲ਼ ਵਿਚੋਂ ਦਾਣਾ ਟੋਹਣ ਬਰਾਬਰ ਹਨ, ਬਾਕੀ ਕੰਮ ਤੁਹਾਨੂੰ ਆਪ ਕਰਨਾ ਪਵੇਗਾ॥
ਇਹ ਸਭ ਕੁੱਝ ਦੱਸਣ ਵਾਸਤੇ ਜੋਗਿੰਦਰ ਸਿੰਘ ਸਿਵੀਆ ਦਾ ਧੰਨਵਾਦ ਕਰਨਾ ਪਵੇਗਾ, ਜਿਸ ਨੇ ਬੀਤ ਗਏ ਜੁੱਗ ਦੀ ਵਾਰਤਾ ਅੱਜ ਦੇ ਜੁੱਗ ਨਾਲ ਸਾਂਝੀ ਕੀਤੀ ਹੈ। ਇਹ ਕਿਤਾਬ “ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ” ਅਖਾਣਾਂ ਤੋਂ ਅੱਗੇ ਸੱਚ ਦੀ ਵਾਰਤਾ ਹੈ।
ਅੰਤ ਵਿਚ ਇਹ ਹੀ ਕਹਿਣਾ ਬਣਦਾ ਹੈ ਕਿ ਯੂਨੀਵਰਸਿਟੀਆਂ ਵਿਚ ਬੈਠੇ “ਵਿਦਵਾਨਾਂ” ਦੀ ਆਪਣੇ ਵਿਰਸੇ ਪ੍ਰਤੀ ਜੁੰਮੇਵਾਰੀ ਤਾਂ ਹੈ ਪਰ ਸ਼ਾਇਦ ਉਹ ਇਹ ਕੰਮ ਨਾ ਕਰ ਸਕਣ। ਪੰਜਾਬ ਸਰਕਾਰ, ਕਿਸੇ ਯੂਨੀਵਰਸਿਟੀ ਜਾਂ ਆਪਣੇ ਵਿਰਸੇ ਨੂੰ ਸੰਭਾਲਣ ਵਾਲੀ ਕਿਸੇ ਹੋਰ ਸੰਸਥਾ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦਾ ਲੋਕ ਇਤਿਹਾਸ ਲਿਖਵਾਇਆ ਜਾਵੇ।
ਜੋਗਿੰਦਰ ਸਿੰਘ ਸਿਵੀਆ ਵਰਗੇ ਅਨੁਭਵੀ ਵਿਦਵਾਨ ਨੇ ਇਸ ਕਿਤਾਬ ਰਾਹੀਂ ਆਪਣਾ ਜੀਵਨ ਅਨੁਭਵ ਤੇ ਸਾਡਾ ਵਿਰਸਾ ਸਾਡੇ ਸਨਮੁੱਖ ਪੇਸ਼ ਕੀਤਾ ਹੈ, ਨਵੀਆਂ ਪੈੜਾਂ ਪਾਈਆਂ ਹਨ – ਇਸ ਵਿਸ਼ੇ ਦੇ ਜਾਣਕਾਰਾਂ ਲਿਖਾਰੀਆਂ ਨੂੰ ਇਨ੍ਹਾਂ ਪੈੜਾਂ ਦਾ ਲੜ ਫੜ ਕੇ ਇਸ ਰਾਹੇ ਹੋਰ ਅੱਗੇ ਤੁਰਨ ਦੀ ਲੋੜ ਹੈ।
ਕੇਹਰ ਸ਼ਰੀਫ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly