(ਸਮਾਜ ਵੀਕਲੀ)
ਅੱਜ ਦੀ ਭੱਜਦੌੜ ਦੀ ਜਿੰਦਗੀ ‘ਚ ਜਿੱਥੇ ਅਸੀਂ ਆਪਨੇ ਆਪ ਨੂੰ ਸਵੇਰੇ ਜਗਾਉਣ ਲਈ ਅਲਾਰਮ ਦਾ ਸਹਾਰਾ ਲੈਂਦੇ ਹਾਂ ਉਥੇ ਹੀ 90 ਫਸੀਦੀ ਲੋਕ ਆਪਣੇ ਮੋਬਾਇਲ ਤੇ ਚਿੜੀਆਂ ਦੇ ਚਹਿਕਣ ਵਾਲੀ ਰਿੰਗਟੋਂਨ ਦੀ ਵਰਤੋਂ ਕਰਦੇ ਹਨ। ਕਿਉਕਿ ਅਸੀਂ ਚਿੜੀਆਂ ਦੇ ਚਹਿਕਣ ਦੀ ਆਵਾਜ ਨੂੰ ਬਹੁਤ ਪਸੰਦ ਕਰਦੇ ਹਾਂ।
ਅਗਰ ਅਸੀ ਪੁਰਾਣੇ ਵੇਲਿਆਂ ਦੀ ਵੀ ਗੱਲ ਕਰੀਏ ਤਾਂ ਇਹ ਆਵਾਜ਼ ਸਾਨੂੰ ਅਕਸਰ ਆਪਨੇ ਘਰਾਂ ਵਿੱਚ ਹੀ ਸੁਣਨ ਨੂੰ ਮਿਲ ਜਾਂਦੀ ਸੀ। ਜਦੋਂ ਸਾਡੇ ਘਰ ਕੱਚੇ ਹੁੰਦੇੇ ਸਨ ਅਤੇ ਘਰਾਂ ਦੀਆਂ ਛੱਤਾਂ ਬਾਲਿਆਂ ਦੀਆਂ ਹੁੰਦੀਆਂ ਸਨ। ਵੇਹੜੇ ‘ਚ ਨਿੰਮ, ਤੂਤ, ਡੇਕ,ਟਾਲੀ ਜਿਹੇ ਦੇਸੀ ਦਰੱਖਤ ਲੱਗੇ ਹੁੰਦੇ ਸਨ ਅਤੇ ਇਨ੍ਹਾਂ ਵਿੱਚ ਅਕਸਰ ਇਹ ਛੋਟੀਆਂ ਪਿਆਰੀਆਂ ਚਿੜੀਆਂ ਆਲ੍ਹਣੇ ਪਾ ਕੇ ਰਹਿੰਦੀਆਂ ਸਨ। ਜਿਉਂ-ਜਿਉਂ ਸਾਡੇ ਘਰ ਕੋਠੀਆਂ ਦੇ ਰੂਪ ਵਿੱਚ ਤਬਦੀਲ ਹੋ ਗਏ ਪੁਰਾਣੇ ਘਰਾਂ ਵਿਚਲੇ ਬਾਲਿਆਂ ਦੀਆਂ ਕੱਚੀਆਂ ਛੱਤਾਂ ਦੇ ਨਾਲ-ਨਾਲ ਚਿੜੀਆਂ ਦੇ ਆਲ੍ਹਣੇ ਵੀ ਚਲੇ ਗਏ ਅਤੇ ਅਸੀਂ ਇਹਨਾਂ ਪਿਆਰਿਆਂ ਚਿੜੀਆਂ ਦੇ ਚਹਿਕਣ ਦੀ ਆਵਾਜ਼ ਨੂੰ ਤਰਸ ਗਏ।
ਆਕਾਰ ਵਿਚ ਛੋਟਾ ਜਿਹਾ ਪੰਛੀ ਚਿੜੀ ਜੋ ਪੂਰੀ ਦੁਨੀਆ ਵਿਚ ਪਾਇਆ ਜਾਂਦਾ ਹੈ। ਬਹੁਤ ਹੀ ਚੁਸਤ ਪੰਛੀ ਚਿੜੀ ਜੌ,ਬੀਜ, ਬੇਰੀਆਂ, ਫਲਾਂ ਅਤੇ ਕੀੜੇ- ਮਕੌੜਿਆਂ ਨੂੰ ਖਾਂਦਾ ਹੈ। ਇਹ ਬਹੁਤ ਸਮਾਜਿਕ ਪੰਛੀ ਹਨ। ਉਹ ਆਮ ਤੌਰ ‘ਤੇ ਛੱਤਾਂ, ਪੁਲਾਂ,ਦਰਖਤਾਂ ਦੀਆਂ ਟਾਹਣੀਆਂ ਅਤੇ ਕੰਧਾਂ ਦੀਆਂ ਮੋਰੀਆਂ ‘ਚ ਆਪਣੇ ਆਲ੍ਹਣੇ ਬਣਾਉਂਦੀਆਂ ਹਨ। ਚਿੜੀਆਂ ਆਮ ਤੌਰ ‘ਤੇ 24 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਦੀਆਂ ਹਨ। ਨਰ ਚਿੜੀਆਂ ਅਤੇ ਮਾਦਾ ਚਿੜੀਆਂ ਦੀ ਦਿੱਖ ਵੱਖੋ ਵੱਖ ਹੁੰਦੀ ਹੈ, ਨਰ ਚਿੜੀਆਂ ਦਿੱਖ ਵਿੱਚ ਮਾਦਾ ਚਿੜੀਆਂ ਨਾਲੋ ਵਧੇਰੇ ਆਕਰਸ਼ਕ ਹੁੰਦੀਆਂ ਹਨ।
ਇਹਨਾਂ ਚਿੜੀਆਂ ਦੀਆਂ ਕਹਾਣੀਆਂ ਅਕਸਰ ਅਸੀਂ ਨਿੱਕੇ ਹੁੰਦਿਆਂ ਆਪਣੀਆ ਮਾਵਾਂ ਕੋਲੋ ਵੀ ਸੁਣਦੇ ਹੁੰਦੇ ਸੀ,ਜਿਸ ਵਿਚ ਕਾਂ ਅਤੇ ਚਿੜੀ ਦੀ ਕਹਾਣੀ ਬਹੁਤ ਜ਼ਿਆਦਾ ਵਾਰ ਸੁਣਾਈ ਜਾਂਦੀ ਸੀ। ਚਿੜੀਆਂ ਦਾ ਜ਼ਿਕਰ ਸਾਡੇ ਸੱਭਿਆਚਾਰਕ ਗੀਤਾਂ ‘ਚ ਵੀ ਹਮੇਸ਼ਾ ਮਿਲਦਾ ਹੈ। ਅਕਸਰ ਇਹਨਾਂ ਚਿੜੀਆ ਦਾ ਜਿਕਰ ਕੁੜੀਆਂ ਨਾਲ ਵੀ ਕੀਤਾ ਜਾਂਦਾ ਹੈ।
ਤਰ੍ਹਾਂ ਤਰ੍ਹਾਂ ਦੇ ਕੁਦਰਤੀ ਰੰਗਾਂ ਵਿੱਚ ਰੰਗੀਆਂ ਇਹ ਨਾਜ਼ੁਕ ਜਹੀਆਂ
ਚਿੜੀਆਂ ਅੱਜਕਲ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ। ਜਿਸ ਤਰ੍ਹਾਂ ਅਸੀਂ ਰੁੱਖਾਂ ਅਤੇ ਪੌਦਿਆਂ ਦੀ ਕਟਾਈ ਕਰ ਰਹੇ ਹਾਂ, ਅੱਜ ਚਿੜੀ ਖ਼ਤਮ ਹੋਣ ਦੇ ਕੰਢੇ ਪਹੁੰਚ ਗਈ ਹੈ। ਹੁਣ ਨਾ ਤਾਂ ਘਰਾਂ ਵਿਚ ਚਿੜੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਉਸ ਦੀ ਚਹਿਕਦੀ ਆਵਾਜ਼। ਰੁੱਖ ਕੱਟੇ ਜਾ ਰਹੇ ਹਨ, ਸੜਕਾਂ ਚੌੜੀਆਂ ਹੋ ਰਹੀਆ ਹਨ। ਉੱਚੇ ਟਾਵਰਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਕਿਰਨਾਂ ਵੀ ਇਨ੍ਹਾਂ ਚਿੜੀਆਂ ਦੇ ਖ਼ਾਤਮੇ ਲਈ ਜ਼ਿੰਮੇਵਾਰ ਹਨ। ਕਿਸਾਨ ਖੇਤਾਂ ਵਿਚੋਂ ਵੱਧ ਝਾੜ ਪ੍ਰਾਪਤ ਕਰਨ ਲਈ ਵੱਧ ਕੀਟਨਾਸ਼ਕ ਪਾ ਰਿਹਾ ਹੈ। ਇਹ ਵੀ ਚਿੜੀਆਂ ਦੇ ਵਾਧੇ ਨੂੰ ਰੋਕਣ ਦਾ ਇੱਕ ਕਾਰਨ ਹੈ।
ਚਿੜੀਆਂ ਦੀ ਹੋਂਦ ਨੂੰ ਬਚਾਉਣ ਲਈ ਹਰ ਸਾਲ 20 ਮਾਰਚ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਭਾਰਤੀ ਵਾਤਾਵਰਣ ਪ੍ਰੇਮੀ ਮੁਹੰਮਦ ਦਿਲਾਵਰ ਦੁਆਰਾ ਕੀਤੀ ਗਈ ਸੀ। ਭਾਰਤ ਅਤੇ ਦੁਨੀਆ ਭਰ ਵਿੱਚ ਚਿੜੀਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ ਹੋ ਰਹੀ ਗਿਰਾਵਟ ਬਾਰੇ ਚਿੰਤਤ ਮੁਹੰਮਦ ਦਿਲਾਵਰ ਨੇ ਇੱਕ ਬਿਨਾਂ-ਲਾਭਕਾਰੀ ਸੰਸਥਾ, ਨੇਚਰ ਫਾਰਐਵਰ ਸੋਸਾਇਟੀ ਦੀ ਸਥਾਪਨਾ ਕੀਤੀ, ਜੋ ਘਰੇਲੂ ਚਿੜੀਆਂ, ਬਨਸਪਤੀ ਅਤੇ ਜਾਨਵਰਾਂ ਦੀ ਸੰਭਾਲ ਲਈ ਕੰਮ ਕਰਦੀ ਸੀ ਅਤੇ ਇਸ ਸੋਸਾਇਟੀ ਵਲੋਂ ਪਹਿਲਾ ਵਿਸ਼ਵ ਚਿੜੀ ਦਿਵਸ 20 ਮਾਰਚ, 2010 ਨੂੰ ਮਨਾਇਆ ਗਿਆ ਸੀ। ਇਹ ਦਿਨ ਜਲਵਾਯੂ ਪਰਿਵਰਤਨ, ਜੰਗਲਾਂ ਦੀ ਕਟਾਈ ਅਤੇ ਗਲੋਬਲ ਵਾਰਮਿੰਗ ਪ੍ਰਦੂਸ਼ਣ ਆਦਿ ਕਾਰਨ ਚਿੜੀਆਂ ਦੀ ਆਬਾਦੀ ਵਿੱਚ ਹੋ ਰਹੀ ਭਾਰੀ ਕਮੀ ਨੂੰ ਉਜਾਗਰ ਕਰਦਾ ਅਤੇ ਲੋਕਾਂ ਨੂੰ ਜਾਗਰੂਕ ਕਰਦਾ ਸੀ।
ਸੋ ਆਓ ਅਸੀਂ ਵੀ ਅੱਜ ਇਸ ਚਿੜੀ ਦਿਵਸ ਤੇ ਪ੍ਰਣ ਕਰੀਏ ਕਿ ਅਸੀ ਵੀ ਆਪਣੇ ਘਰਾਂ ‘ਚ ਵੱਧ ਤੋਂ ਵੱਧ ਰੁੱਖ ਲਗਾਈਏ, ਆਪਣੇ ਘਰਾਂ ਦੀਆਂ ਛੱਤਾਂ ਤੇ ਇਹਨਾਂ ਲਈ ਭੋਜਨ ਅਤੇ ਪਾਣੀ ਦਾ ਪ੍ਰਬੰਧ ਕਰੀਏ, ਘਰਾਂ ਵਿੱਚ ਜਿੱਥੇ ਕਿਤੇ ਵੀ ਜਗ੍ਹਾ ਮਿਲੇ ਉਥੇ ਬਨਾਉਟੀ ਆਲ੍ਹਣੇ ਟੰਗੀਏ ਤਾਂ ਜ਼ੋ ਇਹ ਆਪਣਾ ਮੁੜ ਰੈਣ ਬਸੇਰਾ ਕਰਕੇ ਅਲੋਪ ਹੋ ਰਹੀ ਚਹਿਕਦੀ ਆਵਾਜ਼ ਰਾਹੀ ਸਾਡੇ ਕੰਨਾਂ ‘ਚ ਰਸ ਘੋਲ ਸਕਣ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly