08 ਮਾਰਚ ਔਰਤ ਦਿਵਸ਼ ਤੇ ਵਿਸ਼ੇਸ਼

ਰਣਬੀਰ ਸਿੰਘ

(ਸਮਾਜ ਵੀਕਲੀ)

ਹਰ ਯੁੱਗ ਵਿਚ ਤੇਰੀ ਇਹੋ ਕਿਸਮਤ
ਹਰ ਯੁੱਗ ਵਿੱਚ ਇਹੋ ਕਹਾਣੀ
ਦਿਲ ਦੇ ਵਿੱਚ ਨੇ ਜਿਓਣ ਦੀਆਂ ਰੀਝਾਂ
ਅੱਖੀਆਂ ਦੇ ਵਿੱਚ ਖਾਰਾ ਪਾਣੀ।

ਕਿਸੇ ਦਿਨ ਨੂੰ ਵਿਸ਼ੇਸ਼ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ ਜਾਂ ਕੋਈ ਖਾਸ ਦਿਨ ਕਿਉਂ ਮਨਾਇਆ ਜਾਂਦਾ ਹੈ,ਇਸ ਦਾ ਸਿੱਧਾ ਸਿੱਧਾ ਕਾਰਨ ਤਾਂ ਕਿਸੇ ਖਾਸ ਕੁਦਰਤੀ ਦਾਤ ਜਾਂ ਵਸਤੂ ਜਾਂ ਵਰਗ ਦੀ ਹੋਂਦ ਬਚਾਉਣ ਲਈ ਕੀਤੇ ਜਾਂਦੇ ਉਪਰਾਲੇ ਹਨ।ਜਿਵੇਂ ਜਲ ਦਿਵਸ ਜਾਂ ਵਾਤਾਵਰਨ ਸੁਰੱੱਖਿਆ ਦਿਵਸ ਮਨਾਉਣ ਦੀ ਕਵਾਇਦ ਇਸੇ ਲੋੜ ਵਿਚੋਂ ਉਪਜੀ ਹੈ।ਫਿਰ ਸਵਾਲ ਇਹ ਉਠਦਾ ਹੈ ਕਿ ਕੀ ਹੋਰਨਾਂ ਵਸਤੂਆਂ ਵਾਂਗ ਔਰਤ ਨੂੰ ਵੀ ਆਪਣੀ ਹੋਂਦ ਤੇ ਸਵਾਲੀਆ ਚਿੰਨ੍ਹ ਨਜ਼ਰ ਆ ਰਿਹਾ ਹੈ?ਇਸ ਦਾ ਜਵਾਬ ਤਾਂ ਫਿਰ ਹਾਂ ਵਿੱਚ ਹੀ ਨਿਕਲਦਾ ਹੈ,ਜੋ ਕਿ ਗੰਭੀਰ ਚਿੰਤਨ ਅਤੇ ਧਿਆਨ ਦੀ ਮੰਗ ਕਰਦਾ ਹੈ।

ਇਹ ਦਿਵਸ ਕਦੋਂ ਤੋਂ ਅਤੇ ਕਿਵੇਂ ਮਨਾਇਆ ਜਾਣ ਲੱਗਾ, ਇਸ ਦੇ ਜਵਾਬ ਤਾਂ ਸਹਿਜੇ ਹੀ ਇਤਿਹਾਸਕ ਤੱਥਾਂ ਵਿਚੋਂ ਲੱਭੇ ਜਾ ਸਕਦੇ ਨੇ ,ਜਿਸ ਦੀ ਵੇਰਵੇ ਦੇਣ ਦੀ ਇੱਥੇ ਬਹੁਤੀ ਜਰੂਰਤ ਵੀ ਨਹੀਂ ਹੈ।ਪ੍ਰਮਾਤਮਾ ਵਲੋਂ ਸਾਜੀ ਆਪਣੀ ਇਸ ਸ੍ਰਿਸ਼ਟੀ ਵਿੱਚ ਇੱਕ ਖਾਸ ਤਰ੍ਹਾਂ ਦਾ ਸੰਤੁਲਨ ਹੈ,ਜੋ ਇਸ ਦੇ ਲਗਾਤਾਰ ਅੱਗੇ ਵਧਣ ਵਿੱਚ ਸਹਾਈ ਹੈ।ਜਦੋਂ ਇਸ ਵਿੱਚ ਗੈਰ-ਕੁਦਰਤੀ ਤੌਰ ਤੇ ਕੋਈ ਵਿਗਾੜ ਪੈਦਾ ਹੁੰਦਾ ਹੈ ਤਾਂ ਇਸ ਦੇ ਨਤੀਜੇ ਅਕਸਰ ਭਿਆਨਕ ਹੀ ਨਿਕਲਦੇ ਨੇ।ਮੁੱਢ ਤੋਂ ਹੀ ਔਰਤ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਕਮਜੋਰ ਸਮਝਕੇ ਇਸ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ, ਜੋ ਇਹ ਗਊ ਅਤੇ ਲੱਛਮੀ ਆਦਿ ਸ਼ਬਦਾਂ ਦੇ ਮੱਕੜ ਜਾਲ ਵਿੱਚ ਫਸੀ ਅਗਿਆਨਤਾ ਵਸ ਚੁੱਪ-ਚਪੀਤੀ ਸਹਿੰਦੀ ਵੀ ਰਹੀ ਅਤੇ ਆਖਿਰ ਇਹ ਲੰਮੀ ਚੁੱਪ ਹੀ ਇਸ ਦੀ ਗੁਲਾਮੀ ਬਣ ਗਈ,ਜੋ ਅਜ ਵੀ ਅਤਿ-ਆਧੁਨਿਕ ਜਮਾਨੇ ਵਿੱਚ ਅਕਸਰ ਦੇਖਣ ਨੂੰ ਮਿਲ ਜਾਂਦੀ ਹੈ।ਔਰਤ ਦੇ ਸਮਾਜ ਵਿੱਚ ਅਣਗੌਲੇ ਹੋਣ ਦਾ ਇੱਕ ਮੁੱਖ ਕਾਰਨ ਸਮੇਂ-ਸਮੇਂ ਤੇ ਆਏ ਬਹੁਤੇ ਅਵਤਾਰੀ ਪੁਰਸ਼ਾਂ ਦੁਆਰਾ ਵੀ ਇਸ ਦੀ ਹੋਣੀ ਨੂੰ ਦਰਕਿਨਾਰ ਹੀ ਰੱਖਿਆ ਜਾਣਾ ਹੈ।

ਮਸਲਨ ਰਮਾਇਣ ਦੀ ਨਾਇਕਾ ਸੀਤਾ ਨੂੰ ਰਾਮ ਦੁਆਰਾ ਸ਼ੱਕ ਦੀ ਨੀਯਤ ਵਿੱਚ ਘਰੋਂ ਬਾਹਰ ਕਰ ਦੇਣਾ।ਇਸੇ ਤਰ੍ਹਾਂ ਮਹਾਂਭਾਰਤ ਦੀ ਨਾਇਕਾ ਦਰੋਪਦੀ ਨੂੰ ਧਰਮ ਪੁੱਤਰ ਯੁਦਿਸ਼ਟਰ ਦੁਆਰਾ ਕੌਰਵ ਸਭਾ ਵਿੱਚ ਜੂਏ ਵਿੱਚ ਹਾਰ ਜਾਣਾ।ਇੱਥੋਂ ਤੱਕ ਕਿ ਪੂਰੀ ਦੁਨੀਆਂ ਵਿੱਚ ਫੈਲੇ ਬੁੱਧ ਧਰਮ ਵਿੱਚ ਵੀ ਔਰਤ ਨੂੰ ਨਰਕ ਦਾ ਦੁਆਰ ਕਹਿ ਕੇ ਭੰਡਿਆ ਗਿਆ।ਜਿਵੇਂ ਕਿ ਅਕਸਰ ਸੁਣਨ ਵਿਚ ਆਉਂਦਾ ਹੈ,
ਸ਼ੂਦਰ ਢੋਰ ਪਸ਼ੂ ਔਰ ਨਾਰੀ
ਚਾਰੋਂ ਤਾੜਨ ਕੇ ਅਧਿਕਾਰੀ

ਓਪਰੋਕਤ ਹਵਾਲਿਆਂ ਤੋਂ ਔਰਤ ਦੀ ਹੋਂਦ ਤੇ ਸਵਾਲ ਖੜਾ ਹੋਣਾ ਸਹਿਜ ਸੀ,ਜੋ ਸ਼ਾਇਦ ਇਸ ਤੋਂ ਵੀ ਵੱਧ ਚਿੰਤਾਜਨਕ ਹੁੰਦਾ ਜੇਕਰ ਕਲਯੁੱਗ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਲਾਹੀ ਬਾਣੀ ਵਿਚ ਔਰਤ ਦੇ ਸਤਿਕਾਰ ਵਿਚ ਇਹ ਹਾਅ ਦਾ ਨਾਅਰਾ ਨਾ ਮਾਰਿਆ ਹੁੰਦਾ:-
ਸੋ ਕਿਉਂ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨੁ

ਗੁਰੂ ਸਾਹਿਬ ਵਲੋਂ ਔਰਤ ਦੀ ਉਸਤਤ ਵਿੱਚ 550 ਸਾਲ ਪਹਿਲਾਂ ਉਚਾਰੇ ਸ਼ਾਇਦ ਇਹਨਾਂ ਮਹਾਂਵਾਕਾ ਦਾ ਹੀ ਕਮਾਲ ਹੈ ਕਿ ਉਹ ਅਜ ਵੀ ਆਪਣੀ ਹੋਂਦ ਬਚਾਉਣ ਲਈ ਲਗਾਤਾਰ ਸੰਘਰਸ਼ ਦੇ ਰਾਹ ਪੈ ਰਹੀ ਹੈ।ਨਹੀਂ ਤਾਂ ਸ਼ਾਇਦ ਧਰਤੀ ਦੇ ਹੋਰਨਾਂ ਪ੍ਰਾਣੀਆਂ ਵਾਂਗ ਇਹ ਵੀ ਲੁਪਤ ਪ੍ਰਜਾਤੀਆਂ ਵਿੱਚ ਆ ਜਾਂਦੀ।ਹੁਣ ਭਾਵੇਂ ਆਧੁਨਿਕਤਾ ਆਉਣ ਨਾਲ ਸਮੇਂ ਨੇ ਕਰਵਟ ਬਦਲੀ ਹੈ,ਔਰਤ ਮਰਦ ਨਾਲ ਮੋਢੇ-ਨਾਲ ਮੋਢਾ ਜੋੜ ਕੇ ਕੰਮ ਵੀ ਕਰ ਰਹੀ ਹੈ,ਪਰ ਇਹ ਰੁਝਾਨ ਬਹੁਤ ਘੱਟ ਹੈ।ਅਗਿਆਨਤਾ ਦਾ ਹਨੇਰਾ ਅਜੇ ਵੀ ਆਪਣੇ ਪੈਰ ਪਸਾਰੀ ਬੈਠਾ ਹੈ।ਬਦਲੇ ਹਲਾਤਾਂ ਵਿੱਚ ਔਰਤ ਨੇ ਸਰੀਰਕ ਅਤੇ ਮਾਨਸਿਕ ਖੇਤਰ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ,ਪਰ ਇਹ ਰੁਝਾਨ ਉੱਚ ਵਰਗ ਅਤੇ ਮੱਧ-ਉੱਚ ਵਰਗ ਦੀਆਂ ਔਰਤਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ।ਮੱਧ ਨਿਮਨ ਵਰਗ ਅਤੇ ਗਰੀਬੀ ਤਬਕਾ ਹੰਢਾ ਰਹੀਆਂ ਔਰਤਾਂ ਲਈ ਤਾਂ ਅਜ ਵੀ ਜਿੰਦਗੀ ਨਰਕ ਸਮਾਨ ਹੈ।

ਜਿਵੇਂ ਕਿ ਉਪਰ ਜਿਕਰ ਹੋ ਚੁੱਕਿਆ ਹੈ,ਕਿ ਸਰੀਰਕ ਪੱਖ ਤੋਂ ਔਰਤ ਭਾਵੇਂ ਮਰਦ ਨਾਲੋਂ ਕਮਜੋਰ ਹੈ,ਸ਼ਾਇਦ ਇਸੇ ਲਈ ਸਿਆਣਿਆਂ ਨੇ ਇੰਨ੍ਹਾਂ ਦੇ ਕੰਮਾਂ ਦੀ ਵੰਡ ਵੀ ਉਸੇ ਹਿਸਾਬ ਨਾਲ ਕੀਤੀ ਹੈ।ਪਰ ਮਾਨਸਿਕ ਅਤੇ ਬੌਧਿਕ ਪੱਖ ਤੋਂ ਇਹ ਕਿਸੇ ਵੀ ਤਰ੍ਹਾਂ ਨਾਲ ਮਰਦ ਨਾਲੋਂ ਪਿੱਛੇ ਨਹੀਂ ਹਨ ਨਾ ਹੀ ਕੋਈ ਖੋਜ ਇਸ ਤਰਾਂ ਦੇ ਸਬੂਤ ਦਿੰਦੀ ਹੈ।ਅਮੂਮਨ ਜੇ ਅਜਿਹਾ ਲੱਗਦਾ ਵੀ ਹੈ,ਤਾਂ ਇਸ ਦਾ ਕਾਰਨ ਮਿਲੇ ਹੋਏ ਮੌਕੇ ਹੋ ਸਕਦੇ ਹਨ।ਇਸੇ ਲਈ ਮੂਲ ਭਾਰਤੀ ਸੰਵਿਧਾਨ ਵਿੱਚ ਔਰਤਾਂ ਨੂੰ ਰਾਖਵਾਂਕਰਨ ਦੇਣ ਦੇ ਕੋਈ ਪ੍ਰਮਾਣ ਨਹੀਂ ਮਿਲਦੇ,ਹਾਂ ਬਾਅਦ ਵਿੱਚ ਕੀਤੀਆਂ ਸੋਧਾਂ ਵਿੱਚ ਜਰੂਰ ਕੁੱਝ ਔਰਤ ਰਾਖਵਾਂਕਰਨ ਦੀ ਗੱਲ ਕੀਤੀ ਗਈ ਹੈ,ਜੋ ਮੈਂ ਸਮਝਦਾ ਔਰਤਾਂ ਨੂੰ ਆਪਣੇ-ਆਪ ਨੂੰ ਹੋਰ ਸਾਬਤ ਅਤੇ ਸਥਾਪਤ ਕਰਨ ਲਈ ਵਧੀਆ ਮੌਕਾ ਹੈ।

ਅਜੋਕੇ ਸਮਾਜ ਨੂੰ ਵੀ ਔਰਤ ਪ੍ਰਤੀ ਖਾਸ ਕਰਕੇ ਔਰਤ ਵਰਗ ਨੂੰ ਵੀ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਫੌਰੀ ਲੋੜ ਹੈ।ਪੇਕੇ ਪਰਿਵਾਰਾਂ ਵਿੱਚ ਕੁੜੀਆਂ ਨੂੰ ਪਰਾਇਆ ਧਨ,ਸਹੁਰੇ ਘਰ ਵਿੱਚ ਬੇਗਾਨੀ ਧੀ ਅਤੇ ਸਮਾਜ ਵਿੱਚ ਰੂੜੀ ਦਾ ਗੋਹਾ ਜਾਂ ਪੈਰ ਦੀ ਜੁੱਤੀ ਕਹਿਣ ਆਦਿ ਜਿਹੀ ਰੂੜ੍ਹੀਵਾਦੀ ਸੋਚ ਤੋਂ ਮੁਕਤ ਹੋਣ ਦੀ ਸਖਤ ਜਰੂਰਤ ਹੈ।ਬਹੁਤ ਵਾਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਅਜ ਦੀਆਂ ਅਗਾਂਹ ਵਧੂ ਪੜੀਆਂ ਲਿਖੀਆਂ ਕੁੜੀਆਂ ਵੀ ਤਰੱਕੀ ਕਰਨ ਜਾਂ ਅਤਿ-ਆਧੁਨਿਕ ਕਹਾਉਣ ਦੇ ਚੱਕਰ ਵਿੱਚ ਆਪਣੇ ਮੂਲ ਤੋਂ ਉੱਖੜ ਜਾਂਦੀਆਂ ਨੇ।ਪੱਛਮੀਂ ਕਰਨ ਦੇ ਪ੍ਰਭਾਵ ਥੱਲੇ ਛੇਤੀ ਹੀ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਪੁਰਾਣਾ ਕਹਿ ਕੇ ਤਿਲਾਂਜਲੀ ਦੇ ਦਿੰਦੀਆਂ ਨੇ।ਉਹ ਵਕਤੀ ਤੌਰ ਤੇ ਇਹ ਭੁੱਲ ਜਾਂਦੀਆਂ ਨੇ ਕਿ ਕੁਦਰਤ ਵਲੋਂ ਸਾਡੀ ਔਰਤ ਹੋਣ ਦੇ ਨਾਤੇ ਇੱਕ ਖਾਸ ਜਿੰਮੇਵਾਰੀ ਵੀ ਲਾਈ ਹੈ ਕਿ
ਜਨਨੀ ਜਨੇ ਤਾ ਭਗਤ ਜਨ
ਕੈ ਦਾਤਾ ਕੈ ਸੂਰ
ਨਹੀਂ ਤਾਂ ਜਨਣੀ ਬਾਂਝ ਰਹਿ
ਕਾਹੇ ਗਵਾਵੈ ਨੂਰ।।

ਔਰਤ ਦੇ ਉਦਰ ਤੋਂ ਭਗਤ,ਦਾਤਾ ਜਾਂ ਸੂਰਮਾ ਤਾਂ ਹੀ ਜਨਮ ਲੈ ਸਕਦੇ ਨੇ,ਜੇਕਰ ਉਹ ਆਪ ਆਪਣੀ ਸੰਸਕ੍ਰਿਤੀ ਅਤੇ ਸੰਸਕਾਰਾਂ ਵਿੱਚ ਵਿਸ਼ਵਾਸ ਰੱਖਦੀ ਹੋਊ।ਨਹੀਂ ਤਾਂ ਰਾਜਨ ਜੰਮਣ ਵਾਲੀ ਦੇ ਪੇਟੋਂ ਜਿੰਨ-ਜਨੌਰ ਹੀ ਪੈਦਾ ਹੋਣਗੇ।
ਸਮਾਪਤ

ਰਣਬੀਰ ਸਿੰਘ
98551-07500

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰੇ ਬਿਨ
Next articleਗੀਤ