HOME ਅਲੋਚਨਾ ਦੀਆਂ ਕਈ ਅੰਤਰ-ਦ੍ਰਿਸ਼ਟੀਆਂ ਦਾ ਮੁਜੱਸਮਾ ਹੈ ਪੁਸਤਕ “ਨਾਵਲ, ਮੇਰੀ ਨਜ਼ਰ ਵਿਚ”

ਅਲੋਚਨਾ ਦੀਆਂ ਕਈ ਅੰਤਰ-ਦ੍ਰਿਸ਼ਟੀਆਂ ਦਾ ਮੁਜੱਸਮਾ ਹੈ ਪੁਸਤਕ “ਨਾਵਲ, ਮੇਰੀ ਨਜ਼ਰ ਵਿਚ”

3
ਮਾਲਵਿੰਦਰ ਸ਼ਾਇਰ
ਮਾਲਵਿੰਦਰ ਸ਼ਾਇਰ

   (ਸਮਾਜ ਵੀਕਲੀ)   ਡਾ. ਭੁਪਿੰਦਰ ਸਿੰਘ ਬੇਦੀ (ਪ੍ਰੋ) ਬਹੁਤ ਹੀ ਸੂਖ਼ਮ ਤੇ ਦਿਲਦਾਰ ਰੂਹ ਦੇ ਇਨਸਾਨ ਹਨ। ਉਨ੍ਹਾਂ ਦਾ ਅਧਿਐਨ ਤੇ ਸਿਰਜਨਾ ਖੇਤਰ ਬਹੁਤ ਵਿਸ਼ਾਲ ਹੈ। ਉਨ੍ਹਾਂ ਦਾ ਵਿਦਿਅਕ ਖੋਜ ਦਾ ਵਿਸ਼ਾ ਨਾਟਕਾਂ ਨਾਲ਼ ਸੰਬੰਧਿਤ ਸੀ। ਉਨ੍ਹਾਂ ਨੇ ਐਮ.ਫਿਲ. ਸੰਤ ਸਿੰਘ ਸੇਖੋਂ ਦੇ ਨਾਟਕਾਂ ਦੀ ‘ਮਿੱਥ ਵਿਗਿਆਨਕ ਦ੍ਰਿਸ਼ਟੀ’ ਵਿਸ਼ੇ ‘ਤੇ ਕੀਤੀ ਅਤੇ ਪੀ.ਐਚ.ਡੀ. ਸੁਰਜੀਤ ਸਿੰਘ ਸੇਠੀ ਦੇ ਨਾਟਕਾਂ ਦੀ ਮਨੋਵਿਗਿਆਨਕ ਦ੍ਰਿਸ਼ਟੀ ‘ਤੇ ਕੀਤੀ। ਉਨ੍ਹਾਂ ਨੇ ਕਈ ਮੁਲਵਾਨ ਖੋਜ ਪੱਤਰ ਵੀ ਲਿਖੇ ਜਿਨ੍ਹਾਂ ਨੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਰਾਹ-ਦਸੇਰਾ ਦੀ ਭੂਮਿਕਾ ਨਿਭਾਈ ਅਤੇ ਨਿਭਾ ਰਹੇ ਹਨ। ਉਹ ਕਿਸੇ ਪੁਸਤਕ ‘ਤੇ ਆਲੋਚਨਾ ਜਾਂ ਖੋਜ ਪੱਤਰ ਲਿਖਦੇ ਸਮੇਂ ਇੱਕੋ ਹੀ ਅਲੋਚਨਾ ਦ੍ਰਿਸ਼ਟੀ ਦਾ ਪ੍ਰਯੋਗ ਨਹੀਂ ਕਰਦੇ ਬਲਕਿ ਕਈ ਆਲੋਚਨਾ ਪ੍ਰਣਾਲੀਆਂ ‘ਤੇ ਫੋਕਸ ਕਰਦੇ ਹਨ। ਅਥਲੀ ਪੁਸਤਕ “ਨਾਵਲ,ਮੇਰੀ ਨਜ਼ਰ ਵਿੱਚ” ਇਸ ਗੱਲ ਦੀ ਸ਼ਾਅਦੀ ਭਰਦੀ ਹੈ ਜੋ ਕਿ ਉੱਘੇ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਦੇ ਨਾਂਅ ‘ਤੇ ਸਮਰਪਿਤ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਪ੍ਰੋਢ ਤੇ ਨਵੇਂ ਨਾਵਲਕਾਰਾਂ ਦੇ ਪੰਦਰਾਂ ਨਾਵਲਾਂ ਨੂੰ ਆਪਣੀ ਆਲੋਚਨਾ ਦਾ ਵਿਸ਼ਾ ਬਣਾਇਆ ਹੈ। ਇਸ ਬਾਰੇ ਉਨ੍ਹਾਂ ਨੇ ਇਸ ਪੁਸਤਕ ਦੇ ਮੁੱਖ-ਬੰਦ ਵਿੱਚ ਲਿਖਿਆ ਹੈ ਕਿ ‘ਮੈਂ ਇਸ ਪੁਸਤਕ ਵਿੱਚ ਪੰਦਰਾਂ ਨਾਵਲਾਂ ਦਾ ਅਧਿਐਨ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ।ਮੈਂ ਇਨ੍ਹਾਂ ਨਾਵਲਾਂ ਦੀ ਕਥਾ ਵੱਲ ਨਹੀਂ, ਸਗੋਂ ਉਸ ਵਿੱਚ ਕਹੀ ਜਾਣ ਵਾਲੀ ਵਿਸ਼ੇਸ਼ ਗੱਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ।ਜਿਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਪਹਿਲਾਂ ਨਾਲੋਂ ਕਾਫ਼ੀ ਜਟਿਲ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਹੀ ਹੈ, ਉਸੇ ਤਰ੍ਹਾਂ ਪੰਜਾਬੀ ਨਾਵਲ ਵੀ ਜਟਿਲ ਪ੍ਰਸਥਿਤੀਆਂ ਨੂੰ ਆਪਣੇ ਕਲ਼ਾਵੇ ਵਿੱਚ ਲੈਣ ਦਾ ਯਤਨ ਕਰ ਰਿਹਾ ਹੈ।” ( ਪੰਨਾਂ 10) ਇਸ ਪੁਸਤਕ ਵਿੱਚ ਡਾ. ਬੇਦੀ ਨੇ ਰਾਮ ਸਰੂਪ ਅਣਖੀ ਦੇ ਨਾਵਲ ‘ਸੁਲ਼ਗਦੀ ਰਾਤ’ ਦਾ ਬਿਰਤਾਂਤਕ ਵਸਤੂ ਯਥਾਰਥਕ ਅਧਿਐਨ, ਓਮ ਪ੍ਰਕਾਸ਼ ਗਾਸੋ ਦੇ ਨਾਵਲ ‘ਆਖ਼ਰੀ ਮੁਕਾਮ’ ਦਾ ਵਿਚਾਰਧਾਰਕ ਪਰਿਪੇਖ, ਪਰਗਟ ਸਿੰਘ ਸਿੱਧੂ ਦੇ ਨਾਵਲ ‘ਅਲਵਿਦਾ ਅਮੀਰਪੁਰ’ ਦਾ ਮਨੋਵਿਗਿਆਨਕ ਯਥਾਰਥਵਾਦ ਦ੍ਰਿਸ਼ਟੀ ਤੋਂ ਅਧਿਐਨ, ਜਰਨੈਲ ਸਿੰਘ ਸੇਖਾ ਦੇ ਨਾਵਲ ‘ਨਾਬਰ’ ਵਿੱਚ ਨਾਰੀ ਚੇਤਨਾ ਦੇ ਵਿਭਿੰਨ ਪੱਖਾਂ ਦਾ ਸੰਵਾਦ, ਬੰਤ ਸਿੰਘ ਚੱਠਾ ਦੇ ਨਾਵਲ ‘ਰਸਤੇ ਚਲਦੀ ਜ਼ਿਦਗੀ’ ਦਾ ਮਨੋਵਿਗਿਆਨਕ ਅਧਿਐਨ, ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਯਸ਼ੋਧਰਾ ਕਪਲ ਵਸਤੂ ਦੀ ਰਾਜ ਬਧੂ’ ਦਾ ਮਿਥ ਵਿਗਿਆਨਕ ਅਧਿਐਨ ਅਤੇ ਸੜਕਨਾਮਾ ਦੇ ਇੱਕ ਹੋਰ ਨਾਵਲ ‘ਬਲ਼ਦੇ ਦਰਿਆ’ ਦਾ ਯਥਾਰਥਕ ਮਨੋਵਿਗਿਆਨਕ ਚਿਤਰਨ ਅਤੇ ਸੁਰਜੀਤ ਸਿੰਘ ਬਰਾੜ ਦੇ ਨਾਵਲ ‘ਚਿੱਟਾ ਪਰਬਤ’ ਵਿਚਲੇ ਵਿਸ਼ਾ ਮੂਲਕ ਸਰੋਕਾਰਾਂ ਨੂੰ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਦੇ ਨਾਵਲ ‘ਉੱਜੜੇ ਖੂਹ ਦਾ ਪਾਣੀ’ ਵਿਚਲੇ ਮਾਨਵੀ ਰਿਸ਼ਤਿਆਂ ਦੀ ਤ੍ਰਾਸਦੀ ਦਾ ਵਿਵੇਚਨ, ਦਰਸ਼ਨ ਸਿੰਘ ਗੁਰੂ ਦੇ ਨਾਵਲ ‘ਬੁਰਜਾਂ ਦੇ ਖੰਡਰ’ ਦਾ ਮਨੋਵਿਗਿਆਨਕ ਪਰਿਪੇਖ ਤੋਂ ਵਿਸ਼ਲੇਸ਼ਨ, ਸੁਖਵਿੰਦਰ ਪੱਪੀ ਦੇ ਨਾਵਲ ‘ਧਰਤ ਵਿਹੂਣੇ’ ਵਿੱਚ ਪੇਸ਼ ਧਰਤੀ ਨਾਲ਼ ਜੁੜੇ ਲੋਕਾਂ ਦਾ ਬਿਰਤਾਂਤ ਪ੍ਰਗਟ ਕੀਤਾ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਕਹਾਣੀਕਾਰ ਤੇ ਨਾਵਲਕਾਰ ਭੁਪਿੰਦਰ ਸਿੰਘ ਮਾਨ ਦੇ ਨਾਵਲ ‘ਆਸ਼ਰਮ’ ਵਿਚਲੇ ਨਾਰੀ ਵੇਦਨਾ-ਸੰਵੇਦਨਾ ਦੇ ਯਥਾਰਥਕ ਅਵਚੇਤਨ, ਪੱਤਰਕਾਰ, ਕਵੀ ਤੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ‘ਮਨੁਹ ਕੁਸੁਧਾ ਕਾਲੀਆ’ ਦੇ ਵਸਤੂ ਕਥਾ ਦਾ ਸਮਾਜਿਕ ਯਥਾਰਥਕ ਵਿਵੇਚਨ, ਅਜ਼ੀਜ਼ ਸਰੋਏ ਦੇ ਨਾਵਲ ‘ਆਪਣੇ ਲੋਕ ਦਾ ਬਿਰਤਾਂਤਕ ਵਸਤੂ ਯਥਾਰਥਕ ਅਤੇ ਗੁਰਪ੍ਰੀਤ ਸਹਿਜੀ ਦੇ ਨਾਵਲ ‘ਬੰਦਾ ਕਿ 9 ਤਰੀਕ’ ਦੀਆਂ ਕਥਾ ਜੁਗਤਾਂ ਦਾ ਮਨੋਵਿਸ਼ਲੇਸ਼ਣ ਅਧਿਐਨ ਆਦਿ ਇਸ ਹਥਲੀ ਪੁਸਤਕ ਵਿੱਚ ਸ਼ਾਮਿਲ ਹਨ। ਡਾ. ਬੇਦੀ ਦੁਆਰਾ ਰਚਿਤ ਹਥਲੀ ਪੁਸਤਕ ‘ਨਾਵਲ, ਮੇਰੀ ਨਜ਼ਰ ਵਿੱਚ’ ਪੜ੍ਹਨਯੋਗ ਵੀ ਹੈ, ਗੌਲਣਯੋਗ ਵੀ ਹੈ ਅਤੇ ਸਾਂਭਣਯੋਗ ਵੀ ਹੈ ਕਿਉਂਕਿ ਅਜਿਹੀਆਂ ਅਲੋਚਨਾਤਮਕ ਪੁਸਤਕਾਂ ਸਾਹਿਤ ਦੀਆਂ ਹੋਰਨਾਂ ਵਿਧਾਵਾਂ ਨੂੰ ਸਮਝਣ,ਪਰਖਣ ਅਤੇ ਪੜਚੋਲਣ ਲਈ ਸਹਾਈ ਸਿੱਧ ਹੁੰਦੀਆਂ ਹਨ। ਡਾ. ਬੇਦੀ ਸਾਹਿਬ ਦੀ ਸਖ਼ਸ਼ੀਅਤਤਾ ਬਾਰੇ ਗੱਲ ਕਰਨੀ ਹੋਵੇ ਤਾਂ ਆਖ ਸਕਦੇ ਹਾਂ ਕਿ ਉਹ ਇੱਕੋ ਸਮੇੰ ਅਲੋਚਕ ਵੀ ਹਨ, ਕਵੀ ਵੀ, ਕਹਾਣੀਕਾਰ ਵੀ, ਅਨੁਵਾਦਕ ਵੀ ਤੇ ਸੰਪਾਦਕ ਵੀ। ਉਨ੍ਹਾਂ ਦੀ ਸਿਰਜਣਾ ਵਿੱਚ ‘ਸੁਖਾਵੇੰ ਸਾਹਾਂ ਦੀ ਤਲਾਸ਼’ (ਕਾਵਿ ਸੰਗ੍ਰਹਿ), ‘ਚਿੜੀਆਂ ਦਾ ਚੰਬਾ’ ( ਕਹਾਣੀ ਸੰਗ੍ਰਹਿ), ‘ਰਿਕਸ਼ੇਵਾਲਾ’ ( ਕਹਾਣੀ), ‘ਮਿਲ ਕਰਿ ਕਹਹਿ ਕਹਾਣੀਆਂ’ ( ਕਹਾਣੀ ਸੰਗ੍ਰਹਿ ਸੰਪਾਦਿਤ), ‘ਤਾਰਿਆਂ ਦੀ ਲੋਅ’ (ਕਾਵਿ ਸੰਗ੍ਰਹਿ ਸੰਪਾਦਿਤ) ਅਤੇ ਅਨੁਵਾਦਿਤ ਕਾਰਜ ਵਿੱਚ ‘ਜ਼ਖ਼ਮੀ ਕਾਂ ਦੀ ਕਹਾਣੀ’ , ‘ ਹੰਕਾਰ ਦੀ ਹਾਰ’ ਤੇ ‘ ਕੱਦੂ ਤੋਂ ਆਚਾਰ ਤੱਕ’ ਸ਼ਾਮਿਲ ਹਨ। ਡਾ. ਬੇਦੀ ਬਹੁਤ ਹੀ ਅਨੁਭਵੀ ਸਾਹਿਤਕਾਰ ਹਨ ਜੋ ਨਿਰੰਤਰ ਵਹਿੰਦੇ ਦਰਿਆ ਵਾਂਗ ਹਨ ਅਤੇ ਨਿਰੰਤਰ ਸਿਰਜਣਾ ਵਿੱਚ ਜੁਟੇ ਹੋਏ ਹਨ। ਉਹ ਸਾਹਿਤਕ ਕਿਰਤ ਨੂੰ ਵੱਖ-ਵੱਖ ਦ੍ਰਿਸ਼ਟੀਕੋਣ  ਤੋਂ ਸਮਝਣ ਦੀ ਨਿਪੁੰਨਤਾ ਭਰਪੂਰ ਦ੍ਰਿਸ਼ਟੀ ਰੱਖਦੇ ਹਨ ਅਤੇ ਆਪਣੇ ਡੂੰਘੇਰੀ ਨਿਰਖ-ਪਰਖ ਸਦਕਾ ਮੌਲਿਕ ਧਾਰਨਾਵਾਂ ਨਿਸ਼ਚਿਤ ਕਰਨ ਦੀ ਸਮਰੱਥਾ ਤੇ ਸੋਝੀ ਵੀ ਰੱਖਦੇ ਹਨ। ਉਨ੍ਹਾਂ ਕੋਲ ਪਰੰਪਰਿਕ ਤੇ ਨਵੀਨ  ਅਲੋਚਨਾ ਅੰਤਰ-ਦ੍ਰਿਸ਼ਟੀਆਂ ਦਾ ਪੂਰਨ ਗਿਆਨ ਹੈ। ਉਨ੍ਹਾਂ ਕੋਲ ਸ਼ਬਦਾਂ ਦਾ ਵੀ ਅਮੁੱਕ ਭੰਡਾਰ ਹੈ । ਉਨ੍ਹਾਂ ਕੋਲ ਮਜਾਕੀਆ ਲਹਿਜਾ ਵੀ ਹੈ ਤੇ ਗੰਭੀਰ ਚਿੰਤਨ ਵੀ।ਹਥਲੇ ਅਲੋਚਨਾਤਮਕ ਕਾਰਜ ਦੀਆਂ ਡਾ. ਬੇਦੀ ਸਾਹਿਬ ਨੂੰ ਢੇਰ ਸਾਰੀਆਂ ਮੁਬਾਰਕਾਂ…ਆਮੀਨ।

ਮਾਲਵਿੰਦਰ ਸ਼ਾਇਰ
ਪਿੰਡ ਤੇ ਡਾਕ : ਸ਼ੇਰ ਸਿੰਘ ਪੁਰਾ ਤਹਿ ਤੇ ਜਿਲ੍ਹਾ : ਬਰਨਾਲਾ — 148100
ਸੰਪਰਕ : 94781-85742
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਅਤੇ ਵਿਸ਼ਾਲ ਨਗਰ ਕੀਰਤਨ ਬਲਾਚੌਰ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ
Next articleਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਵਧ : ਵਿਧਾਇਕਾ ਸੰਤੋਸ਼ ਕਟਾਰੀਆ