(ਸਮਾਜ ਵੀਕਲੀ)
ਡਾ. ਸਵਾਮੀ ਸਰਬਜੀਤ ਦਾ ਅਸਲ ਨਾਮ ‘ਸਰਬਜੀਤ ਸਿੰਘ’ ਹੈ ਤੇ ਉਹਨੇ ਪੰਜਾਬੀ ਸਾਹਿਤ ਵਿਸ਼ੇ ਵਿੱਚ ਡਾੱਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ। ਸਵਾਮੀ ਗੁਣਾਂ ਦੀ ਗੁਥਲੀ ਹੈ। ਉਹਦੇ ਗੁਣਾਂ ਨੂੰ ਗਿਣਨ ਲੱਗੀਏ ਤਾਂ ਉਂਗਲ਼ਾਂ ਦੇ ਪੋਟੇ ਘੱਟ ਰਹਿ ਜਾਂਦੇ ਹਨ। ਸਵਾਮੀ ਇੱਕੋ ਸਮੇਂ ਸਾਹਿਤ, ਲੇਖਣ–ਕਾਰਜ, ਅਧਿਆਪਨ, ਰੰਗਮੰਚ, ਮੀਡੀਆ, ਸੰਗੀਤਕ ਖੇਤਰ ਵਿੱਚ ਸਰਗਰਮ ਸ਼ਖ਼ਸੀਅਤ ਹੈ। ਉਹ ਅਜੋਕੇ ਸਮੇਂ ਦੀ ਤਕਨਾਲੌਜੀ ਨਾਲ਼ ਵੀ ਕਦਮ ਮੇਚ ਕੇ ਤੁਰ ਰਿਹਾ ਹੈ। ਕੰਪਿਊਟਰ ਅਤੇ ਪੰਜਾਬੀ ਟਾਈਪਿੰਗ ਸਬੰਧੀ ਕਹਾਂ ਤਾਂ ਉਹ ਸਮੇਂ ਦੇ ਹਾਣ ਦਾ ਹੋ ਕੇ ਚੱਲ ਰਿਹਾ ਹੈ। ਆਪਣੇ ਨਾਮ ਨਾਲ਼ ‘ਸਵਾਮੀ’ ਸ਼ਬਦ ਜੁੜਨ ਬਾਰੇ ਉਹ ਆਖਦਾ ਹੈ – “ਮੈਂ ਸਾਲ 1998 ਵਿੱਚ ਅਚਾਰੀਆ ਓਸ਼ੋ ਰਜਨੀਸ਼ ਦਾ ਸੰਨਿਆਸੀ ਹੋ ਗਿਆ ਸਾਂ। ਬੱਸ ਉਦੋਂ ਤੋਂ ਹੁਣ ਤੱਕ ਨਾਮ ਨਾਲ਼ ‘ਸਵਾਮੀ’ ਜੁੜਿਆ ਚਲਿਆ ਆ ਰਿਹਾ ਹੈ।”
ਸਰਬਜੀਤ ਦਾ ਜਨਮ ਪਿਤਾ ਸ. ਅਮਰਜੀਤ ਸਿੰਘ ਅਤੇ ਮਾਤਾ ਸਵਰਨਜੀਤ ਕੌਰ ਦੇ ਘਰ ਬਹਾਦੁਰਗੜ੍ਹ, ਪਟਿਆਲਾ (ਨਾਨਕਾ–ਘਰ) ਵਿਖੇ 17 ਦਸੰਬਰ 1979 ਨੂੰ ਹੋਇਆ। ਬਕੌਲ ਸਵਾਮੀ – “ਮੇਰੇ ਇਹ ਧੰਨਭਾਗ ਨੇ ਕਿ ਮੈਂ ਇਸ ਘਰ ਜੰਮਿਆ। ਮੇਰੇ ਡੈਡੀ ਬਹੁਤ ਹੀ ਖੁੱਲ੍ਹੇ ਸੁਭਾਅ ਦੇ ਮਾਲਕ ਤੇ ਵਿਦਵਾਨ ਸ਼ਖ਼ਸੀਅਤ ਨੇ। ਮੇਰੀ ਸ਼ਖ਼ਸੀਅਤ ਵਿੱਚੋਂ ਅੱਧ ਤੋਂ ਵੱਧ ਝਲਕਾਰਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਹੀ ਝਲਕਦਾ ਹੈ। ਮੈਨੂੰ ਡੈਡੀ ਦੀ ਕਿਤਾਬਾਂ ਵਾਲ਼ੀ ਲਾਇਬ੍ਰੇਰੀ ਵਿਰਾਸਤ ਵਜੋਂ ਮਿਲੀ ਹੈ। ਮੈਂ 10ਵੀਂ ਜਮਾਤ ਤੱਕ, ਉਦੋਂ ਤੱਕ ਛਪੀਆਂ ਤਰਕਸ਼ੀਲ ਸੁਸਾਇਟੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ, ਜਿਨ੍ਹਾਂ ਨੇ ਕਿ ਮੇਰੀ ਸੋਚ ਨੂੰ ਤਰਕਸ਼ੀਲ ਬਣਾਇਆ। ਇਨ੍ਹਾਂ ਕਿਤਾਬਾਂ ਸਦਕਾ ਹੀ ਮੈਂ ਅਡੰਬਰੀ ਧਰਮ ਦੇ ਅਡੰਬਰ ਤੋਂ ਬਚ ਗਿਆ ਅਤੇ ਮੇਰੀ ਰੂਹ ਵਿੱਚ ਮਾਨਵਤਾ ਦੀ ਜੋਤ ਬਲ਼ੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਾਹਿਤਕ ਕਿਤਾਬਾਂ ਮੈਂ ਛੋਟੀ ਉਮਰੇ ਹੀ ਪੜ੍ਹ ਲਈਆਂ ਸਨ। ਮੇਰੇ ਮੰਮੀ ਬਿਲਕੁਲ ਅਨਪੜ੍ਹ ਸਨ ਪਰ ਫੇਰ ਵੀ ਉਹ ਹਰੇਕ ਤਰ੍ਹਾਂ ਦੇ ਵਹਿਮ–ਭਰਮ ਤੋਂ ਨਿਰਲੇਪ ਸਨ। ਉਹ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਸਨ ਇਸ ਲਈ ਉਨ੍ਹਾਂ ਨੇ ਸਾਡੇ ਤਿੰਨੇ ਭੈਣ–ਭਰਾਵਾਂ ਨੂੰ ਉੱਚ–ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਸਾਨੂੰ ਇਮਾਨਦਾਰੀ ਦਾ ਪਾਠ ਉਨ੍ਹਾਂ ਨੇ ਹੀ ਪੜ੍ਹਾਇਆ। ਮੇਰੀ ਪਤਨੀ ਸਰਬਜੀਤ ਕੌਰ, ਮੇਰਾ ਅੱਧ ਹੈ। ਉਸ ਅੱਧ ਨਾਲ਼ ਹੀ ਮੈਂ ਸੰਪੂਰਨ ਹੋਇਆ ਹਾਂ।”
ਸਵਾਮੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹ 3 ਵਿਸ਼ਿਆਂ ਵਿੱਚ ਐਮ.ਏ. (ਰਾਜਨੀਤੀ, ਪੰਜਾਬੀ, ਥੀਏਟਰ) ਪਾਸ ਹੈ। ਪੰਜਾਬੀ ਵਿੱਚ ਐਮ.ਫ਼ਿਲ, ਪੀਐੱਚ.ਡੀ., ਨੈੱਟ (ਜੇ.ਆਰ.ਐੱਫ਼) ਪਾਸ ਹੈ। ਪਰਫ਼ਾਰਮਿੰਗ ਆਰਟਸ ਵਿੱਚ ਵੀ ਨੈੱਟ ਪਾਸ ਕੀਤਾ ਹੋਇਆ ਹੈ। ਬਕੌਲ ਸਵਾਮੀ : “ਜਿੰਨੀ ਮੇਰੀ ਪੜ੍ਹਾਈ ਦੀ ਯੋਗਤਾ ਹੈ, ਮੈਨੂੰ ਉਸ ਅਨੁਸਾਰ ਨਾ ਤਾਂ ਕਦੇ ਕੰਮ ਮਿਲਿਆ ਤੇ ਨਾ ਹੀ ਨੌਕਰੀ ਮਿਲੀ। ਇਸੇ ਤਰ੍ਹਾਂ ਮੇਰੇ ਵਿੱਚ ਜਿੰਨਾ ਹੁਨਰ ਤੇ ਕਲਾ ਸੀ, ਉਹਦੇ ਮੁਤਾਬਕ ਵੀ ਮੈਨੂੰ ਕੰਮ ਨਹੀਂ ਮਿਲਿਆ, ਨਾ ਹੀ ਕਦਰ ਹੋਈ।” ਸਵਾਮੀ ਵਿੱਚ ਬਹੁਤ ਹੁਨਰ ਤੇ ਕਲਾਵਾਂ ਹਨ। ਜੇ ਉਹ ਚਾਹੁੰਦਾ ਤਾਂ ਕਿਸੇ ਵੀ ਫ਼ੀਲਡ ਵਿੱਚ ਮਿਹਨਤ ਕਰ ਕੇ ਆਪਣਾ ਨਾਂ ਰੁਸ਼ਨਾ ਸਕਦਾ ਸੀ ਪਰ ਉਹਨੇ ਸਭ ਕਾਸੇ ਵਿੱਚੋਂ ਅਧਿਆਪਨ ਕਾਰਜ ਨੂੰ ਚੁਣਿਆ। ਉਸਨੇ 12 ਕੁ ਸਾਲ ਕਾਲਜ ਵਿੱਚ ਸਹਾਇਕ ਪ੍ਰੋਫ਼ੈਸਰ ਵਜੋਂ ਪੰਜਾਬੀ ਪੜ੍ਹਾਈ ਹੈ। ਸਵਾਮੀ ਦੇ ਕਹਿਣ ਅਨੁਸਾਰ – “ਮੈਨੂੰ ਆਪਣੀਆਂ ਸਾਰੀਆਂ ਵਿਸ਼ੇਸ਼ਤਾਵਾਂ ਵਿੱਚੋਂ ‘ਅਧਿਆਪਨ’ ਦੀ ਵਿਸ਼ੇਸ਼ਤਾ ਹੀ ਸਭ ਤੋਂ ਵੱਧ ਪਸੰਦ ਹੈ ਅਤੇ ਜੇ ਮੈਨੂੰ ਕਿਸੇ ਕਾਲਜ ਵਿੱਚ ਪੱਕੀ ਨੌਕਰੀ ਮਿਲਦੀ ਹੈ ਤਾਂ ਮੈਂ ਪੰਜਾਬੀ ਦੇ ਸਹਾਇਕ ਪ੍ਰੋਫ਼ੈਸਰ ਵਜੋਂ ਹੀ ਸੇਵਾ ਨਿਭਾਵਾਂਗਾ, ਨਹੀਂ ਤਾਂ ਫੇਰ ਹੋਰ ਕੋਈ ਕੰਮਕਾਰ ਵੇਖਾਂਗਾ।”
ਸਵਾਮੀ ਜਨਮਜ਼ਾਤ ਹੀ ਕਲਾਕਾਰ ਹੈ, ਇਹ ਗੱਲ ਵੱਖਰੀ ਹੈ ਕਿ ਸੰਗ, ਸ਼ਰਮ, ਝਿਜਕ ਅਤੇ ਕਿਸੇ ਵੱਲ੍ਹੋਂ ਹੱਲਾਸ਼ੇਰੀ ਨਾ ਮਿਲਣ ਕਰਕੇ ਉਹਦਾ ਹੁਨਰ ਤੇ ਕਲਾ ਬਹੁਤ ਸਮੇਂ ਬਾਅਦ ਜੱਗ–ਜ਼ਾਹਰ ਹੋਈ। ਬਕੌਲ ਸਵਾਮੀ – “ਮੈਂ ਛੇਵੀਂ ਜਮਾਤ ਵਿੱਚ ਹੀ ਹਾਰਮੋਨੀਅਮ ਵਜਾਉਣਾ ਸਿੱਖ ਲਿਆ ਸੀ ਪਰ ਆਪਣੀ ਸੰਗਣ ਦੀ ਆਦਤ ਕਰਕੇ ਮੈਂ ਬਾਰ੍ਹਵੀਂ ਤੱਕ ਸਟੇਜ ‘ਤੇ ਨਹੀਂ ਸਾਂ ਚੜ੍ਹ ਸਕਿਆ।” ਪਰ ਜਦੋਂ ਸਵਾਮੀ ਇੱਕ ਵਾਰ ਸਟੇਜ ‘ਤੇ ਚੜ੍ਹ ਗਿਆ ਤਾਂ ਉਹਨੇ ਆਪਣੇ ਹੁਨਰ ਤੇ ਕਲਾ ਦਾ ਅਜਿਹਾ ਜਲਵਾ ਬਿਖੇਰਿਆ ਕਿ ਸਾਰਿਆਂ ਨੂੰ ਕੀਲ ਲਿਆ। ਸਵਾਮੀ ਕਾਲਜ ਪਹੁੰਚ ਕੇ ਯੁਵਕ ਮੇਲਿਆਂ ਵਿੱਚ ਭਾਗ ਲੈਣ ਲੱਗ ਪਿਆ। ਬਕੌਲ ਸਵਾਮੀ – “ਸਾਡੇ ਵੇਲ਼ੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਯੁਵਕ ਮੇਲਿਆਂ ਵਿੱਚ ਕੁੱਲ 24–25 ਆਈਟਮਾਂ ਹੁੰਦੀਆਂ ਸਨ ਅਤੇ ਮੈਂ ਇਕੱਲਾ ਈ ਬਹੁਤ ਸਾਰੀਆਂ ਆਈਟਮਾਂ ਵਿੱਚ ਭਾਗ ਲਿਆ ਕਰਦਾ ਸੀ।
ਮੈਂ ਨਾਟਕ, ਸਕਿੱਟ, ਮਾਈਮ, ਮਿਮਿਕਰੀ, ਹਿਸਟ੍ਰੋਨਿਕ, ਗਰੁੱਪ ਸ਼ਬਦ, ਗਰੁੱਪ–ਸਾਂਗ, ਵਾਰ ਗਾਇਨ, ਸੰਗੀਤਕ ਵਾਦਨ ਆਰਕੈਸਟਰਾ, ਲੋਕ–ਸਾਜ਼, ਗੀਤ/ਗਜ਼ਲ, ਲੋਕਗੀਤ, ਭਾਸ਼ਣ ਪ੍ਰਤੀਯੋਗਤਾ, ਵਾਦ ਵਿਵਾਦ ਪ੍ਰਤੀਯੋਗਤਾ, ਕਾਵਿ ਉਚਾਰਨ ਆਦਿ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ, ਕਾਲਜ ਕਲਰ, ਯੂਨੀਵਰਸਿਟੀ ਕਲਰ ਆਦਿ ਜਿੱਤੇ। ਬਾਅਦ ਵਿੱਚ ਮੈਂ ਥੀਏਟਰ ਆਈਟਮਾਂ (ਜਿਵੇਂ ਨਾਟਕ, ਸਕਿੱਟ ਆਦਿ) ਅਤੇ ਲਿਟਰੇਰੀ ਆਈਟਮਾਂ (ਭਾਸ਼ਣ, ਵਾਦ ਵਿਵਾਦ ਪ੍ਰਤੀਯੋਗਤਾ ਆਦਿ) ਦੀ ਤਿਆਰੀ ਕਰਵਾਉਣ ਲੱਗ ਪਿਆ ਅਤੇ ਸਾਡੀਆਂ ਟੀਮਾਂ ਨੇ ਨੈਸ਼ਨਲ ਲੈਵਲ ਤੱਕ ਗੋਲਡ ਮੈਡਲ ਜਿੱਤੇ।” ਸਵਾਮੀ ਸਰਬਜੀਤ ਨੇ ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਆਯੋਜਿਤ ਯੁਵਕ ਮੇਲਿਆਂ ਵਿੱਚ ਵੱਖ ਵੱਖ ਵੰਨਗੀਆਂ (ਕਾਵਿ ਉਚਾਰਨ, ਭਾਸ਼ਣ, ਵਾਦ ਵਿਵਾਦ ਪ੍ਰਤੀਯੋਗਤਾ, ਨੁੱਕੜ ਨਾਟਕ, ਸੱਭਿਆਚਾਰਕ ਅਤੇ ਜਰਨਲ ਕੁਇਜ਼ ਆਦਿ) ਵਿੱਚ ਬਤੌਰ ਜੱਜ ਸ਼ਿਰਕਤ ਵੀ ਕੀਤੀ ਹੈ।
ਉਹ ਕਾਫ਼ੀ ਸੰਗੀਤਕ ਸਾਜ਼ ਵੀ ਵਜਾ ਲੈਂਦਾ ਹੈ। ਬਕੌਲ ਸਵਾਮੀ – “ਮੈਨੂੰ ਪੰਜੀ–ਪੰਜੀ ਪੈਸੇ ਕਾਫ਼ੀ ਸਾਜ਼ ਵਜਾਉਣੇ ਹਨ ਪਰ ਰੁਪਈਆ ਕੋਈ ਵੀ ਸਾਜ਼ ਵਜਾਉਣਾ ਨਹੀਂ ਆਉਂਦਾ। ਮੇਰੇ ਡੈਡੀ ਆਪ ਤੂੰਬੀਆਂ ਬਣਾਉਂਦੇ ਹਨ ਅਤੇ ਤੂੰਬੀ ਵਜਾਉਂਦੇ ਵੀ ਬਹੁਤ ਕਮਾਲ ਦੀ ਹਨ ਪਰ ਜਿਵੇਂ ਕਹਿੰਦੇ ਹੁੰਦੇ ਨੇ ‘ਦੀਵੇ ਹੇਠ ਹਨੇਰਾ’, ਮੈਂ ਉਨ੍ਹਾਂ ਤੋਂ ਇਹ ਸਾਜ਼ ਵੀ ਨਾ ਸਿੱਖ ਸਕਿਆ।” ਪਰ ਫੇਰ ਵੀ ਮੈਂ ਤਾਂ ਇਹੋ ਕਹਾਂਗਾ ਕਿ ਉਹ ਹਾਰਮੋਨੀਅਮ, ਢੋਲਕੀ, ਡਫ਼, ਵੰਝਲੀ, ਤੂੰਬੀ ਆਦਿ ਸਾਜ਼ ਬਹੁਤ ਖ਼ੂਬਸੂਰਤੀ ਨਾਲ਼ ਵਜਾ ਲੈਂਦਾ ਹੈ। ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜ੍ਹਦਿਆਂ ਉਹਨੇ ਪੜ੍ਹਾਈ ਸਮੇਤ ਹਰੇਕ ਗਤੀਵਿਧੀ ਵਿੱਚ ਵਧ–ਚੜ੍ਹ ਕੇ ਹਿੱਸਾ ਲਿਆ, ਜਿਸ ਨਾਲ਼ ਸਵਾਮੀ ਦੀ ਸ਼ਖ਼ਸੀਅਤ ਵਿੱਚ ਹੋਰ ਨਿਖਾਰ ਆਇਆ। ਸਕਾਊਟ ਐਂਡ ਗਾਈਡ, ਐਨ.ਐਸ.ਐਸ., ਥੀਏਟਰ ਵਰਕਸ਼ਾਪਾਂ, ਖੋਜ–ਵਰਕਾਸ਼ਾਪਾਂ, ਸੈਮੀਨਾਰ, ਕਾਨਫ਼ਰੰਸਾਂ ਵਿੱਚ ਉਹਦੀ ਸ਼ਮੂਲੀਅਤ ਸਦਾ ਗੌਲਣਯੋਗ ਰਹੀ ਹੈ।
ਸਵਾਮੀ ਸਰਬਜੀਤ ਨੇ 1998 ਵਿੱਚ ਜਨਾਬ ਟੋਨੀ ਬਾਤਿਸ਼ ਦਾ ਲੜ ਫੜ ਕੇ ਥੀਏਟਰ ਸ਼ੁਰੂ ਕੀਤਾ ਜਿਹੜਾ ਕਿ ਹੁਣ ਤੱਕ ਨਿਰੰਤਰ ਜਾਰੀ ਹੈ। ਥੀਏਟਰ ਦੀ ਗੱਲ ਕਰੀਏ ਤਾਂ ਸਵਾਮੀ ਨੇ ਥੀਏਟਰ ਦੇ ਤਿੰਨੇ ਰੂਪਾਂ (ਨਾਟਕਕਾਰੀ, ਅਦਾਕਾਰੀ ਤੇ ਨਿਰਦੇਸ਼ਨ) ਵਿੱਚ ਆਪਣੇ ਜ਼ੌਹਰ ਦਿਖਾਏ। ਇਸ ਤੋਂ ਇਲਾਵਾ ਸਵਾਮੀ ਆਪਣੇ ਨਾਟਕਾਂ ਦਾ ਸੰਗੀਤ ਆਪ ਹੀ ਡਿਜ਼ਾਇਨ ਕਰਦਾ ਹੈ ਅਤੇ ਆਪਣੀ ਹੀ ਪਿੱਠਵਰਤੀ ਗਾਇਕ ਅਤੇ ਸਾਜਿੰਦੇ ਦੇ ਰੂਪ ਵਿੱਚ ਉਹਨੂੰ ਪੇਸ਼ ਵੀ ਕਰਦਾ ਹੈ। ਉਹਨੇ ਬਹੁਤ ਸਾਰੇ ਨੁੱਕੜ–ਨਾਟਕ ਤੇ ਨਾਟਕ ਲਿਖੇ, ਮੰਚ ‘ਤੇ ਨਾਟਕਾਂ ਵਿੱਚ ਅਦਾਕਾਰੀ ਕੀਤੀ ਅਤੇ ਬਹੁਤ ਸਾਰੇ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਉਸਦੇ ਲਿਖੇ ਨੁੱਕੜ ਨਾਟਕ – ‘ਵਾਹ ਨੀ ਧਰਤ ਸੁਹਾਵੀਏ (ਵਾਤਾਵਰਣਿਕ ਚੇਤਨਾ ਨਾਲ਼ ਸਬੰਧਤ ਨੁੱਕੜ)’, ‘ਨਾਰਕੋ ਟੈਸਟ’, ‘ਕਥਾ–ਏ–ਆਮ ਆਦਮੀ’ ਪੰਜਾਬ ਵਿੱਚ ਬਹੁਤ ਸਾਰੀਆਂ ਨਾਟ–ਮੰਡਲੀਆਂ ਨੇ ਖੇਡੇ ਹਨ ਅਤੇ ਖੇਡ ਰਹੀਆਂ ਹਨ।
ਉਸ ਨੇ ਕੁਝ ਸਮਾਂ ਮੀਡੀਆ ਵਿੱਚ ਵੀ ਕੰਮ ਕੀਤਾ। ਅਦਾਕਾਰ, ਸਕਰਿਪਟ ਰਾਈਟਰ ਅਤੇ ਸਹਿ–ਨਿਰਦੇਸ਼ਕ ਵਜੋਂ ਸਵਾਮੀ ਨੇ ਕਈ ਟੈਲੀ–ਫ਼ਿਲਮਾਂ, ਟੀ.ਵੀ. ਸੀਰੀਅਲਾਂ, ਫ਼ੀਚਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਬਤੌਰ ਸਕਰਿਪਟ ਰਾਈਟਰ ਉਸ ਨੇ ‘ਥਾਣੇਦਾਰ’ ਅਤੇ ‘ਇੱਕ ਕਾਰਗਿਲ ਹੋਰ’ ਟੈਲੀਫ਼ਿਲਮਾਂ ਲਿਖੀਆਂ। ਐਕਟਰ ਵਜੋਂ ਤਾਂ ਬਹੁਤ ਥਾਈਂ ਐਕਟਿੰਗ ਕੀਤੀ ਪਰ ਉਹ ਜਲੰਧਰ ਦੂਰਦਰਸ਼ਨ ਦੇ ਸੀਰੀਅਲ ‘ਜੂਨ ਪਚਾਸੀ’ ਅਤੇ ਕੇਤਨ ਮਹਿਤਾ ਦੁਆਰਾ ਨਿਰਦੇਸ਼ਤ, ਸਆਦਤ ਹਸਨ ਮੰਟੋ ਦੀ ਲਿਖੀ ਕਹਾਣੀ ‘ਤੇ ਆਧਾਰਿਤ ‘ਟੋਭਾ ਟੇਕ ਸਿੰਘ’ ਨੂੰ ਆਪਣੀ ਪ੍ਰਾਪਤੀ ਮੰਨਦਾ ਹੈ ਜਿਸ ਵਿੱਚ ਕਿ ਪੰਕਜ ਕਪੂਰ ਹੁਰਾਂ ਨਾਲ਼ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ। ਸਹਿ–ਨਿਰਦੇਸ਼ਕ ਵਜੋਂ ਵੀ ਕਈ ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿੱਚੋ ਫ਼ੀਚਰ–ਫ਼ਿਲਮ ‘ਪੁਲਿਸ ਇਨ ਪਾੱਲੀਵੁੱਡ’ ਜ਼ਿਕਰਯੋਗ ਹੈ। ਜਲੰਧਰ ਦੂਰਦਰਸ਼ਨ ਵਾਸਤੇ ਕਈ ਸਕਿੱਟਾਂ ਲਿਖੀਆਂ ਅਤੇ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਗੁਰਚੇਤ ਚਿੱਤਰਕਾਰ ਦੀ ਟੀਮ ਨਾਲ਼ ਜੁੜ ਕੇ ਉਸਨੇ ਬਹੁਤ ਸਾਰੀਆਂ ਵੀਡੀਓਜ਼ ਵਿੱਚ ਅਦਾਕਾਰ ਵਜੋਂ ਭੂਮਿਕਾ ਨਿਭਾਈ। ਪੰਜਾਬੀ ਡਾਕ ਚੈਨਲ ਲਈ ਤਿੰਨ ਹਾਸ–ਵਿਅੰਗੀ ਐਪੀਸੋਡਜ਼ (ਜੋਤਿਸ਼ੀ ਦਾ ਭਵਿੱਖ, ਡਿੰਪਲ ਕਬਾੜੀਆ, ਚੱਕਮਾ ਚੁੱਲ੍ਹਾ) ਦੀ ਸਕਰਿਪਟ ਰਾਈਟਿੰਗ ਕੀਤੀ ਅਤੇ ਇਨ੍ਹਾਂ ਵਿੱਚ ਅਦਾਕਾਰੀ ਵੀ ਕੀਤੀ।
ਸਵਾਮੀ ਨੇ ਡਿਜ਼ੀਟਲ ਪਲੇਟਫਾਰਮ ਦੇ ਰੂਪ ਵਿੱਚ ਇੱਕ YouTube Channel ‘THE GOLDEN GATE STUDIO’ ਬਣਾਇਆ, ਜਿਸ ਉੱਤੇ 100 ਤੋਂ ਵੱਧ ਵੀਡੀਓਜ਼ ਅਪਲੋਡ ਹਨ। ਕਰੋਨਾ ਕਾਲ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਉਹਨੇ ਆਪਣੇ ਚੈਨਲ ਉੱਤੇ, ਵਿਦਿਆਰਥੀ ਦੀ ਪੜ੍ਹਾਈ ਨਾਲ਼ ਸਬੰਧਤ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ। ਚੈਨਲ ਉੱਤੇ ਅਪਲੋਡ ਕੀਤੀਆਂ ਵੀਡੀਓਜ਼ ਵਿੱਚ ‘ਸਾਹਿਤ–ਪਾਠ’ ਉਨਵਾਨ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਿਲੇਬਸ ਅਨੁਸਾਰੀ ਪੰਜਾਬੀ ਸਾਹਿਤ ਵਿਸ਼ੇ ਨਾਲ਼ ਸਬੰਧਤ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਜਿਨ੍ਹਾਂ ਵਿੱਚ ਨਾਨਕ ਸਿੰਘ ਦੇ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ (36 ਵੀਡੀਓਜ਼), ਜਸਵੰਤ ਸਿੰਘ ਕੰਵਲ ਦੇ ਨਾਵਲ ‘ਰੂਪਧਾਰਾ’ (15 ਵੀਡੀਓਜ਼), ਦਲੀਪ ਕੌਰ ਟਿਵਾਣਾ ਦੇ ਨਾਵਲ ‘ਏਹੁ ਹਮਾਰਾ ਜੀਵਣਾ’ (14 ਵੀਡੀਓਜ਼), ਅਜਮੇਰ ਸਿੰਘ ਔਲਖ ਦੇ ਨਾਟਕ ‘ਝਨਾਂ ਦੇ ਪਾਣੀ’ (8 ਵੀਡੀਓਜ਼), ਡਾ. ਹਰਿਭਜਨ ਸਿੰਘ ਦੁਆਰਾ ਸੰਪਾਦਤ ਕਹਾਣੀ–ਸੰਗ੍ਰਹਿ ‘ਕਥਾ ਪੰਜਾਬ’ (8 ਵੀਡੀਓਜ਼) ਸ਼ਾਮਿਲ ਹਨ।
ਸਵਾਮੀ ਨੇ ਕਈ ਕਿਤਾਬਾਂ ਦੀ ਸੰਪਾਦਨਾ ਕੀਤੀ ਅਤੇ ਕਈ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਉਸ ਦੀਆਂ – ਕਵਿਤਾ, ਕਹਾਣੀ, ਨਾਟਕ, ਨੁੱਕੜ–ਨਾਟਕ, ਮਿੰਨੀ ਕਹਾਣੀ, ਸਕਿੱਟ, ਹਾਸ–ਵਿਅੰਗ, ਸਮਾਲੋਚਨਾ, ਡਰੱਗ ਐਬਿਊਜ਼, ਵਾਤਾਵਰਣਿਕ ਚੇਤਨਾ, ਸਮਾਲੋਚਨਾ ਆਦਿ ਵੰਨਗੀਆਂ ਨਾਲ਼ ਸਬੰਧਤ ਹੁਣ ਤੱਕ 22 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਦੀਆਂ ਰਚਨਾਵਾਂ ਗਾਹੇ–ਬਗਾਹੇ ਅਖ਼ਬਾਰਾਂ ਅਤੇ ਸਾਹਿਤਕ ਰਸਾਲਿਆਂ ਵਿੱਚ ਛਪਦੀਆਂ ਹੀ ਰਹਿੰਦੀਆਂ ਹਨ। ਸਵਾਮੀ ਨੇ ਆਪਣੀਆਂ ਕਿਤਾਬਾਂ ਸਮੇਤ 25–26 ਕਿਤਾਬਾਂ ਦੇ ਮੁੱਖ–ਬੰਦ ਵੀ ਲਿਖੇ ਹਨ।
ਸਵਾਮੀ ਖੁੱਲ੍ਹੇ–ਡੁੱਲ੍ਹੇ ਸੁਭਾਅ ਵਾਲ਼ਾ ਮੂੰਹਫੱਟ ਬੰਦਾ ਹੈ। ਸਿੱਧੀ–ਸਪਾਟ ਗੱਲ ਮੂੰਹ ‘ਤੇ ਕਹਿਣ ਵਾਲ਼ਾ। ਇਮਾਨਦਾਰ ਹੈ, ਚਾਪਲੂਸ ਨਹੀਂ। ਬਹੁਤੀ ਵਾਰ ਉਹਦੀਆਂ ਇਹੋ ਆਦਤਾਂ ਉਹਨੂੰ ਪਿੱਛੇ ਧੱਕ ਦਿੰਦੀਆਂ ਹਨ। ਉਹ ਕਿਸੇ ਵੀ ਸਾਹਿਤਕ ਗਿਰੋਹ ਦਾ ਮੈਂਬਰ ਨਹੀਂ। ਇਸੇ ਕਰਕੇ ਸਾਹਿਤਕ ਸਮਾਗਮਾਂ ਵਿੱਚ ਉਹਦੀ ਸ਼ਮੂਲੀਅਤ ਘੱਟ ਦੇਖਣ ਨੂੰ ਮਿਲਦੀ ਹੈ। ਉਹ ਖ਼ੁਦ ਨੂੰ ਇਨਾਮ–ਸਨਮਾਨਾਂ ਦੀ ਦੌੜ ਤੋਂ ਬਾਹਰ ਮੰਨ ਕੇ ਚਲਦਾ ਹੈ। ਬਕੌਲ ਸਵਾਮੀ – “ਅੱਜਕੱਲ੍ਹ ਬਹੁਤੇ ਇਨਾਮ–ਸਨਮਾਨ ਤਾਂ ਸਿਰਫ਼ ਦਿਖਾਵਾ ਮਾਤਰ ਬਣ ਕੇ ਰਹਿ ਗਏ ਹਨ। ਚੋਣਕਾਰ ਆਪਣੇ ਹੀ ਜਾਣੂੰਆਂ ਨੂੰ ਰਜਾਈ ਜਾਂਦੇ ਹਨ। ਅੰਨ੍ਹਿਆਂ ਹੱਥ ਰਿਉੜੀਆਂ ਹਨ। ਵੱਡੇ–ਵੱਡੇ ਇਨਾਮ–ਸਨਮਾਨਾਂ ਵਿੱਚ ਘਪਲੇ ਹੁੰਦੇ ਹਨ। ਇਹ ਨਹੀਂ ਹੈ ਕਿ ਸਾਰੇ ਕਿਤੇ ਭ੍ਰਿਸ਼ਟਾਚਾਰ ਹੈ, ਕਾਫ਼ੀ ਸੰਸਥਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਕਿ ਹੱਕਦਾਰ ਲੇਖਕ/ਕਲਾਕਾਰ ਨੂੰ ਸਨਮਾਨ ਦਿੰਦੀਆਂ ਹਨ ਪਰ ਬਹੁਤੀਆਂ ਤਾਂ ਆਪਣਿਆਂ ਦੇ ਹੀ ਘਰ ਭਰਦੀਆਂ ਹਨ।”
ਇਸ ਦੇ ਬਾਵਜੂਦ ਵੀ ਸਵਾਮੀ ਸਰਬਜੀਤ ਨੂੰ ‘ਰਾਹੁਲ ਕੌਸ਼ਲ ਯਾਦਗਾਰੀ ਕਮੇਟੀ, ਬਠਿੰਡਾ’ ਵੱਲੋਂ ਸਾਹਿਤ ਅਤੇ ਰੰਗਮੰਚ ਦੇ ਖੇਤਰ ਵਿੱਚ ਪਾਏ ਗਏ ਅਤੇ ਪਾਏ ਜਾ ਰਹੇ ਯੋਗਦਾਨ ਲਈ “ਪ੍ਰੋ. ਰੁਪਿੰਦਰ ਸਿੰਘ ਮਾਨ ਯਾਦਗਾਰੀ ਸਨਮਾਨ – 2012” ਨਾਲ਼ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਉਹਦੀ ਕਹਾਣੀ ‘ਜੁਗਨੂੰ ਖ਼ੁਦਕੁਸ਼ੀ ਨਹੀਂ ਕਰਨਗੇ’ ਕਹਾਣੀ ਮੁਕਾਬਲੇ ਵਿੱਚ ਪ੍ਰਥਮ ਸਥਾਨ ਲਈ ਚੁਣੀ ਗਈ ਅਤੇ ਉਸਨੂੰ ਇਸ ਕਹਾਣੀ ਲਈ ‘15ਵਾਂ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਸਨਮਾਨ-2011’ ਦਿੱਤਾ ਗਿਆ।
ਅਖ਼ੀਰ ਮੈਂ ਤਾਂ ਸਵਾਮੀ ਬਾਰੇ ਇਹੋ ਕਹਾਂਗਾ ਕਿ ਉਹ ਇੱਕ ਹਰਫ਼ਨਮੌਲਾ ਸ਼ਖ਼ਸੀਅਤ ਹੈ। ਬਕੌਲ ਸਵਾਮੀ – “ਮੇਰੇ ਗੁਰੂ ਜਨਾਬ ਟੋਨੀ ਬਾਤਿਸ਼ ਮੇਰੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸਦਕਾ ਮੈਨੂੰ ‘ਕਈ ਇਨ ਵਨ’ ਕਿਹਾ ਕਰਦੇ ਸਨ।” ਆਸ ਤੇ ਦੁਆ ਕਰਦਾ ਹਾਂ ਕਿ ਸਵਾਮੀ ਨੂੰ ਉਹਦੀ ਮੰਜ਼ਿਲ, ਜਲਦ ਤੋਂ ਜਲਦ ਮਿਲੇ ਤਾਂ ਕਿ ਉਹਦੀਆਂ ਇੰਨੀਆਂ ਕਲਾਵਾਂ ਤੇ ਹੁਨਰਾਂ ਦਾ ਲਾਭ ਹੋਰ ਵਿਦਿਆਰਥੀ ਤੇ ਸਿਖਿਆਰਥੀ ਲੈ ਸਕਣ।
ਸੰਪਰਕ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly