ਮਾਨਸਾ, (ਸਮਾਜ ਵੀਕਲੀ) ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਿਹਤ ਵਿਭਾਗ ਮਾਨਸਾ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨੈਸ਼ਨਲ ਵੈਕਟਰ ਬੌਰਨ ਕੰਟਰੋਲ ਪ੍ਰੋਗਰਾਮ ਬ੍ਰਾਂਚ ਦੀ ਅਗਵਾਈ ਹੇਠ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਜ਼ਿਲ੍ਹੇ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਜਾ ਰਹੀਆਂ ਹਨ। ਇਹ ਉਪਰਾਲਾ ਜ਼ਿਲ੍ਹੇ ਵਿੱਚ ਜਨਤਕ ਸਿਹਤ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।
ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮਲੇਰੀਆ ਅਤੇ ਡੇਂਗੂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪੈਂਦੇ ਸਾਰੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਜਾਣਗੀਆਂ। ਇਹ ਉਪਰਾਲਾ ਸਿਹਤ ਵਿਭਾਗ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ, ਜੋ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ, ਸਗੋਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਦਾ ਮੌਕਾ ਵੀ ਮਿਲਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨਾਂ ਬਲਾਕਾਂ ਵਿੱਚ ਆਉਂਦੇ ਸਾਰੇ ਛੱਪੜਾਂ ਵਿੱਚ ਇਹ ਮੱਛੀਆਂ ਛੱਡਣ ਲਈ ਟੀਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਗੰਬੂਜੀਆ ਮੱਛੀਆਂ ਤਿਆਰ ਕਰਨ ਲਈ ਵਿਸ਼ੇਸ਼ ਹੈਚਰੀ ਵੀ ਸਥਾਪਿਤ ਕੀਤੀ ਗਈ ਹੈ। ਇਸ ਹੈਚਰੀ ਵਿੱਚ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਫਿਰ ਇਨ੍ਹਾਂ ਮੱਛੀਆਂ ਨੂੰ ਛੱਪੜਾਂ ਅਤੇ ਤਲਾਬਾਂ ਵਿੱਚ ਛੱਡਿਆ ਜਾਂਦਾ ਹੈ। ਇਹ ਹੈਚਰੀ ਜ਼ਿਲ੍ਹੇ ਵਿੱਚ ਮੱਛਰਾਂ ਦੇ ਲਾਰਵੇ ਨੂੰ ਕੰਟਰੋਲ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਹੈ।
ਇਸ ਲੜੀ ਤਹਿਤ ਅੱਜ ਜ਼ਿਲੇ ਦੇ ਵੱਖ ਵੱਖ ਸਬ ਸੈਂਟਰਾਂ ਤੋਂ ਸਿਹਤ ਕਰਮਚਾਰੀਆਂ ਨੇ ਹੈਚਰੀ ਤੋਂ ਗੰਬੂਜੀਆ ਮੱਛੀਆਂ ਲਿਜਾ ਕੇ ਆਪਣੇ ਆਪਣੇ ਏਰੀਏ ਵਿੱਚ ਪੈਂਦੇ ਛੱਪੜਾਂ ਵਿੱਚ ਛੱਡਵਾਈਆਂ । ਇਸ ਮੌਕੇ ਜ਼ਿਲੇ ਭਰ ਵਿਚੋਂ ਸਿਹਤ ਕਰਮਚਾਰੀ ਹਾਜਰ ਸਨ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj