ਰੈਸਟੋਰੈਂਟਾਂ, ਮੈਰਿਜ ਪੈਲੇਸਾਂ, ਫਰੂਟ ਸਟਾਲਾਂ, ਸਵੀਟ ਸ਼ਾਪਸ ਅਤੇ ਸਿਨੇਮਾ ਘਰਾਂ ਵਰਗੀਆਂ ਜਨਤਕ ਥਾਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ
ਮਾਨਸਾ (ਸਮਾਜ ਵੀਕਲੀ) ਸਿਵਲ ਸਰਜਨ ਡਾਕਟਰ ਅਰਵਿੰਦਪਾਲ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਐਸ.ਐਮ.ਓ. ਖਿਆਲਾ ਕਲਾਂ ਡਾਕਟਰ ਬਲਜਿੰਦਰ ਕੌਰ ਅਤੇ ਡਾਕਟਰ ਹਰਮਨਦੀਪ ਸਿੰਘ ਜੀ ਦੀ ਅਗਵਾਈ ਹੇਠ, ਇਹ ਉਪਰਾਲੇ ਲੋਕਾਂ ਨੂੰ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਹਨ। ਹਰ ਸ਼ੁੱਕਰਵਾਰ ਨੂੰ ਚੱਲ ਰਹੀ ਵਿਸ਼ੇਸ਼ ‘ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ, ਖਿਆਲਾ ਕਲਾਂ ਬਲਾਕ ਅਧੀਨ ਆਉਂਦੇ ਰੈਸਟੋਰੈਂਟਾਂ, ਮੈਰਿਜ ਪੈਲੇਸਾਂ, ਫਰੂਟ ਸਟਾਲਾਂ, ਸਵੀਟ ਸ਼ਾਪਸ ਅਤੇ ਸਿਨੇਮਾ ਘਰਾਂ ਵਰਗੀਆਂ ਜਨਤਕ ਥਾਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹਨ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਲੋਕਾਂ ਨੂੰ ਡੇਂਗੂ ਬੁਖਾਰ ਦੀ ਰੋਕਥਾਮ ਬਾਰੇ ਜਾਣੂ ਕਰਵਾਉਣਾ ਹੈ। ਵੱਖ-ਵੱਖ ਸੈਕਟਰਾਂ ਦੇ ਸਿਹਤ ਸੁਪਰਵਾਈਜ਼ਰਾਂ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਏਜਿਪਟੀ ਨਾਮਕ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜੋ ਅਕਸਰ ਘਰਾਂ ਦੇ ਆਲੇ-ਦੁਆਲੇ ਦੇ ਟੋਇਆਂ, ਫਰਿੱਜਾਂ, ਕੂਲਰਾਂ, ਛੱਤਾਂ ‘ਤੇ ਪਏ ਟਾਇਰਾਂ, ਵਾਧੂ ਕਬਾੜ ਅਤੇ ਪਾਣੀ ਦੀਆਂ ਹੌਦੀਆਂ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਪੈਦਾ ਹੁੰਦਾ ਹੈ। ਸਿਹਤ ਇੰਸਪੈਕਟਰ ਸ੍ਰੀ ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੱਛਰ ਆਮ ਤੌਰ ‘ਤੇ ਦਿਨ ਵੇਲੇ ਕੱਟਦਾ ਹੈ। ਡੇਂਗੂ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਕਾਂਬਾ ਲੱਗਣਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਸ਼ਾਮਲ ਹਨ। ਬੁਖਾਰ ਹੋਣ ਦੀ ਸੂਰਤ ਵਿੱਚ, ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਈ ਜਾਵੇ ਅਤੇ ਬਣਦਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਬਣਾਈ ਰੱਖਣ ਅਤੇ ਪਾਣੀ ਦੀ ਖੜੋਤ ਨੂੰ ਖਤਮ ਕਰਨ ਦੀ ਅਪੀਲ ਕੀਤੀ। ਘਰਾਂ ਵਿੱਚ ਪਾਣੀ ਦੀਆਂ ਹੌਦੀਆਂ ਆਦਿ ਦੀ ਸਮੇਂ ਸਿਰ ਸਫਾਈ ਕਰਨ ਅਤੇ ਖੜ੍ਹੇ ਗੰਦੇ ਪਾਣੀ ‘ਤੇ ਮਿੱਟੀ ਦਾ ਤੇਲ ਜਾਂ ਡੀਜ਼ਲ ਪਾਉਣ ਨਾਲ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੈਂਗੂ ਬੁਖਾਰ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਜਾਗਰੂਕਤਾ ਮੁਹਿੰਮ ਵਿੱਚ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਸੁਖਬੀਰ ਸਿੰਘ, ਪਰਵਿੰਦਰ ਕੁਮਾਰ, ਕੁਲਵਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਹਰਨੇਲ ਸਿੰਘ, ਯਾਦਵਿੰਦਰ ਸਿੰਘ, ਜਗਸੀਰ ਸਿੰਘ, ਸਿਮਰਜੀਤ ਸਿੰਘ ਅਤੇ ਵੱਖ-ਵੱਖ ਸਿਹਤ ਕੇਂਦਰਾਂ ਦੇ ਕਰਮਚਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਚਾਨਣਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



