* ਝੂਠ ਤੇ ਫਰੇਬ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਇਸ ਵਾਰ ਸ਼ਹਿਰ ਦੇ ਲੋਕ ਵੋਟ ਦੀ ਤਾਕਤ ਨਾਲ ਦੇਣਗੇ ਜਵਾਬ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਦਿੱਲੀ ਤੇ ਹੁਣ ਪੰਜਾਬ ‘ਚ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਐਸਾ ਰੰਗ ਦਿਖਾਇਆ ਕਿ ਲੋਕ ਹੁਣ ਆਪਣੇ ਕੀਤੇ ਦਾ ਹੀ ਪਛਤਾਵਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵਿਕਾਸ ਦੇ ਨਾਂ ਤੇ ਉਦਘਾਟਨ ਲਈ ਸ਼ਹਿਰ ਵਿੱਚ ਪੁੱਜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਨਾਲ ਲੋਕਾਂ ਦਾ ਐਸਾ ਜਨ-ਜੀਵਨ ਰੁਕਿਆ ਕਿ ਤਪਦੀ ਦੁਪਹਿਰ ਨੇ ਆਮ ਆਦਮੀ ਦਾ ਪਾਰਾ ਸੱਤਵੇਂ ਆਸਮਾਨ ਤੇ ਪਹੁੰਚਾ ਦਿੱਤਾ। ਸ਼ਹਿਰ ਦੇ ਹਰ ਚੌਂਕ ਵਿੱਚ ਲੱਗੇ ਵੱਡੇ-ਵੱਡੇ ਜਾਮ ਕਾਰਨ ਐਂਬੂਲੈਂਸਾਂ ਵਿੱਚ ਬੈਠੇ ਮਰੀਜ਼ਾਂ ਦੇ ਨਾਲ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਜਿੱਥੇ ਜਾਮ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ ਉੱਥੇ ਮਰੀਜ਼ ਦੀ ਸਲਾਮਤੀ ਲਈ ਰੱਬ ਅੱਗੇ ਹੱਥ ਜੋੜ ਦੁਆਵਾਂ ਵੀ ਮੰਗ ਰਹੇ ਸਨ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਦ ਇਹ ਪਾਰਟੀ ਲੋਕਾਂ ਵਿੱਚ ਵੋਟਾਂ ਮੰਗਣ ਆਈ ਸੀ ਤਾਂ ਇਸ ਨੇ ਲੋਕਾਂ ਨਾਲ ਇਹ ਝੂਠਾ ਵਾਅਦਾ ਕੀਤਾ ਸੀ ਕਿ ਇਹ ਪਾਰਟੀ ਆਮ ਆਦਮੀ ਦੇ ਪ੍ਰੀਵਾਰ ਤੇ ਆਮ ਆਦਮੀ ਦੇ ਲੋਕਾਂ ਵਿੱਚੋਂ ਉੱਠ ਕੇ ਆਈ ਹੈ ਤੇ ਇਹ ਆਮ ਲੋਕਾਂ ਦੇ ਹਰ ਦੁੱਖ ਦਰਦ ਨੂੰ ਜਾਣਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਪਾਰਟੀ ਲੋਕਾਂ ਲਈ ਵੱਡਾ ਸਿਰ ਦਰਦ ਬਣ ਕੇ ਸਾਹਮਣੇ ਆ ਚੁੱਕੀ ਹੈ। ਘੁੰਮਣ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਦੇ ਕਾਫਲੇ ਅਤੇ ਵੀ.ਆਈ.ਪੀ. ਕਲਚਰ ਕਰਕੇ ਰੁਕੇ ਹੋਏ ਟ੍ਰੈਫਿਕ ਨਾਲ ਪੂਰੇ ਸ਼ਹਿਰ ਦੀ ਨਬਜ਼ ਰੁਕੀ ਹੋਈ ਸੀ । ਉਨ੍ਹਾਂ ਪੰਜਾਬ ਅਤੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਵੱਡਾ ਅੰਤਰ ਹੈ ਜਿਸ ਨੂੰ ਖਤਮ ਕਰਨ ਦਾ ਸਮਾਂ ਆ ਚੁੱਕਿਆ ਹੈ। ਵੋਟ ਦੀ ਤਾਕਤ ਤੁਹਾਡੇ ਹੱਥਾਂ ਵਿੱਚ ਹੈ।



