ਇਮਫਾਲ (ਸਮਾਜ ਵੀਕਲੀ): ਮਨੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਅਧੀਨ ਅੱਜ 38 ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ ਦੌਰਾਨ ਸ਼ਾਮ 5 ਵਜੇ ਤੱਕ ਇਨ੍ਹਾਂ ਹਲਕਿਆਂ ਦੇ ਕਰੀਬ 12.09 ਲੱਖ ਵੋਟਰਾਂ ਵਿੱਚੋਂ 78.03 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਪੈਂਦੇ ਤਿਪਾਈਮੁਖ ਵਿਧਾਨ ਸਭਾ ਹਲਕੇ ਵਿਚ ਚੋਣ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਨਾਓਰੇਮ ਇਬੋਚੋਉਬਾ ਦੀ ਸ਼ੱਕੀ ਤੌਰ ’ਤੇ ਉਸ ਦੀ ਖ਼ੁਦ ਦੀ ਸਰਵਿਸ ਰਾਈਫਲ ਤੋਂ ਗੋਲੀ ਚੱਲਣ ਕਾਰਨ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ 82.97 ਫ਼ੀਸਦ ਵੋਟਿੰਗ ਕਾਂਗਪੋਕਪੀ ਜ਼ਿਲ੍ਹੇ ’ਚ ਦਰਜ ਕੀਤੀ ਗਈ। ਉਸ ਤੋਂ ਬਾਅਦ ਇੰਫਾਲ ਪੱਛਮੀ ਵਿਚ 82.19 ਫ਼ੀਸਦ, ਇੰਫਾਲ ਪੂਰਬੀ ’ਚ 76.64 ਫੀਸਦ ਅਤੇ ਚੁਰਾਚਾਂਦਪੁਰ ਵਿਚ 74.45 ਫ਼ੀਸਦ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ ਕਰੀਬ 1721 ਪੋਲਿੰਗ ਬੂਥਾਂ ’ਤੇ ਵੋਟਾਂ ਪੈਣ ਦਾ ਅਮਲ ਤਕਰੀਬਨ ਅਮਨ-ਅਮਾਨ ਨਾਲ ਪੂਰਾ ਹੋ ਗਿਆ ਜਦਕਿ ਸੈਤੂ, ਹਿੰਗਲੇਪ ਅਤੇ ਸਿੰਘਟ ਹਲਕਿਆਂ ਵਿਚ ਸ਼ਰਾਰਤੀ ਅਨੁਸਰਾਂ ਨੇ ਈਵੀਐੱਮਜ਼ ਦੀ ਭੰਨਤੋੜ ਕੀਤੀ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸੱਤ ਪੋਲਿੰਗ ਸਟੇਸ਼ਨਾਂ ’ਤੇ ਈਵੀਐੱਮਜ਼ ਦੀ ਭੰਨਤੋੜ ਦੀਆਂ ਘਟਨਾਵਾਂ ਦੇ ਸਬੰਧ ਵਿਚ ਕੇਸ ਦਰਜ ਕੀਤੇ ਗਏ ਹਨ। ਤਿਪਾਈਮੁਖ ਹਲਕੇ ਵਿਚ ਚੋਣ ਅਮਲੇ ਦੇ ਇਕ ਮੈਂਬਰ ਦੀ ਦਿਮਾਗ ਦੀ ਨਾੜੀ ਫਟਣ (ਹੈਮਰੈਜਿਕ ਸਟਰੋਕ) ਕਾਰਨ ਮੌਤ ਹੋ ਗਈ। ਚੁਰਾਚਾਂਦਪੁਰ ਜ਼ਿਲ੍ਹੇ ਵਿਚ ਸਿਆਸੀ ਪਾਰਟੀਆਂ ਵਿਚਾਲੇ ਹੋਈਆਂ ਦੋ ਝੜਪਾਂ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly