ਅੰਬ’ ਤੇ ਅੰਬੀ ਦੇ ਬੂਟੇ ਦਾ ਹੈ ਪੰਜਾਬੀਆਂ ਦੇ ਅਚੇਤ ਮਨ ਨਾਲ ਅਟੁੱਟ ਰਿਸ਼ਤਾ! — ਕਾਮਰਾਨ ਕਾਮੀ

(ਸਮਾਜ ਵੀਕਲੀ)

‘ਅੰਬ’ ਤੇ ਅੰਬੀ ਦੇ ਬੂਟੇ ਦਾ ਹੈ ਪੰਜਾਬੀਆਂ ਦੇ ਅਚੇਤ ਮਨ ਨਾਲ ਅਟੁੱਟ ਰਿਸ਼ਤਾ!
ਵਿਗਿਆਨਕ ਨਾਂ: ਮਯਨਜ਼ੀਫ਼ੀਰਾ ਇੰਡੀਕਾ ਲਿਨ [Mangifera indica (Linn.)] (ਕਿਸਮ: ਐਨਾਕਾਰਡਿਆਸੀ)

– ਕਾਮਰਾਨ ਕਾਮੀ

(ਏਸ ਸੁਲੇਖ ਲਈ ਪ੍ਰੇਰਨਾ ਅਸਲ ਵਿਚ ‘ਪੰਚਮ’ ਲਾਹੌਰ ਦੇ ਛਪੇ ਖ਼ਾਸ ਅੰਕ ‘ਮਿੱਟੀ ਬੋਲ ਪਈ’ ਤੇ ਬਚਪਨ ਤੋਂ ਨਾਨੀ ਤੋਂ ਸੁਣੀਆਂ ਕਹਾਣੀਆਂ ਤੋਂ ਮਿਲੀ ਹੈ। ਹਾਲਾਂ ਕਿ ਪੰਜਾਬ ਵਿਚ ਵਸਦੇ ਹਰ ਘਰ ਵਿਚ ਅੰਬ ਚੋਖਾ ਖਾਧਾ ਜਾਂਦਾ ਹੈ।)
*****
ਦੱਸ ਦੇਵਾਂ ਕਿ ਸਾਡੇ ਪੁਰਖੇ ਭਾਰਤੀ ਪੰਜਆਬ ਵਿਚੋਂ ਉਜੜ ਕੇ ਆਏ ਸਣ।ਇਸੇ ਪ੍ਰਸੰਗ ਸਾਡੇ ਪਿੱਤਰੀ ਇਲਾਕੇ ਦੁਆਬੇ/ਹਸ਼ਿਆਰਪੁਰ ਦੇ ਅੰਬ ਬਹੁਤ ਮਸ਼ਹੂਰ ਗਿਣੇ ਜਾਂਦੇ ਨੇਂ। ਬਲਕਿ ਕਈ ਲੋਕ ਗੀਤ, ਬੋਲੀਆਂ ਤੇ ਟੱਪੇ ਏਸ ਨਾਲ਼ ਜੁੜੇ ਹੋਏ, ਮਿਸਾਲ ਲਈ ਇਹ ਵੇਖੋ:

ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਗਈ ਜੇ ਤੂੰ ਦੇਸ ਦੁਆਬਾ।
ਨੀ ਗੁਡੀਆਂ ਤੋਂ ਕਾਹਥੋਂ ਰੁੱਸ ਗਈ ਤੈਨੂੰ ਲੈ ਜਾਊਗਾ ਜੜ੍ਹਾਊਂ ਵਾਲੇ
ਭਾਵੇਂ ਭੂਰੀ ਮੱਝ ਵਿਕ ਜਾਏ, ਗੋਰੇ ਪੈਰਾਂ ਨੂੰ ਸਲੀਪਰ ਕਾਲੇ
ਨੀ ਨਿੱਕੀ ਜਿਹੀ ਬਿੱਲੂ ਵੈਰਨੇ, ਕਾਹਨੂੰ ਕਰਨੀ ਐਂ ਸ਼ੋਰ ਸ਼ਰਾਬਾ
ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਗਈ ਜੇ ਤੂੰ ਦੇਸ ਦੁਆਬਾ
ਨੀ ਗਨੇਆਂ ਦੇ ਰਸ ਵਰਗਾ, ਸਾਡੇ ਪਿੰਡ ਦੇ ਸੂਹਾਂ ਦਾ ਪਾਣੀ
ਅੰਬਾਂ ਦਿਆਂ ਸ਼ਾਵਾਂ ਠੰਢੀਆਂ, ਵੱਧ ਸੁਰਗਾਂ ਤੋਂ ਝੂਠ ਨਾ ਜਾਨੀਂ
ਛੱਡ ਕੇ ਨਾ ਜਾਈਂ ਬੱਲੀਏ, ਨਹੀਂ ਤੇ ਹੋ ਜਾਊ ਖ਼ੂਨਖ਼ਰਾਬਾ
ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਗਈ ਜੇ ਤੂੰ ਦੇਸ ਦੁਆਬਾ!

ਘਰਾਂ ਵਿਚ ਅੰਬ ਦੀਆਂ ਚਟਨੀਆਂ ਨਾਲ਼ ਜਾਂ ਨਿਰੇ ਅੰਬ ਨਾਲ਼ ਰੋਟੀ ਨਾਸ਼ਤੇ ਕਰਨੇ, ਇੱਕ ਹੋਰ ਸਾਫ਼ਟ ਡ੍ਰਿੰਕ ਘਰ ਬਣਨਾ ਜਿਸ ਨੂੰ ‘ਛਿਛਾ’ ਕਹਿੰਦੇ, ਮਸਾਂ ਈ ਕੋਈ ਗਰਮੀਆਂ ਏਸ ਤੋਂ ਵਾਂਝਾ ਹੋਣ ਗਈਆਂ। ਆਪਣੇ ਹੁਸ਼ਿਆਰਪੁਰੇ ਅੰਬ ਦਿਆਂ ਬਾਗ਼ਾਂ ਬਾਰੇ ਦੱਸਣਾ ਜੇ ਕਿਧਰੇ ਪੱਠੇ ਮੁੱਕ ਜਾਣੇ ਤੇ ਗਾਵਾਂ ਮੱਝਾਂ ਨੂੰ ਅੰਬਾਂ ਦੇ ਪੱਤਰੇ ਈ ਪਾ ਦਈਦੇ ਸਨ- ਘਰ ਬਾਲਣ ਲਈ ਵਰਤ ਲੈਂਦੇ ਸਨ ਇਥੋਂ ਤੀਕ ਕੇ ਘਰ ਵਿਚ ਵਰਤਣ ਵਾਲੇ ਪੀੜ੍ਹੇ ਵੀ ਅੰਬ ਦੀ ਲੱਕੜ ਵਜਹੋਂ ਵਰਤ ਲਏ ਜਾਂਦੇ ਸਨ- ਸੋ ਜਿਵੇਂ ‘ਬਲਬੀਰ ਮਾਧੋਪੁਰੀ ਰਚਿਤ ਮਿੱਟੀ ਬੋਲ ਪਈ’ ਵਿਚ ਦਾਦੇ ਪੋਤਰੇ ਦੀ ਵਾਰਤਾ ਨੇ ਦਾਸ ਨੂੰ ਖ਼ਾਸ ਢੰਗ ਨਾਲ਼ ਟੁੰਬਿਆ, ਇੰਨ ਬਿਨ ਓਵੇਂ ਹੀ ਸਾਡੀ ਨਾਨੀ ਜੀ ਸਾਨੂੰ ਇਸ ਵੰਨ ਦੀਆਂ ਕਹਾਣੀਆਂ ਜਿਵੇਂ ਨਾਵਲ ਦੇ ਪਾਤਰ ਦਾਦਾ, ਪੋਤਰੇ ਗੋਰੇ ਨੂੰ ਆਖਦਾ ਹੈ:
”ਗੌਰੀਆ ਤੇਰੀ ਪੜ੍ਹਾਈ ਦੀ ਮਿਹਨਤ ਨੂੰ ਬੀ ਬੂਰ ਪੈਣ ਆਲ਼ਾ ਜਿੱਦਾਂ ਉਹ ਅੰਬ ਦੇ ਬੂਟੇ ਨੂੰ ਪਿਆ ਹੋਇਆ ਤੇ ਇਹਦੇ ਵਿਚ ਫਲ਼ ਲੁਕਿਆ ਹੋਇਆ-
ਇਸੇ ਤਰ੍ਹਾਂ ਗੋਰੇ ਦੀ ਦਾਦੀ ਆਪਣੇ ਪੋਤਰੇ ਨੂੰ ਇਮਤਿਹਾਨ ਤੋਂ ਪਹਿਲਾਂ ਚੰਗਾ ਨਰੋਆ ਹੋਣ ਲਈ ਖਾਣ ਪੀਣ ਦਾ ਖ਼ਿਆਲ ਰੱਖਣ ਬਾਰੇ ਕਹਿੰਦੀ ਏ।
”ਤੰਦਰੁਸਤੀ ਤਾਂ ਕੁਦਰਤ ਦੀ ਨੇਅਮਤ ਆ, ਬੂਰ ਫੱਗਣ (ਫ਼ਰਵਰੀ) ਚ ਪੈਂਦਾ ਜਦੋਂ ਠੰਡ ਘਟਣੀ ਸ਼ੁਰੂ ਹੁੰਦੀ ਆ ਤੇ ਚੇਤ ਬਸਾਖ ਚ ਫੁੱਲ ਬਣ ਜਾਂਦਾ- ਜੇ ਚੇਤ ਬਸਾਖ ਵਿਚ ਓਨਤਰੇ ਨ੍ਹਿਰੀ ਝੱਖੜ ਵਗ ਜਾਣ ਤਾਂ ਅੰਬੀਆਂ ਪੱਕਣ ਤੋਂ ਪਹਿਲਾਂ ਈ ਝੜ ਜਾਂਦੀਆਂ।

ਇੱਕ ਹੋਰ ਥਾਂ ਤੇ ਦਾਦਾ ਆਪਣੇ ਪੋਤਰੇ ਨੂੰ ਆਪਣੇ ਮਨ ਦੀ ਗੱਲ ਸੁਣਾਉਂਦੀਆਂ ਕਹਿੰਦਾ ਹੈ,
”ਤੈਨੂੰ ਆਪਣੇ ਮਨ ਦੀ ਗੱਲ ਦੱਸਾਂ ਗੌਰੀਆ? ਬਾਬੇ ਨੇ ਮੇਰੇ ਵੱਲ ਵੇਖਦਿਆਂ ਖ਼ੁਸ਼ੀ ਦੇ ਵਹਿਣ ਵਿਚ ਕਿਹਾ ਤੇ ਗੱਲ ਜਾਰੀ ਰੱਖਦਿਆਂ ਆਖਿਆ, ਤੋਂ ਜਿੰਨਾ ਮਰਜ਼ੀ ਪੜ੍ਹ, ਆਲਾ ਅਫ਼ਸਰ ਬਣ ਜਾ, ਫੇਰ ਆਪਾਂ ਦੱਸਾਂ ਕੀ, ਵੀਹਾਂ ਨੌਹਾਂ ਦੀਆਂ ਕਮਾਈਆਂ ਨਾਲ਼ ਅੰਬਾਂ ਦਾ ਬਾਗ਼ ਖ਼ਰੀਦ ਲਮਾਂਗੇ।
ਇੱਕ ਹੋਰ ਥਾਂ ਦਾਦਾ ਕੰਧ ਨਾਲ਼ ਖੜੇ ਮੰਜੇ ਨੂੰ ਡਾਹ ਕੇ ਅੰਬ ਦੀਆਂ ਕਿਸਮਾਂ ਗੁਣਾਓਂਦਾ ਹੈ, ਉਸ ਵੱਲ ਭੋਰਾ ਗ਼ੌਰ ਕਰਿਓ।
”ਲੈ ਸੁਨ ਬਈ ਗੋਰਿਆ ਇਨ੍ਹਾਂ ਦੇ ਨਾਂ, ਸੰਧੂਰੀਆ, ਸ਼ਹਤੀਆ, ਸੋਨਫੀਆ, ਸੰਤਰੀ, ਮਿਸ਼ਰੀ, ਲੰਗੜਾ, ਛੱਲੀ, ਖੱਟਾ, ਖ਼ਰਬੂਜ਼ਾ ਲਲੇਰ, ਲੀਚੀ, ਪੰਜ ਪਾਇਆ, ਪੇੜਾ, ਪਿੱਦੀ, ਪਤਾਸਾ, ਪੀਲਾ ਅੰਬ, ਕਾਲ਼ਾ ਅੰਬ- ਮਾੜਾ ਜਿਹਾ ਸੋਚ ਕੇ ਫੇਰ ਦੱਸਦਾ ਸਰਵ, ਹਰਹਰ, ਰੜਾ (ਬਹੇੜਾ) ਕੁੱਕੜਾ, ਭੱਦਨ, ਭਦੌੜੀਆ, ਪੱਥਰ, ਦਹੀਂ, ਮੁਰੱਬਾ, ਨੋਨੀਆ ਤੇ ਕਹਾਲੂ।
ਸੋ ਉਪਰੋਕਤ ਕੀਤੀ ਹੀ, ਅੰਬ ਨੂੰ ਏਸ ਮਜ਼ਮੂਨ ਵਿਚ ਸ਼ਾਮਿਲ ਕੀਤੇ ਜਾਣ ਨੂੰ ਜ਼ਾਇਜ਼ ਕਰਾਰ ਦੇਣ ਲਈ ਕਾਫ਼ੀ ਹੈ- ਮੇਰੀ ਜਾਚੇ ਸਾਡੇ ਦੇਸ ਵਿਚ ਰੁੱਖਾਂ ਬਾਰੇ ਕੋਈ ਵੀ ਕਿਤਾਬ ਮੁਕੰਮਲ ਨਹੀਂ ਹੋਵੇਗੀ, ਜੇ ਅੰਬ ਦੇ ਰੁੱਖ ਨੂੰ ਛੱਡ ਦਿੱਤਾ ਜਾਵੇ!!

ਏਸ ਲਈ ਮੈਂ ਏਸ ਵਿਸ਼ੇ ਦੀ ਚੋਣ ਕੀਤੀ ਹੈ ਨਾਲੇ ਮੈਂ ਕੋਸ਼ਿਸ਼ ਕਰਾਂਗਾ ਕਿ ਆਪ ਜੀ ਨੂੰ ਆਪਣੇ ਭਾਣੇ ਹਰ ਪੱਖ ਵਿਖਾਉਣ ਦਾ ਜਤਨ ਕਰਾਂ- ਇਹ ਠੀਕ ਹੈ ਕਿ ਆਮ ਤੌਰ ਉੱਤੇ ਇਹ ਰੁੱਖ ਸਾਡੇ ਕਸਬਿਆਂ, ਸ਼ਹਿਰਾਂ ਵਿਚ ਸੜਕਾਂ ਤੇ ਰਸਤਿਆਂ ਤੇ ਲਾਉਣ ਲਈ ਨਹੀਂ ਵਰਤਿਆ ਜਾਂਦਾ- ਲੇਕਿਨ ਕਦੇ ਕਦੇ ਇਹ ਸੜਕ ਕੰਢੇ ਦੇ ਰੁੱਖ ਵਜਹੋਂ ਉਗਾ ਲਿਆ ਜਾਂਦਾ ਹੈ- ਸਾਡੇ ਬਹੁਤ ਸਾਰੇ ਪਿੰਡਾਂ ਵਿਚ ਕਦੇ ਬੋਹੜ ਦੇ ਰੁਖ ਦੀ ਥਾਂ ਤੇ ਅੰਬ ਦਾ ਰੁੱਖ ਲੋਕਾਂ ਦੇ ਮਿਲਣ ਦਾ ਥਾਂ ਹੁੰਦਾ ਸੀ- ਜਿਥੇ ਕਿ ਸਾਡੀ ਸਮਾਜੀ ਜ਼ਿੰਦਗੀ ਦੀਆਂ ਜ਼ਿਆਦਾਤਰ ਸਰਗਰਮੀਆਂ ਸਿਰੇ ਚੜ੍ਹਦਿਆਂ ਤੇ ਲੋਕ ਆਪਸ ਵਿਚ ਗੱਪਸ਼ੱਪ ਮਾਰਦੇ ਸਨ। ਵੈਸੇ ਸਾਡੇ ਸਾਹਿਤ ਵਿਚ ਮੁਸ਼ਕਲ ਨਾਲ਼ ਹੀ ਕੋਈ ਰੁੱਖ ਹੋਵੇਗਾ, ਜਿਸ ਨੂੰ ਅੰਬ ਦੇ ਰੁੱਖ ਨਾਲੋਂ ਵਧੇਰੀ ਮਸ਼ਹੂਰੀ ਤੇ ਆਦਰ-ਮਾਣ ਹਾਸਲ ਹੋਵੇ!!! ਏਸ ਨੂੰ ‘ਸੁੱਖਣਾ ਪੂਰੀ ਕਰਨ ਵਾਲਾ ਰੁਖ’ ਵੀ ਸਮਝਿਆ ਜਾਂਦਾ ਹੈ- ਏਸ ਦਾ ਨਾਂ ਇਨਸਾਨਾਂ ਜਾਂ ਸ਼ੈਅਵਾਂ ਲਈ ਪਿਆਰ ਭਰਿਆ ਤੇ ਅਕੀਦਤ/ਭਗਤੀ ਦੇ ਨਿਸ਼ਾਨ ਵਜੋਂ ਵਰਤਿਆ ਜਾਂਦਾ ਰਿਹਾ ਹੈ। ਸ਼ਾਇਰਾਂ ਨੇ ਏਸ ਦੇ ਫੁੱਲਾਂ ਦਾ ਜਿਕਰ ਪਿਆਰ ਦੇ ਦੇਵਤੇ ਕਾਮ ਦੇਵ ਦੇ ਤੀਰਾਂ ਨੇਜ਼ਿਆਂ ਦੇ ਤੌਰ ਉੱਤੇ ਕੀਤਾ ਹੈ- ਪੰਜਾਬੀ ਸਾਹਿਤ ਤੇ ਮੂਰਤੀ ਕਲਾ ਵਿਚ ਵੀ ਏਸ ਦੀ ਨਿਹਾਇਤ ਸ਼ਾਨਦਾਰ ਪੇਸ਼ਕਾਰੀ ਹੋਈ ਹੈ। ਕਈ ਥਾਏਂ ਅੰਬ ਦੇ ਰੁੱਖ ਨੂੰ ਘਰ ਲਾਣਾ ਚੰਗਾ ਨਹੀਂ ਸਮਝਦੇ ਕਿਉਂਕਿ ਅੰਬ ਦਾ ਫਲ ਬੀਜਣ ਵਾਲੇ ਨੂੰ ਕਦੇ ਖਾਣਾ ਨਸੀਬ ਨਹੀਂ ਹੁੰਦਾ- ਅਸਲ ਵਿਚ ਇਹ ਬੂਟਾ ਕਾਫ਼ੀ ਲੰਮੇ ਸਮੇਂ ਬਾਅਦ ਫੁਲਦਾ ਹੈ-ਪੰਜਾਬੀ ਲੋਕ ਕਥਾਵਾਂ ਵਿਚ ਇੱਕ ਕਥਾ ਬਹੁਤ ਮਸ਼ਹੂਰ ਹੈ ਉਹ ਇਹ ਵੀ ਹੈ ਕਿ ਇੱਕ ਵਾਰੀ ਅੰਬੂ ਨਾਂ ਦੀ ਕੁੜੀ ਆਪਣੀ ਭਰਜਾਈ ਦਾ ਸਾਲੂ ਮੰਗ ਕੇ ਖੇਡਣ ਜਾਂਦੀ ਹੈ। ਭਰਜਾਈ ਨੇ ਏਸ ਸ਼ਰਤ ਉੱਤੇ ਸਾਲੂ ਦਿੱਤਾ ਕਿ ਜੇ ਉਸ ਉੱਤੇ ਕੋਈ ਦਾਗ਼ ਲੱਗ ਗਿਆ ਤਾਂ ਉਹ ਸਾਲੂ ਨੂੰ ਅੰਬੂ ਦੇ ਲਹੂ ਵਿਚ ਧੋਵੇਗੀ ਪੀਂਘ ਝੂਟਦਿਆਂ ਅਚਨਚੇਤ ਕਾਂ ਦੀ ਵਿੱਠ ਸਾਲੂ ਉੱਤੇ ਜਾ ਪਈ- ਅੰਬੂ ਦੀ ਭਰਜਾਈ ਉਸ ਨੂੰ ਕੱਪੜੇ ਧੋਣ ਦੇ ਬਹਾਨੇ ਛੱਪੜ ਤੇ ਲੈ ਗਈ ਤੇ ਓਥੇ ਅੰਬੂ ਨੂੰ ਮਾਰ ਕੇ ਉਸ ਦੇ ਲਹੂ ਵਿਚ ਅਪਣਾ ਸਾਲੂ ਧੋਤਾ- ਫੇਰ ਭਰਜਾਈ ਨੇ ਅੰਬੂ ਦੀ ਲੋਥ ਛੱਪੜ ਦੇ ਕੰਢੇ ਉੱਤੇ ਹੀ ਦੱਬ ਦਿੱਤੀ- ਕੁਝ ਦਿਨਾਂ ਬਾਅਦ ਛੱਪੜ ਦੇ ਕੰਢੇ ਅੰਬ ਦਾ ਇੱਕ ਬੂਟਾ ਉੱਗਿਆ।

ਇਸੇ ਤਰ੍ਹਾਂ ਪੁਰਾਣਾਂ ਵਿਚ ਵੀ ਉਸੇ ਦੀ ਰਲਦੀ ਮਿਲਦੀ ਕਥਾ ਲੱਭਦੀ ਹੈ,
”ਸੂਰਜ ਦੇਵਤੇ ਦੀ ਧੀ ਇਕ ਜਾਦੂਗਰਨੀ ਦੇ ਜ਼ੁਲਮਾਂ ਤੇ ਤਸੀਹਿਆਂ ਤੋਂ ਬਚਣ ਲਈ ਕਿਸੇ ਛੱਪੜ ਵਿਚ ਕਮਲ ਫੁੱਲ ਬਣ ਕੇ ਜਾ ਖਿੜੀ- ਇੱਕ ਰਾਜਾ ਉਧਰੋਂ ਦੀ ਲੰਘਿਆ- ਇਸ ਨੂੰ ਇਹ ਫੁੱਲ ਬੜਾ ਪਿਆਰਾ ਲੱਗਾ- ਉਹ ਫੁੱਲ ਨੂੰ ਤੋੜਨ ਹੀ ਲੱਗਾ ਸੀ ਕਿ ਜਾਦੂਗਰਨੀ ਓਥੇ ਆ ਪੁੱਜੀ ਤੇ ਉਸ ਨੇ ਫੁੱਲ ਤੋੜ ਕੇ ਅੱਗ ਵਿਚ ਸੁੱਟ ਦਿੱਤਾ- ਇਸੇ ਕਮਲ ਫੁੱਲ ਦੀ ਰਾਖ ਵਿਚੋਂ ਅੰਬ ਦਾ ਬੂਟਾ ਉੱਗਿਆ।
ਪੰਜਾਬੀ ਲੋਕ ਸ਼ਾਇਰੀ ਵਿਚ ਅੰਬ ਦਾ ਚਿੰਨ੍ਹ ਬਹੁਤ ਵਰਤਿਆ ਗਿਆ ਹੈ ਅੰਬ ਲੋਕ ਗੀਤਾਂ ਵਿਚ ਚੜ੍ਹਦੀ ਜਵਾਨੀ ਦੀ ਰਮਜ਼ ਦਰਸਾਉਂਦੇ ਨੇਂ ਤੇ ਕੱਚੇ ਅੰਬ ਜਵਾਨੀ ਤੋਂ ਪਹਿਲਾਂ ਦੀ ਕਚੇਰੀ ਹਾਲਤ ਨੂੰ ਵਿਖਾਉਂਦੇ- ਜਿਵੇਂ ਹੀਰ ਵਾਰਿਸ ਸ਼ਾਹ ਵਿਚ ਸੁਖ਼ਨ ਦੇ ਬਾਦਸ਼ਾਹ ਵਾਰਿਸ ਸ਼ਾਹ ਹੋਰਾਂ ਆਪਣੀਆਂ ਤੁਕਾਂ ਵਿਚ ਫ਼ਰਮਾਇਆ ਹੈ:

ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖ਼ਸ਼ਿਆ ਆਪ ਖ਼ੁਦਾ ਮੀਆਂ।

-ਹੀਰ ਆਖਦੀ:
ਜੇਠ ਹਾੜ ਵਿਚ ਅੰਬ ਬਥੇਰੇ ਸੌਣ ਜਾਮਨੂੰ ਪੀਲ੍ਹਾਂ!
ਰਾਂਝਿਆ ਆ ਜਾ ਵੇ, ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ!

-ਦੋ ਪਿਆਰ ਕਰਨ ਵਾਲੇ ਇੰਜ ਆਂਹਦੇ,
ਹਾੜ ਮਹੀਨਾ ਚੋ ਚੋ ਪੈਂਦਾ, ਭਿਜ ਗਈ ਲਾਲ਼ ਪਰਾਂਦੀ।
ਹਾਏ ਛਤਰੀ ਦੀ ਛਾਂ ਕਰ ਲੈ, ਮੈਂ ਅੰਬ ਚੂਪਦੀ ਜਾਂਦੀ।
ਪਲਕਾਂ ਦੇ ਮੈਂ ਪੱਖੇ ਬਣਾ ਕੇ ਠੰਢੀਆਂ ਦਿਆਂ ਹਵਾਵਾਂ।
ਨੀ ਛਤਰੀ ਕੀ ਕਰਨੀ, ਤੈਨੂੰ ਕਰਾਂ ਪਿਆਰ ਦੀਆਂ ਛਾਵਾਂ।

-ਕੁਝ ਕੁ ਬੋਲੀਆਂ,
ਅੰਬ ਚੂਪਦੀ ਚੌਬਾਰੇ ਉੱਤੇ ਚੜ੍ਹ ਕੇ, ਗਵਾਂਢੀਆਂ ਨੂੰ ਮਾਰੇ ਗਿਟਕਾਂ
ਸਿਆਣੀ ਹੋ ਗਈ ਕਿਤਾਬਾਂ ਚਾਰ ਪੜ੍ਹ ਕੇ, ਗਵਾਂਢੀਆਂ ਨੂੰ ਮਾਰੇ ਗਿਟਕਾਂ।
…. ਹੋ ਚੀਕੂ ਦੇ ਨਾ ਨੇੜੇ ਲਗਦੀ
ਜਦੋਂ ਅੰਬ ਦੀ ਵਾਸ਼ਨਾ ਆਉਂਦੀ

-ਰਾਵੀ ਵਿਚ ਅੰਬ ਤੁਰਦਾ
ਏਸ ਜੁਦਾਈ ਨਾਲੋਂ ਰੱਬ ਪੈਦਾ ਈ ਨਾ ਕਰਦਾ।

-ਨਦੀ ਕਿਨਾਰੇ ਕੋਇਲ ਬੋਲਦੀ
ਅੰਬੀਆਂ ਨੂੰ ਪੈ ਗਿਆ ਬੂਰ
ਲਹਿੰਗਾ ਚੁੱਕ ਗੋਰੀਏ ਨੀ
ਉਤੋਂ ਪੈਂਦੀ ਧੂੜ
ਲਹਿੰਗਾ ਚੁੱਕ ਗੋਰੀਏ।

-ਵੇਖੋ ਅੰਬ ਦੇ ਬਹਾਨੇ ਕਿਵੇਂ ਪੁਣਦੀ
ਤੂੰ ਕਾਹਦਾ ਪਟਵਾਰੀ ਵੇ,
ਮੁੰਡਾ ਮੇਰਾ ਰੋਵੇ ਅੰਬ ਨੂੰ।

-ਜਿਥੇ ਇਸ਼ਕ ਹੁੰਦਾ ਓਥੇ ਬਿਰਹੜਾ ਵੀ ਹੁੰਦਾ ਇਹੋ ਜੀਵਨ ਦੀ ਰਮਜ਼ ਸਮਝੀ ਜਾਂਦੀ ਹੈ, ਜੋੜਕਾਰ ਦਾ ਕਮਾਲ ਤਾਂ ਦੇਖੋ :
“ਸੁੰਜੀ ਹਵੇਲੀ ਅੰਬ ਦਾ ਬੂਟਾ ਕੈਂ ਲਾਇਆ।
ਦੱਸੋ ਨੀ ਸਹੇਲੀਓ ਨੀ ਇਥੇ ਮੇਰਾ ਢੋਲਾ ਨਹੀਂ ਆਇਆ।”

-ਇੱਕ ਜੋਗਣ ਦੀ ਰੂਪ ਵਿਚ
ਮੈਂ ਵਾਰੀ ਜੋਗਣ ਨਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ।
ਇੰਜ ਆਇਆ ਜਿਵੇਂ ਚੰਨ ਆਉਂਦਾ ਹੈ।
ਅੰਬੀਆਂ ਤੇ ਜਿਵੇਂ ਰੰਗ ਆਉਂਦਾ ਹੈ
ਮੈਂ ਜਾਵਾਂ ਉਹਦੇ ਝੋਲ਼ੀ ਅੱਡ ਕੇ
ਜਿਵੇਂ ਸਾਧੂ ਕੋਈ ਮੰਗ ਆਉਂਦਾ ਹੈ
ਮੇਰਾ ਅੰਬਰਾਂ ਦਾ ਸਰਦਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ।
ਕੋਈ ਬਿਰਹੋਂ ਮਾਰੀ ਨਾਰ

-ਅੰਬ ਦੇ ਬੂਟੇ ਰਾਹੀਂ ਆਪਣੇ ਪ੍ਰਦੇਸੀ ਮਾਹੀ ਨੂੰ ਧਿਆਉਂਦੀ,
ਇੱਕ ਬੂਟਾ ਅੰਬੀ ਦਾ
ਘਰ ਸਾਡੇ ਲੱਗਾ ਨੀ
ਜਿਸ ਥੱਲੇ ਬਹਿਣਾ ਨੀ
ਸੁਰਗਾਂ ਵਿਚ ਰਹਿਣਾ ਨੀ
ਕੀ ਉਸ ਦਾ ਕਹਿਣਾ ਨੀ
ਵਿਹੜ੍ਹੇ ਦਾ ਗਹਿਣਾ ਨੀ
ਪਰ ਮਾਹੀ ਬਾਝੋਂ ਨੀ
ਪਰਦੇਸੀ ਬਾਝੋਂ ਨੀ
ਇਹ ਮੈਨੂੰ ਵੱਢੇ
ਤੇ ਖੱਟਾ ਲਗਦਾ ਏ।
ਏਸ ਬੂਟੇ ਥੱਲੇ ਜੇ
ਮੈਂ ਚਰਖ਼ਾ ਡਾਹੁਣੀ ਆਂ
ਤੇ ਜੀ ਪਰਚਾਨੀ ਆਂ
ਦੋ ਤੰਦਾਂ ਪਾਵਣੀ ਆਂ
ਕੋਇਲ ਦਿਆਂ ਕੂਕਾਂ ਨੀ
ਪੀੜ੍ਹੇ ਨੂੰ ਭੰਨਾਂ ਮੈਂ
ਚਰਖ਼ੇ ਨੂੰ ਫੂਕਾਂ ਨੀ
ਫੇਰ ਡਰਦੀ ਭਾਭੋ ਤੋਂ
ਲੈ ਬਹਾਂ ਕਸੀਦੇ ਜੀ
ਯਾਦਾਂ ਵਿਚ ਡੁੱਬੀ ਦਾ
ਦਿਲ ਕਿਧਰੇ ਜੁੜ ਜਾਏ
ਤੇ ਸੂਈ ਕਸੀਦੇ ਦੀ
ਪੋਟੇ ਵਿਚ ਪੁੜ ਜਾਏ

-ਲਹਿੰਦੀ ਪੰਜਾਬੀ ਉਪ ਬੋਲੀ ਦਾ ਰੰਗ
ਅੰਬ ਵਦੀ ਖੋਨੀ ਆਂ ਸਿਰਾਂ ਉਤੇ ਚਾਇਕੇ
ਢੋਲ ਬੇਗਾਨਾ ਇੰਜ ਅਸਾਂ ਦਿੱਤੀਆਂ ਨੌਕਰੀਆਂ
ਅੰਬ ਦਾ ਬੂਟਾ ਹੇਠ ਕਰੇਂਦੀ ਦਾਅਵਤੀਆਂ
ਵਿਛੜ ਗਏ ਸੱਜਣਾ ਵੇ ਮੈਂ ਵੇਹੰਦੀ ਰਾਹ ਤੱਕਦੀ ਆਂ।

-ਧੀ ਆਪਣੇ ਵਿਆਹ ਸਮੇਂ ਬਾਬਲ ਦੇ ਵਿਹੜ੍ਹੇ ਨੂੰ ਧਿਆਂਉਦੀ:
ਅੰਬਾਂ ਦੇ ਬੂਟੇ ਉਤੇ ਕੌਲਾਂ ਵੀ ਬੋਲਦਿਆਂ,
ਬਾਬਲ ਦੇ ਵਿਹੜ੍ਹੇ ਵਿਚ ਵੱਜੀਆਂ ਨੇ ਢੋਲਕੀਆਂ।
ਬਾਬਲ ਦੇ ਵਿਹੜ੍ਹੇ ਅੰਬੀ ਦਾ ਬੂਟਾ, ਅੰਬੀ ਨੂੰ ਬੂਰ ਪਿਆ
ਵਸਦਾ ਰਹੇ ਮੇਰੇ ਬਾਬਲ ਦਾ ਵਿਹੜ੍ਹਾ, ਧੀਆਂ ਦੀ ਇਹੀ ਅਸੀਸ,
ਅੰਬੀ ਦਾ ਬੂਟਾ ਹਰਿਆ ਨੀ ਮਾਏ, ਧੀਆਂ ਨੂੰ ਵਿਦਿਆ ਜਦ ਕਰਿਆ ਨੀ ਮਾਏ।
ਬਾਬਲ ਨੇ ਹਾਉਕਾ ਭਰਿਆ ਨੀ ਮਾਏ, ਤੇਰੇ ਜਿਗਰੇ ਤੋਂ ਜਾਈਏ ਵਾਰੇ
ਰੱਤੀਆਂ ਜੱਗ ਦੀਆਂ ਅੱਗੇ ਹਾਰੇ, ਤੇਰੇ ਜਿਗਰੇ ਤੋਂ ਜਾਈਏ ਵਾਰੇ।
ਅੰਬੀ ਦੇ ਬੂਟੇ ਪਿਆ ਬੂਰ ਨੀ ਮਾਏ
ਮਹਿਕਾਂ ਤਾਂ ਗਈਆਂ ਕੋਹਾਂ ਦੂਰ ਨੀ ਮਾਏ
ਸਖੀਆਂ ਦਾ ਖੇਡ ਹਾਲੇ ਪੂਰ ਨਹੀਂ ਮਾਏ
ਆਏ ਮਹਿਕਾਂ ਦੇ ਵਣਜਾਰੇ
ਪੀਂਘਾਂ ਨੂੰ ਦੇਣ ਹੁਲਾਰੇ
ਅੰਬੀ ਦੇ ਬੂਟੇ ਕਰਿਆਂ ਛਾਵੇਂ ਨੀ ਮਾਏ
ਜੋ ਠੰਢੀਆਂ ਹਵਾ ਕਣ ਮਾਵਾਂ ਨੀ ਮਾਏ
ਦਿਲ ਠਾਰਨ ਵਾਂਗ ਭਰਾਵਾਂ ਨੀ ਮਾਏ
ਹੇਠਾਂ ਰੰਗਲੇ ਤਾਂ ਡਾਹੇ ਪੀੜ੍ਹੇ
ਜੁੱਗ ਜੁੱਗ ਜੀਊਣ ਮੇਰੇ ਵੀਰੇ
ਸ਼ਾਲਾ ਜੁੱਗ ਜੁੱਗ ਜੀਊਣ ਮੇਰੇ ਵੀਰੇ।

-ਬੰਦਾ ਤੇ ਰੁੱਖ ਸਬੰਧੀ ਟੋਟਕੇ:
ਪੁੱਛ ਬੈਠਾ ਰੱਖ ਮੈਂ ਅੰਬ ਦੇ ਨੂੰ
ਤੈਨੂੰ ਡਰ ਨਹੀਂ ਲਗਦਾ ਮੀਂਹ ਤੋਂ ਵੇ?
ਬਣਿਆ ਹੈ ਤੂੰ ਕੀ ਤੋਂ ਕੀ?
ਮੈਂ ਤਾਂ ਬਾਰਿਸ਼ ਪੈਣ ਤੇ ਡਰ ਜਾਂਦਾ ਹਾਂ
ਠਰ ਜਾਂਦਾ ਹਾਂ।
ਚਿੰਤਾ ਕੁਝ ਕਰ ਜਾਂਦਾ ਹਾਂ
ਮੇਰੇ ਕੱਪੜੇ ਭਿੱਜ ਨਾ ਜਾਣ।
ਅੰਬ ਹੱਸਦਾ ਏ ਫੇਰ ਦੱਸਦਾ ਏ
ਨਹੀਂ ਵੇ ਮੀਂਹ ਪੁਰਾਣਾ ਸੱਜਣ ਏ
ਜਦ ਲਗਦਾ ਬਦਲ ਗੱਜਣ ਏ
ਮੈਂ ਖ਼ੁਸ਼ ਹਾਂ।
ਮੈਂ ਨਹੀਂ ਝੱਲਿਆ ਮਨੁੱਖ ਹਾਂ
ਤੇਰਾ ਝੱਖੜ, ਮੇਰਾ ਸਾਵਣ।

**ਅੰਬ ਨਾਲ਼ ਜੁੜੇ ਅਖਾਣ ਤੇ ਬੁਝਾਰਤਾਂ:

– ਅੰਬ ਕੋਲੋਂ ਅਮਲੀ, ਨੀ ਜੰਡ ਕੋਲੋਂ ਟਾਹਲੀ ਅਕਲਾਂ ਬਿਨਾ ਨੀ ਗੋਰਾ ਰੰਗ ਜਾਵੇ ਖ਼ਾਲੀ।

– ਅੰਬ ਆਵੇ ਭਾਵੇਂ ਛੁਰੀ ਗਵਾਚ ਜਾਵੇ:
ਵੇਲੇ ਸਿਰ ਜਦੋਂ ਕੋਈ ਕੰਮ ਦੀ ਸ਼ੈ ਨਾ ਲੱਭੇ ਤਾਂ ਕਹਿੰਦੇ ਨੇਂ।

– ਅੰਬ ਭਲੇ ਤੇ ਨਿਉਂਦਾ ਏ, ਬਾਥੂ ਫੁੱਲੇ ਤੇ ਉਸਰਦਾ ਏ:।
ਸਿਆਣਾ ਬੰਦਾ ਭਾਗ ਲੱਗਣ ਤੇ ਆਜ਼ਿਜ਼ ਹੁੰਦਾ ਹੈ ਪਰ ਇਆਣਾ ਹੋਛਾ।

– ਅੰਬ ਕੱਟ, ਅੱਕ ਨੂੰ ਵਾੜ (ਅੰਬ ਵੱਢ ਕੇ ਅੱਕਾਂ ਨੂੰ ਵਾੜ ਲਾਣਾ)।

– ਅੰਬ ਨਾ ਲਗਦੇ ਟਾਹਲੀਆਂ, ਤੂਤ ਨਾ ਲੱਗਣ ਸ਼ਰੀਂਆਂ।

– ਅੰਬ ਪੀਲ ਦਾ ਖਾਈਏ ਤੇ ਖਖੜੋਲ ਨਾਲੋਂ:
ਅੰਬ ਤੇ ਖ਼ਰਬੂਜ਼ਾ ਖਾਣ ਬਾਰੇ ਇਸ਼ਾਰਾ ਹੈ।

– ਅੰਬ ਖਾਣੇ ਕਿ ਰੁੱਖ ਗਿਣਨੇ?
ਆਪਣੀ ਗ਼ਰਜ਼ ਦੀ ਗੱਲ ਕਰੋ ਉਦੋਂ ਵੱਧ ਫ਼ਾਇਦੇ ਦੀ ਥਾਂ ਨੁਕਸਾਨ ਦਾ ਖ਼ਤਰਾ ਹੁੰਦਾ।

– ਅੰਬ ਨਹੀਂ ਅਨਾਰ ਨਹੀਂ, ਮਿੱਠੇ ਦਾ ਸ਼ੁਮਾਰ ਨਹੀਂ, ਅੰਬ ਹੈ ਗਿਟਕ ਨਾਲ਼ ਨਹੀਂ (ਸ਼ਹਿਤ)

– ਅੰਬ ਅੰਬੇ ਧਰਤ ਕੰਬੇ, ਚੋਰ ਵੇਖੇ ਲੈ ਨਾ ਸਕੇ (ਹਾਥੀ)

– ਅੰਬਾਂ ਦੇ ਭੁਲਾਵੇ ਅੱਕਾਂ ਕੂੰ ਗੱਲ ਲਾਵੇ, ਮੱਤਾਂ ਬੋ ਅੰਬਾਂ ਦੀ ਆਵੇ

– ਅੰਬ ਅੰਮ੍ਰਿਤਸਰ ਦਾ , ਰੋਟੀ ਕਸ਼ਮੀਰ ਦੀ, ਤਿਲ਼ ਬੀਕਾਨੇਰ ਦਾ, ਹੈਗੇ ਇਕੋ ਬੇਲ ਦਾ।

– ਅੰਬਾਂ ਦੀ ਭੁੱਖ ਅਮਬਾਕੜੀਂ ਨਹੀਂ ਲਹਿੰਦੀ। ਬੰਦੇ ਨੂੰ ਜਿਹੜੀ ਸ਼ੈਅ ਦੀ ਲੋੜ ਹੋਵੇ ਉਹ ਕਿਸੇ ਹੋਰ ਸ਼ੈ ਨਾਲ਼ ਪੂਰੀ ਨਹੀਂ ਹੁੰਦੀ। ਅੰਬਾਂ ਦੇ ਢਿੱਡੋਂ ਇਕ ਤੇ ਅੱਕਾਂ ਦੇ ਢਿੱਡੋਂ ਅੰਬ।
– ਅਸਚਰਜ ਭਰਪੂਰ ਗੱਲ ਵੇਖ ਕੇ ਕਹਿੰਦੇ ਨੇਂ, ਚੰਗੇ ਘਰ ਬਦ ਤੇ ਮੰਦੇ ਘਰ ਸਈਦ।

ਇਤਿਹਾਸਕ ਪੱਖੋਂ:
ਤਾਰੀਖ਼ੀ ਪੱਖੋਂ ਅੰਬ ਦਾ ਖੁਰਾ ਲੱਭਣ ਵਾਲੇ ਥੇਹ ਖਟਾਈ ਵਾਲੀਆਂ 25-30 ਮਿਲੀਅਨ ਵਰ੍ਹੇ ਪੁਰਾਣਾ ਫ਼ਾਸਿਲ ਲੱਭਿਆ ਜਿਹੜਾ ਨਾਰਥ ਈਸਟ ਹਿੰਦੋਸਤਾਨ, ਬਰਮਾ ਤੇ ਬੰਗਲਾਦੇਸ਼ ਤੋਂ ਤੁਰਦਾ ਜਨੂਬੀ ਹਿੰਦੁਸਤਾਨ ਵੱਲ ਆਉਂਦਾ ਹੈ- ਅੰਬ ਦਾ ਰੁੱਖ ਹਿਮਾਲਿਆ ਪਰਬਤ ਦੀਆਂ ਨੀਵੀਆਂ ਢਲਾਣਾਂ ਤੋਂ ਲੈ ਕੇ, ਧੁਰ ਲੰਮੇ ਵਿਚ ਤਾਮਿਲਨਾਡੂ ਤੀਕ, ਚੜ੍ਹਦੇ ਲਹਿੰਦੇ ਪੰਜਾਬ ਤੋਂ ਹੁੰਦਾ ਸਿੰਧ, ਤੇ ਖ਼ੈਬਰ ਪਖ਼ਤੂਨਖ਼ਵਾ ਤੀਕ ਜਾ ਅੱਪੜਦਾ- 325 ਵਰ੍ਹੇ ਮਸੀਹ ਤੋਂ ਪਹਿਲਾਂ ਜਦੋਂ ਸਿਕੰਦਰ ਪੰਜਾਬ ਆਇਆ ਤੇ ਪੋਰਸ ਨਾਲ਼ ਯਾਰੀ ਗੰਢਣ ਪਿੱਛੋਂ ਇਥੋਂ ਦੇ ਅਨੇਕ ਫੱਲ ਆਪਣੇ ਨਾਲ਼ ਲੈ ਗਿਆ ਜਿਸ ਵਿਚੋਂ ਸਭ ਤੋਂ ਮਨਪਸੰਦ ਅੰਬ ਸੀ- ਜਦੋਂ ਬੁੱਧ ਧਰਮ ਨੇ ਆਪਣੀ ਵਾਜ ਚੁੱਕੀ ਉਸ ਵੇਲੇ ਬੁੱਧ ਭਿਕਸ਼ੂ ਇੱਕ ਦੂਜੇ ਨੂੰ ਅੰਬ ਦਾ ਤੋਹਫ਼ਾ ਦਿੰਦੇ ਸਨ ਸਗੋਂ ਸਿਆਸੀ ਕੂਟਨੀਤੀ ਵਰਤਦੇ ਹੋਏ ਭਿਕਸ਼ੂ ਜਿਥੇ ਵੀ ਜਾਂਦੇ ਆਪਣੇ ਨਾਲ਼ ਅੰਬ ਲੈ ਜਾਂਦੇ ਸਨ। ਇਥੋਂ ਤੀਕ ਕਿ ਕਈ ਚਿੱਤਰਕਾਰਾਂ ਮਹਾਤਮਾ ਨੂੰ ਅੰਬ ਦਾ ਤੋਹਫ਼ਾ ਦਿੰਦਿਆਂ ਤੇ ਆਰਾਮ ਕਰਦੀਆਂ ਵਿਖਾਇਆ ਵੀ ਹੈ- ਇਥੇ ਸਿਰਫ਼ 150 ਵਰ੍ਹੇ ਈਸਾ ਮਸੀਹ ਤੋਂ ਪਹਿਲਾਂ ਦੇ ਸਾਂਚੀ ਦੇ ਸਟੋਪਾਜ਼ ਦਾ ਹਵਾਲਾ ਦੇਣਾ ਹੀ ਕਾਫ਼ੀ ਹੈ, ਜੋ ਵਧੇਰੇ ਉੱਘੀ ਉਘੜਵੇਂ ਭਵੱਨ ਉਸਾਰੀ ਕਲਾ ਦੇ ਵੱਖ ਵੱਖ ਵਰਗਾਂ ਵਿਚ ਏਸ ਰੁੱਖ ਤੇ ਉਸ ਦੇ ਫੱਲ ਨੂੰ ਦਰਸਾਉਂਦੇ ਹਨ-ਜੇ ਧਰਮਾਂ ਨਾਲ਼ ਜੋੜ ਕੇ ਵੇਖੀਏ ਤਾਂ ਜੈਨ ਮੱਤ ਦੀ ਇੱਕ ਦੇਵੀ ‘ਅੰਬੀਕਾ’ ਜਿਸਦਾ ਚਿੱਤਰ ਵੀ ਅੰਬ ਦੇ ਰੁੱਖ ਥੱਲੇ ਬਣਿਆ ਹੋਇਆ- ਸਰਗੋਧੇ ਕਰਾਣਾ ਬਾਰ ਵਾਲੇ ਪਾਸੇ ਜਿਥੋਂ ਲੂਣ ਪਹਾੜ ਸ਼ੁਰੂ ਹੁੰਦੇ ਓਥੇ ਇੱਕ ਪਿੰਡ ਅੰਬ ਸ਼ਰੀਫ਼ ਦੇ ਨਾਂ ਤੋਂ ਬਹੁਤ ਮਸ਼ਹੂਰ ਹੈ ਓਹਦੇ ਨਾਲ਼ ਈ ਸੂਣ ਸਕੈਸਰ ਲਗਦਾ ਹੈ ਓਥੇ ਤਕਰੀਬਨ 15 ਤੋਂ 20 ਫੁੱਟ ਉੱਚਾ ਤਿੰਨ ਮੰਜ਼ਿਲਾ ਅੰਬਾ ਮੰਦਰ ਵੇਖਣ ਜੋਗ ਹੈ ਜਿਹੜਾ ਮਾਈ ਅੰਬਾ ਦੇ ਡੇਰੇ ਤੋਂ ਮਸ਼ਹੂਰ ਸੀ।ਪੁਰਾਤਨ ਪੰਜਾਬ ਦਾ ਇੱਕ ਸ਼ਹਿਰ ਹੀ ਅੰਬ ਵਾਲਾ (ਅੰਬਾਲਾ) ਨਾਂ ਤਹਿਤ ਮਸ਼ਹੂਰ ਹੈ, ਜਿਥੇ ਅੰਬੇ ਭਵਾਨੀ ਨਾਂ ਦਾ ਮੰਦਰ ਬਹੁਤ ਮਸ਼ਹੂਰ ਹੈ। ਇੱਕ ਗੱਲ ਗੌਹ ਗੋਚਰੀ ਹੈ ਕਿ ਅੰਬ ਬੋਲਦਿਆਂ ਸਾਰ ਹੀ ਮੁੱਖੋਂ ਆਪ ਮੁਹਾਰੇ ਅੰਮਾਂ ਜਾਣੇ ਮਾਂ ਨਿਕਲ਼ ਆਉਂਦਾ ਹੈ। ਖ਼ੋਰੇ ਕਿੱਥੇ ਪਿੱਛੇ ਸਾਡੇ ਅਚੇਤ ਮਨ ਵਿਚ ਅੰਬਾਂ ਦਾ ਅਟੁੱਟ ਸਬੰਧ ਜੁੜਿਆ ਹੋਇਆ ਹੈ। ਅੰਬ ਦੇ ਬੂਰ ਨੂੰ ਦੇਵੀ ਸਰਸਵਤੀ ਦੇ ਚੜ੍ਹਾਵੇ ਚੜ੍ਹਾਏ ਜਾਂਦੇ ਸਨ। ਚੂੰਕੇ ਏਸ ਰੁੱਖ ਨੂੰ ਜੀਵਨ ਖ਼ੁਸ਼ਹਾਲੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ।

ਸੋ ਏਸ ਨੂੰ ਮੁੱਖ ਰੱਖ ਕੇ ਸੁਹਾਗਣਾਂ ਆਪਣੇ ਘਰਾਂ ਵਿਚ ਅੰਬ ਦੇ ਪੱਤੇ ਸਜਾਉਂਦੀਆਂ ਨੇਂ- ਹਿੰਦੂ ਵਰਗ ਦੇ ਲੋਕ, ਅੰਬ ਦੇ ਰੁੱਖ ਨੂੰ ਮੁਕੱਦਸ ਮੰਨਦੇ ਹੋਏ ਆਪਣੀਆਂ ਰੀਤਾਂ, ਸਸਕਾਰ ਤੇ ਕਰਮਕਾਂਡ ਵੇਲੇ ਅੰਬ ਦੀ ਟਾਹਣੀ ਦਾ ਦਾਤਣ ਵਰਤਦੇ ਨੇਂ ਤੇ ਅੰਬ ਦੇ ਪੱਤਰਾਂ ਦੀ ਅੰਜਲੀ ਬਣਾਂਦੇ ਨੇਂ- ਬੱਚੇ ਦੇ ਜੰਮਣ ਵੇਲੇ ਘਰ ਦੇ ਬੂਹੇ ਉਪਰ ਅੰਬ ਜਾਂ ਸ਼ਰੀਂ ਦੇ ਪੱਤਰੀਆਂ ਦਾ ਸਿਹਰਾ ਬੰਨਿਆ ਜਾਂਦਾ ਹੈ। ਵਿਆਹ ਦੇ ਮੁਬਾਰਕ ਦਿਨ ਉਤੇ ਅੰਬ ਦੇ ਪੱਤੇ ਸਜਾਂਦੇ ਨੇਂ। ਹਿੰਦੂ ਅੰਬ ਦੀ ਲੱਕੜ ਨੂੰ ਹਵਣ ਵੇਲੇ ਵਰਤਦੇ ਨੇਂ- ਕਦੀਮ ਯੂਨਾਨੀ ਇਤਿਹਾਸਕਾਰ ਮੇਗਸ ਥਾਨੀਸ ਤੇ ਚੀਨੀ ਇਤਿਹਾਸਕਾਰ ਹਾਈਨ ਸਾਂਗ ਆਪਣੇ ਸਫ਼ਰਨਾਮੇ ਵਿਚ ਮਯੂਰ ਬਾਦਸ਼ਾਹਾਂ ਦਾ ਤਜ਼ਕਰਾ ਕੀਤਾ ਹੈ ਨਾਲੇ ਇਹ ਦੱਸਿਆ ਕਿ ਕਿਵੇਂ ਇਨ੍ਹਾਂ ਆਪਣੇ ਵੇਲੇ ਅੰਬ ਦੇ ਤਰਵਰ ਬੂਟੇ ਲਾਏ ਹੋਏ ਸਨ- 9ਵੀਂ ਤੇ 10ਵੀਂ ਸਦੀ ਵਿਚ ਮਸ਼ਰਕੀ ਏਸ਼ੀਆ ਵੱਲੋਂ ਫ਼ਾਰਸੀ ਤੇ ਅਰਬੀ ਵਪਾਰੀਆਂ ਨੇ ਏਸ ਫੱਲ ਦਾ ਕਾਰੋਬਾਰ ਕੀਤਾ ਤੇ ਦੂਰ ਦੂਰ ਏਸ ਫਲ਼ ਦੀ ਚਰਚਾ ਵਧਾਈ। ਪਾਂਧੀ ਇੱਬਨੇ ਬਤੂਤਾ ਨੇ ਮੋਗਾਦੀਸ਼ੋ ਵਿਚ ਅੰਬ ਦੀ ਹਾਜ਼ਰੀ ਦੱਸੀ। ਮੱਧ ਕਲੀਨ ਵਿਚ ਬਾਦਸ਼ਾਹ ਅੱਲਾਊ ਦੀਨ ਨੂੰ ‘ਸ਼ਿਵਾਮਾ ਕਿਲ੍ਹਾ’ ਵਿਚ ਦਾਅਵਤ ਦਿੱਤੀ ਗਈ ਇਸ ਦਾਅਵਤ ਵਿਚ 60 ਕਿਸਮ ਦੇ ਅੰਬਾਂ ਤੋਂ ਅੱਡ ਕੁਝ ਹੋਰ ਨਹੀਂ ਸੀ ਰੱਖਿਆ ਹੋਇਆ- ਇਸੇ ਤਰ੍ਹਾਂ ਮੁਗ਼ਲਸ਼ਾਹੀ ਦਾ ਪਹਿਲਾ ਬਾਦਸ਼ਾਹ ਬਾਬਰ, ਮੇਵਾੜ ਦੇ ਹੁਕਮਰਾਨ ਸਾਂਗੇ ਕੋਲੋਂ ਡਰਦਾ ਆਪਣੇ ਦੌਲਤ ਖ਼ਾਂ ਨੂੰ ਘੱਲਿਆ ਤੇ ਅੱਗੋਂ ਰਾਣੇ ਸਾਂਗੇ ਨੇ ਦੌਲਤ ਖ਼ਾਂ ਨੂੰ ਅੰਬਾਂ ਦਾ ਤੋਹਫ਼ਾ ਘੱਲਿਆ।

ਹੁਮਾਯੂੰ ਮੁਗ਼ਲ ਦੇ ਵੇਲੇ ਹਿੰਦੁਸਤਾਨ ਤੇ ਕਾਬਲ ਇੱਕ ਦੂਜੇ ਨਾਲ਼ ਸਿਆਸੀ ਰਣਨੀਤਕ ਗੱਠਜੋੜਾਂ ਲਈ ਅੰਬ ਦਾ ਤੋਹਫ਼ਾ ਭੇਜਿਆ ਕਰਦੇ ਸਨ। ਜਦੋਂ ਸ਼ੇਰ ਸ਼ਾਹ ਸੂਰੀ ਨੇ ਹੁਮਾਯੂੰ ਨੂੰ ਭਾਜ ਦਿੱਤੀ ਤੇ ਉਸ ਵੇਲੇ ਸੁਨਹਿਰੀ ਰੰਗਾ ਚੋਨਸਾ ਅੰਬ ਉਸ ਦੀ ਤਖ਼ਤ ਪੋਸ਼ੀ ਉਤੇ ਵੰਡਿਆ ਗਿਆ- ਅਕਬਰ ਬਾਦਸ਼ਾਹ ਨੇ ਤਾਂ ਉਚੇਚਾ ਦਰਭੰਗਾ, ਬਿਹਾਰ ਵਿਚ ਅੰਬਾਂ ਦਾ ਲਾਖੀ ਬਾਗ਼ ਬਣਵਾਇਆ ਜਿਸ ਵਿਚ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿਚ ਅੰਬਾਂ ਦੇ ਰੁੱਖ ਲਾਏ ਗਏ ਨਾਲੇ ਪਿਓਂਦਕਾਰੀ ਤੇ ਕਲਮਾਂ ਰਾਹੀਂ ਨਵੀਆਂ ਨਸਲਾਂ ਉਪਜਾਈਆਂ- ਜਹਾਂਗੀਰ ਤੇ ਸ਼ਾਹਜਹਾਨ ਆਪਣੀ ਰਸੋਈ ਦੇ ਖ਼ਾਨਸਾਮਿਆਂ ਨੂੰ ਅੰਬ ਪਾਣੀ, ਅੰਬ ਪੱਲਾਓ ਵਰਗੇ ਨਵੇਂ ਪਕਵਾਨਾਂ ਉਤੇ ਇਨਾਮ ਬਖ਼ਸ਼ਦੇ ਸਨ- ਤਾਰੀਖ਼ ਹੀ ਦੱਸਦੀ ਹੈ ਕਿ ਮਲਿਕਾ ਨੂਰ ਜਹਾਨ ਅਰਕ, ਆਬਕਾਰੀ, ਫੁੱਲਾਂ ਦੇ ਇਤਰ ਤੇ ਖ਼ੁਸ਼ਬੂਵਾਂ ਬਣਾਉਂਦੀ ਹੁੰਦੀ ਸੀ ਸੋ ਉਸ ਨੇ ਵੀ ਅੰਬ ਨੂੰ ਆਬਕਾਰੀ ਲਈ ਵਰਤਿਆ। ਸ਼ਾਹਜਹਾਂ ਬਾਰੇ ਇੱਕ ਗੱਲ ਇਹ ਮਸ਼ਹੂਰ ਹੈ ਕਿ ਏਸ ਨੂੰ ਅੰਬਾਂ ਦਾ ਇਨ੍ਹਾਂ ਝੱਸ ਸੀ ਕਿ ਇੱਕ ਵਾਰੀ ਇਹਦਾ ਪੁੱਤਰ ਔਰੰਗਾ ਸਾਰੇ ਅੰਬ ਆਪਣੇ ਮਹਿਲ ਲੈ ਗਿਆ। ਸ਼ਾਹਜਹਾਂ ਨੂੰ ਇਹ ਗੱਲ ਵਾਰਾ ਨਾ ਖਾਦੀ ਤੇ ਉਸ ਨੇ ਸ਼ਹਿਜ਼ਾਦੇ ਨੂੰ ਘਰ ਵਿਚ ਨਜ਼ਰਬੰਦੀ ਦੀ ਸਜ਼ਾ ਦੇ ਦਿੱਤੀ। ਏਸ ਨਾਲ਼ ਜੁੜਦੀ ਇੱਕ ਹੋਰ ਗਲ ਹੈ ਕਿ ਇਸੇ ਹੀ ਔਰੰਗੇ ਨੇ ਦੁੱਧ ਸ਼ਰੀਕ ਭਰਾਵਾਂ ਨੂੰ ਜਾਨੋਂ ਮਾਰਨ ਤੇ ਪਿਓ ਦੇ ਰਾਜ ਭਾਗ ਨੂੰ ਧਾੜਨ ਲਈ ਫ਼ਾਰਸ ਦੇ ਸ਼ਾਹ ਅੱਬਾਸ ਦੀ ਉਂਗਲ਼ ਫੜੀ ਤੇ ਉਸ ਨੂੰ ਅੰਬਾਂ ਦਾ ਉਚੇਚਾ ਤੋਹਫ਼ਾ ਘੱਲਿਆ ਤਾਂਜੋ ਉਹ ਇਮਦਾਦ ਘੱਲੇ। ਚੀਨੀ ਇਨਕਲਾਬ ਦੇ ਦੂਜੇ ਵਰ੍ਹੇ ਕਾਮਰੇਡ ਮਾਓ ਜ਼ੇ ਤੁੰਗ ਤੋਂ ਲੈ ਕੇ ਕੋਰੋਨਾ ਮਹਾਮਾਰੀ ਦੇ ਮੁੜੇ ਹੋਏ ਅੰਬਾਂ ਤੀਕ ਸਿਆਸੀ ਕੂਟਨੀਤੀ ਲਈ ਇਹ ਫੱਲ ਅੱਜ ਵੀ ਪੂਰੇ ਸ਼ੌਕ ਜ਼ੌਕ ਨਾਲ਼ ਵਰਤਿਆ ਜਾਂਦਾ ਹੈ। ਸਾਡੇ ਤੇ ਏਸ ਫਲ ਉਤੇ ਲਿਖਿਆ ਨਾਵਲ ਬੜਾ ਮਸ਼ਹੂਰ ਹੋਇਆ ‘ਏ ਕੇਸ ਆਫ਼ ਐਕਸਪਲੋਡਿੰਗ ਮੈਂਗੋ’ ਜਿਹੜਾ ਮੁੜ ਪਾਬੰਦੀ ਦੀ ਤਕੜੀ ਚੜ੍ਹ ਗਿਆ।

ਫਲ਼ ਦਾ ਨਾਂ:
ਏਸ ਫੱਲ ਦਾ ਨਾਂ ‘ਅਮਰ ਫੱਲ’ ਜਿਹੜਾ ਕਿ ਵੈਦਿਕ ਸਾਹਿਤ ਵਿਚ ਮਿਲਦਾ ਹੈ। ਬਰਹਦਾਰਾਨਿਆਕ ਉਪਨਿਸ਼ਦ ਤੇ ਪੁਰਾਣਾਂ ਵਿਚ ਏਸ ਫੱਲ ਦਾ ਨਾਂ ਰਸਾਲਾ ਤੇ ਸਾਹਾਕਾਰਾ, ‘ਅਮਰਾ’, ‘ਚੂਟਾ ਰਸਲਾ’ ਕਰ ਕੇ ਲਿਖਿਆ ਹੋਇਆ- 18ਵੀਂ ਸਦੀ ਵਿਚ ਲਿਨ ਨੇ ਏਸ ਰੁੱਖ ਨੂੰ ‘ਮਯਨਜਜ਼ੀਫ਼ੀਰਾ ਇੰਡੀਕਾ’ ਦਾ ਸਾਇੰਸੀ ਨਾਂ ਦਿੱਤਾ ਸੀ ਯਾਨੀ ‘ਹਿੰਦੋਸਤਾਨੀ ਅੰਬ ਉਪਜਾਊ ਰੱਖ’- ਅੰਗਰੇਜ਼ੀ ਤੇ ਹੋਰ ਯੂਰਪੀ ਬੋਲੀਆਂ ਵਿਚ, ਇਹ ਰੁੱਖ ਮੈਂਗੋ ਟਰੀ ਦੇ ਤੌਰ ਉੱਤੇ ਮਸ਼ਹੂਰ ਹੈ। ਸਾਫ਼ ਜ਼ਾਹਰ ਹੈ ਕਿ ਏਸ ਨਾਂ ਦਾ ਨਿਕਾਸ ਮਲਾਆਈ ਮੈਨਗੋ ਜਾਂ ਤਾਮਿਲ ‘ਮਾਂਗਾ’ ਤੂੰ ਪੁਰਤਗਾਲੀ ਬੋਲੀ ਰਾਹੀਂ ਹੋਇਆ- ਕਈ ਪੂਰਬੀ ਤੇ ਹਿੰਦੋਸਤਾਨੀ ਬੋਲੀਆਂ ਵਿਚ ਆਮ, ਅੰਬ, ਅੰਬਾ ਵਗ਼ੈਰਾ ਦੇ ਨਾਵਾਂ ਨਾਲ਼ ਮਸ਼ਹੂਰ ਹੈ।

ਫਲ਼ ਦੀ ਵਰਤੋਂ:
ਸਾਡੇ ਦੇਸ ਵਿਚ ਅੰਬ ਨੂੰ ਠੀਕ ਹੀ ਫੁੱਲਾਂ ਦਾ ਬਾਤਸ਼ਾਹ ਸਮਝਿਆ ਜਾਂਦਾ ਹੈ- ਏਸ ਵੇਲੇ ਦੇਸ ਭਰ ਵਿਚ ਅੰਬ ਦੀਆਂ ਬੇਸ਼ੁਮਾਰ ਕਿਸਮਾਂ ਉਗਾਈਆਂ ਜਾਂਦੀਆਂ ਹਨ। ਉਨ੍ਹਾਂ ਵਿਚੋਂ ਕੁਝ ਤਾਂ ਅਜਿਹੀਆਂ ਹਨ, ਜਿਹਨਾਂ ਦਾ ਰਸ ਚੂਸਿਆ ਜਾਂਦਾ ਹੈ। ਇਨ੍ਹਾਂ ਕਿਸਮਾਂ ਦੇ ਅੰਬਾਂ ਵਿਚ ਰੇਸ਼ੇ ਜ਼ਿਆਦਾ ਹੁੰਦੇ ਹਨ ਅਤੇ ਗੁਦਾ ਘੱਟ, ਜਿਸ ਕਰ ਕੇ ਉਹ ਖਾਣ ਲਈ ਚੰਗੇ ਨਹੀਂ ਸਮਝੇ ਜਾਂਦੇ- ਕੱਚੇ ਅੰਬਾਂ ਦੀਆਂ ਫਾੜੀਆਂ ਕੱਟ ਕੇ, ਅਚਾਰ ਪਾਇਆ ਜਾਂਦਾ ਹੈ- ਏਸ ਕੰਮ ਲਈ ਗੁਦਾ ਤੇ ਗਿਟਕਾਂ ਦੋਵੇਂ ਵਰਤੀਆਂ ਜਾਂਦੀਆਂ ਹਨ। ਲਹਿੰਦੇ ਤੇ ਚ੍ਹੜਦੇ ਪੰਜਾਬ ਦੀਆਂ ਬਹੁਤ ਵਧੀਆ ਚਟਣੀਆਂ ਵਿਚੋਂ ਇੱਕ ਪੱਕੇ ਅੰਬਾਂ ਤੇ ਤਿਆਰ ਕੀਤੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੇ ਫੱਲਾਂ ਨੂੰ ਡੱਬਾ ਬੰਦ ਕਰਨ ਵਾਲੀ ਸਨਅਤ ਨੇ ਅੰਬ ਨੂੰ ਵੀ ਵਰਤੇ ਵਿਚ ਲਿਆਉਣਾ ਸ਼ੁਰੂ ਕੀਤਾ ਹੈ- ਏਸ ਤਰ੍ਹਾਂ ਹੁਨ ਡੱਬਾਬੰਦ ਅੰਬ ਤੇ ਓਸਦੀਆਂ ਬਣਿਆ ਸ਼ੈਅਵਾਂ ਸਾਰਾ ਸਾਲ ਹੀ ਸੌਖ ਨਾਲ਼ ਮਿਲ ਜਾਂਦੀਆਂ ਹਨ- ਅੰਗਰੇਜ਼ੀ ਵਿਚ ਅਸੀਂ ਉਸ ਨੂੰ ‘ਮੈਂਗੋ ਪਲਪ’ ਆਖਦੇ ਉਸ ਨੂੰ ਜੋੜ ਕੇ ਸਾਂਭ ਲਿਆ ਜਾਂਦਾ ਹੈ ਤੇ ਸਾਰੇ ਸਾਲ ਵਰਤਿਆ ਜਾਂਦਾ ਹੈ। ਥੋੜੇ ਜਿਹੇ ਕੱਚੇ ਅੰਬਾਂ ਤੋਂ ਦੁੱਧ ਤੇ ਖੰਡ ਪਾ ਕੇ ਪੀਣ ਵਾਲਾ ਬਹੁਤ ਸਵਾਦਲਾ ਰਸ ਤਿਆਰ ਕੀਤਾ ਜਾਂਦਾ ਹੈ। ਠੀਕ ਤਰ੍ਹਾਂ ਠੰਡਾ ਕਰਨ ਉਤੇ ਇਹ ਗਰਮੀ ਦੇ ਮੌਸਮ ਵਿਚ ਬਹੁਤ ਹਰਮਨਪਿਆਰਾ ਹੁੰਦਾ ਹੈ- ਅੱਜਕਲ੍ਹ ਹੀ ਠੰਡਯਾਏ ਪਾਣੀ ਦੀ ਸਨਅਤ ਨੇ ਬਜ਼ਾਰ ਵਿਚ, ਅੰਬ ਦੇ ਕਈ ਕਿਸਮਾਂ ਦੇ ਰਸ ਵਗ਼ੈਰਾ ਲੈ ਆਉਂਦੇ ਹਨ ਜੋ ਸਭ ਤੋਂ ਵਧੀਆ ਸੋਫ਼ਟ ਡ੍ਰਿੰਕਸ ਵਿਚੋਂ ਨੇਂ- ਇੱਕ ਫੱਲ ਦੇ ਤੌਰ ਉੱਤੇ ਪੱਕੇ ਅੰਬ ਬਾਰੇ ਮੈਂ ਭਲਾ ਕੀ ਆਖਾਂ? ਮੈਂ ਸਿਰਫ਼ ਏਨਾ ਹੀ ਆਖਾਂਗਾ ਕਿ ਇਹ ਸਾਡੇ ਦੇਸ ਵਿਚ, ਅਸਲੀ ‘ਥੀਵਬਰੀਮਾ’ ਹੈ ਜਿਹੜਾ ਯੂਨਾਨੀ ਲਫ਼ਜ਼ ਹੈ ਤੇ ਜਿਸਦਾ ਮਤਲਬ ਹੈ ‘ਦੇਵਤਿਆਂ ਦਾ ਖਾਜਾ’- ਇਹ ਵਾਕਈ ਦੇਵਤਿਆਂ ਦਾ ਖਾਜਾ ਹੈ- ਸਾਡੇ ਦੇਸ ਵਿਚ ਆਉਣ ਵਾਲੇ ਪਰਦੇਸੀਆਂ ਨੂੰ ਇਹ ਫੱਲ ਬਹੁਤ ਹੀ ਸਵਾਦਲਾ ਲਗਦਾ ਹੈ, ਭਾਵੇਂ ਕਿ ਏਸ ਦੇ ਖਾਣ ਵਿਚ ਥੋੜੀ ਔਖ ਪੇਸ਼ ਆਉਂਦੀ ਹੈ। ਅਜੋਕੇ ਅੰਗਰੇਜ਼ੀ ਲੇਖਕ ਨੇ ਇਹ ਸਿਫ਼ਾਰਸ਼ ਕੀਤੀ ਹੈ ਕਿ ਅੰਬ ਖਾਣ ਦਾ ਕੁਝ ਮਹਿਫ਼ੂਜ਼ ਢੰਗ ਇਹ ਹੈ ਕਿ ਬੰਦਾ ਕੱਪੜੇ ਲਾ ਕੇ, ਨਹਾਉਣ ਵਾਲੇ ਟੱਬ ਵਿਚ ਜਾ ਵੜੇ ਤੇ ਤਿਲਕਣ ਵਾਲਾ ਫਲ ਆਰਾਮ ਨਾਲ਼ ਖਾਵੇ।

ਅੰਬ ਦੀਆਂ ਨਸਲਾਂ ਤੇ ਕਿਸਮਾਂ:
ਅੰਬਾਂ ਦੀਆਂ ਖਾਣ ਜੋਗ ਕਿਸਮਾਂ ਤੇ ਸਾਡੇ ਅੰਬ ਦੇ ਜ਼ਿਆਦਾ ਤਰ ਜੰਗਲ਼ੀ ਰੁੱਖਾਂ ਦਾ ਨਿਕਾਸ ‘ਮਯਨਜ਼ੀਫ਼ੀਰਾ ਇੰਡੀਕਾ’ ਤੇ ਹੋਇਆ ਹੈ- ਅੰਬ ਦੀਆਂ ਦੋ ਸਾਇੰਸੀ ਨਸਲਾਂ ਨੇਂ। ਆਮ ਪ੍ਰਚਲਿਤ ‘ਮਯਨਜ਼ੀਫ਼ੀਰਾ ਇੰਡੀਕਾ ਲਿਨ’ ਤੇ ਮਯਨਜ਼ੀਫ਼ੀਰਾ ਸਲੋਹ ਟੀਕਾ ਰੋ ਕਸਬ- ਦੂਸਰੀ ਨਸਲ ਨਾਰਥ ਈਸਟ ਭਾਰਤ ਵਿਚ ਪਾਈ ਜਾਂਦੀ ਹੈ ਤੇ ਏਸ ਦਾ ਫਲ ਖਾਣ ਜੋਗਾ ਨਹੀਂ ਹੁੰਦਾ- ਅੰਬ ਦੀ ਜਗਤ ਵੰਡ ਨੂੰ ਵਿਚਾਰਦਿਆਂ ਘਾਹ ਬੂਟ ਸਿਆਣਿਆਂ ਨੇ ਏਸ ਦੀਆਂ ਨਸਲਾਂ ਦੀ ਗਿਣਤੀ 32 (ਐਂਗਲਰ ਤੇ ਪਰਾਨਟਲ 1897) ਤੋਂ ਲੈ ਕੇ 41 (1949) ਤੇ 65 ਤੀਕ (ਹਕਰ ਤੇ ਜੈਕਸਨ 1895) ਦੱਸਿਆਂ- ਇਹ ਆਖਣਾ ਨਾਮੁਮਕਿਨ ਹੈ ਕਿ ਦੁਨੀਆ ਵਿਚ ਇਨ੍ਹਾਂ ਦੀ ਗਿਣਤੀ ਕਿੰਨੀ ਕੋ ਹੈ- ਉਨ੍ਹਾਂ ਵਿਚੋਂ ਕੋਈ 500 ਕਿਸਮਾਂ ਤਾਂ ਸਾਡੇ ਦੇਸ ਪੰਜਾਬ ਵਿਚ ਹੀ ਬਿਆਨ ਕੀਤੀਆਂ ਗਈਆਂ ਨੇਂ। ਪਰ ਇੱਕ ਕਿਸਮ ਨੂੰ ਦੂਸਰੀ ਕਿਸਮ ਨਾਲੋਂ ਨਿਖੇੜਨਾ ਔਖਾ ਕੰਮ ਹੈ- ਏਸ ਦੀ ਵਜ੍ਹਾ ਇਹ ਹੈ ਕਿ ਲੇਖਕਾਂ ਤੇ ਸਿਰਜਨਹਾਰਾਂ ਨੇ, ਆਪਣੀਆਂ ਕਿਸਮਾਂ ਦੇ ਨਾਂ ਰੱਖਣ ਲਈ ਵੱਖਰਿਓਂ ਵੱਖਰੇ ਮਿਆਰਾਂ ਦੀ ਵਰਤੋਂ ਕੀਤੀ ਹੈ ਤੇ ਏਸ ਤੋਂ ਇਲਾਵਾ ਸਿਰਜਨਹਾਰਾਂ ਨੇ ਆਪਣੇ ਅੰਬਾਂ ਲਈ ਅਕਸਰ ਦੇਸ ਦੇ ਹੋਰ ਹਿੱਸਿਆਂ ਦੀਆਂ ਬਹੁਤ ਮਸ਼ਹੂਰ ਕਿਸਮਾਂ ਦੇ ਨਾਂ ਅਪਨਾ ਲਏ ਹਨ, ਜਿਹਨਾਂ ਨਾਲ਼ ਕਿ ਉਨ੍ਹਾਂ ਦੀਆਂ ਆਪਣੀਆਂ ਕਿਸਮਾਂ ਦਾ ਉੱਕਾ ਹੀ ਕੋਈ ਤਾਅਲੁੱਕ ਨਹੀਂ ਹੁੰਦਾ ਜਾਂ ਬਹੁਤ ਘੱਟ ਤਾਅਲੁੱਕ ਹੁੰਦਾ ਹੈ- 15ਵੀਂ ਸਦੀ ਵਿਚ ਪੁਰਤਗਾਲ ਦੇ ਜਨਰਲ ਅਲਫਾਨਸੋ ਡੀ ਅਲਬਾਕੋਰਕੀ ਜਦੋਂ ਭਾਰਤ ਦੇ ਗੋਆ ਵਿਚ ਕਾਲੋਨੀਆਂ ਉਸਾਰੀਆਂ ਤੇ ਵਪਾਰ ਰਾਹੀਂ ਯੂਰਪੀ ਅੰਬ ਤੇ ਹੋਰਨਾਂ ਅੰਬਾਂ ਦੀ ਮੰਗ ਵਧਦੀ ਗਈ-
ਉਨ੍ਹਾਂ ਇੱਕ ਨੂੰ ਅੰਬ ਦੀ ਕਲਮਕਾਰੀ ਕੀਤੀ ਜਿਹੜੀ ਅਲਫਾਂਸੋ ਨਾਂ ਤੋਂ ਮਸ਼ਹੂਰ ਹੈ ਉਸੇ ਤਰ੍ਹਾਂ ਮਸ਼ਹੂਰ ਹੋਏ ਅੰਬਾਂ ਦੀਆਂ ਕਿਸਮਾਂ ਇਥੇ ਸਾਂਝੀਆਂ ਕਰਨਾ ਚਾਹੁੰਦਾ ਹਾਂ। ਮਿਸਾਲ ਲਈ ਬਨਾਰਸੀ, ਨੀਲਮ, ਸੁਰਖ਼ ਬਰਮਾ, ਓਮਪੂਰੀ, ਖਿਰਿਆ, ਸੰਦ ਬਲ਼ਾ, ਚੀਕੂ ਗੋਲ, ਜਾਮਣ ਮੀਰਪੁਰੀਆ, ਦਾਈ ਵਾਲਾ, ਲਾਹੋਟਿਆ, ਪੋਪਤ, ਯਾਰ ਦੋਸਤ, ਲੰਗੜਾ, ਦੇਸੀ ਵਜ਼ੋ, ਸੂਫ਼, ਅਨਮੋਲ, ਅਲਮਾਸ, ਸਨਸੇਸ਼ਨ, ਸ਼ਮਸੀ, ਸ਼ਾਨ ਖ਼ੁਦਾ, ਸ਼ਮਸ਼ੇਰ, ਚੋਨਸੇ ਤੋਂ ਚਿੱਟਾ ਚੋਨਸਾ, ਕਾਲ਼ਾ ਚੋਨਸਾ, ਚੁਨੂੰ ਮੁਨੂੰ, ਭਦੌੜੀਆ, ਪੈਲ਼ੀ, ਤਖ਼ਮੀ, ਟਪਕਾ, ਸ਼ਹਿਰੋਜ਼, ਦੇਸੀ ਬਦਾਮੀ, ਲਾਲ਼ ਬਾਦਸ਼ਾਹ, ਪਾਨ ਪੂਰੀ, ਮਾਲਦਾ, ਦੁਸਹਿਰੀ ਦੀਆਂ ਅੱਗੋਂ ਕਲਮਾਂ ਰਾਹੀਂ ਅਜ਼ੀਮ ਦੁਸਹਿਰੀ, ਅਮਨ ਦੁਸਹਿਰੀ, ਸਫ਼ੈਦਾ, ਸੰਧੂਰੀ, ਸਿੰਧ ਫਾਉਣ, ਨਵਾਬ ਪੂਰੀ, ਤੋਤਾ ਪੂਰੀ, ਰਾਣੀ ਫੱਲ, ਦਿਲਕੱਸ਼, ਜ਼ਰਕੌਣੀ, ਸ਼ਹਿਨਸ਼ਾਹ, ਕਾਵਿਸ਼, ਅੰਬਰ, ਬੋਤਲ, ਬੈਂਗਣ ਫਲ਼ੀ, ਗੁਲਾਬ ਖ਼ਾਸਾ, ਝਰਕੀ, ਪਦਮ, ਬਾਲੀ ਵਾਲਾ, ਪਾਇਲਟ, ਹੈਦਰ ਸ਼ਾਹੀ, ਮੁਲਤਾਨੀ ਗੋਲੂ, ਕਟੋਰੀ, ਫਾੜ, ਤੋਤਾਪੁਰੀ, ਕਲਮੀ, ਗਿੱਧਾ, ਲੰਗੜਾ, ਕਰੇਲਾ, ਮਾਲਦਾ, ਕਾਲ਼ਾ ਸਮਰ, ਸਮਰ ਬਹਿਸ਼ਤ, ਮੁਖੀ ਵਗ਼ੈਰਾ।

ਅੰਬ ਦੀਆਂ ਕਾਸ਼ਤ ਕੀਤੀਆਂ ਜਾਣ ਵਾਲੀਆਂ ਕਿਸਮਾਂ ਬਹੁਤ ਸਾਰੀਆਂ ਨੇਂ ਜਿਸ ਨੂੰ ਘੇਰਨਾ ਗੰਭੀਰ ਕੰਮ ਹੈ ਮੈਂ ਇਥੇ ਕੁਝ ਕੁ ਨਾਂ ਸਾਂਝੇ ਕਰਨਾ ਚਾਹੁਣਾ ਵਾਂ। ਮਿਸਾਲ ਲਈ ‘ਅਲਫਾਂਸੋ, ਸਿੰਧ ਦਾ ਸਿੰਧੜੀ, ਸਹਾਰਨ ਪੁਰ ਦਾ ਸਹਾਰਨੀ, ਮੁਲਤਾਨ ਦਾ ਚੋਨਸਾ, ਅਨਵਰ ਰਟੌਲ, ਗੁਲਾਬ ਖ਼ਾਸ, ਬਗਨਪਲੀ, ਮਾਲਦਾ, ਲੰਗੜਾ, ਦੁਸਹਿਰੀ, ਸਮਰ ਬਹਿਸ਼ਤ, ਜ਼ਫ਼ਰੀ ਜਾਂ ਫ਼ਜਰੀ ਕਲਾਂ-ਜੇ ਮੰਡੀ ਕੀਮਤਾਂ ਨੂੰ ਕਵਾਲਿਟੀ ਦਾ ਚਿੰਨ੍ਹ ਮੰਨ ਲਿਆ ਜਾਵੇ ਤਾਂ ‘ਅੱਵਲ ਚੋਨਸਾ’ ਜਿਹੜਾ ਦੋ ਸੌ ਤੋਂ ਚਾਰ ਸੌ ਰੁਪਏ ਫ਼ੀ ਕਿਲੋ ਵਿਕਦਾ ਹੈ, ਮੱਤਾਂ ਇਹ ਵਾਕਈ ਬਹੁਤ ਵਧੀਆ ਹੋਵੇਗਾ ਜੇ ਅਸੀਂ ਦੁਨੀਆ ਦੇ ਸਭ ਤੋਂ ਮਹਿੰਗੇ ਤੇ ਰਸੀਲੇ ਅੰਬ ਦੀ ਗੱਲ ਕਰੀਏ ਤਾਂ ਉਹ ਜਾਪਾਨ ਵਿਚ ‘ਮਿਆਨਜ਼ ਇੱਕੀ ਮੈਂਗੋ ਹੈ, ਜਿਹੜਾ ਜਾਪਾਨ ਦੀ ਮਿਆਨਜ਼ ਇੱਕੀ ਨਾਮ ਦੀ ਥਾਂ ਉਤੇ ਗਰੀਨ ਹਾਊਸ ਵਿਚ ਹੁੰਦਾ ਹੈ। ਏਸ ਅੰਬ ਦਾ ਵਜ਼ਨ 350 ਗ੍ਰਾਮ ਦੇ ਨੇੜ ਤੇੜ ਹੁੰਦਾ ਹੈ, ਵੇਖਣ ਨੂੰ ਇਹ ਕਾਲੇ ਕੋਲੁ ਸੇਬ ਵਰਗਾ ਜਾਪਦਾ ਜਾਣੇ ਸੁਰਖ਼ ਰੰਗਾ, ਇਹਦੀ ਇੱਕ ਸ਼ਾਖ਼ ਤੇ ਛੜਾ ਇੱਕ ਹੀ ਅੰਬ ਹੁੰਦਾ- ਮੋਟੇ ਤੌਰ ਉਤੇ ਅੰਬ ਦੀਆਂ ਇਹ ਕਿਸਮਾਂ ਮਾਹਿਰਾਂ ਵੱਲੋਂ ਬਹੁਤ ਵਧੀਆ ਮੁਨੀਆਂ ਗਈਆਂ ਨੇਂ। ਪੱਛਮੀ ਪੰਜਾਬ ਵਿਚ ਮੁਲਤਾਨ, ਬਹਾਵਲਪੁਰ, ਮੁਜ਼ੱਫ਼ਰਗੜ੍ਹ, ਖ਼ਾਨੇਵਾਲ, ਸਾਹੀਵਾਲ, ਸਾਦਿਕ ਆਬਾਦ, ਵਿਹਾੜੀ ਤੇ ਰਹੀਮਯਾਰ ਖ਼ਾਨ, ਸਿੰਧ ਵਿਚ ਮੀਰਪੁਰ ਖ਼ਾਸ, ਹੈਦਰਾਬਾਦ ਤੇ ਠੱਠਾ, ਖ਼ੈਬਰ ਪਖ਼ਤੂਨਖ਼ਵਾ ਵਿਚ ਡੇਰਾ ਇਸਮਾਇਲ ਖ਼ਾਨ, ਪਿਸ਼ਾਵਰ ਤੇ ਮਰਦਾਨ।

ਡੀਲ ਡੌਲ:
ਅੰਬ ਦਾ ਰੁੱਖ ਕਾਫ਼ੀ ਵੱਡਾ ਹੁੰਦਾ ਹੈ- 6-15 ਮੀਟਰ ਉੱਚਾ ਹੁੰਦਾ ਹੈ- ਭਾਵੇਂ ਘਣੇ ਜੰਗਲਾਂ ਵਿਚ ਇਹ ਅਕਸਰ 30 ਮੀਟਰ ਜਾਂ ਇਸ ਤੋਂ ਵੀ ਵੱਧ ਉੱਚਾ ਟੁਰ ਜਾਂਦਾ ਹੈ। ਏਸ ਦੀਆਂ ਸ਼ਾਖ਼ਾਂ ਫੈਲਵੀਆਂ ਹੁੰਦੀਆਂ ਹਨ- ਸ਼ਾਖ਼ਾਂ ਦੇ ਨਾਲ਼ ਨਾਲ਼ ਪੱਤੇ ਦੋਵਾਂ ਪਾਸਿਆਂ ਤੋਂ ਨਿਕਲਦੇ ਹਨ- ਇੱਕ ਇਧਰ ਇੱਕ ਉਧਰ ਪਰ ਸ਼ਾਖ਼ਾਂ ਦੇ ਸਿਰਿਆਂ ਦੇ ਨੇੜੇ ਉਹ ਵਧੇਰੇ ਸੰਘਣੇ ਹੁੰਦੇ ਨੇਂ। ਉਹ ਬਣਤਰ ਪੱਖੋਂ ਮਜ਼ਬੂਤ ਤੇ ਚਮਕਦਾਰ ਹੁੰਦੇ ਨੇਂ, 12 ਤੋਂ 30 ਸੈਂਟੀਮੀਟਰ ਲੰਮੇ, 3 ਤੋਂ 9 ਸੈਂਟੀਮੀਟਰ ਚੌੜੇ- ਉਹ ਸ਼ਕਲ ਵਿਚ ਥੋੜੇ, ਬਹੁਤ ਬਰਛੀ ਨੁਮਾ ਹੁੰਦੇ ਨੇਂ, ਮੁਡ਼ ਤੇ ਨੋਕ ਦੋਵਾਂ ਪਾਸਿਆਂ ਵੱਲ ਨੂੰ ਪਤਲੇ ਹੁੰਦੇ ਚਲੇ ਜਾਂਦੇ ਨੇਂ, ਕਿਨਾਰਿਆਂ ਤੋਂ ਉਹ ਲਹਿਰਦਾਰ ਹੁੰਦੇ ਨੇਂ। ਪੱਤਿਆਂ ਦਿਆਂ ਡੰਡੀਆਂ 1 ਤੋਂ 5 ਸੈਂਟੀਮੀਟਰ ਲੰਮੀਆਂ ਹੁੰਦੀਆਂ ਨੇਂ। ਪਰ ਉਹ ਪੀਲੇ ਜ਼ਰਦ ਰੰਗ ਦੇ ਗੁੱਛਿਆਂ ਵਿਚ ਲੰਮੀਆਂ ਲੰਮੀਆਂ ਲਗਰਾਂ ਤੇ ਸ਼ਾਖ਼ਾਂ ਦੇ ਸਿਰਿਆਂ ਉਤੇ ਲਗਦੇ ਨੇਂ- ਬਾਹਰਲੇ ਦਲ ਛੋਟੇ ਛੋਟੇ ਕਮਾਨ ਵਰਗੇ, ਪੀਲੇ ਹਰੇ ਤੇ ਬਾਹਰੋਂ ਥੋੜੇ ਥੋੜੇ ਲੂਣਦਾਰ ਜਾਂ ਸਲੂਣੇ ਹੁੰਦੇ, ਪੰਖੜੀਆਂ ਜ਼ਰਦੀ ਮਾਇਲ ਹਰੀਆਂ ਹੁੰਦੀਆਂ ਨੇਂ, ਮੁੱਢ ਤੇ ਪਾਸਿਆਂ ਤੋਂ ਗੁਲਾਬੀ ਜਾਂ ਜਾਮਨੀ ਭਾਹ ਮਾਰਦੀਆਂ- ਉਹ ਲੰਬੂਤਰੀਆਂ ਹੁੰਦੀਆਂ ਨੇਂ- ਬੂਰ (ਪੁੰਕੇਸਰ) 4 ਤੋਂ 5 ਤੇ ਅਬਰਾਬਰ ਹੁੰਦੇ ਨੇਂ- ਉਨ੍ਹਾਂ ਵਿਚੋਂ ਬਹੁਤ ਵੱਡਾ ਤੇ ਉਪਜਾਊ ਹੁੰਦਾ ਹੈ, ਬਾਕੀ ਦੇ ਆਮ ਤੌਰ ਉੱਤੇ ਬਾਂਝ ਹੁੰਦੇ ਨੇਂ ਤੇ ਬੱਸ ਇਕ ਡੰਡੀ ਜਿਹੀ ਹੁੰਦੇ ਨੇਂ- ਉਪਜਾਊ ਬੂਰ (ਪੁੰਕੇਸਰ) ਵਿਚ ਲੰਮਾ ਸਾਰਾ ਤੂਤ ਜਾਂ ਡੰਡੀ ਉਤੇ ਜਾਮਨੀ ਜਿਹਾ ਵਾਲ਼ ਵਰਗਾ ਹੁੰਦਾ ਹੈ- ਸਾਰਾ ਫੁੱਲ 6 ਤੋਂ 8 ਮਿਲੀਮੀਟਰ ਸ਼ਕਲ ਦਾ ਹੁੰਦਾ ਹੈ, ਪੂਰੀ ਤਰ੍ਹਾਂ ਖਿੜਨ ਉਤੇ ਕਈ ਵਾਰੀ ਉਸ ਦੀ ਖ਼ੁਸ਼ਬੋਈ ਕੁਝ ਕੁਝ ਅਸੁਖਾਵੇਂ ਹੁੰਦੀ ਹੈ- ਫਲ਼ ਗਿਟਕਦਾਰ ਹੁੰਦਾ ਹੈ, ਜਿਸ ਦੇ ਆਲੇ ਦੁਆਲੇ ਗੁਦਾ ਲੱਗਾ ਹੋਇਆ ਹੁੰਦਾ ਹੈ- ਅੰਬ ਦਾ ਮਿਆਰ ਗੁੱਦੇ ਦੇ ਸੁਆਦ ਮੁਤਾਬਕ ਹੁੰਦਾ ਹੈ। ਆਮ ਤੌਰ ਉੱਤੇ ਅੰਬ ਸ਼ਕਲ ਵਿਚ ਦਿਲ ਵਰਗਾ ਹੁੰਦਾ ਹੈ- ਇੰਜ ਅਮਲੀ ਰੂਪ ਵਿਚ ਅੰਬ ਦੀਆਂ ਜ਼ਿਆਦਾਤਰ ਕਿਸਮਾਂ ਦੀ ਸ਼ਕਲ ਤੇ ਡੀਲ ਡੌਲ ਆਪਣਾ ਵੱਖਰਾ ਵੱਖਰਾ ਹੁੰਦਾ ਹੈ- ਜ਼ਿਆਦਾਤਰ ਅੰਬ ਜਦੋਂ ਕੱਚੇ ਹੁੰਦੇ ਨੇਂ ਤਾਂ ਉਨ੍ਹਾਂ ਵਿਚ ਤਾਰਪੀਲ ਵਰਗੀ ਤੇਜ਼ ਚੱਸ ਹੁੰਦੀ ਹੈ, ਜਿਹੜੀ ਚੰਗੀ ਕਿਸਮ ਦੇ ਅੰਬਾਂ ਵਿਚ ਪੱਕ ਜਾਣ ਮੌਕੇ ਖ਼ਤਮ ਹੋ ਜਾਂਦੀ ਹੈ।

ਖੇਤੀ ਢੰਗ:
ਅੰਬ ਦੀ ਖੇਤੀ ਦਾ ਲਾਭ ਬਖ਼ਸ਼ ਤਰੀਕਾ ਇਹ ਹੈ, ਦਾਬ ਤੇ ਪਿਓਂਦ ਜਾਂ ਕਲਮ ਲਾਉਣਾ- ਕਹਿਣ ਦਾ ਮਤਲਬ ਹੈ ਕਿ ਅੰਬ ਦਾ ਨਸਲ ਵਾਧਾ ਗਿਟਕ ਦੀ ਥਾਂ ਉਸ ਦੀਆਂ ਸ਼ਾਖ਼ਾਂ ਦੀਆਂ ਦਾਬਾਂ ਜਾਂ ਕਲਮਾਂ ਤੋਂ ਬਿਹਤਰ ਹੁੰਦਾ ਹੈ। ਜੇ ਵਧੀਆ ਤੋਂ ਵਧੀਆ ਕਿਸਮਾਂ ਦੀਆਂ ਗਿਟਕਾਂ ਵੀ ਲਾਈਆਂ ਜਾਣ ਤਾਂ ਉਨ੍ਹਾਂ ਤੋਂ ਉਗਣ ਵਾਲਾ ਬੂਟਾ, ਆਮ ਤੌਰ ਉੱਤੇ ਮੂਲ ਨਾਲੋਂ ਬਿਲਕੁਲ ਵੱਖਰਾ ਹੋ ਸਕਦਾ ਹੈ ਤੇ ਫੱਲ ਵਿਚ, ਜੰਗਲ਼ੀ ਕਿਸਮਾਂ ਵਾਲੀ ਤਬਦੀਲੀ ਵੱਲ ਪਰਤਣ ਦੀ ਉਮੀਦ ਰਹਿੰਦੀ ਹੈ, ਜਿਹਨਾਂ ਤੋਂ ਖੇਤੀ ਥੱਲੇ ਕਿਸਮਾਂ ਕਢੀਆਂ ਤੇ ਅੱਗੇ ਤੋਰੀਆਂ ਗਈਆਂ ਨੇਂ।
ਅੰਬ ਦੇ ਰੁੱਖ ਉਤੇ ਕੀੜਾ ‘ਡਯਨਡਰੋਫ਼ਥੋਕ ਫਾਲਕਾਟਾ’ ਜਾਂ ਉਸ ਦੀ ਕਿਸਮ ‘ਕੋਸੀਨੀ’ ਦਾ ਬਹੁਤ ਬੁਰਾ ਅਸਰ ਹੁੰਦਾ ਹੈ। ਏਸ ਕੀੜੇ ਦੇ ਅੰਡੇ, ਪੰਛੀ ਇਕ ਰੁੱਖ ਤੋਂ ਦੂਸਰੇ ਰੁੱਖ ਉੱਤੇ ਲੈ ਜਾਂਦੇ ਨੇਂ ਜਿਹੜੇ ਇਲਾਕੇ ਜਾਂ ਜ਼ਿਲੇ ਵਿਚ ਇੱਕ ਵੀ ਕੀੜਾ ਹੋ ਜਾਵੇ ਤਾਂ ਉਸ ਦੀ ਲਾਗ ਬਹੁਤ ਆਮ ਤੇ ਵੱਡੇ ਪੈਮਾਨੇ ਤੇ ਹੁੰਦੀ ਹੈ- ਕੀੜੇ ਅੰਬ ਦੇ ਰੁੱਖ ਉਤੇ ਵੱਡੇ ਵੱਡੇ ਭੈੜੇ ਜਿਹੇ ਗੁੰਬੜ ਤੇ ਫ਼ੋੜਿਆਂ ਵਰਗੇ ਵਿਗਾੜ ਪੈਦਾ ਕਰ ਦਿੰਦੇ ਨੇਂ।
ਜੇ ਲਾਗ ਬਹੁਤ ਜ਼ਿਆਦਾ ਲੱਗ ਜਾਵੇ ਤਾਂ ਰੱਖ ਅਮਲੀ ਤੌਰ ਉਤੇ ਫਲ ਦਿੰਦੇ ਹੀ ਬੰਦ ਕਰ ਦਿੰਦਾ ਹੈ- ਏਸ ਨੁਕਸਾਨਦੇਹ ਕੀੜਿਆਂ ਉੱਤੇ ਕਾਬੂ ਪਾਉਣ ਦਾ ਵਧੇਰੇ ਅਸਰਦਾਰ ਤਰੀਕਾ ਹੈ। ਰੁਖ ਦੀ ਰਾਖੀ ਨਾਲ਼ ਲਗਾਤਾਰ ਕਟਾਈ ਛੰਗਾਈ ਕਰਦੇ ਰਹਿਣਾ- ਅੰਬ ਦਾ ਰੁੱਖ ਕਈ ਕਿਸਮ ਦੇ ਵੇਲਾਂ ਬੂਟਾਂ ਲਈ ਟੇਕ ਦਾ ਕੰਮ ਦਿੰਦਾ ਹੈ, ਜੇ ਏਸ ਨੂੰ ਕੋਈ ਨੁਕਸਾਨ ਨਹੀਂ ਪੁਚਾਉਂਦੇ, ਸਗੋਂ ਬੇਰੌਣਕ ਜਿਹੇ ਰੁੱਖ ਨੂੰ ਸਾਲ ਦੇ ਗਰਮ ਮੌਸਮ ਵਿਚ ਸੋਹਣੇ, ਸ਼ਾਨਦਾਰ ਫੁੱਲਾਂ ਨਾਲ਼ ਸਾਜ਼ ਸ਼ਿੰਗਾਰ ਦਿੰਦੇ ਨੇਂ।

ਅੰਬ ਮਨੁੱਖੀ ਸਿਹਤ ਲਈ:
ਦੇਸੀ ਹਿਕਮਤ ਵਿਚ ਕੱਚੇ ਅੰਬ ਨੂੰ ਕੈਰੀ ਜਾਂ ਅੰਬੀਆਂ ਵੀ ਆਖਿਆ ਜਾਂਦਾ ਹੈ- ਇਹ ਕੌੜਾ, ਖੱਟਾ, ਰੁੱਖਾ, ਪਿਆਸ ਨੂੰ ਵਧਾਉਣ ਵਾਲਾ, ਖ਼ੂਨ ਨਾਲ਼ ਜੁੜੀਆਂ ਬਿਮਾਰੀਆਂ ਵਹਾਉਣ ਵਾਲਾ ਹੁੰਦਾ ਹੈ- ਖੱਟੇ ਅੰਬ ਖ਼ੂਨ, ਗਲੇ ਨਾਲ਼, ਪੇਟ ਗੈਸ, ਮਸੂੜਿਆਂ ਦੀਆਂ ਬਿਮਾਰੀਆਂ ਵਗ਼ੈਰਾ ਵਿਚ ਵਾਧਾ ਕਰਦੇ ਨੇਂ। ਏਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜਦਕਿ ਪੱਕਾ ਅੰਬ ਮਿੱਠਾ, ਖ਼ੁਸ਼ਬੂ ਵਾਲਾ, ਦਿਲ ਨੂੰ ਮਜ਼ਬੂਤ ਕਰਨ ਵਾਲਾ, ਪਿਤ ਰੋਕਣ ਵਾਲਾ ਹੁੰਦਾ ਹੈ- ਪੱਕਾ ਅੰਬ ਸਿਰਫ਼ ਸਵਾਦੀ ਨਹੀਂ ਸਗੋਂ ਸਿਹਤ ਲਈ ਬਥੇਰੇ ਗੁਣ ਰੱਖਦਾ ਹੈ- ਇੱਕ ਕੱਪ ਅੰਬ ਵਿਚੋਂ ਸਾਨੂੰ 1.4 ਗ੍ਰਾਮ ਪ੍ਰੋਟੀਨ, 2.6 ਗ੍ਰਾਮ ਫ਼ਾਇਬਰ, ਤਾਂਬਾ, ਫ਼ੋਲੇਟ, ਪੋਟਾਸ਼ੀਅਮ, ਫ਼ਾਸਫ਼ੋਰਸ, ਲੋਹਾ, ਵਿਟਾਮਿਨਜ਼ ਲੱਭਦੇ ਨੇਂ। ਅੰਬ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਐਂਟੀ ਔਕਸੀਡੀਨਟ ਰਸ ਹੁੰਦੇ ਨਾਲੇ ਬਿਮਾਰੀਆਂ ਨਾਲ਼ ਲੜਨ ਜੋਗ ਤਾਕਤ ਹੁੰਦੀ ਏ। ਅੰਬ ਵਿਚ 90 ਫ਼ੀਸਦੀ ਮਿਠਾਸ ਹੁੰਦੀ ਹੈ ਏਸ ਲਈ ਸ਼ੂਗਰ ਰੋਗੀ ਏਸ ਦਾ ਸੇਵਨ ਨਹੀਂ ਕਰ ਸਕਦੇ। ਚੰਗੇ ਭਾਗੀਂ ਘਾਹ ਬੂਟ ਸਿਆਣਿਆਂ ਨੇ ਸ਼ੂਗਰ ਰੋਗੀਆਂ ਲਈ ਤੁਰੇ ਕਿਸਮ ਦੇ ਅੰਬ ਜਾਪਾਨ ਦੀ ਮਦਦ ਨਾਲ ਟਨਡੋ ਅੱਲ੍ਹਾ, ਸਿੰਧ ਵਿਚ ਬਣਾਏ ਹਨ ਜਿਹੜੇ ਸੋ ਨਾਰੂ, ਗਿਲਣ ਤੇ ਕੀਟ ਦੇ ਨਾਂ ਤੋਂ ਮਸ਼ਹੂਰ ਹੈਨ। ਇਨ੍ਹਾਂ ਅੰਬਾਂ ਦੇ ਸੇਵਨ ਨਾਲ਼ ਖ਼ੂਨ ਵਿਚ ਗੁਲੂਕੋਜ਼ ਦੀ ਮਿਕਦਾਰ ਨਹੀਂ ਵਧਦੀ।

ਸੰਪਰਕ : ਸ਼ਾਮ ਨਗਰ, ਲਾਹੌਰ, ਪੱਛਮੀ ਪੰਜਾਬ। ਪਾਕਿਸਤਾਨ।
Kamran Kami +92 – 3034255119

Previous articleਘਰ-ਪਰਿਵਾਰ
Next article36000 ਮੁਲਾਜਮਾਂ ਨੂੰ ਪੱਕਾ ਕਰਨਾ ਨਿਰਾ ਝੂਠ ਦਾ ਪੁਲੰਦਾ—ਐਨ.ਐਚ.ਐਮ. ਯੂਨੀਅਨ