ਮੰਡੀ ਅਹਿਮਦਗੜ੍ਹ (ਸਮਾਜ ਵੀਕਲੀ): ਅੱਜ ਤੜਕਸਾਰ ਉਸ ਵੇਲੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦੋਂ ਛੇ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਫਾਰਚੂਨਰ ਬੀਤੀ ਰਾਤ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚ ਡਿੱਗੀ। ਡਿੱਕੀ ਵਿੱਚ ਬੈਠੇ ਨੌਜਵਾਨ ਨੂੰ ਛੱਡ ਕੇ ਬਾਕੀ ਪੰਜਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਤੜਕੇ ਤਿੰਨ ਵਜੇ ਤੱਕ ਚੱਲੇ ਰਾਹਤ ਕਾਰਜਾਂ ਦੌਰਾਨ ਕੱਢ ਲਈਆਂ ਗਈਆਂ। ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਡੇਹਲੋਂ ਬਲਾਕ ਦੇ ਨੰਗਲਾਂ ਪਿੰਡ ਦੇ ਐੱਨਆਰਆਈ ਜਤਿੰਦਰ ਸਿੰਘ ਹੈਪੀ (49), ਉਸ ਦੇ ਰਿਸ਼ਤੇਦਾਰ ਕੁਲਦੀਪ ਸਿੰਘ (46) ਪਿੰਡ ਲਹਿਲ, ਜਗਦੀਪ ਸਿੰਘ (25) ਪਿੰਡ ਛਪਾਰ, ਜੱਗਾ ਸਿੰਘ (40) ਗੋਪਾਲਪੁਰ ਅਤੇ ਟਰੱਕ ਯੂਨੀਅਨ ਪੋਹੀੜ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਰਾਜਾ (52) ਵਾਸੀ ਨੰਗਲਾਂ ਵੱਜੋਂ ਹੋਈ ਹੈ ।
ਹਾਦਸੇ ਵਿੱਚ ਵਚਣ ਵਾਲਾ ਸ਼ਹਿਰ ਵਿਖੇ ਟੈਟੂ ਆਰਟਿਸਟ ਨੰਗਲਾਂ ਪਿੰਡ ਦਾ ਵਸਨੀਕ ਸੰਦੀਪ ਸਿੰਘ ਸੰਨੀ ਸਦਮੇ ਵਿੱਚ ਹੈ। ਸੋਮਵਾਰ ਸ਼ਾਮ ਨੂੰ ਗੱਡੀ ਦਾ ਮਾਲਕ ਅਤੇ ਚਾਲਕ ਐੱਨਆਰਆਈ ਜਤਿੰਦਰ ਸਿੰਘ ਹੈਪੀ ਆਪਣੇ ਸਾਥੀਆਂ ਸਮੇਤ ਬੇਰ ਕਲਾਂ ਰਹਿੰਦੇ ਕਿਸੇ ਦੋਸਤ ਕੋਲ ਬੀਤੇ ਸਮੇਂ ਦੌਰਾਨ ਹੋਈ ਕਿਸੇ ਮੌਤ ਦੇ ਸਬੰਧ ਵਿੱਚ ਅਫਸੋਸ ਕਰਨ ਗਿਆ ਸੀ ਅਤੇ ਜਦੋਂ ਉਹ ਕਰੀਬ ਅੱਧੀ ਰਾਤ ਵਾਪਸ ਆ ਰਹੇ ਸੀ ਤਾਂ ਝੱਮਟ ਪਿੰਡ ਕੋਲ ਲਿੰਕ ਰੋਡ ਤੋਂ ਜਗੇੜਾ-ਪਾਇਲ ਮੁੱਖ ਮਾਰਗ ’ਤੇ ਚੜ੍ਹਣ ਵੇਲੇ ਗੱਡੀ ਬੇਕਾਬੂ ਹੋ ਗਈ। ਨਹਿਰ ਕੰਢੇ ਬਣੀ ਰੋਕ ਨੂੰ ਭੰਨਦਿਆ ਫਾਰਚੂਨਰ ਪਾਣੀ ਵਿੱਚ ਜਾ ਡਿੱਗੀ ਅਤੇ ਉਲਟੀ ਹੋਣ ਕਰਕੇ ਸਵਾਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ, ਜਦੋਂ ਤੱਕ ਬਚਾਅ ਕਾਰਜ ਕਰਕੇ ਗੱਡੀ ਅਤੇ ਸਵਾਰੀਆਂ ਨੂੰ ਬਾਹਿਰ ਕੱਢਿਆ ਗਿਆ ਉਸ ਵੇਲੇ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly