ਮਾਨਵ ਕਲਿਆਣ ਲਈ ਡਾ. ਅੰਬੇਡਕਰ ਨੇ ਬੁੱਧ ਧੰਮ ਗ੍ਰਹਿਣ ਕੀਤਾ – ਭੰਤੇ ਦਰਸ਼ਨਦੀਪ ਮਹਾਂਥੇਰੋ

ਡਾ. ਅੰਬੇਡਕਰ ਨੇ ਅਛੂਤਾਂ ਨੂੰ ਅਸਲ ਆਜ਼ਾਦੀ ਪ੍ਰਦਾਨ ਕੀਤੀ – ਡਾ. ਵਿਰਦੀ

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ, ਪੰਜਾਬ ਯੂਨਿਟ ਦੇ ਸਹਿਯੋਗ ਨਾਲ ਡਾ. ਅੰਬੇਡਕਰ ਦੁਆਰਾ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਹਿੰਦੂ ਧਰਮ ਨੂੰ ਤਿਆਗ ਕੇ ਬੁੱਧ ਧਰਮ ਦੀ ਇਤਿਹਾਸਿਕ ਅਤੇ ਮਹੱਤਵਪੂਰਨ ਘਟਨਾ ਨੂੰ ਸਮਰਪਿਤ ‘ਧੰਮ ਚੱਕਰ ਪ੍ਰਵਰਤਨ ਦਿਵਸ’ ਪੰਜਾਬ ਦੀ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਬੜੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪੰਜਾਬ ਦੇ ਅਹਿਮ ਬੁੱਧਿਸਟ ਕੇਂਦਰ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਦੇ ਭਿੱਖੂ ਸੰਘ ਦੇ ਉੱਘੇ ਵਿਦਵਾਨ ਭੰਤੇ ਦਰਸ਼ਨਦੀਪ ਮਹਾਥੇਰੋ ਅਤੇ ਭੰਤੇ ਪ੍ਰਗਿਆ ਬੋਧੀ ਥੇਰੋ ਵੱਲੋਂ ਤ੍ਰਿਸ਼ਣ ਦੇ ਪਾਠ ਉਪਰੰਤ ਧਮਦੇਸ਼ਨਾ ਪ੍ਰਦਾਨ ਕੀਤੀ ਗਈ। ਭੰਤੇ ਦਰਸ਼ਨਦੀਪ ਮਹਾਥੇਰੋ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਵੱਲੋਂ 68 ਸਾਲ ਪਹਿਲਾਂ ਵਰਣ ਅਤੇ ਜਾਤੀ ਵਿਵਸਥਾ ਤੇ ਅਧਾਰਤ ਹਿੰਦੂ ਧਰਮ ਦਾ ਤਿਆਗ ਕਰਕੇ ਬੁੱਧ ਧਰਮ ਨੂੰ ਗ੍ਰਹਿਣ ਕਰਨ ਦਾ ਮਕਸਦ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਅਧਾਰਤ ਭਾਰਤੀ ਸਮਾਜ ਦੀ ਸਿਰਜਣਾ ਕਰਨਾ ਸੀ। ਮਾਨਵੀ ਕਲਿਆਣ ਹਿਤ ਉਨ੍ਹਾਂ  ਵੱਲੋਂ ਕੀਤਾ ਗਿਆ ਇਹ ਇੱਕ ਵੱਡਾ ਉਪਰਾਲਾ ਸੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜ਼ੋਂ ਸ਼ਾਮਿਲ ਯੂਕੇ ਦੀ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾ ‘ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜੇਸ਼ਨਜ਼ (ਫੈਬੋ)’ ਦੇ ਕਨਵੀਨਰ ਡਾ. ਹਰਬੰਸ ਵਿਰਦੀ ਨੇ ਕਿਹਾ ਕਿ 1947 ਦੀ ਰਾਜਨੀਤਕ ਆਜ਼ਾਦੀ ਉਪਰੰਤ 14 ਅਕਤੂਬਰ 1956 ਨੂੰ ਲੱਖਾਂ ਅਨੂਆਈਆਂ ਸਮੇਤ ਬੁਧ ਧਰਮ ਗ੍ਰਹਿਣ ਕਰਕੇ ਡਾ. ਅੰਬੇਡਕਰ ਨੇ ਸਦੀਆਂ ਤੋਂ ਮਾਨਸਿਕ ਤੌਰ ਤੇ ਗੁਲਾਮ ਬਣਾਏ ਅਛੂਤਾਂ ਨੂੰ ਹਿੰਦੂ ਧਾਰਮਿਕ ਗ੍ਰੰਥਾਂ ਦੇ ਹੁਕਮਨਾਮਿਆ ਅਤੇ ਪਾਬੰਦੀਆਂ ਤੋਂ ਨਿਜਾਤ ਦਵਾ ਕੇ ਅਸਲ ਆਜ਼ਾਦੀ ਪ੍ਰਦਾਨ ਕੀਤੀ। ਡਾ. ਵਿਰਦੀ ਨੇ ਅੰਬੇਡਕਰ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਸ੍ਰੀ ਲਾਹੌਰੀ ਰਾਮ ਬਾਲੀ ਜੀ ਦੀ ਰਹਿਨੁਮਾਈ ਹੇਠ ਲਗਭਗ 70 ਸਾਲ ਤੋਂ ਅੰਬੇਡਕਰ ਭਵਨ ਵੱਲੋਂ ਪਾਏ ਗਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਮੁੱਖ ਮਹਿਮਾਨ ਡਾ. ਹਰਬੰਸ ਵਿਰਦੀ ਤੋਂ ਇਲਾਵਾ ਇਸ ਮੌਕੇ ਤੇ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ, ਸੁਸਾਇਟੀ ਦੇ ਪੈਟਰਨ ਡਾ. ਜੀਸੀ ਕੌਲ, ਆਲ ਇੰਡੀਆ ਸਮਤਾ ਸੈਨਿਕ ਦਲ, ਪੰਜਾਬ ਯੂਨਿਟ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਅਤੇ ਹਿਮਾਚਲ ਪ੍ਰਦੇਸ਼ ਤੋਂ ਆਏ ਵਿਸ਼ੇਸ਼ ਮਹਿਮਾਨ ਸੁਭਾਸ਼ ਮੁਸਾਫਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਸਮਾਜ ਵਿੱਚ ਸਮਾਨਤਾ, ਸੁਤੰਤਰਤਾ, ਮੈਤਰੀ, ਆਪਸੀ ਪ੍ਰੇਮ-ਪਿਆਰ ਅਤੇ ਨਿਆਇਸ਼ੀਲ ਭਾਵਨਾ ਅਧੀਨ ਭਾਈਚਾਰਾ ਸਥਾਪਿਤ ਕਰਕੇ ਹੀ ਸੁਚੱਜੇ ਭਾਰਤੀ ਸਮਾਜ ਦੀ ਸਥਾਪਨਾ ਕੀਤੀ  ਸਕਦੀ ਹੈ ਅਤੇ ਇਸ ਮੰਤਵ-ਪੂਰਤੀ ਲਈ ਬੁੱਧ ਧਰਮ ਦੀ ਤਰਕਸ਼ੀਲ ਸੱਚੀ-ਸੁੱਚੀ ਅਹਿੰਸਾਤਮਕ ਵਿਚਾਰਧਾਰਾ ਆਪਣਾ ਵਿਸ਼ੇਸ਼ ਯੋਗਦਾਨ ਪਾ ਸਕਦੀ ਹੈ। ਅੱਜ ਦੇ ਦਿਨ 68 ਸਾਲ ਪਹਿਲਾਂ ਡਾ. ਅੰਬੇਡਕਰ ਦੁਆਰਾ ਆਰੰਭੀ ਗਈ ਸੱਭਿਆਚਾਰਕ ਕ੍ਰਾਂਤੀ ਨੂੰ ਪੁਨਰ-ਸੁਰਜੀਤ ਕਰਕੇ ਭਾਰਤ ਵਿੱਚ ਰਾਜਨੀਤਿਕਾਂ ਵੱਲੋਂ ਪੈਦਾ ਕੀਤੀ ਭਿਆਨਕ ਅਤੇ ਵਿਸਫੋਟਕ ਸਥਿਤੀ ਤੋਂ ਸੰਵਿਧਾਨਿਕ ਨੈਤਿਕਤਾ ਅਤੇ ਤਥਾਗਤ ਬੁੱਧ ਦੀ ਵਿਚਾਰਧਾਰਾ ਹੀ ਬਚਾ ਸਕਦੀ ਹੈ। ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੋਫੈਸਰ ਬਲਬੀਰ ਹੋਰਾਂ ਨੇ ਬੁੱਧ ਧੰਮ  ਬਾਰੇ ਆਪਣੇ ਵਿਚਾਰ ਪੇਸ਼ ਕਰਨ ਉਪਰੰਤ ਸਭ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਬਾਖੂਬੀ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਹਰਬੰਸ ਵਿਰਦੀ (ਲੰਡਨ) ਦੁਆਰਾ ਲਿਖੀਆਂ ਚਾਰ ਪੁਸਤਕਾਂ ‘ਜਾਤ ਮਿਟਾਓਗੇ ਤਾਂ ਤੁਹਾਨੂੰ ਮਿਟਾਇਆ ਜਾਵੇਗਾ’, ‘ਮਹਾਂਮਾਨਵ ਬੁੱਧ ਜੀਵਨ ਅਤੇ ਸੰਦੇਸ਼’ (ਪੰਜਾਬੀ), ‘ਮਹਾਂਮਾਨਵ ਬੁੱਧ ਜੀਵਨ ਔਰ ਸੰਦੇਸ਼’ (ਹਿੰਦੀ) ਅਤੇ ‘ਬੋਧੀ  ਕਿਰਣਾਂ’ ਦੇ ਨਵੇਂ ਸੰਸਕਰਨ ਲੋਕ ਅਰਪਣ ਕੀਤੇ ਗਏ। ਅੰਬੇਡਕਰੀ ਵਿਦਵਾਨ ਗੌਤਮ ਬੋਧ ਵੱਲੋਂ ‘ਬੁੱਧ ਧੰਮ ਚੱਕਰ ਪ੍ਰਵਰਤਨ ਦਿਵਸ’ ਨਾਲ ਸਬੰਧਤ ਵਿਸ਼ਵ ਦੇ ਉੱਘੇ ਸੌ ਵਿਦਵਾਨਾਂ ਦੇ ਖੋਜ ਨਿਬੰਧਾਂ ਦਾ ਸੈਟ ਅੰਬੇਡਕਰ ਭਵਨ ਟਰੱਸਟ ਲਾਇਬਰੇਰੀ ਲਈ ਭੇਂਟ ਕੀਤਾ ਗਿਆ। ਛੋਟੇ ਬੱਚਿਆਂ ਵੱਲੋਂ ਦਿਲ ਛੂਹ ਲੈਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਮਿਸ਼ਨਰੀ ਕਿਤਾਬਾਂ ਦੇ ਲੱਗੇ ਹੋਏ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਖੁੱਤਣ, ਜਸਵਿੰਦਰ ਵਰਿਆਣਾ, ਬਲਦੇਵ ਰਾਜ ਭਾਰਦਵਾਜ, ਤਿਲਕਰਾਜ, ਨਿਰਮਲ ਬਿੰਜੀ, ਮਹਿੰਦਰ ਸੰਧੂ, ਅੰਬੈਸਡਰ ਰਮੇਸ਼ ਚੰਦਰ, ਚਮਨ ਚਾਹਲ ਯੂਕੇ, ਹਰਮੇਸ਼ ਜੱਸਲ,  ਪ੍ਰੋਫੈਸਰ ਅਰਿੰਦਰ ਸਿੰਘ, ਬਲਦੇਵ ਰਾਜ ਜੱਸਲ, ਰੂਪ ਲਾਲ, ਡਾ. ਕੇ ਐਸ ਫੁੱਲ, ਕਮਲਸ਼ੀਲ ਬਾਲੀ, ਮੈਡਮ ਸੁਦੇਸ਼ ਕਲਿਆਣ, ਮੰਜੂ, ਕਵਿਤਾ ਢਾਂਡੇ, ਹਰੀ ਸਿੰਘ ਥਿੰਦ, ਹਰੀ ਰਾਮ ਓਐਸਡੀ, ਹਰਭਜਨ ਨਿਮਤਾ, ਸੂਰਜ ਵਿਰਦੀ, ਰਜੇਸ਼ ਵਿਰਦੀ, ਜੋਤੀ ਪ੍ਰਕਾਸ਼, ਸ਼ੰਕਰ ਨਵਧਰੇ, ਅਵਧੂਤ ਰਾਏ,  ਰਾਹੁਲ ਧਾਵਨੇ ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ

ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

Previous articleਵਾਕੇ/ਕਾਵਿ ਵਿਅੰਗ
Next articleमानव कल्याण हेतु डॉ. अंबेडकर ने बौद्ध धर्म अपनाया – भंते दर्शनदीप महाथेरो