ਮਨੁੱਖ, ਸਮਾਜ ਅਤੇ ਸੱਤਾ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਅਸੀਂ ਅਕਸਰ ਪੜ੍ਹਦੇ ਅਤੇ ਸੁਣਦੇ ਆਏ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਹ ਗੱਲ ਸਹੀ ਵੀ ਹੈ ਪਰ ਜੇਕਰ ਇਹ ਕਹਿ ਦਿੱਤਾ ਜਾਵੇ ਕਿ ਸਮਾਜ ਦੀ ਹੋਂਦ ਮਨੁੱਖ ਨਾਲ ਹੀ ਸੰਭਵ ਹੈ ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨ। ਸਿੰਗਮਡ ਫਰਾਇਡ ਦੇ ਕਥਨ ਅਨੁਸਾਰ ਕੇ ਮਨੁੱਖ ਦੇ ਪੂਰਵਜ ਬਾਂਦਰ ਸਨ ਅਤੇ ਲੱਖਾਂ ਸਾਲਾਂ ਦੇ ਦੌਰਾਨ ਮਨੁੱਖ ਬਾਂਦਰ ਤੋਂ ਅੱਜ ਵਾਲੀ ਹਾਲਤ ਵਿੱਚ ਪਹੁੰਚਿਆ ਹੈ ਨੂੰ ਅਸੀਂ ਸਹੀ ਮੰਨਦਿਆਂ ਜੇਕਰ ਸਮਝੀਏ ਤਾਂ ਮੌਜੂਦਾ ਹਾਲਾਤਾਂ ਵਿੱਚ ਪਹੁੰਚਦਿਆਂ ਮਨੁੱਖ ਨੇ ਬਹੁਤ ਕੁੱਝ ਵੇਖ, ਪਰਖ ਅਤੇ ਹੰਢਾ ਵੀ ਲਿਆ ਹੈ।

ਵੱਖ-ਵੱਖ ਮਨੋਵਿਗਿਆਨੀਆਂ ਦੇ ਕਹੇ ਅਨੁਸਾਰ ਕੀ ਹਰ ਇੱਕ ਮਨੁੱਖ ਦੀ ਸੋਚ, ਸਮਝ ਅਤੇ ਆਦਤ ਹਰ ਦੂਜੇ ਮਨੁੱਖ ਨਾਲੋਂ ਭਿੰਨ ਹੈ। ਇਸਦੇ ਨਾਲ਼ ਹੀ ਮਨੁੱਖ ਦੇ ਅੱਗ ਦੀ ਖੋਜ ਤੋਂ ਲੈ ਕੇ ਚੰਨ ਤੱਕ ਪਹੁੰਚਣ ਤੱਕ ਦਾ ਸਫ਼ਰ ਬਹੁਤ ਹੈਰਾਨ ਕਰਦਾ ਹੈ ਅਤੇ ਮਨੁੱਖ ਨੂੰ ਇਸ ਕੁਦਰਤ ਦੇ ਹੋਰ ਜੀਵ-ਜੰਤੂਆਂ ਵਿੱਚੋਂ ਪਹਿਲੇ ਨੰਬਰ ਤੇ ਲਿਆ ਕੇ ਖੜ੍ਹਾ ਕਰਦਾ ਹੈ। ਭਾਵ ਪਰਮਾਤਮਾ ਵੱਲੋਂ ਬਣਾਈ ਇਸ ਸ੍ਰਿਸ਼ਟੀ ਵਿੱਚ ਕੇਵਲ ਇੱਕ ਮਨੁੱਖ ਹੀ ਹੈ ਜੋ ਬੋਲ ਸਕਦਾ, ਸੁਣ ਸਕਦਾ, ਸਮਝ ਸਕਦਾ ਅਤੇ ਸੋਚ-ਵਿਚਾਰ ਸਕਦਾ ਹੈ। ਮਨੁੱਖ ਸਮਾਜ ਦਾ ਨਿਰਮਾਣ ਤਾਂ ਕਰਦਾ ਹੈ ਪਰ ਸ਼ੁਰੂ ਤੋਂ ਹੀ ਮਨੁੱਖ, ਮਨੁੱਖ ਨਾਲ ਹੀ ਹੀਣ ਭਾਵਨਾ ਰੱਖਦਾ ਆਇਆ ਹੈ।

ਇਸ ਬਾਰੇ ਜੇਕਰ ਅਸੀਂ ਭਿੰਨ-ਭਿੰਨ ਪ੍ਰਾਚੀਨ ਗ੍ਰੰਥਾਂ ਅਤੇ ਧਾਰਮਿਕ ਗ੍ਰੰਥਾਂ ਵਿੱਚ ਦੱਸੀਆਂ ਕਥਾ-ਕਹਾਣੀਆਂ ਪੜ੍ਹ ਲਈਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਸੇ ਨਾ ਕਿਸੇ ਸਮੇਂ ਵੱਖ-ਵੱਖ ਹਾਲਾਤਾਂ ਵਿੱਚ ਮਨੁੱਖ, ਮਨੁੱਖ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਦਿਨ-ਰਾਤ ਕਾਰਜ ਕਰਦਾ ਰਿਹਾ ਹੈ ਅਤੇ ਹੁਣ ਇਹ ਮਨੁੱਖ ਦੀ ਪ੍ਰਵਿਰਤੀ ਹੀ ਬਣ ਗਈ ਹੈ। ਅੱਜ ਦੇ ਸਮੇਂ ਵਿੱਚ ਜੇਕਰ ਵੇਖਿਆ ਜਾਵੇ ਤਾਂ ਵਿਸ਼ਵ ਦੇ ਹਰ ਇੱਕ ਦੇਸ਼, ਰਾਜ, ਸਹਿਰ, ਪਿੰਡ, ਪਰਿਵਾਰ ਦੇ ਹਰ ਇੱਕ ਜੀਅ ਵਿੱਚ ਆਪਣੇ ਆਪ ਨੂੰ ਸਰਵੋਤਮ ਸਿੱਧ ਕਰਨ ਦੀ ਹੋੜ ਲੱਗੀ ਹੋਈ ਹੈ। ਹਰ ਦੇਸ਼ ਆਪਣੇ ਗੁਆਂਢੀ ਦੇਸ਼ ਉੱਤੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ ਅਤੇ ਇਹੋ ਗੱਲ ਮਨੁੱਖ ਤੇ ਵੀ ਢੁਕਦੀ ਹੈ। ਮਨੁੱਖਤਾਂ ( ਔਰਤ-ਮਰਦ) ਦੇ ਮੇਲ ਤੋਂ ਪਰਿਵਾਰ ਬਣਿਆ ਪਰਿਵਾਰ ਤੋਂ ਸਮਾਜ ਅਤੇ ਸਮਜ ਤੋਂ ਸਾਰਾ ਵਿਸ਼ਵ। ਭਾਵ ਇਹ ਸਾਰਾ ਵਿਸ਼ਵ ਹੀ ਇੱਕ ਪ੍ਰਕਾਰ ਨਾਲ ਸਮਾਜ ਹੀ ਹੈ ਜਿਸ ਦੀ ਹੋਂਦ ਮਨੁੱਖ ਨਾਲ ਹੀ ਸੰਭਵ ਹੈ।

ਪਰ ਮੌਜੂਦਾ ਸਮੇਂ ਵਿੱਚ ਇਸ ਵਿਸ਼ਵ ਦੇ ਖਾਸ ਕਰਕੇ ਸਮੁੱਚੇ ਭਾਰਤ ਦੇ ਰਾਜਨੀਤਕ ਲੋਕ ਇਸ ਗੱਲ ਨੂੰ ਸਮਝਣ ਵਿੱਚ ਅਸਮਰਥ ਹੋ ਗਏ ਲੱਗਦੇ ਹਨ ਜਾਂ ਜਾਣਬੁੱਝ ਕੇ ਇਹ ਗੱਲ ਸਮਝਣਾ ਹੀ ਨਹੀਂ ਚਾਹੁੰਦੇ। ਕਿਉਂਕਿ ਸਮਾਜ ਦਾ ਨਿਰਮਾਣ ਕਰਨ ਵਾਲਾ ਇਹ ਮਨੁੱਖ ਇਹਨਾਂ ਰਾਜਨੀਤਕ ਲੋਕਾਂ ਦੀਆਂ ਮਿੱਠੀਆਂ ਚੁਪੜੀਆਂ ਪਰ ਸਿਰੇ ਦੀਆਂ ਝੂੱਠੀਆਂ ਗੱਲਾਂ ਵਿੱਚ ਆ ਕੇ ਇਹਨਾਂ ਨੂੰ ਵੋਟ ਕਰਕੇ ਇਹਨਾਂ ਰਾਜਨੀਤਕ ਲੋਕਾਂ ਦੀਆਂ ਸਰਕਾਰਾਂ ਦਾ ਨਿਰਮਾਣ ਕਰਵਾਉਂਦਾ ਹੈ ਪਰ ਸੱਤਾ ਵਿੱਚ ਆ ਜਾਣ ਤੋਂ ਬਾਅਦ ਇਹ ਰਾਜਨੀਤਕ ਲੋਕ ਹੰਕਾਰ ਜਾਂਦੇ ਹਨ ਅਤੇ ਸਮਾਜ ਦੇ ਨਿਰਮਾਤਾ ਆਮ ਮਨੁੱਖ ਨੂੰ ਇਹ ਸੱਤਾ ਤੇ ਕਾਬਜ਼ ਲੋਕ ਕੀੜੇ-ਮਕੌੜੇ ਸਮਝਣ ਲੱਗ ਜਾਂਦੇ ਹਨ ਅਤੇ ਆਪਣੇ ਮੂੰਹੋਂ ਕੀਤੇ ਵਾਅਦਿਆਂ ਤੋਂ ਹੀ ਮੁਨਕਰ ਹੋ ਜਾਂਦੇ ਹਨ। ਕਹਿਣ ਨੂੰ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਲੋਕ ਆਪਣੀਆਂ ਸਰਕਾਰਾਂ ਆਪ ਚੁਣਦੇ ਹਨ।

ਪਰ ਸਮਾਜ ਦਿਓ ਜਨਮਦਾਤਿਓ!,ਸਿਰਜਣਹਾਰਿਓ! ਮੈਂ ਤੁਹਾਡੇ ਤੋਂ ਹੀ ਪੁੱਛਦਾ ਹਾਂ ਕਿ ਕੀ ਸੱਚਮੁੱਚ ਹੀ ਤੁਸੀਂ ਆਪਣੀਆਂ ਸਰਕਾਰਾਂ ਆਪ ਚੁਣਦੇ ਹੋ? ਕੀ ਤੁਹਾਡੀਆਂ ਵੋਟਾਂ ਰਾਹੀਂ ਚੁਣੀਆਂ, ਬਣੀਆਂ ਅਤੇ ਰਾਜ ਕਰਦੀਆਂ ਸਰਕਾਰਾਂ ਤੁਹਾਡੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਰਹੀਆਂ ਹਨ ? ਕੀ ਸੱਤਾਂ ਵਿੱਚ ਆਉਣ ਤੋਂ ਬਾਅਦ ਕੋਈ ਵੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਸ਼ਤ ਪ੍ਰਤੀਸ਼ਤ ਪੂਰੇ ਕਰ ਰਹੀ ਹੈ? ਮੈਨੂੰ ਪਤਾ ਹੈ ਇਸ ਸਮੇਂ ਤੁਹਾਡਾ ਜਵਾਬ ‘ਨਹੀਂ’ ਦੇ ਵਿੱਚ ਹੋਵੇਗਾ। ਤੁਹਾਡੇ ਅੰਦਰ ਇਸ ਸਮੇਂ ਦੇਸ਼ ਭਗਤੀ ਦੀ ਭਾਵਨਾ ਪੂਰਾ ਤੂਫ਼ਾਨ ਮਚਾ ਰਹੀ ਹੋਵੇਗੀ। ਪਰ ਫਿਰ ਕੁੱਝ ਸਮੇਂ ਬਾਅਦ ਤੁਸੀਂ ਮੁੜ ਆਪਣੀ ਉਸ ਸਥਿਤੀ ਵਿੱਚ ਹੀ ਆ ਜਾਵੋਂਗੇ। ਜਿਹੜੀ ਸਥਿਤੀ ਗੋਰਿਆਂ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਾਲਿਆਂ ਦੀ ਸਰਕਾਰ ਬਣਨ ਵੇਲੇ ਤੁਹਾਡੀ ਸੀ। ਅਤੇ ਜਿਹੜੀ ਸਥਿਤੀ ਪਿਛਲੇ 74 ਸਾਲਾਂ ਤੋਂ ਹਰ ਪੰਜ ਸਾਲ ਬਾਅਦ ਫਿਰ ਤੋਂ ਉਹੀ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਵੱਲੋਂ ਤੁਹਾਡੇ ਅਧਿਕਾਰਾਂ ਉੱਪਰ ਸਿੱਧੇ ਅਸਿੱਧੇ ਰੂਪ ਵਿੱਚ ਬੰਦਿਸ਼ਾਂ ਲਾਉਣ ਵੇਲੇ ਤੁਹਾਡੀ ਹੁੰਦੀ ਹੈ।

ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ ਜਦ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਲਈ ‘ਸੰਵਿਧਾਨ’ ਵਰਗਾ ਇੱਕ ਇਹੋ ਜਿਹਾ ਹਥਿਆਰ ਦੇ ਕੇ ਗਏ ਹਨ ਜਿਸ ਦੀ ਵਰਤੋਂ ਕਰਕੇ ਅਸੀਂ ਇਹਨਾਂ ਸਰਕਾਰਾਂ ਦੇ ਤਖਤੇ ਹਿਲਾ ਸਕਦੇ ਹਾਂ ਪਰ ਅਸੀਂ ਆਪ ਹੀ ਵੰਡੇ ਹੋਏ ਹਾਂ, ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਸੂਬਿਆਂ ਦੇ ਨਾਂ ਤੇ ਅਤੇ ਇੱਥੋਂ ਤੱਕ ਕਿ ਰਾਜਨੀਤਕ ਪਾਰਟੀਆਂ ਦੇ ਵਰਕਰਾਂ ਦੇ ਨਾਂ ਤੇ, ਜਿਸ ਕਰਕੇ ਅਸੀਂ ਆਪ ਹੀ ਆਦੀ ਹੋ ਚੁੱਕੇ ਹਾਂ ਗੁਲਾਮ ਰਹਿਣ ਦੇ, ਇਹਨਾਂ ਨੂੰ ਮਹਾਨ ਬਣਾ ਕੇ ਇਹਨਾਂ ਦੀ ਪੂਜਾ ਕਰਨ ਦੇ ਜਦਕਿ ਕੌਣ ਹਨ ਇਹ ਰਾਜਨੀਤਕ ਲੋਕ? ਸਾਡੇ ਵਿੱਚੋਂ ਹੀ ਉੱਠ ਕੇ ਸਾਡੇ ਵੱਲੋਂ ਹੀ ਵੋਟਾਂ ਪਾ ਕੇ ਸੱਤਾ ਵਿੱਚ ਭੇਜੇ ਉਹ ਮਨੁੱਖ ਜਿਹੜੇ ਸਿਰਫ਼ ਅਤੇ ਸਿਰਫ਼ ਆਪਣੇ ਲਈ ਆਪਣੇ ਪਰਿਵਾਰ ਲਈ ਅਤੇ ਆਪਣੀ ਰਾਜਨੀਤਕ ਪਾਰਟੀ ਲਈ ਹੀ ਸੋਚਦੇ ਹਨ

ਅਸੀਂ ਭੋਲੇ ਭਾਲੇ ਪੜ੍ਹੇ-ਲਿਖੇ ਵੀ ਅਤੇ ਅਨਪੜ੍ਹ ਲੋਕ ਵੀ ਕਈ ਸਾਲਾਂ ਤੋਂ ਸਦੀਆਂ ਤੋਂ ਇਹਨਾਂ ਦੀਆਂ ਕੋਰੀਆਂ ਝੂਠੀਆਂ ਗੱਲਾਂ ਵਿੱਚ ਆ ਕੇ ਇਹਨਾਂ ਨੂੰ ਸਿੰਘਾਸਣ ਤੇ ਬਿਠਾ ਰਹੇ ਹਾਂ ਅਤੇ ਆਪ ਪਾਰਟੀ ਵਰਕਰ ਦੇ ਨਾਂ ਤੇ ਇਹਨਾਂ ਦੇ ਸਿੰਘਾਸਨ ਦੇ ਪਾਵੇ ਬਣੇ ਹੋਏ ਹਾਂ ਜਿਹਨਾਂ ਦੀ ਕੀਮਤ ਇਹਨਾਂ ਰਾਜਨੀਤਕ ਲੋਕਾਂ ਲਈ ਕੋਡੀਆਂ ਦੀ ਵੀ ਨਹੀਂ ਹੈ ਕਿਉਂਕਿ ਅਸੀਂ ਅੱਜ ਤੱਕ ਵੀ ਇਹ ਸਮਝਣ ਤੋਂ ਅਸਮਰਥ ਰਹੇ ਹਾਂ ਕਿ ਇਹ ਲੋਕ ਸਾਨੂੰ ਸਿਰਫ਼ ਤੇ ਸਿਰਫ਼ ਲੋੜ ਪੈਣ ਤੇ ਇੱਕ ਹਥਿਆਰ ਵਾਂਗ ਹੀ ਵਰਤਦੇ ਹਨ ਅਤੇ ਲੋੜ ਪੂਰੀ ਹੋਣ ਤੇ ਇਹ ਸਿੰਘਾਸਨ ਦੇ ਇਹਨਾਂ ਪਾਵਿਆਂ ਨੂੰ ਅਗਨੀ ਭੇਟ ਕਰਕੇ ਸਾਡੇ ਵਿੱਚੋਂ ਹੀ ਨਵੇਂ ਪਾਵਿਆਂ ( ਸਿੰਘਾਸਨ ਦੇ ਪੈਰ ) ਦੀ ਚੋਣ ਕਰ ਲੈਂਦੇ ਹਨ ਤਾਂ ਜੋ ਇਹਨਾਂ ਦੇ ਸਿੰਘਾਸਨ ਹਮੇਸ਼ਾਂ ਮਜਬੂਤ ਰਹਿਣ।

ਅੱਜ ਸਾਡੇ ਦੇਸ਼ ਵਿੱਚ ਰਾਜਨੀਤੀ ਨਹੀਂ ਤਾਨਾਸ਼ਾਹੀ ਚਲ ਰਹੀ ਹੈ ਜਿੱਥੇ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ। ਅੱਜ ਦੇ ਸਮੇਂ ਵਿੱਚ ਸਰਕਾਰ ਦੀਆਂ ਮਾੜੀਆਂ ਅਤੇ ਤਬਾਹਕੁੰਨ ਨੀਤੀਆਂ ਬਾਰੇ ਬੋਲਣਾ ਮਤਲਬ ਦੇਸ਼ ਧ੍ਰੋਹ ਕਰਨ ਦੇ ਸਮਾਨ ਹੈ। ਮੌਜੂਦਾ ਸਮੇਂ ਵਿੱਚ ਆਏ ਦਿਨ ਉਸ ਪਵਿੱਤਰ ਕਿਤਾਬ ‘ਭਾਰਤੀ ਸੰਵਿਧਾਨ’ ਵਿੱਚਲੇ ਇੱਕ-ਇੱਕ ਅੱਖਰ ਦੀਆਂ ਇਹਨਾਂ ਤਾਨਾਸ਼ਾਹੀ ਸਰਕਾਰਾਂ ਵੱਲੋਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਇਹ ਸਰਕਾਰਾਂ ਅਤੇ ਰਾਜਨੀਤਕ ਲੋਕ ਸਿਰਫ਼ ਆਪਣੇ ਫ਼ਾਇਦੇ ਲਈ ਇਸ ਵਿੱਚ ਲਗਾਤਾਰ ਬਦਲਾਅ ਕਰ ਰਹੇ ਹਨ ਅਤੇ ਆਮ ਲੋਕਾਂ ਨਾਲ ਸਬੰਧਤ ਕਾਨੂੰਨਾਂ ਨੂੰ ਲਗਾਤਾਰ ਖ਼ਤਮ ਕਰ ਰਹੇ ਹਨ। ਇਹ ਕਦੋਂ ਤੀਕ ਚਲਦਾ ਰਹੇਗਾ? ਕੀ ਇਹ ਸਭ ਇਸ ਸ੍ਰਿਸ਼ਟੀ ਦੇ ਖ਼ਤਮ ਹੋਣ ਤੱਕ ਇਸੇ ਤਰ੍ਹਾਂ ਚਲਦਾ ਰਹੇਗਾ? ਅਸੀਂ, ਤੁਸੀਂ ਅਤੇ ਆਪਾਂ, ਸਾਰੇ ਨਹੀਂ ਪਰ ਬਹੁਤੇ ਇਸ ਬਾਰੇ ਕਦੇ ਨਾ ਕਦੇ ਜ਼ਰੂਰ ਸੋਚਦੇ ਤਾਂ ਹੋਵੋਗੇ। ਪੰਜ ਸਾਲ ਇੱਕ ਸਰਕਾਰ ਰਾਜ ਕਰਦੀ ਹੈ। ਮੈਨੂੰ ਨਿਜੀ ਤੌਰ ਤੇ ਇਸ ‘ਰਾਜ’ ਸ਼ਬਦ ਤੇ ਵੀ ਇਤਰਾਜ਼ ਹੈ।

ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਾਰਾ ਕਰੈਡਿਟ ਆਪ ਲੈਣ ਵਾਲੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਜਦੋਂ ਚੁਨਾਵੀ ਰੈਲੀਆਂ ਵਿੱਚ ਇਹ ਕਹੇ ਸੁਣੇ ਜਾਂਦੇ ਹਨ ਕਿ ਸਾਡੀ ਪਾਰਟੀ ਦਾ ਰਾਜ ਆਉਣ ਤੇ ਅਸੀਂ ਇਹ ਕਰ ਦਵਾਂਗੇ, ਉਹ ਕਰ ਲਵਾਂਗੇ, ਤਾਂ ਲੱਖਾਂ ਕੁਰਬਾਨੀਆਂ ਤੋਂ ਬਾਅਦ 15 ਅਗਸਤ 1947 ਵਿੱਚ ਮਿਲੀ ਆਜ਼ਾਦੀ ਮੈਨੂੰ ਕੋਰਾ ਝੂਠ ਲੱਗਣ ਲੱਗ ਜਾਂਦੀ ਹੈ। ਇੱਕ ਪਾਸੇ ਇਹ ਰਾਜਨੀਤਕ ਪਾਰਟੀਆਂ ਦੇਸ਼ ਆਜ਼ਾਦ ਕਰਵਾਉਣ ਦਾ ਸਿਹਰਾ ਆਪਣੇ ਸਿਰ ਲੈ ਕੇ ਸਾਨੂੰ ਗੁਲਾਮੀ ਤੋਂ ਮੁਕਤ ਕਰਨ ਦੀਆਂ ਗੱਲਾਂ ਕਰਦੀਆਂ ਹਨ ਦੂਜੇ ਪਾਸੇ ਆਪ ਹੀ ਸਾਡੇ ਤੇ ਰਾਜ ਕਰਨ ਦੀਆਂ ਗੱਲਾਂ ਕਰਦੀਆਂ ਹਨ। ਪਰ ਸਾਡੇ ਵਿੱਚੋਂ ਬਹੁਤੇ ਫਿਰ ਇਹਨਾਂ ਰਾਜਨੀਤਕ ਪਾਰਟੀਆਂ ਦੀਆਂ ਗੱਲਾਂ ਬਾਰੇ ਸੋਚਦੇ ਕਿਓਂ ਨਹੀਂ।

ਇਹ ਹੰਕਾਰੇ ਰਾਜਨੀਤਕ ਲੋਕਾਂ ਦਾ ਬਦਲ ਸਿਰਫ਼ ਇੱਕੋ ਇਕ ਇਹ ਹੈ ਕਿ ਇਸ ਸਮਾਜ ਦਾ ਨਿਰਮਾਤਾ ਇਮਾਨਦਾਰ ਮਨੁੱਖ ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਆਪਣਾ ਕੰਮ ਕਰੇ ਅਤੇ ਇਸ ਰਾਜਨੀਤੀ ਨੂੰ ਆਮ ਲੋਕਾਂ ਦੇ ਭਲੇ ਲਈ ਵਰਤੇ ਅਤੇ ਇਸ ਭ੍ਰਿਸ਼ਟਾਚਾਰੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਸਿਰਫ਼ ਪ੍ਰਣ ਲੈਣ ਤੱਕ ਹੀ ਸੀਮਤ ਨਾ ਰਹੇ ਬਲਕਿ ਇਸ ਨੂੰ ਆਪਣਾ ਪਰਮ ਅਗੇਤ ਫਰਜ਼ ਸਮਝ ਕੇ ਆਪਣੀ ਸੇਵਾ ਨਿਭਾਵੇ।

ਮੌਜੂਦਾ ਸਮੇਂ ਵਿੱਚ ਸਾਨੂੰ ਉਹ ਸਰਕਾਰ ਚਾਹੀਦੀ ਹੈ ਜਿਸ ਦਾ ਮਕਸਦ ਸਿਰਫ਼ ਗੱਲਾਂ ਵਿੱਚ ਹੀ ‘ਰਾਜ ਨਹੀਂ ਸੇਵਾ’ ਕਰਨਾ ਨਾ ਹੋਵੇ ਸਗੋਂ ਸਹੀ ਮਾਅਨਿਆਂ ਵਿੱਚ ਉਹ ਆਪਣੇ ਇਹਨਾਂ ਬੋਲਾਂ ਨੂੰ ਪੁਗਾਵੇ ਅਤੇ ਜਿਹੜੀ ਸ਼ਤ ਪ੍ਰਤੀਸ਼ਤ ਲੋਕਾਂ ਦੁਆਰਾ ਚੁਣੀ ਗਈ ਹੋਵੇ, ਲੋਕਾਂ ਲਈ ਹੀ ਕੰਮ ਕਰੇ ਅਤੇ ਭਾਰਤ ਦੀਆਂ ਜੜ੍ਹਾਂ ਵਿੱਚ ਘਰ ਕਰੀ ਬੈਠੇ ਦਲਦਲ ਰੂਪੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਬਿਨਾਂ ਭੇਦ-ਭਾਵ ਤੋਂ ਕਾਰਜ ਕਰੇ।

ਇਸ ਸਭ ਲਈ ਸਭ ਤੋਂ ਪਹਿਲਾਂ ਸਮਾਜ ਦੇ ਰਚਨਾਕਾਰ ਇਸ ਮਨੁੱਖ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਪੂਰਾ ਗਿਆਨ ਹੋਣਾ ਜ਼ਰੂਰੀ ਹੈ। ਜਦੋਂ ਸਮਾਜ ਦਾ ਨਿਰਮਾਤਾ ਮਨੁੱਖ ਦੂਜੇ ਮਨੁੱਖ ਨਾਲ ਹੀਣਤਾ ਦੇ ਭਾਵ ਰੱਖਣੇ ਬੰਦ ਕਰ ਦੇਵੇਗਾ, ਉਹ ਦਿਨ ਸਹੀ ਮਾਇਨਿਆਂ ਵਿੱਚ ਆਜ਼ਾਦੀ ਦਿਵਸ ਹੋਵੇਗਾ। ਉਸ ਦਿਨ ਸਮਾਜ ਦੇ ਰਚਨਾਕਾਰ ਮਨੁੱਖ ਲਈ ਰਾਜਨੀਤੀ ਕੇਵਲ ਸੱਤਾ ਪ੍ਰਾਪਤੀ ਦਾ ਨਸ਼ਾ ਨਾ ਰਹਿ ਕੇ ਸਿਰਫ਼ ਅਤੇ ਸਿਰਫ਼ ਸਹੀ ਅਤੇ ਸਾਫ਼ ਸੁਥਰੇ ਸਮਾਜ ਦੀ ਨੀਂਹ ਰੱਖਣ ਵੱਲ ਪਹਿਲਾ ਕਦਮ ਹੋਵੇਗਾ।

ਚਰਨਜੀਤ ਸਿੰਘ ਰਾਜੌਰ
8427929558

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤੀ ਸੋਮਿਆਂ ਨਾਲ ਖਿਲਵਾੜ !
Next articleਦਰਬਾਰ ਹਜ਼ਰਤ ਪੀਰ ਆਸਾ ਰੂੜਾ ਦੇ ਅਸਥਾਨ ’ਤੇ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ