ਹਾਲਾਤ-ਸਾਜ਼ੀ ਤੇ ਮਨੁੱਖ

ਯਾਦਵਿੰਦਰ

(ਸਮਾਜ ਵੀਕਲੀ)

ਮਨੁੱਖੀ ਸੱਭਿਅਤਾ, ਆਪਣੇ ਸਮੁੱਚੇ ਅਰਥਾਂ ਵਿਚ ਸੱਭਿਅਤਾ ਤਾਂ (ਹੀ) ਅਖਵਾ ਸਕੇਗੀ, ਜੇ, ਅਸੀਂ ਨਿੱਤ ਦੀ ਜੀਵਨ ਕਿਰਿਆ ਨੂੰ ਮੁੱਢ ਤੋਂ ਹੁਣ ਤਕ ਬਰੀਕਬੀਨੀ ਨਾਲ ਵੇਖ ਸਕਾਂਗੇ। ਇਹ ਸ਼ਊਰ (ਆਮ ਬੋਲਚਾਲ ਵਿਚ ਸ਼ਹੂਰਾ) ਹੋਣਾ ਲਾਜ਼ਮੀ ਸ਼ਰਤ ਹੈ।
ਮਨ ਦੀ ਅੱਖ ਜ਼ਰੀਏ ਚਲੰਤ ਵਰਤਾਰੇ ਤੋਂ ਇਲਾਵਾ ਹੋਏ/ਬੀਤੇ ਨੂੰ ਵੇਖ ਸਕਣ ਦੀ ਸਮਰੱਥਾ ਹੀ ਬੰਦੇ ਨੂੰ ਮਨੁੱਖ ਦੇ ਦਰਜੇ ਤਕ ਲੈ ਜਾਂਦੀ ਐ। ਮਨੁੱਖ, ਯਾਅਨੀ ਮਨਨ ਕਰ ਸਕਣ ਵਾਲਾ।
***

ਧਰਤੀ ਉੱਤੇ ਸਾਰੀ ਮਹਿਮਾ, ਸਮੁੱਚੀ ਤਾਰੀਫ਼ ਦਰਅਸਲ, ਮਨੁੱਖ ਦੀ (ਹੀ) ਹੈ। ਆਓ, ਕਲਪਨਾ ਕਰਦੇ ਹਾਂ… ਰਤਾ ਸੋਚਾਂ ਦੇ ਘੋੜੇ ਦੁੜਾ ਕੇ ਦੇਖਦੇ ਹਾਂ। ਜਦੋਂ, ਕਦੀਮੀ ਮਨੁੱਖ ਨੇ ਅੱਗ ਬਾਲਨ ਦੀ ਕਾਢ ਕੱਢ ਲਈ। ਫੇਰ, ਬਾਲਣ ਨੂੰ ਬਾਲਨ ਦਾ ਖ਼ਿਆਲ ਆਇਆ। ਉਦੋਂ, ਜ਼ਿੰਦਗੀ ਵਿਚ ਕਿੰਨਾ ਇੰਕ਼ਲਾਬ ਆ ਗਿਆ ਹੋਵੇਗਾ। ਜੰਗਲੀ ਜਾਨਵਰਾਂ ਨਾਲ ਮੁਕਾਬਲਾ ਕਰਨ ਲਈ ਬੇਸ਼ਕ਼, ਮਨੁੱਖ ਨੇ, ਕਈ ਹਥਿਆਰ ਬਣਾ ਕੇ ਚੋਖੇ ਵਿਕਸਤ ਕਰ ਲਏ ਸਨ ਪਰ ਅੱਗ ਦੀ ਲਾਟ ਹੱਥ ਵਿਚ ਆਉਣ ਮਗਰੋਂ ਉਹ ਹੋਰ ਤਗੜਾ ਹੋ ਗਿਆ। ਅੱਗ ਦੀ ਖੋਜ ਨੇ ਮਨੁੱਖ ਨੂੰ ਹੋਰ ਤਾਕ਼ਤਵਰ, ਜ਼ੋਰਾਵਰ ਬਣਾ ਦਿੱਤਾ ਸੀ ਪਰ ਮਨੁੱਖ ਦੇ ਦੁਸ਼ਮਣਾਂ ਲਈ, ਅੱਗ, ਯੱਬ ਸਾਬਤ ਹੋਈ ਸੀ। ਜੰਗਲੀ ਜਾਨਵਰਾਂ ਨੂੰ ਨੇਜ਼ੇ ਤੇ ਹੋਰ ਤਿੱਖੇ ਹਥਿਆਰਾਂ ਨਾਲ ਵਿੰਨ੍ਹ ਕੇ ਖਾਣ ਤੇ ਮਾਸ ਦੀ ਲਜ਼ਤ ਮਾਣਣ ਦਾ ਤੋਰਾ ਵੀ ਉਦੋਂ ਕੁ ਹੀ ਤੁਰਿਆ ਸੀ। ਅੱਗ ਸਹਾਰੇ ਮਨੁੱਖ ਦੀ ਕਦੀਮੀ ਅਰਾਮਗ਼ਾਹ ਮਤਲਬ ਕਿ ਓਹਦੀ ਗੁਫ਼ਾ ਵਧੇਰੇ ਸੁਰੱਖਿਅਤ ਹੋ ਗਈ ਸੀ।
****

ਇਸੇ ਪ੍ਰਥਾਇ ਜਦੋਂ ਪਹੀਏ ਦੀ ਖੋਜ ਕੀਤੀ ਗਈ ਤਾਂ ਮਨੁੱਖ ਪਹਿਲਾਂ ਦੀ ਨਿਸਬਤ ਹੋਰ ਸੁਖਾਲਾ ਹੋ ਗਿਆ। ਵਾਹੀ ਬੀਜੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੋਇਆ ਸੀ। ਮਨੁੱਖ ਨੂੰ ਇਹ ਫੁਰਨਾ ਫੁਰ ਚੁੱਕਿਆ ਸੀ ਕਿ ਆਪਣਾ (ਇਕ) ਘਰ ਹੋਣਾ ਚਾਹੀਦਾ ਹੈ, ਘਰਵਾਲੀ ਹੋਣੀ ਚਾਹੀਦੀ ਹੈ, ਆਪਣੇ ਬੱਚੇ ਹੋਣੇ ਚਾਹੀਦੇ ਹਨ, ਨਹੀਂ ਤਾਂ ਏਸ ਤੋਂ ਪਹਿਲਾਂ ਦਾ ਦੌਰ ਵਾਹਵਾ ਵੱਖਰਾ ਸੀ। ਉਦੋਂ ਔਰਤਾਂ ਤੇ ਬੰਦਿਆਂ ਦਾ ਵਿਆਹ ਕਰਨ ਦੀ ਘੜ੍ਹਤ ਨਹੀਂ ਘੜ੍ਹੀ ਗਈ ਸੀ। ਏਸ ਲਈ ਕ਼ਬੀਲੇ ਵਿਚ ਹਰ ਔਰਤ ਤੇ ਮਰਦ ਸਬੰਧ ਬਣਾਉਣ ਲਈ ਸੁਤੰਤਰ ਸਨ। ਏਸ ਕ਼ਬੀਲਾਦਾਰੀ ਨੇਮ ਕਾਰਨ ਕਿਸੇ ਦਾ ਵੀ ਕੋਈ ਨਿੱਜੀ ਪਰਵਾਰ ਜਾਂ ਖਾਨਦਾਨ ਨਹੀਂ ਸੀ। … ਪਰ ਜਦੋਂ ਮਨੁੱਖ ਨੇ ਅਸਮਾਨੀਂ ਗੱਜਦੇ ਬੱਦਲਾਂ ਤੋਂ ਡਰ ਕੇ, ਵਾਹੀ ਬੀਜੀ ਖਰਾਬ ਕਰਨ ਵਾਲੇ ਮੀਂਹ ਝੱਖੜਾਂ ਤੋਂ ਸਹਿਮ ਕੇ, ਦਿਓਤੇ ਬਣਾ ਲਏ, ਰੱਬ ਦਾ ਸੰਕਲਪ ਘੜ੍ਹ ਲਿਆ ਤਾਂ ਓਹ ਮਨੋ ਵਿਗਿਆਨਕ ਤੌਰ ਉੱਤੇ ਫ਼ਾਰਗ ਹੋ ਗਿਆ। ਮੇਹਨਤ ਸਾਰੀ ਓਸਦੀ ਤੇ ਬਰਬਾਦੀ ਲਈ ਕੁਦਰਤ ਤੇ ਰੱਬ ਜ਼ਿੰਮੇਵਾਰ!
*****

ਬੇਸ਼ਕ਼, ਮਨੁੱਖ ਨੇ ਅੱਗ, ਪਹੀਆ, ਵਾਹੀ ਬੀਜੀ ਮਤਲਬ ਕਿ ਖੇਤੀ ਦਾ ਨਿਜ਼ਾਮ ਚੋਖਾ ਵਿਕਸਤ ਕਰ ਲਿਆ ਸੀ ਪਰ ਅਸਮਾਨੀਂ ਬਿਜਲੀ, ਮੀਂਹ, ਹਨੇਰੀ, ਮੌਸਮੀ ਪਰਵਰਤਨ, ਰੁੱਤਾਂ ਦੀ ਤਬਦੀਲੀ ਓਹਦੇ ਲਈ ਮਹਾਂ ਰਹੱਸ ਬਣੀ ਰਹੀ। ਫੇਰ, ਜਦੋਂ ਓਹ ਡਰਿਆ ਡਰਿਆ ਰਹਿਣ ਲੱਗਿਆ ਤਾਂ ਓਸ ਨੇ ਜੁੱਟ ਬਣਾਉਣ ਦਾ ਸੁਪਨਾ ਲਿਆ। ਪਰਵਾਰ ਦੀ ਸ਼ਕ਼ਲ ਵਿਚ ਟੱਬਰ ਦੀ ਮੁਢਲੀ ਇਕਾਈ ਬੱਝੀ ਤਾਂ ਸਮਾਜ ਦੇ ਜੁੱਟ ਨੇ ਕਦੀਮੀ ਸ਼ਕ਼ਲ ਅਖ਼ਤਿਆਰ ਕਰ ਲਈ। ਏਸ ਤਰ੍ਹਾਂ ਸਮਾਜ ਦਾ ਖ਼ਿਆਲ ਉਸਰਿਆ ਤੇ ਵਿਕਸਤ ਹੋਣ ਦੇ ਸਫ਼ਰ ਉੱਤੇ ਤੁਰ ਪਿਆ। ਮਨੁੱਖ ਹੁਣ ਤਕ ਟੱਬਰਦਾਰ ਹੋ ਚੁੱਕਿਆ ਸੀ।
*******

ਵਾਹੀ ਬੀਜੀ ਤੋਂ ਅਗਲਾ ਦੌਰ ‘ਵਸਤ ਵਟਾਂਦਰੇ’ ਦਾ ਹੈ। ਜਦੋਂ ਖੇਤਾਂ ਵਿਚ ਕਾਸ਼ਤ ਕਰਨ ਮਗਰੋਂ ਵਾਹੀਕਾਰ ਨੂੰ ਪੈਸੇ ਤਾਂ “ਦਮੜੀ” ਦੇਣ ਲਈ ਪੈਸੇ ਜਾਂ ਨਗਦੀ ਦਾ ਪ੍ਰਬੰਧ ਨਹੀਂ ਸੀ ਹੋ ਸਕਿਆ, ਉਦੋਂ ਤਕ ਵਸਤ ਵਟਾਂਦਰਾ ਯੁੱਗ ਚੱਲਦਾ ਰਿਹਾ। ਹੋਰ ਤਾਂ ਹੋਰ, ਸਾਕਾਚਾਰੀ (ਰਿਸ਼ਤੇਦਾਰੀ) ਵਿਚ ਵਾਰੀ ਵੱਟੇ ਦੇ ਵਿਆਹ ਵੀ ਵਸਤ ਵਟਾਂਦਰਾ ਨਿਜ਼ਾਮ ਦੇ ਮਨੁੱਖੀ ਮਨਾਂ ਉੱਪਰ ਪਏ ਅਸਰ ਦਾ ਪ੍ਰਗਟਾਵਾ ਹਨ। ਮਨੁੱਖੀ ਮਨ, ਅਗਲੇ ਪੜ੍ਹਾਅ ਵਿਚ ਜਾਣ ਲਈ ਕਾਹਲਾ ਰਹਿੰਦਾ ਹੈ। ਦਰਅਸਲ, ਤੱਰਕੀ ਕਰਨ ਲਈ ਮਨੁੱਖ ‘ਮਜਬੂਰ” ਹੈ। ਅਗਾਂਹ ਹੋਰ ਅਗਾਂਹ ਜਾਣਾ ਮਨੁੱਖ ਦੀ ਹੋਣੀ ਹੈ।ਮਨੁੱਖ ਖ਼ੁਦ ਯੁੱਗ ਸਿਰਜਦਾ ਹੈ ਤੇ ਖ਼ੁਦ ਯੁੱਗ ਬਦਲ ਦਿੰਦਾ ਹੈ।
******

ਵਸਤ ਵਟਾਂਦਰੇ ਦੇ ਦੌਰ ਵਿਚ ਲੋਕ, ਜਿਣਸ ਨਾਲ ਜਿਣਸ ਵਟਾਅ ਲੈਂਦੇ ਸਨ। … ਪਰ ਹਰ ਪ੍ਰਣਾਲੀ ਨੁਕਸਦਾਰ ਹੁੰਦੀ ਹੈ, ਮੁਕੰਮਲਤਰੀਨ ਕੁਝ ਵੀ ਨਹੀਂ ਹੁੰਦਾ। ਵਸਤ ਵਟਾਂਦਰੇ ਦੇ ਦੌਰ ਵਿਚ ਹੀ ਦਲਾਲ, ਆੜ੍ਹਤੀ ਪੈਦਾ ਹੋਣੇ ਸ਼ੁਰੂ ਹੋ ਗਏ ਸਨ। ਮਨੁੱਖੀ ਜੀਵਨ ਦੀ ਖ਼ੂਬੀ ਜਾਂ ਮਜਬੂਰੀ ਇਹ ਹੈ ਕਿ ਮਨੁੱਖ, ਹਰ ਪਿਰਤ ਖ਼ੁਦ ਪਾਉਂਦਾ ਹੈ, ਹਰ ਨਿਜ਼ਾਮ ਨੂੰ ਖੁਦ ਵਜੂਦ ਦਿੰਦਾ ਹੈ ਪਰ ਜਦੋਂ ਨਿਜ਼ਾਮ, ਕਾਬਜ਼ ਹੋ ਜਾਂਦਾ ਹੈ ਤਾਂ ਫੇਰ ਯਾਦ ਵੀ ਨਹੀਂ ਰਹਿੰਦਾ ਕਿ ਨਿਜ਼ਾਮ ਕਿਹਨੇ ਸ਼ੁਰੂ ਕੀਤਾ ਸੀ।

ਮਨੁੱਖ ਖ਼ੁਦ ਹਾਲਾਤ ਬਣਾਉਂਦਾ ਹੈ ਪਰ ਦੂਜਿਆਂ ਦਾ ਸਾਥ ਲੈਣਾ ਜ਼ਰੂਰੀ ਹੁੰਦਾ ਹੈ, ਏਸ ਲਈ ਸਾਰੀ ਗੱਲ ਕਦੇ ਵੀ ਨਹੀਂ ਪੁੱਗਦੀ ਹੁੰਦੀ। ਏਸੇ ਲਈ ਨਵੇਂ ਨਿਜ਼ਾਮ ਉੱਸਰਦੇ ਰਹਿੰਦੇ ਹਨ। ਮਨੁੱਖ ਹਰ ਯੁੱਗ ਵਿਚ ਹਾਲਾਤਸਾਜ਼ੀ ਕਰਦਾ ਆਇਆ ਹੈ ਸਿਰਫ ਖਾ ਪੀ ਕੇ ਹਿੜ੍ਹ ਹਿੜ੍ਹ ਕਰਨ ਵਾਲੇ ਹਰ ਯੁੱਗ ਵਿਚ ਗੂੰਗੇ ਦਰਸ਼ਕ ਬਣੇ ਰਹਿੰਦੇ ਹਨ। ਇਕ ਮਿਸਾਲ ਲੈਂਦੇ ਹਾਂ ਕਿ 1947 ਵਿਚ ਭਾਰਤ ਨੂੰ ਰਾਜਨੀਤਕ ਸੁਤੰਤਰਤਾ ਮਿਲਦੀ ਹੈ ਪਰ ਚਲਾਕ ਹਾਕ਼ਮਾਂ ਦੀ ਨੀਚਤਾ ਵੇਖਣ ਵਾਲੀ ਸੀ।ਬਿਨਾਂ ਕਿਸੇ ਪ੍ਰਬੰਧ ਤੋਂ ਲੋਕਾਈ ਦਾ ਤਬਾਦਲਾ ਕੀਤਾ ਗਿਆ ਤੇ ਕਾਤਲ ਹਾਕਮ ਚੁੱਪ ਰਹੇ।

ਲੋਕ, ਬੇਸ਼ਕ਼ ਸਦੀਆਂ ਤੋਂ ਇੱਕੋ, ਪਿੰਡ, ਇੱਕੋ ਕ਼ਸਬੇ ਵਿਚ ਰਹਿੰਦੇ ਸਨ ਪਰ ਲਾ-ਤਲੱਕੀ ਤੇ ਬੇ-ਤਲੱਕੀ ਸਿਖਰਾਂ ਉੱਤੇ ਹੋਣ ਕਾਰਨ ਲੋਕਾਂ ਨੇ ਇਕ ਦੂਜੇ ਦੀਆਂ ਸਭਿਆਚਾਰਕ ਮਨੌਤਾਂ ਨੂੰ ਨਾ ਸਮਝਿਆ ਹੋਣ ਕਾਰਨ ਖ਼ਤਾ ਖਾਧੀ। ਭਰੇ ਭਰੁੰਨੇ ਘਰ, ਚੱਲਦੇ ਕਾਰੋਬਾਰ, ਹਵੇਲੀਆਂ ਛੱਡ ਕੇ ਏਧਰੋਂ ਓਧਰ ਤੇ ਓਧਰੋਂ ਏਧਰ ਆ ਗਏ। … ਪਰ ਜਿਹੜੇ ਹਾਲਾਤਸਾਜ਼ੀ ਕਰ ਸਕਦੇ ਸਨ ਉਨ੍ਹਾਂ ਨੇ 1940 ਵਿਚ ਹੀ ਮਹਿਸੂਸ ਕਰ ਲਿਆ ਸੀ ਕਿ ਫਿਰਕੂ ਪੁਆੜੇ ਜਵਾਨ ਹੋ ਰਹੇ ਹਨ ਏਸ ਲਈ ਉਨ੍ਹਾਂ ਨੇ ਇਕ ਦੂਜੇ ਦਾ ਮਜ਼ਹਬ ਜਾਂ ਧਰਮ ਅਪਣਾਅ ਲਿਆ, ਸਮਝ ਲਿਆ, ਉਹ ਮੁਕਾਬਲਤਨ ਘੱਟ ਖੁਆਰ ਹੋਏ। ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਦੇ ਵੱਡਿਆਂ ਨੇ ਕਦਮ ਕਦਮ ਉੱਤੇ ਹਾਲਾਤਸਾਜ਼ੀ ਕੀਤੀ ਹੈ।

ਏਸ ਲਈ ਸਵੇਰੇ ਉਠਦੇ ਸਾਰ ਜਿਹੜਾ ਮਨੁੱਖ ਵਿਓਂਤ ਨਹੀਂ ਬਣਾਏਗਾ, ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜਾ ਮਨੁੱਖ ਆਉਣ ਵਾਲੇ ਭਲਕ ਲਈ ਤਰਜੀਹਾਂ ਨਹੀਂ ਮਿੱਥੇਗਾ, ਓਹ ਵਪਾਰੀਆਂ, ਸਿਆਸੀ ਬੰਦਿਆਂ ਤੇ ਸਰਕਾਰੀ ਨਿਜ਼ਾਮ ਤੋੰ ਕਦਮ ਕਦਮ ਉੱਤੇ ਮਾਤ ਖਾਏਗਾ। ਸੱਚ ਇਹ ਵੀ ਹੈ ਕਿ ਜੋ ਸੋਚਿਆ ਹੋਵੇ, ਜਿਹਦੇ ਲਈ ਤਿਆਰੀ ਕੀਤੀ ਹੋਈ ਹੋਵੇ, ਉਹ ਵੀ ਕਿਹੜਾ ਸਾਕਾਰ ਹੋ ਜਾਂਦੈ? ਫੇਰ, ਬਿਨਾਂ ਹਾਲਾਤਸਾਜ਼ੀ ਕੀਤਿਆਂ ਕੀ ਪ੍ਰਾਪਤੀ ਹੋ ਸਕੇਗੀ? ਹਾਲਾਤ ਸਿਰਜਕ ਬਣਣਾ ਲਾਜ਼ਮੀ ਜ਼ਰੂਰਤ ਹੁੰਦੀ ਹੈ।

ਸਮਾਜ ਬਨਾਮ ਹਾਲਾਤਸਾਜ਼ੀ ਦੀ ਮਹਿਮਾ
ਸਮਾਜ ਕੀ ਹੈ? ਬਹੁਤ ਸਾਰੇ ਮਨੁੱਖ ਕਹਿੰਦੇ ਨੇ ਕਿ ਸਮਾਜ, ਕਾਲਪਨਕ ਆਦਰਸ਼ ਹੈ ਸਮਾਜ, ਪਰ ਕਿਤੇ ਵੀ ਮੌਜੂਦ ਨਹੀਂ ਹੈ ਸਗੋਂ ਹਰ ਥਾਂ ਮਨੁੱਖ ਮੌਜੂਦ ਹਨ। ਸਮਾਜ ਕਿਸੇ ਥਾਂ ਨਹੀਂ ਹੈ, ਹਰ ਥਾਈਂ ਟੱਬਰ ਹਨ, ਟੱਬਰਾਂ ਦੇ ਜੀਅ ਹਨ ਤੇ ‘ਜੀਅ’ ਮਨੁੱਖ ਹਨ। ਸਾਰੇ ਟੱਬਰਾਂ ਦੇ ਜੁੱਟ ਦਾ ਕਾਲਪਨਕ ਸੰਕਲਪ “ਸਮਾਜ” ਹੈ।

ਸਮਾਜ ਜਿਹਨੂੰ ਅਸੀਂ ਆਸਾਨ ਪੰਜਾਬੀ ਵਿਚ “ਲੋਕ ਚਾਰਾ” ਆਖ ਸਕਦੇ ਹਾਂ, ਏਸ ਲੋਕ ਚਾਰੇ ਵਿਚ ਬਹੁਤ ਸਾਰੇ ਮਨੁੱਖ ਮੌਜੂਦ ਹੁੰਦੇ ਹਨ, ਜਿਹੜੇ ਦੁਹਾਈ ਦਿੰਦੇ ਰਹਿੰਦੇ ਨੇ ਕਿ ਬਹੁਤਾ ਸੋਚਿਆ ਨਾ ਕਰੋ, ਸੋਚਣ ਨਾਲ ਕੁਝ ਨਹੀਂ ਹੁੰਦਾ!!ਆਪਣੇ ਕੀਤਿਆਂ ਕੁਝ ਨਹੀਂ ਹੁੰਦਾ, ਵਗੈਰਾ ਵਗੈਰਾ ਪਰ ਮਨੁੱਖੀ ਖ਼ਮੀਰ ਜਾਂ ਮਨੁੱਖੀ ਖ਼ਾਸਾ ਕੁਝ ਹੋਰ ਹੀ ਹੈ। ਮਨੁੱਖ, ਉਹ ਹੁੰਦਾ ਹੈ ਜਿਹੜਾ ਜ਼ਿੰਦਗੀ ਦੇ ਸੰਘਰਸ਼ੀ ਅਖਾੜੇ ਵਿਚ ਆਖਰੀ ਪਲਾਂ ਤਕ ਦਾਅ ਚੱਲਦਾ ਰਹਿੰਦਾ ਹੈ। ਹਰ ਮਨੁੱਖ ਕੁਦਰਤੀ ਤੌਰ ਉੱਤੇ ਇੰਝ ਕਰਦਾ ਵੀ ਰਹਿੰਦਾ ਹੈ।

ਜ਼ਿੰਦਗੀ ਮਿਲ ਜਾਂਦੀ ਹੈ ਤਾਂ ਜੀਅ ਨੂੰ ਟੱਬਰ ਵਿਚ ਨਿਭਾਅ ਕਰਨਾ ਪੈਂਦਾ ਹੈ। ਟੱਬਰ ਦੇ ਵੱਡੇ ਜਿਹੜੇ ਸਭਿਆਚਾਰ ਤੇ ਜਿਹੜੇ ਧਰਮਚਾਰੇ ਨੂੰ ਮੰਨਦੇ ਹੋਣ, ਓਸ ਰਾਹ ਉੱਤੇ ਚੱਲਣਾ ਪੈਂਦਾ ਹੈ। ਫੇਰ ਜਦੋਂ ਮਨੁੱਖ ਭਾਵ ਕਿ ਬੰਦਾ ਜਾਂ ਜ਼ਨਾਨੀ ਕਾਮੁਕ ਤੌਰ ਉੱਤੇ ਤਿਆਰ ਹੋ ਜਾਂਦੇ ਹਨ, ਉਹ ਨਵੀਂ ਨਸਲ ਨੂੰ ਜੰਮਣ ਦੀ ਸਮਰਥਾ ਮਹਸੂਸ ਕਰਦੇ ਹਨ। ਏਸ ਵਰਤਾਰੇ ਪਿੱਛੇ ਕੁਦਰਤ ਹੁੰਦੀ ਹੈ। ਇਨਸਾਨੀ ਨਸਲਾਂ ਵਿਚ ਵਾਧਾ ਇਵੇਂ ਹੀ ਹੁੰਦਾ ਆਇਆ ਹੈ। ਜੰਮਣ ਤੋਂ ਲੈ ਕੇ ਮਰਨ ਤਕ ਸੱਭੇ ਕੁਝ ਪਰਵਾਰ ਤੇ ਸਮਾਜ (ਲੋਕ ਚਾਰੇ) ਦੇ ਮੁਜਬ ਹੈ। ਇਹੀ ਹਾਲਾਤੀ ਮਜਬੂਰੀ ਹਨ।

ਕਈ ਬੰਦੇ ਜ਼ਨਾਨੀਆਂ ਮਨੁੱਖ ਹੋਣ ਤਕ ਪੁੱਜ ਜਾਂਦੇ ਹਨ, ਓਹ, ਕਵਿਤਾ ਪੜ੍ਹਨ ਲੱਗਦੇ ਹਨ, ਕਈ ਖ਼ੁਦ ਕਵੀ ਜਾਂ ਕਵਿੱਤਰੀ ਬਣ ਜਾਂਦੇ ਹਨ। ਕਈ ਵਾਰਤਕਕਾਰ ਬਣ ਜਾਂਦੇ ਹਨ। ਏਸ ਤਰ੍ਹਾਂ ਦਾ ਮਨੁੱਖ, ਕਦੀਮ ਭਾਵ ਕਿ ਮੁੱਢ ਨਾਲ ਜੁੜ ਜਾਂਦਾ ਹੈ। ਕਦੀਮੀ ਸਿਆਣਪ ਤੋੰ ਲੈ ਕੇ ਚਲੰਤ ਦੌਰ ਦੀ ਸਿਆਣਪ ਨੂੰ ਮਾਣਣ ਤੇ ਅਪਣਾਉਣ ਦਾ ਓਹ ਹਕ਼ਦਾਰ ਹੋ ਜਾਂਦਾ ਹੈ।
*******

ਇਤਿਹਾਸ ਬਨਾਮ ਇਨਸਾਨ
ਏਥੇ ਅਸੀਂ ਬਹੁਤ ਮਜ਼ੇਦਾਰ ਗੱਲ ਕਰਨ ਜਾ ਰਹੇ ਹਾਂ। ਜਿਵੇਂ ਮਨਨ ਕਰ ਸਕਣ ਵਾਲਾ ਹੀ ਸਹੀ ਮਨੁੱਖ ਹੈ, ਤਿਵੇਂ ਹੀ ਜਿਹਦੇ ਅੰਦਰ “ਇੰਸ” ਹੈ ਮਤਲਬ ਕਿ ਸੋਝੀ ਹੈ ਓਹ ਸੋਝੀਵਾਨ ਹੀ ਇਨਸਾਨ ਹੈ। ਇੰਸ ਤੋਂ ਹੀ ਇਨਸਾਨ ਦਾ ਸੰਕਲਪ ਨਿੱਖਰ ਕੇ ਸਾਮ੍ਹਣੇ ਆਉਂਦਾ ਹੈ।
ਇਤਿਹਾਸ ਦਾ ਵੀ ਗੁੱਝਾ ਅਰਥ ਹੈ : ਇਤੀ + ਹਾਸ = “ਇੰਝ ਹੋਇਆ ਸੀ”।

ਸੋ, ਅਸੀਂ ਏਸ ਵਿਚਾਰ ਦੇ ਜ਼ਰੀਏ ਨਾਲ ਏਸ ਮੰਤਕੀ ਟੀਚੇ ਤਕ ਪੁੱਜਦੇ ਹਾਂ ਕਿ ਹੋਏ/ਬੀਤੇ ਦੀ ਦਾਸਤਾਂ ‘ਇਤਿਹਾਸ’ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜ਼ਰੂਰ ਹੈ। ਬਹੁਤ ਸਾਰੇ ਇਹੋ ਜਿਹੇ ਵੀ ਮਿਲ ਪੈਂਦੇ ਹਨ ਜਿਹੜੇ ਆਖਦੇ ਹਨ ਕਿ ਇਤਿਹਾਸ ਕਦੇ ਆਪਣੇ ਆਪ ਨੂੰ ਦੁਹਰਾਉਂਦਾ ਨਹੀਂ ਹੁੰਦਾ। ਫੇਰ, ਆਖ਼ਰੀ ਸੱਚ ਕੀ ਹੈ?

ਇਤਿਹਾਸ ਪੜ੍ਹਾਂਗੇ ਤਾਂ ਗਿਆਨ ਮਿਲਦਾ ਹੈ ਕਿ ਆਖ਼ਰੀ ਸੱਚ ਹੁੰਦਾ ਈ ਨਹੀਂ ਹੈ, ਪਰ, ਹਾਂ, ਅੱਖਰੀ ਸੱਚ ਜ਼ਰੂਰ ਹੁੰਦਾ ਹੈ। ਇਤਿਹਾਸ ਨੂੰ ਕਿੰਨੇ ਲੋਕ ਪੜ੍ਹਦੇ ਹਨ? 2 ਜਾਂ 3 ਫੀਸਦ। ਬਾਕੀ ਨਹੀਂ ਪੜ੍ਹਦੇ, ਸਾਰਿਆਂ ਕੋਲ ਆਪੋ ਆਪਣੇ ਘੜ੍ਹੇ ਘੜਾਏ ਬਹਾਨੇ ਹੁੰਦੇ ਹਨ। ਇਤਿਹਾਸ, ਜਦੋਂ ਕਿਸੇ ਨੇ ਪੜ੍ਹਨਾ ਈ ਨਹੀਂ ਤਾਂ ਕਿਵੇਂ ਪਤਾ ਲੱਗੂ ਕਿ ਇਤਿਹਾਸ ਖ਼ੁਦ ਨੂੰ ਦੁਹਰਾਅ ਰਿਹਾ ਹੈ? ਕਿਵੇਂ ਪਤਾ ਲੱਗੂ ਕਿ ਨਹੀਂ ਦੁਹਰਾਅ ਰਿਹਾ ਇਹ ਤਾਂ ਨਵਾਂ ਨਕੋਰ ਕਾਂਡ ਹੈ!! ਇਤਿਹਾਸ ਤਾਂ ਸੇਧ ਲੈਣ ਲਈ ਹੁੰਦਾ ਹੈ।

ਲਿਖਾਰੀ ਦੀ ਕ਼ਲਮ ਕਿਸੇ ਨਾ ਕਿਸੇ ਧੜੇ ਜਾਂ ਖ਼ਾਸ ਵਿਚਾਰਧਾਰਾ ਨਾਲ ਬੱਝੀ ਹੋਈ ਹੁੰਦੀ ਹੈ, ਏਸ ਲਈ ਪੜ੍ਹਨਹਾਰ ਕੋਲ ਸੋਝੀ ਹੋਣੀ ਚਾਹੀਦੀ ਹੈ ਕਿ ਉਹ ਨਿਤਾਰਾ ਕਰ ਸਕਦਾ ਹੋਵੇ ਕਿ ਕਿੱਥੇ ਇਤਿਹਾਸ ਲਿਖਾਰੀ ਨੇ ਸੱਚ ਲਿਖਿਆ ਹੈ ਤੇ ਕਿੱਥੇ ਝਾਉਲ ਮਾਰ ਗਿਆ ਹੈ। ਉਲਾਰ ਇਤਿਹਾਸਕਾਰ ਨਾਵਾਂ ਤੇ ਥਾਵਾਂ ਦਾ ਸਹੀ ਜ਼ਿਕਰ ਕਰ ਕੇ ਘਟਨਾ ਪਿਛਲੇ ਕਾਰਨ, ਗ਼ਲਤ ਲਿਖ ਜਾਂਦੇ ਹਨ। ਏਸ ਲਈ ਸੁਚੇਤ ਪਾਠਕ ਹੀ ਸਹੀ ਇਤਿਹਾਸ ਨੂੰ ਲੱਭ ਸਕਦਾ ਹੁੰਦਾ ਹੈ।
******

ਹਾਲਾਤ ਸਿਰਜਕ ਹੁੰਦੇ ਨੇ ਫ਼ਤਾਹਯਾਬ!
ਹਾਲਾਤ ਦੀ ਸਿਰਜਣਾ ਮਨਨ-ਸ਼ੀਲ ਮਨੁੱਖਾਂ ਨੇ ਕਰਨੀ ਹੁੰਦੀ ਹੈ। ਮਨਨ ਕਰ ਸਕਣ ਦੇ ਸਮਰੱਥ ਇਨਸਾਨ (ਜਿਹਦੇ ਦਿਮਾਗ ਵਿਚ ਇੰਸ ਮੌਜੂਦ ਹੈ) ਨੇ ਹੀ ਹਾਲਾਤ ਸਿਰਜਕ ਬਣਣਾ ਹੁੰਦਾ ਹੈ। ਅਸੀਂ ਕਿੱਥੇ ਪੜ੍ਹਨਾ ਹੈ? ਕਿਹਦੇ ਨਾਲ ਰਿਸ਼ਤਾ ਜੋੜ ਕੇ ਉਹਨੂੰ ਪਤਨੀ ਜਾਂ ਪਤੀ ਬਣਾਉਣਾ ਹੈ? ਕਾਰੋਬਾਰ ਕਿਹੜਾ ਕਰਨਾ ਹੈ। ਰਾਜਨੀਤੀ ਕਿਹੜੀ ਕਿਸਮ ਦੀ ਕਰਨੀ ਹੈ? ਕਰਨੀ ਹੈ ਕਿ ਨਹੀਂ ਕਰਨੀ ਹੈ। ਇਹ ਸਭ ਕੁਝ ਸਾਰਾ ਨਹੀਂ ਤਾਂ ਚੋਖੀ ਹੱਦ ਤਕ ਸਾਡੇ ਵੱਸ ਵਿਚ (ਹੀ) ਹੁੰਦਾ ਹੈ। ਪਲ ਪਲ ਦੌਰਾਨ ਹਾਲਾਤ ਦੀ ਰਚਨਾ ਕਰਦਿਆਂ ਹੋਇਆਂ ਅਸੀਂ ਮਨ ਇੱਛਤ ਨਤੀਜੇ ਨੂੰ ਅੰਸ਼ਕ ਜਾਂ ਭਰਪੂਰ ਮਿਕ਼ਦਾਰ ਵਿਚ ਪੱਲੇ ਪਾਉਂਦੇ ਹਾਂ।

ਏਸ ਬਿਧ ਅਸੀਂ ਪ੍ਰਫੁੱਲਤ ਹੋਣ ਦੇ ਮੁਕਾਮ ਤਕ ਅੱਪੜਦੇ ਹਾਂ। ਯਾਦ ਰੱਖਣਾ ਚਾਹੀਦਾ ਹੈ ਕਿ ਕਾਮਯਾਬੀ ਦਾ ਮਿਆਰ, ਦੂਜੇ ਜਾਂ ਤੀਜੇ ਲੋਕ ਨਹੀਂ ਤਹਿ ਕਰਦੇ ਹੁੰਦੇ, ਅਸੀਂ ਕਾਮਯਾਬ ਜਾਂ ਜਾਂ ਨਾਕਾਮ ਹਾਂ, ਆਪਣੇ ਧੁਰ ਅੰਦਰ, ਅਸੀਂ ਹੀ ਜਾਣਦੇ ਹੁੰਦੇ ਹਾਂ। ਕਾਮਯਾਬੀ, ਮਹਸੂਸੀਅਤ ਦਾ ਆਲਮ ਹੈ, ਨਾਕਾਮੀ ਵੀ ਮਹਸੂਸੀਅਤ ਦਾ ਜਹਾਨ ਹੈ। ਫ਼ਤਾਹ ਹਾਸਿਲ ਕਰਨ ਵਾਲੇ ਜਾਣਦੇ ਹੁੰਦੇ ਹਨ ਕਿ ਏਥੇ ਤਕ ਪੁੱਜਣ ਲਈ ਕੀ ਕੀ ਕੀਤਾ ਗਿਆ ਹੁੰਦਾ ਹੈ।
*******

ਮਨੁੱਖ, ਦੇ ਵੱਡੇ ਜਾਂ ਪੁਰਖੇ ਜੰਗਲਾਂ ਤੋਂ ਬਾਅਦ ਪਿੰਡ, ਫੇਰ ਸ਼ਹਿਰ, ਫੇਰ ਕਸਬੇ, ਫੇਰ ਨਿੱਕੇ ਸ਼ਹਿਰ, ਫੇਰ ਵੱਡੇ ਸ਼ਹਿਰ ਤੇ ਫੇਰ ਹੁਣ ਕੋਸਮੋਪੋਲਿਟਨ ਸ਼ਹਿਰਾਂ ਤਕ ਐਵੇਂ ਈ ਨਹੀਂ ਪੁੱਜੇ ਹਨ, ਹਾਲਾਤਸਾਜ਼ੀ ਤੇ ਘਾਲਣਾ ਦੇ ਸਦਕਾ ‘ਬੰਦ ਦਿਮਾਗ ਬੰਦੇ’ ਜਦੋਂ “ਖੁੱਲ੍ਹੇ ਜ਼ਿਹਨ ਵਾਲੇ ਬਸ਼ਰ” ਬਣੇ ਤਦ ਕਿਤੇ ਓਹ ਏਸ ਮਰਹਲੇ ਤੀਕ ਪੁੱਜ ਸਕੇ ਹਨ। ਹਾਲਾਤਸਾਜ਼ੀ ਜ਼ਿੰਦਾਬਾਦ ਨਾ ਕਹੀਏ ਤਾਂ ਹੋਰ ਕੀ ਅਖਾਂਗੇ?

ਯਾਦਵਿੰਦਰ
ਸੰਪਰਕ : ਸਰੂਪ ਨਗਰ, ਰਾਓਵਾਲੀ, ਜਲੰਧਰ।
+9162336773, 9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article15 ਦੇ ਦਿੱਲੀ ਮੋਰਚੇ ਦੀਆਂ ਤਿਆਰੀਆਂ ਸਬੰਧੀ ਤਿੰਨਾਂ ਜੋਨਾਂ ਵਿਖੇ ਕੀਤੀਆਂ ਗਈਆਂ ਬੈਠਕਾਂ
Next articleਕੈਪਟਨ ਹਰਮਿੰਦਰ ਸਿੰਘ ਦੀ ਰਾਣਾ ਗੁਰਜੀਤ ਸਿੰਘ ਨਾਲ ਹੋਈ ਅਚਾਨਕ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿੱਚ ਛੇੜੀ ਚਰਚਾ