(ਸਮਾਜ ਵੀਕਲੀ)
ਨਾ ਪਾਓ ਮਜ਼੍ਹਬਾਂ ਵਾਲਿਓ ਬਈ ਤੁਸੀਂ ਝੇੜੇ ਮਸਜਿਦ ਮੰਦਰ ਦੇ
ਜੋ ਰੂਹੋਂ ਮੇਰੀ ਨਿਕਲ਼ੇ ਨੇ ਪੜ੍ਹ ਲਿਓ ਅੱਖਰ ਕੁਝ ਅੰਦਰ ਦੇ
ਜੋ ਗੀਤਾ ਦੇ ਵਿਚ ਲਿਖਿਆ ਹੈ ਓਹੋ ਆਖ ਰਹੀ ਕੁਰਆਨ ਏਥੇ
ਸਭ ਮੁਸਲਿਮ,ਹਿੰਦੂ ਇੱਕੋ ਨੇ ਏਸ ਧਰਤੀ ਤੇ ਇਨਸਾਨ ਏਥੇ
ਜਦ ਲਾਲ ਲਹੂ ਵੀ ਇੱਕੋ ਏ ਹੈ ਇੱਕੋ ਜਿਹਾ ਸਰੀਰ ਸਾਡਾ
ਕਿਉਂ ਚੰਦ ਨੋਟਾਂ ਲਈ ਵਿੱਕ ਜਾਂਦਾ ਵਿੱਕ ਜਾਂਦਾ ਫੇਰ ਜ਼ਮੀਰ ਸਾਡਾ
ਕੁਝ ਧਰਮੀ ਭੁੱਖੇ ਚੌਧਰ ਦੇ ਕਿਉਂ ਬਣੇ ਹੋਏ ਨਾਦਾਨ ਏਥੇ
ਸਭ ਹਿੰਦੂ ਮੁਸਲਿਮ ਇੱਕੋ ਨੇ ਏਸ ਧਰਤੀ ਤੇ ਇਨਸਾਨ ਏਥੇ
ਜਿਨਾਂ ਲਈ ਅੱਗਾਂ ਲਾਉਂਦੇ ਹੋ ਓਹਨਾਂ ਦੇ ਮੁੱਖ ਤੇ ਹਾਸੇ ਨੇ
ਕੁਝ ਵਿਕੇ ਹੋਏ ਕਿਰਦਾਰ ਏਥੇ ਏਹ ਥੋਡੇ ਖੂਨ ਦੇ ਪਿਆਸੇ ਨੇ
ਮੈਂ ਸੁਣਿਆ ਜਾਰੀ ਹੁੰਦਾ ਏ ਜਾਂ ਕੁਰਸੀ ਲਈ ਫ਼ਰਮਾਨ ਏਥੇ
ਸਭ ਹਿੰਦੂ ਮੁਸਲਿਮ ਇੱਕੋ ਨੇ ਏਸ ਧਰਤੀ ਤੇ ਇਨਸਾਨ ਏਥੇ
ਕੀ ਮਾੜੇ ਉੱਤੇ ਬੀਤ ਰਹੀ ਨਾ ਤਕੜੇ ਨੂੰ ਪ੍ਰਵਾਹ ਕੋਈ
ਮੇਰੇ ਦੇਸ਼ ਦੇ ਭੋਲਿਓ ਲੋਕੋ ਓਏ ਤੁਸੀਂ ਕੱਢੋ ਐਸਾ ਰਾਹ ਕੋਈ
ਜੇ ਇੱਕਜੁਟ ਹੋਗੇ ਫੇਰ ਧੰਨਿਆਂ ਨਾ ਹੋਣਾ ਕੋਈ ਨੁਕਸਾਨ ਏਥੇ
ਸਭ ਹਿੰਦੂ ਮੁਸਲਿਮ ਇੱਕੋ ਨੇ ਏਸ ਧਰਤੀ ਤੇ ਇਨਸਾਨ ਏਥੇ
ਧੰਨਾ ਧਾਲੀਵਾਲ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly