(ਸਮਾਜ ਵੀਕਲੀ)
ਕਿਹੜਾ ਮਨੁੱਖ ਹੈ ਜਿਹੜਾ ਗਰਮੀ ਦੇ ਇਨ੍ਹਾਂ ਦਿਨਾਂ ਵਿੱਚ ਬਿੰਦ-ਝੱਟ ਸੁੱਖ ਦਾ ਸਾਹ ਲੈਣ ਲਈ ਰੁੱਖ ਦੀ ਸੰਘਣੀ ਛਾਂ ਨਹੀਂ ਲੋਚਦਾ। ਰਾਹੀ-ਪਾਂਧੀ, ਜਿਨ੍ਹਾਂ ਨੂੰ ਸੂਰਜ ਦੀਆਂ ਅੱਗ ਵਰ੍ਹਾਉਂਦੀਆਂ ਕਿਰਨਾਂ ਨੇ ਤਪਾਇਆ ਪਿਆ ਹੁੰਦਾ ਹੈ, ਸੰਘਣੀ ਛਾਂ ਵਾਲ਼ੇ ਰੁੱਖ ਹੇਠ ਬੈਠ ਕੁਦਰਤੀ ਆਨੰਦ ਮਹਿਸੂਸ ਕਰਦਾ ਹੈ ਤੇ ਉਸ ਦੀ ਥਕਾਵਟ ਵਗੈਰਾ ਛੂ-ਮੰਤਰ ਹੋ ਜਾਂਦੀ ਹੈ।
ਵੱਡੀ ਉਮਰ ਵਾਲੇ ਜਾਂ ਕੰਮ-ਕਾਰ ਤੋਂ ਵਿਹਲੇ ਲੋਕ ਪਿੰਡਾਂ ਵਿਚਲੀਆਂ ਜਨਤਕ ਥਾਵਾਂ ‘ਤੇ ਲੱਗੇ ਹੋਏ ਵੱਡ-ਆਕਾਰੀ ਪਿੱਪਲਾਂ, ਬਰੋਟਿਆਂ, ਨਿੰਮਾਂ ਅਤੇ ਟਾਹਲੀਆਂ ਦੀਆਂ ਛਾਵਾਂ ਹੇਠ ਬੈਠ ਤਿੱਖੜ ਦੁਪਹਿਰੇ ਲੰਘਾਉਂਦੇ ਰਹੇ ਹਨ। ਇਸੇ ਤਰ੍ਹਾਂ ਔਰਤਾਂ ਵੀ ਨਿੱਕੇ ਨਿਆਣਿਆਂ ਨੂੰ ਲੈ ਸੱਥਾਂ ਵਿਚਲੇ ਇਨ੍ਹਾਂ ਰੁੱਖਾਂ ਥੱਲੇ ਦੁਪਹਿਰੇ ਲੰਘਾਉਂਦੀਆਂ ਰਹੀਆਂ ਹਨ। ਜਿਹੜਾ ਸੁੱਖ ਇਨ੍ਹਾਂ ਰੁੱਖਾਂ ਥੱਲੇ ਬੈਠ ਮਿਲਦਾ ਹੁੰਦਾ ਸੀ ਉਸ ਦਾ ਬਦਲ ਪੱਖੇ, ਕੂਲਰ ਜਾਂ ਏ. ਸੀ. ਵਗੈਰਾ ਨਹੀਂ ਸੀ ਬਣ ਸਕਦੇ। ਚੰਗੇ-ਭਲੇ ਇਹ ਰੁੱਖ ਪਤਾ ਨਹੀਂ ਕਿਉਂ ਵੱਢ ਦਿੱਤੇ ਗਏ? ਅਨੇਕਾਂ ਪੰਛੀਆਂ ਦੇ ਰੈਣ-ਬਸੇਰੇ ਇਨ੍ਹਾਂ ਰੁੱਖਾਂ ‘ਤੇ ਹੋਇਆ ਕਰਦੇ ਸਨ। ਦੇਵਤਿਆਂ ਦੀ ਤਰ੍ਹਾਂ ਪੂਜਣਯੋਗ ਇਨ੍ਹਾਂ ਰੁੱਖਾਂ ਦਾ ਖੁਰਾ-ਖੋਜ ਮਿਟਾਉਣ ਵਾਲਿਆਂ ਨੇ ਕੁਦਰਤ ਨਾਲ ਰੱਜ ਕੇ ਖਿਲਵਾੜ ਕੀਤਾ ਹੈ। ਰਾਏਕੋਟ ਤੋਂ ਪਿੰਡ ਨੂਰਪੁਰਾ ( ਪੰਜ ਕਿਲੋਮੀਟਰ ) ਤੱਕ ਜਾਣ ਵੇਲੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਵਿਸ਼ਾਲ ਰੁੱਖ ਸੂਰਜ ਦੀਆਂ ਤਪਦੀਆਂ ਕਿਰਨਾਂ ਸੜਕ ਤੱਕ ਨਹੀਂ ਸਨ ਜਾਣ ਦਿੰਦੀਆਂ। ਸੜਕ ਦੇ ਇੱਕ ਪਾਸੇ ਤੋਂ ਦੀ ਲੰਘਦੇ ਰਜਬਾਹੇ ਦੇ ਪਾਣੀ ਦੀ ਸਿੱਲ੍ਹ ਇਨ੍ਹਾਂ ਰੁੱਖਾਂ ਨੂੰ ਮਿਲਦੀ ਰਹਿੰਦੀ ਹੋਣ ਕਾਰਨ ਛਾਂ ਹਮੇਸ਼ਾ ਠੰਡੀ ਰਹਿੰਦੀ ਸੀ ਤੇ ਅਨੇਕਾਂ ਹਾਲੇ-ਪਾਲੀ ਇਨ੍ਹਾਂ ਰੁੱਖਾਂ ਦੀ ਠੰਡੜੀ-ਛਾਂ ਦਾ ਆਨੰਦ ਮਾਣਿਆ ਕਰਦੇ ਸਨ। ਹੁਣ ਰਜਬਾਹਾ ਪੱਕਾ ਬਣਾ ਦਿੱਤਾ ਗਿਆ ਹੈ ਜਿਸ ਕਾਰਨ ਇਨ੍ਹਾਂ ਰੁੱਖਾਂ ਨੂੰ ਲੋੜ ਅਨੁਸਾਰ ਪਾਣੀ ਨਾ ਮਿਲਣ ਕਾਰਨ ਇਹ ਸੁਕਣੇ ਸ਼ੁਰੂ ਹੋ ਗਏ ਹਨ। ਟਾਹਲੀਆਂ ਤੇ ਤੂਤ ਟਾਂਗਰ ਬਣਦੇ ਜਾ ਰਹੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਿਆ ਜਾਣ ਕਾਰਨ ਹੁਣ ਧਰਤੀ ਦੀ ਸਭ ਤੋਂ ਉੱਪਰਲੀ ਤਹਿ ਬੰਜਰ ਬਣ ਚੁੱਕੀ ਹੈ ਜਿਸ ਕਾਰਨ ਇਨ੍ਹਾਂ ਸੈਂਕੜੇ ਸਾਲ ਪੁਰਾਣੇ ਰੁੱਖਾਂ ਦੀ ਹੋਂਦ ਖ਼ਤਰੇ ‘ਚ ਆ ਗਈ ਹੈ।
ਮਕਾਨ ਭਾਵੇਂ ਜਿੰਨੇ ਮਰਜ਼ੀ ਸ਼ਾਨਦਾਰ ਬਣਾਏ ਹੋਣ ਤੇ ਹਰ ਕਮਰੇ ‘ਚ ਏ. ਸੀ. ਹੋਵੇ ਪਰ ਜੋ ਆਨੰਦ ਰੁੱਖ ਦੀ ਛਾਂ ਦਿੰਦੀ ਹੈ-ਉਹ ਏ. ਸੀ. ਨਹੀਂ ਦੇ ਸਕਦਾ। ਰੁੱਖ ਤੇ ਮਨੁੱਖ ਦੀ ਸਾਂਝ ਬਹੁਤ ਪੁਰਾਣੀ ਹੈ। ਰੁੱਖ, ਮਨੁੱਖ ਅੱਗੇ ਹੱਥ ਨਹੀਂ ਅੱਡਦਾ ਸਗੋਂ ਬਿਨਾਂ ਕੁਝ ਲਿਆਂ ਮਨੁੱਖ ਦੀਆਂ ਅਨੇਕਾਂ ਲੋੜਾਂ ਦੀ ਪੂਰਤੀ ਕਰਦਾ ਹੈ ਤੇ ਪੰਛੀਆਂ ਲਈ ਆਸਰਾ ਬਣਦਾ ਹੈ। ਪਦਾਰਥਵਾਦੀ ਸੋਚ ਦੇ ਆਧੁਨਿਕ ਮਨੁੱਖ ਨੇ ਕੁਦਰਤ ਦੇ ਇਸ ਨਾਯਾਬ ਤੋਹਫ਼ੇ ਦੀ ਹੋਂਦ ਖ਼ਤਮ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਅਨੇਕਾਂ ਸੰਸਥਾਵਾਂ ਵੱਲੋਂ ਨਵੇਂ ਬੂਟੇ ਲਗਾਏ ਜਾਂਦੇ ਹਨ ਪਰ ਧਰਤੀ ਦੀ ਉੱਪਰਲੀ ਤਹਿ ਬੰਜਰ ਬਣ ਗਈ ਹੋਣ ਕਾਰਨ ਨਵੇਂ ਬੂਟੇ ਦਿਨਾਂ ਵਿੱਚ ਹੀ ਧੌਣਾ ਸੁੱਟ ਜਾਂਦੇ ਹਨ।
ਰੁੱਖ਼ਾਂ ਦਾ ਖਾਤਮਾ ਸਵਾਰਥੀ-ਮਨੁੱਖਾਂ ਨੇ ਬੜੀ ਬੇਦਰਦੀ ਨਾਲ ਕੀਤਾ ਹੈ ਤੇ ਇਸ ਮਾਮਲੇ ਵਿੱਚ ਨਵੀਂ ਪੀੜ੍ਹੀ ਬਾਰੇ ਦੂਰ-ਅੰਦੇਸੀ ਬਿਲਕੁਲ ਨਹੀਂ ਵਿਖਾਈ। ਰਹਿੰਦੀ-ਖੂੰਹਦੀ ਕਸਰ ਉਹ ਕਿਸਾਨ ਪੂਰੀ ਕਰ ਰਹੇ ਹਨ ਜਿਹੜੇ ਹਰ ਛੇ ਮਹੀਨੇ ਬਾਅਦ ਫਸਲਾਂ ਦੀ ਰਹਿੰਦ-ਖੂੰਹਦ ਉਪਜਾਊ ਖੇਤਾਂ ਵਿੱਚ ਹੀ ਸਾੜ ਰਹੇ ਹਨ। ਹੁਕਮਰਾਨਾਂ ਅਤੇ ਵਾਤਾਵਰਨ ਪ੍ਰੇਮੀਆਂ ਦੀਆਂ ਹਾਲ-ਦੁਹਾਈਆਂ ਦਾ ਇਨ੍ਹਾਂ ਕਿਸਾਨਾਂ ‘ਤੇ ਜ਼ਰਾ ਵੀ ਅਸਰ ਨਹੀਂ ਹੋ ਰਿਹਾ। ਕਣਕ ਕੱਢੀ, ਤੂੜੀ ਬਣਾਈ ਤੇ ਬਾਅਦ ‘ਚ ਖੇਤ ਅੱਗ ਹਵਾਲੇ। ਇਸ ਤੋਂ ਵੱਡਾ ਸਵਾਰਥ-ਪੁਣਾ ਹੋਰ ਕੀ ਹੋ ਸਕਦਾ ਹੈ? ਮੌਕੇ ਦੇ ਹਾਕਮਾਂ ਦੀ ਨਜ਼ਰ ‘ ਵੋਟਾਂ ‘ ‘ਤੇ ਰਹਿੰਦੀ ਹੋਣ ਕਾਰਨ ਸਖ਼ਤੀ ਨਹੀਂ ਹੋ ਰਹੀ। ਬਹੁਤ ਵੱਡੀ ਤ੍ਰਾਸਦੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮਾਮਲੇ ‘ਚ ਚੁੱਪ-ਗੜੁੱਪ ਹਨ।
ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਬਨਾਉਣ ਲਈ ਜ਼ਰੂਰੀ ਹੈ ਕਿ ਰੁੱਖਾਂ ਦੀ ਸੰਭਾਲ ਕੀਤੀ ਜਾਵੇ। ਨਵੇਂ ਬੂਟੇ ਆਉਣ ਵਾਲ਼ੀ ਪੀੜ੍ਹੀ ਨੂੰ ਤਾਂ ਹੀ ਸੁਖ ਦੇਣਗੇ ਜੇ ਉਨ੍ਹਾਂ ਲਈ ਪਾਣੀ ਵਗੈਰਾ ਦੀ ਵਿਵਸਥਾ ਰੱਖੀ ਜਾਵੇਗੀ। ਰੁੱਖ ਮਨੁੱਖ ਲਈ ਬਹੁਤ ਜ਼ਰੂਰੀ ਹਨ ਤੇ ਇਹ ਗੱਲ ਉਨ੍ਹਾਂ ਲੋਕਾਂ ਨੂੰ ਮੰਨ ਲੈਣੀ ਚਾਹੀਦੀ ਹੈ ਜਿਹੜੇ ਰੁੱਖਾਂ ਦੀ ਮਹੱਤਤਾ ਤੋਂ ਅਨਜਾਣ ਹਨ ਤੇ ਜਾਂ ਜਾਣਬੁੱਝ ਕੇ ਅਨਜਾਣ ਬਣੇ ਹੋਏ ਹਨ।
ਰਣਜੀਤ ਸਿੰਘ ਨੂਰਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly