ਕੋਲਕਾਤਾ (ਸਮਾਜ ਵੀਕਲੀ): ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਮੰਗੀ ਗਈ ਜਾਣਕਾਰੀ ਤੁਰੰਤ ਮੁਹੱਈਆ ਕਰਵਾਈ ਜਾਵੇ। ਧਨਖੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸੂਬੇ ਦੀ ਤ੍ਰਿਣਮੂਲ ਕਾਂਗਰਸ ਤੋਂ ਜਿਹੜੀ ਜਾਣਕਾਰੀ ਮੰਗੀ ਗਈ ਸੀ, ਉਹ ਮੁਹੱਈਆ ਨਹੀਂ ਕਰਵਾਈ ਗਈ ਹੈ। ਉਨ੍ਹਾਂ ਨੇ 15 ਫਰਵਰੀ ਨੂੰ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਹਫ਼ਤੇ ਰਾਜ ਭਵਨ ਆ ਕੇ ਰਾਜਪਾਲ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਤਾਂ ਕਿ ‘ਸੰਵਿਧਾਨਕ ਗਤੀਰੋਧ’ ਤੋਂ ਬਚਿਆ ਜਾ ਸਕੇ। ਹਾਲਾਂਕਿ, ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਉਨ੍ਹਾਂ (ਮਮਤਾ ਬੈਨਰਜੀ) ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਰਾਜਪਾਲ ਨੇ ਅੱਜ ਟਵੀਟ ਕਰਕੇ ਕਿਹਾ, ‘‘ਮਾਣਯੋਗ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਹਫ਼ਤੇ ਕਦੇ ਵੀ ਰਾਜ ਭਵਨ ਆ ਕੇ ਉਨ੍ਹਾਂ ਮੁੱਦਿਆਂ ’ਤੇ ਚਰਚਾ ਕਰਨ, ਜਿਨ੍ਹਾਂ ਕਾਰਨ ਸੰਵਿਧਾਨਕ ਗਤੀਰੋਧ ਬਣਿਆ ਹੋਇਆ ਹੈ। ਇਸ ਤੋਂ ਬਚਣ ਲਈ ਅਸੀਂ ਦੋਵਾਂ ਨੇ ਸਹੁੰ ਚੁੱਕੀ ਹੈ।’’ ਉਨ੍ਹਾਂ ਨੇ ਸਾਰੇ ਮੁੱਦਿਆਂ ’ਤੇ ਬੈਨਰਜੀ ਨੂੰ ਤੁਰੰਤ ਜਵਾਬ ਦੇਣ ਦੀ ਅਪੀਲ ਕੀਤੀ ਹੈ। ਧਨਖੜ ਨੇ 15 ਫਰਵਰੀ ਨੂੰ ਮਮਤਾ ਬੈਨਰਜੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਢੁੱਕਵੇਂ ਮੁੱਦਿਆਂ ’ਤੇ ਧਿਆਨ ਦਿਵਾਉਣ ਦੇ ਬਾਵਜੂਦ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly