ਮਰਦ ਪ੍ਰਧਾਨ ਸਮਾਜ

ਮਨਜੀਤ ਕੌਰ ਧੀਮਾਨ
  (ਸਮਾਜ ਵੀਕਲੀ)-ਸਾਡੇ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਗੰਭੀਰ ਬੁਰਾਈ ਇਹ ਹੈ ਕਿ ਏਥੇ ਮਰਦ ਪ੍ਰਧਾਨ ਸਮਾਜ ਦਾ ਚਲਨ ਹੈ। ਵਾਕਈ ਇਹ ਬਹੁਤ ਦੁੱਖ ਦੀ ਗੱਲ ਕਿ ਇਹ ਦੇਸ਼ ਗੁਰੂਆਂ- ਪੀਰਾਂ ਦੀ ਧਰਤੀ ਹੈ। ਇੱਥੇ ਬਹੁਤ ਵੱਡੇ- ਵੱਡੇ ਮੰਦਰ, ਮਸਜਿਦ, ਗੁਰੂਦਵਾਰੇ ਬਣੇ ਹੋਏ ਹਨ। ਇੱਥੇ ਲੋਕ ਆਪਣੇ ਆਪ ਨੂੰ ਬਹੁਤ  ਧਾਰਮਿਕ ਸਮਝਦੇ ਹਨ।ਉਹ ਮੰਦਰ, ਮਸਜਿਦ ਜਾਂ ਗੁਰੂਦਵਾਰੇ ਆਦਿ ਵਿਚ ਜਾ-ਜਾ ਕੇ ਮੱਥੇ ਘਸਾਉਂਦੇ ਰਹਿੰਦੇ ਹਨ। ਪਰ ਇਹ ਗੁਰੂ,ਪੀਰ ਜਾਂ ਧਰਮਿਕ ਸਥਾਨ ਕਹਿੰਦੇ ਕੀ ਹਨ?ਇਸ ਨਾਲ਼ ਕਿਸੇ ਨੂੰ ਕੋਈ ਮਤਲਬ ਨਹੀਂ।ਧਰਮਾਂ ਦੀ ਕੱਟੜਤਾ ਐਨੀ ਵੱਧ ਹੈ ਕਿ ਇਹਨਾਂ ਧਰਮਾਂ ਪਿੱਛੇ ਇੱਕ ਦੂਜੇ ਨੂੰ ਮਾਰ ਵੀ ਦਿੱਤਾ ਜਾਂਦਾ ਹੈ।
ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਲਿਖੀਆਂ ਹੋਈਆਂ ਗੱਲਾਂ ਅਸੀਂ ਪੜ੍ਹਦੇ ਹਾਂ ਪਰ ਮੰਨਦੇ ਨਹੀਂ ਹਾਂ। ਥਾਂ-ਥਾਂ ਔਰਤਾਂ ਤੇ ਜ਼ੁਲਮ ਹੁੰਦੇ ਹਨ, ਜਦਕਿ ਉਹਨਾਂ ਨੇ ਲਿਖਿਆ ਹੈ ਕਿ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”ਵਾਹ ਬਈ ਵਾਹ! ਮੱਥੇ ਟੇਕ ਲਓ, ਇਸ ਤੁੱਕ ਨੂੰ ਰੱਟੇ ਲਾ ਲਓ, ਸ਼ਾਇਦ ਪਾਰ ਉਤਾਰਾ ਹੋ ਹੀ ਜਾਏ।
  ਬੜੇ ਦੁੱਖ ਨਾਲ਼ ਅੱਜ ਇੱਕ ਹੋਰ ਗੱਲ ਵੀ ਕਹਿਣਾ ਚਾਹਾਂਗੀ ਕਿ ਇਸ ਲਈ ਬਹੁਤ ਹੱਦ ਤੱਕ ਜ਼ਿੰਮੇਵਾਰ ਵੀ ਔਰਤਾਂ ਹੀ ਹਨ। ਵੈਸੇ ਤਾਂ ਇਹ ਪੁਰਾਣੀ ਗੱਲ ਹੈ ਕਿ “ਔਰਤ ਹੀ ਔਰਤ ਦੀ ਦੁਸ਼ਮਣ ਹੈ”, ਪਰ ਮੇਰੇ ਖ਼ਿਆਲ ਅਨੁਸਾਰ ਅੱਜ ਦੇ ਸੰਦਰਭ ਵਿੱਚ ਇਹ ਬਦਲ ਜਾਣੀ ਚਾਹੀਦੀ ਸੀ। ਕਿਉਂਕਿ ਸਮਾਜ ਵਿਕਾਸ ਕਰ ਰਿਹਾ ਹੈ ਤਾਂ ਔਰਤਾਂ ਨੂੰ ਵੀ ਵਿਕਾਸ ਕਰਨਾ ਚਾਹੀਦਾ ਹੈ।ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਔਰਤਾਂ ਨੇ ਵਿਕਾਸ ਨਹੀਂ ਕੀਤਾ, ਮੈਂ ਸਿਰਫ਼ ਇਹ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜੋ ਦੂਜੀਆਂ ਔਰਤਾਂ ਲਈ ਕੰਡੇ ਬੀਜਦੀਆਂ ਹਨ।ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ ਪਰ ਇਸ ਸਮਾਜ ਨੂੰ ਮਰਦ ਪ੍ਰਧਾਨ ਕੌਣ ਬਣਾਉਂਦਾ ਹੈ? ਮਰਦ ਤਾਂ ਮਰਦ ਹੈ ਹੀ, ਓਹਨੇ ਤਾਂ ਆਪਣੇ ਆਪ ਨੂੰ ਖ਼ਾਸ ਦੱਸਣਾ ਹੀ ਹੈ ਪਰ ਔਰਤ ਕਿਉਂ ਉਸਨੂੰ ਖ਼ਾਸ ਦਰਜ਼ਾ ਦਿੰਦੀ ਹੈ?
 ਜੀ ਹਾਂ…..! ਕੌੜਾ ਹੈ ਪਰ ਸੱਚ ਹੈ। ਘਰ ਵਿੱਚ ਬੱਚਾ ਪੈਦਾ ਹੁੰਦਾ ਹੈ ਤਾਂ ਮੁੰਡੇ-ਕੁੜੀ ਦੀ ਪਰਖ ਸ਼ੁਰੂ ਹੋ ਜਾਂਦੀ ਹੈ। ਜਨਮ ਦਿਨ ਕੁੜੀਆਂ ਨਹੀਂ ਮਨਾਉਂਦੀਆਂ, ਭਾਂਡੇ ਮਾਂਜਣੇ ਕੁੜੀਆਂ ਦਾ ਕੰਮ ਹੈ, ਬਾਹਰ ਮੁੰਡੇ ਕੁਝ ਵੀ ਕਰ ਸਕਦੇ ਹਨ, ਕਿਸੇ ਵੀ ਵੇਲੇ ਘੁੰਮ ਸਕਦੇ ਹਨ, ਕੁੜੀਆਂ ਨਹੀਂ, ਕੁੜੀਆਂ ਦੇ ਕੱਪੜੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ, ਕੁੜੀਆਂ ਅੱਗੇ ਪੜ੍ਹਨਗੀਆਂ ਕਿ ਨਹੀਂ, ਇਸਦੀ ਇਜ਼ਾਜ਼ਤ ਬਾਪ ਜਾਂ ਭਰਾ ਦੇ ਵੀ ਸਕਦੇ ਨਹੀਂ ਤੇ ਨਹੀਂ ਵੀ, ਮੁੰਡਾ ਪਿਆਰ ਵਿਆਹ ਕਰਵਾ ਸਕਦਾ ਹੈ ਪਰ ਕੁੜੀ ਨੂੰ ਇਸ ਲਈ ਚਰਿਤ੍ਰਹੀਣਤਾ ਦਾ ਦਰਜ਼ਾ ਮਿਲ਼ਦਾ ਹੈ, ਘਰ ਵਿੱਚ ਆਏ- ਗਏ ਕੋਲ਼ ਕੁੜੀਆਂ ਨਹੀਂ ਆਉਣਗੀਆਂ ਤੇ ਨਾ ਹੀ ਬਹੁਤਾ ਬੋਲਣਗੀਆਂ, ਅਖੇ ਚੰਗਾ ਨਹੀਂ ਲੱਗਦਾ, ਕੁੜੀਆਂ ਮਾਪਿਆਂ ਦੀ ਮਰਜ਼ੀ ਨਾਲ਼ ਜਿੱਥੇ ਕਹਿਣਗੇ ਚੁੱਪਚਾਪ ਵਿਆਹ ਕਰਵਾ ਲੈਣਗੀਆਂ, ਅੱਗੇ ਸਹੁਰੇ ਘਰ ਵਿੱਚ ਸਮਝੌਤੇ ਕਰਨੇ ਜ਼ਰੂਰੀ ਹਨ। ਅਕਸਰ ਮਾਵਾਂ ਆਪਣੀ ਉਦਾਹਰਣ ਦਿੰਦੀਆਂ ਹਨ ਕਿ ਅਸੀਂ ਵੀ ਤਾਂ ਕਿੰਨੇ ਸਮਝੋਤੇ ਕੀਤੇ ਹਨ, ਤੁਹਾਨੂੰ ਵੀ ਕਰਨੇ ਪੈਣੇ ਹਨ।ਜੇ ਕਿੱਧਰੇ ਹੱਕ ਲਈ ਬੋਲੀ ਤਾਂ ਤਲਾਕ ਲੈ ਤੇ ਆਪਣੇ ਘਰੇ ਤੁਰਦੀ ਹੋ। ਇਹਤੋਂ ਵੀ ਮਾੜਾ ਜੇ ਘਰਵਾਲ਼ਾ ਮਰ ਜਾਵੇ ਤਾਂ ਕਿਸੇ ਪਾਸੇ ਜੋਗੀ ਵੀ ਨਹੀਂ। ਪੇਕੇ- ਸਹੁਰੇ ਦੋਵੇਂ ਘਰ ਬੇਗਾਨੇ ਹੋ ਜਾਂਦੇ ਹਨ।
         ਤੁਸੀਂ ਕਹੋਗੇ ਕਿ ਇਹ ਤਾਂ ਪੁਰਾਣੀਆਂ ਗੱਲਾਂ ਹਨ। ਪਰ ਨਹੀਂ….. ਇਹ ਸਭ ਹੋ ਰਿਹਾ ਹੈ ਤੇ ਇਸੇ ਸਮਾਜ ਵਿੱਚ ਹੋ ਰਿਹਾ ਹੈ। ਅੱਜ ਪੜ੍ਹ ਲਿਖ ਕੇ ਵੀ ਔਰਤਾਂ ਪਤੀ ਦੀ ਮਾਰ ਦਾ ਸ਼ਿਕਾਰ ਹੋ ਰਹੀਆਂ ਹਨ। ਭਾਵੇਂ ਉਹ ਕਿਸੇ ਵੱਡੇ ਅਹੁਦੇ ਤੇ ਕਿਉਂ ਨਾ ਹੋਣ।ਉਹ ਬੱਸ ਸਮਾਜ ਵਿੱਚ ਆਪਣੀ ਇੱਜ਼ਤ ਤੇ ਆਪਣੀ ਮਿਹਨਤ ਨਾਲ ਤਿਣਕਾ-ਤਿਣਕਾ ਜੋੜ ਕੇ ਬਣਾਇਆ ਘਰ ਨਹੀਂ ਛੱਡਣਾ ਚਾਹੁੰਦੀਆਂ। ਉਹਨਾਂ ਨੂੰ ਪਤਾ ਹੈ ਕਿ ਪਤੀ ਤੋਂ ਬਿਨਾਂ ਉਹਨਾਂ ਦੀ ਪੇਕੇ ਘਰ ਵੀ ਕੋਈ ਇੱਜ਼ਤ ਨਹੀਂ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਇਹ ਸਭ ਸਹਿ ਕੇ ਮਰਦ ਦੀ ਸੋਚ ਤੇ ਝੂਠੇ ਹੰਕਾਰ ਨੂੰ ਬੜਾਵਾ ਦਿੰਦੀਆਂ ਹਨ। ਕਈ ਔਰਤਾ ਬੱਚਿਆਂ ਕਰਕੇ ਸਾਰੀ ਉਮਰ ਦੁੱਖ ਭੁਗਤਦੀਆਂ ਹਨ ਤੇ ਬਾਦ ਵਿੱਚ ਉਹੀ ਬੱਚੇ ਵੀ ਉਹਨਾਂ ਦੀ ਕਦਰ ਨਹੀਂ ਕਰਦੇ। ਅਕਸਰ ਜੇਕਰ ਪਤੀ ਦਾ ਕਿਸੇ ਬਾਹਰ ਵਾਲ਼ੀ ਨਾਲ਼ ਚੱਕਰ ਹੋਵੇ ਤਾਂ ਓਸ ਔਰਤ ਨੂੰ ਰਖੇਲ, ਚੁੜੇਲ ਤੇ ਪਤਾ ਨਹੀਂ ਕੀ-ਕੀ ਕਿਹਾ ਜਾਂਦਾ ਹੈ,ਪਰ ਪਤੀ ਨੂੰ ਕੁਝ ਨਹੀਂ ਕਿਹਾ ਜਾਂਦਾ, ਉਸ ਤੋਂ ਸਿਰਫ਼ ਇਹੀ ਉੱਮੀਦ ਕੀਤੀ ਜਾਂਦੀ ਹੈ ਕਿ ਬਾਹਰ ਵਾਲ਼ੀ ਨੂੰ ਛੱਡ ਦੇਵੇ ਤੇ ਜੇ ਉਹ ਛੱਡ ਦੇਵੇ ਤਾਂ ਓਹਦੀ ਕਿਰਪਾ, ਮਿਹਰਬਾਨੀ ਹੈ ਤੇ ਜੇ ਨਾ ਛੱਡੇ ਤਾਂ ਵੀ ਘਰਵਾਲ਼ੀ ਨੂੰ ਸਮਝੌਤਾ ਕਰਨਾ ਹੀ ਪਵੇਗਾ। ਅਖੇ ਉਸ ਕਲਹਿਣੀ ਨੇ ਮੇਰਾ ਘਰ ਪੱਟਿਆ ਹੈ, ਮੇਰੇ ਬੰਦੇ ਨੂੰ ਪਤਾ ਨਹੀਂ ਕੀ ਖਵਾ ਕੇ ਵੱਸ ਵਿੱਚ ਕਰ ਲਿਆ ਹੈ।
  ਸੋ ਇਹ ਮਰਦ ਪ੍ਰਧਾਨ ਸਮਾਜ ਔਰਤ ਦੀ ਹੀ ਦੇਣ ਹੈ। ਇਸ ਕਰਕੇ ਇਸਨੂੰ ਬਦਲਣਾ ਵੀ ਔਰਤ ਨੂੰ ਹੀ ਪੈਣਾ ਹੈ। ਆਪਣੇ-ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ। ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਬੰਦ ਕਰੋ ਕਿ ਮੇਰਾ ਕੋਈ ਘਰ ਨਹੀਂ ਹੈ। ਸਗੋਂ ਮਾਣ ਨਾਲ਼ ਕਹੋ ਕਿ ਮੇਰੇ ਦੋ-ਦੋ ਘਰ ਹਨ। ਜੇਕਰ ਵਿਆਹ ਤੋਂ ਬਾਅਦ ਭਰਾ ਕਦਰ ਨਹੀਂ ਕਰਦੇ ਤਾਂ ਆਪਣਾ ਹਿੱਸਾ ਮੰਗੋ, ਵੇਖੋ ਫ਼ੇਰ ਪਿੱਸੂ ਪੈਂਦੇ, ਸਹੁਰੇ ਘਰ ਵੀ ਠਾਟ ਨਾਲ਼ ਰਹੋ। ਬੱਚਿਆਂ ਸਾਹਮਣੇ ਹਰ ਵੇਲ਼ੇ ਕਮਜ਼ੋਰ ਵਿਚਾਰੀ ਬਣ ਕੇ ਰਹਿਣਾ ਛੱਡ ਦੇਵੋ। ਬਹੁਤ ਹੋ ਗਏ ਰੋਣੇ-ਧੋਣੇ। ਹੁਣ ਚੰਡੀ ਬਣੋ। ਘਰ ਵਿੱਚ ਧੀ-ਪੁੱਤਰ ਦੀ ਪਾਲਣਾ ਇੰਝ ਕਰੋ ਕਿ ਉਹਨਾਂ ਨੂੰ ਬਰਾਬਰੀ ਦਾ ਅਹਿਸਾਸ ਹੋਵੇ। ਮੁੰਡਿਆਂ ਨੂੰ ਸਿਰ ਤੇ ਬਿਠਾ ਕੇ ਕੁੜੀਆਂ ਨੂੰ ਭਾਂਡੇ ਧੋਣ ਨਾ ਲਾਈ ਰੱਖਿਆ ਕਰੋ।ਜੇ ਕੋਈ ਗ਼ਲਤ ਕਹਿੰਦਾ ਹੈ ਜਾਂ ਕਰਦਾ ਹੈ ਤਾਂ ਓਹਦਾ ਵਿਰੋਧ ਕਰਨਾ ਸ਼ੁਰੂ ਕਰੋ। ਆਪਣੇ ਲਈ ਨਾ ਸਹੀ ਆਪਣੀਆਂ ਧੀਆਂ ਲਈ ਸਹੀ ਉਦਾਹਰਣ ਬਣੋ।ਮੈਂ ਇਹ ਨਹੀਂ ਕਹਿੰਦੀ ਕਿ ਵੱਡਿਆਂ ਮੂਹਰੇ ਬੋਲੋ ਜਾਂ ਉਹਨਾਂ ਦੀ ਇੱਜ਼ਤ ਨਾ ਕਰੋ, ਪਰ ਹਾਂ….. ਆਪਣੀ ਇਜ਼ਤ ਤੇ ਆਪਣੇ ਆਤਮ-ਸਨਮਾਨ ਦਾ ਵੀ ਧਿਆਨ ਰੱਖੋ। ਸਮਾਜ ਵਿੱਚ ਧੀਆਂ ਦੇ ਖ਼ਿਲਾਫ਼ ਹੋ ਰਹੇ ਬੁਰੇ ਕਾਰਨਾਮਿਆਂ ਵਿਰੁੱਧ ਅਵਾਜ਼ ਉਠਾਓ।
             ਸਮਾਜ ਵਿੱਚ ਔਰਤ- ਮਰਦ ਦੀ ਬਰਾਬਰੀ ਜ਼ਰੂਰੀ ਹੈ। ਕਿਉਂਕਿ ਇਹ ਦੋਵੇਂ ਕੁਦਰਤ ਦੇ ਬਣਾਏ ਹੋਏ ਇਨਸਾਨ ਹਨ ਤੇ ਦੋਵੇਂ ਇੱਕ ਦੂਜੇ ਬਿਨਾਂ ਅਧੂਰੇ ਹਨ। ਇੱਕ ਗੱਲ ਹੋਰ ਕਿ ਮਰਦ ਅਕਸਰ ਔਰਤ ਨੂੰ ਘਰੋਂ ਕੱਢ ਦੇਣ ਜਾਂ ਤਲਾਕ ਲੈਣ ਦੀਆਂ ਧਮਕੀਆਂ ਦਿੰਦੇ ਹਨ ਪਰ ਆਮ ਤੌਰ ਤੇ ਇਹ ਫੋਕੀਆਂ ਧਮਕੀਆਂ ਹੀ ਹੁੰਦੀਆਂ ਹਨ। ਅਸਲ ਵਿੱਚ ਔਰਤ ਤਾਂ ਮਰਦ ਤੋਂ ਬਿਨਾਂ ਜੀਵਨ ਬਸਰ ਕਰ ਲੈਂਦੀ ਹੈ ਪਰ ਮਰਦ ਹਮੇਸ਼ਾਂ ਔਰਤ ਤੋਂ ਬਿਨਾਂ ਪਰੇਸ਼ਾਨ ਹੋ ਜਾਂਦੇ ਹਨ। ਇਹ ਅਸਲੀਅਤ ਤਾਂ ਅਸੀਂ ਹਮੇਸ਼ਾਂ ਤੋਂ ਦੇਖਦੇ ਆਏ ਹਾਂ ਕਿ ਵਿਧਵਾ ਮਾਂ ਨੇ ਘਰ ਤੇ ਬਾਹਰ ਦੋਵੇਂ ਸੰਭਾਲ ਕੇ ਬੱਚਿਆਂ ਨੂੰ ਪਾਲ਼ਿਆ ਤੇ ਪੜ੍ਹਾਇਆ ਪਰ ਮਰਦ ਆਪਣੀ ਔਰਤ ਦੇ ਮਰਨ ਤੋਂ ਬਾਅਦ ਅਕਸਰ ਰੋਟੀ ਦਾ ਵਾਸਤਾ ਪਾ ਕੇ ਜਾਂ ਬੱਚਿਆਂ ਦਾ ਵਾਸਤਾ ਪਾ ਕੇ ਦੂਜਾ ਵਿਆਹ ਕਰਵਾ ਲੈਂਦੇ ਹਨ।     
  ਮੈਂ ਮੰਨਦੀ ਹਾਂ ਕਿ ਔਰਤ ਨੂੰ ਕੁਦਰਤ ਨੇ ਸਹਿਣਸ਼ੀਲਤਾ, ਮਮਤਾ, ਮਿਠਾਸ, ਨਿਮਰਤਾ, ਸਾਦਗੀ, ਸੰਤੋਸ਼ ਆਦਿ ਬਹੁਤ ਸਾਰੇ ਗੁਣ ਬਖ਼ਸ਼ੇ ਹਨ ਪਰ ਜਿਸ ਸਮਾਜ ਵਿੱਚ ਉਸ ਨਾਲ਼ ਇਹਨਾਂ ਗੁਣਾਂ ਕਰਕੇ ਅਕਸਰ ਧੱਕਾ ਹੋਵੇ ਤਾਂ ਉਹਦਾ ਬਦਲਣਾ ਜ਼ਰੂਰੀ ਹੈ। ਸਮਾਜ ਵਿੱਚ ਸਮੇਂ-ਸਮੇਂ ਤੇ ਜਾਗ੍ਰਿਤੀ ਆਉਂਦੀ ਹੈ ਤੇ ਬਦਲਾਵ ਵੀ।ਇਸ ਲਈ ਕੁਦਰਤ ਦੇ ਦਿੱਤੇ ਚੰਡੀ ਰੂਪ ਦੇ ਦਰਸ਼ਨ ਵੀ ਕਰਵਾਉਣੇ ਜ਼ਰੂਰੀ ਹਨ। ਜ਼ੁਲਮ ਸਹਿਣਾ ਵੀ ਜ਼ੁਲਮ ਕਰਨ ਦੇ ਬਰਾਬਰ ਹੀ ਹੈ।ਕਾਸ਼ ਕਿ ਮੇਰੀ ਇਸ ਲਿਖ਼ਤ ਦਾ ਅਸਰ ਹੋਵੇ ਤੇ ਹਰ ਔਰਤ ਆਪਣੀ ਅਹਿਮੀਅਤ ਤੇ ਹੋਂਦ ਨੂੰ ਮਹਿਸੂਸ ਕਰਕੇ ਜ਼ੁਲਮ ਦਾ ਟਾਕਰਾ ਡੱਟ ਕੇ ਕਰੇ ਫ਼ੇਰ ਭਾਵੇਂ ਸਮਾਜ ਨੂੰ ਬਦਲਣ ਲਈ ਹਮੇਸ਼ਾਂ ਦੀ ਤਰ੍ਹਾਂ ਸਿਰ ਹੀ ਕਿਉਂ ਨਾ ਦੇਣੇ ਪੈਣ।ਮਰਦਾਂ ਦੇ ਘੁਮੰਡ ਨੂੰ ਵਧਾਉਣ ਦੀ ਥਾਂ ਆਪਣੀ ਬਰਾਬਰੀ ਦਾ ਰੁਤਬਾ ਹਾਸਲ ਕਰੋ। ਜੇ ਨੌਕਰੀ ਦੋਵੇਂ ਕਰਦੇ ਹੋ ਤਾਂ ਘਰ ਦੇ ਕੰਮ ਵੀ ਦੋਵਾਂ ਦੀ ਜ਼ਿੰਮੇਵਾਰੀ ਤੇ ਬੱਚੇ ਵੀ ਦੋਵਾਂ ਦੇ ਜਾਏ ਹਨ ਤਾਂ ਜ਼ਿੰਮੇਵਾਰੀ ਨਿਭਾਉਣ ਦਾ ਜ਼ਿੰਮਾ ‘ਕੱਲੀ ਔਰਤ ਸਿਰ ਕਿਉਂ ਹੋਵੇ?
  ਬੱਚਿਆਂ ਮੂਹਰੇ ਸਹੀ ਉਦਾਹਰਨ ਬਣੋ।ਉਹਨਾਂ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਨਾ ਦਿਖਾਓ। ਹੋ ਸਕੇ ਤਾਂ ਕਦੇ-ਕਦੇ ਆਪਣੇ ਲਈ ਵੀ ਕੁਝ ਵਿਸ਼ੇਸ਼ ਖਾਣਾ ਬਣਾਓ। ਆਪਣੇ ਸ਼ੋਂਕਾਂ ਨੂੰ ਮਾਰੋ ਨਾ, ਸਗੋਂ ਪੂਰੇ ਕਰੋ। ਸਭ ਦੀਆਂ ਸਿਫਾਰਸ਼ਾਂ ਪੂਰੀਆਂ ਕਰਦੇ-ਕਰਦੇ ਖੁਦ ਨੂੰ ਨਾ ਭੁੱਲੋ। ਬੱਚਿਆਂ ਨੂੰ ਵੀ ਅਹਿਸਾਸ ਹੋਵੇ ਖਾਸਕਰ ਕੁੜੀਆਂ ਨੂੰ ਕਿ ਅਸੀਂ ਵੀ ਖ਼ਾਸ ਹਾਂ, ਸਾਡੀ ਵੀ ਕੋਈ ਅਹਿਮੀਅਤ ਹੈ ਘਰ ਵਿੱਚ, ਸਮਾਜ ਵਿੱਚ।ਕੁੜੀਆਂ ਨੂੰ ਸਿਰਫ਼ ਕੰਨ-ਨੱਕ ਵਿੰਨ੍ਹਣੇ ਨਾ ਸਿਖਾਓ, ‘ਕੱਲੀਆਂ ਚੂੜੀਆਂ ਨਾ ਪਹਿਨਾਓ ਸਗੋਂ ਕਰਾਟੇ ਆਦਿ ਵੀ ਸਿਖਾਓ, ਹਿੰਮਤ ਨਾਲ ਆਪਣੀ ਸੁਰੱਖਿਆ ਕਰਨੀ ਸਮਝਾਓ।ਮੁੰਡਿਆਂ ਨੂੰ ਕੁੜੀਆਂ ਨੂੰ ਭੈਣਾਂ ਵਾਂਗ, ਜ਼ਨਾਨੀਆਂ ਨੂੰ ਮਾਵਾਂ ਵਾਂਗ ਤੇ ਬਜ਼ੁਰਗ ਔਰਤ ਨੂੰ ਦਾਦੀ -ਨਾਨੀ ਵਾਂਗ ਇੱਜ਼ਤ ਕਰਨੀ ਸਿਖਾਓ। ਜੇਕਰ ਘਰ ਤੇ ਸਮਾਜ ਵਿੱਚ ਔਰਤ ਆਪਣੀ ਇੱਜ਼ਤ  ਕਰਵਾਏਗੀ ਤਾਂ ਹੀ ਬੱਚਿਆਂ ਨੂੰ ਪਤਾ ਲਗੇਗਾ ਕਿ ਔਰਤਾਂ  ਵੀ ਮਰਦਾਂ ਦੀ ਤਰ੍ਹਾਂ ਇੱਜ਼ਤ ਦੀਆਂ ਹੱਕਦਾਰ ਹਨ। ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ ਸੋ ਇਹਨਾਂ ਦੀਆਂ ਨੀਹਾਂ ਮਜ਼ਬੂਤ ਕਰੋ। ਉੱਮੀਦ ਹੈ ਕਿ ਸਭ ਕੁੜੀਆਂ ਤੇ ਔਰਤਾਂ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਦੀ ਤਾਕਤ ਨੂੰ ਸਮਝ ਕੇ ਆਪਣੇ ਆਪ ਨੂੰ ਮਜ਼ਬੂਤ ਪੇਸ਼ ਆਉਣਗੀਆਂ।ਉਹ ਸਿਰਫ਼ ਮਰਦ ਦੀ ਕਠਪੁਤਲੀ ਬਣ ਕੇ ਨਹੀਂ ਨਚਣਗੀਆਂ ਸਗੋਂ ਵਾਹਿਗੁਰੂ ਜੀ ਦੀ ਦੁਆਰਾ ਬਣਾਈ ਖ਼ਾਸ ਰਚਨਾਂ ਬਣ ਕੇ ਆਪਣੀ ਹਸਤੀ ਨੂੰ ਸਾਬਿਤ ਕਰਨਗੀਆਂ।
 
ਮਨਜੀਤ ਕੌਰ ਧੀਮਾਨ,   
  ਸ਼ੇਰਪੁਰ, ਲੁਧਿਆਣਾ।           
   ਸੰ:9464633059
 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਦਾਂ ਦੀ ਖੁਸ਼ਬੋਈ
Next articleਤਸਵੀਰ ਵਿੱਚ ਯਾਦਾਂ