ਮਰਦ ਪ੍ਰਧਾਨ ਸਮਾਜ

ਹਰਪ੍ਰੀਤ ਕੌਰ 'ਪਾਪੜਾ
(ਸਮਾਜ ਵੀਕਲੀ) ‘ ਮਰਦ ਪ੍ਰਧਾਨ ਸਮਾਜ’ ਵਿਸ਼ੇ ਬਾਰੇ ਹੁਣ ਤੱਕ ਕਿਤਾਬਾਂ ਵਿੱਚ ਹੀ ਪੜਿਆ ਸੀ , ਪਰ ਇਸ ਵਿਸ਼ੇ ਦਾ ਅਸਲ ਮਤਲਬ ਉਦੋਂ ਪਤਾ ਲੱਗਿਆ ਜਦੋਂ ਮੇਰੇ ਨਾਲ ਸਾਰੀ ਘਟਨਾ ਵਾਪਰੀ। ਮਰਦ ਪ੍ਰਧਾਨ ਸਮਾਜ ਔਰਤਾਂ ਲਈ ਉਹ ਮਿੱਠੀ ਜੇਲ੍ਹ ਹੈ, ਜਿੱਥੇ ਉਹਨਾਂ ਨੂੰ ਬਿਨਾਂ ਕੋਈ ਸਜ਼ਾ ਸੁਣਾਏ ਹੀ ਕੈਦ ਕਰਕੇ ਰੱਖਿਆ ਜਾਂਦਾ ਹੈ, ਉਹਨਾਂ ਦੀਆਂ ਆਸਾਂ-ਸੁਪਨਿਆਂ ਨੂੰ ਦਫਨਾਇਆ ਜਾਂਦਾ ਹੈ ਤੇ ਉਹਦੀ ਆਜ਼ਾਦੀ ਨੂੰ ਸੰਗਲ ਪਾ ਕੇ ਜਕੜਿਆ ਜਾਂਦਾ ਹੈ ।
     ਮੇਰੇ ਸ਼ਗਨ ਤੋਂ ਬਾਅਦ ਹੀ ਮੇਰੇ ਪਤੀ ਨੇ ਮੇਰੇ ਉੱਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਮੇਰੇ ਸੋਸ਼ਲ ਮੀਡੀਆ ਚਲਾਉਣ, ਇਧਰ ਉਧਰ ਜਾਣ ਤੇ ਸਲਵਾਰ ਸੂਟ ਤੋਂ ਇਲਾਵਾ ਹੋਰ ਕੱਪੜੇ ਪਾਉਣ ਤੇ ਪਾਬੰਦੀ ਲਗਾਈ। ਮੈਨੂੰ ਲੱਗਿਆ ਉਹ ਮੇਰੀ ਬਹੁਤ ਫਿਕਰ ਕਰਦੇ ਹਨ ਤਾਂ ਹੀ ਮੈਨੂੰ ਰੋਕਦੇ ਹਨ। ਮੈਂ ਵੀ ਹੌਲੀ ਹੌਲੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ।  ਇਹ ਸਿਲਸਿਲਾ ਕਾਫੀ ਚਿਰ ਐਵੇਂ ਹੀ ਚੱਲਦਾ ਰਿਹਾ।
        ਹੁਣ ਵਿਆਹ ਹੋਣ ਤੋਂ ਬਾਅਦ ਮੈਂ ਉਹਨਾਂ ਦੇ ਪਰਿਵਾਰ ਦੇ ਰਹਿਣ ਸਹਿਣ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੀ ਸੀ। ਹੋਲੀ ਹੋਲੀ ਉਹਨਾਂ ਨੇ ਮੇਰੇ ਪੇਕੇ ਘਰ ਮੇਰਾ ਆਉਣਾ ਜਾਣਾ ਬੰਦ ਕਰ ਦਿੱਤਾ, ਉਹ ਮੈਨੂੰ ਕੰਮਾਂ ਵਿੱਚ ਹੀ ਉਲਝਾ ਕੇ ਰੱਖਦੇ।
        ਮੇਰੇ ਸ਼ੌਂਕ ਪੂਰੇ ਕਰਨ ਦਾ ਸੁਪਨਾ ਅਜੇ ਵੀ ਇੱਕ ਸੁਪਨਾ ਹੀ ਸੀ। ਮੈਂ ਸੋਚਦੀ ਹੁੰਦੀ ਸੀ ਕਿ ਜੋ ਸ਼ੌਂਕ ਮੇਰੇ ਗਰੀਬੀ ਕਾਰਨ ਅਧੂਰੇ ਰਹਿ ਗਏ ਹਨ ਉਹ ਮੈਂ ਵਿਆਹ ਤੋਂ ਬਾਅਦ ਹੀ ਪੂਰੇ ਕਰਾਂਗੀ, ਪਰ ਅਜਿਹਾ ਕੁਝ ਵੀ ਨਾ ਹੋਇਆ। ਮੇਰੇ ਸਿਰ ਐਨੀਆਂ ਜਿੰਮੇਵਾਰੀਆਂ ਮੜ ਦਿੱਤੀਆਂ ਗਈਆਂ ਕਿ ਮੈਂ ਸੁਪਨੇ ਵੇਖਣਾ ਵੀ ਭੁੱਲ ਗਈ। ਰੋਜ਼ਾਨਾ ਮੇਰੇ ਪਤੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੁਆਰਾ ਮੈਨੂੰ ਜਲੀਲ ਕੀਤਾ ਜਾਣ ਲੱਗਾ। ਮੇਰਾ ਪਤੀ ਮੈਨੂੰ ਰੋਜ਼ ਗਰੀਬ ਘਰ ਦੀ ਧੀ ਹੋਣ ਕਾਰਨ ਤਾਹਨੇ ਮਿਹਣੇ ਮਾਰਦਾ ਤੇ ਆਪਣੇ ਪੈਸਿਆਂ ਦੀ ਧੌਂਸ ਦਿਖਾਉਂਦਾ, ਪਰ ਮੈਂ ਆਪਣੇ ਘਰਦਿਆਂ ਦੀ ਇੱਜਤ ਕਰਕੇ ਸਭ ਕੁਝ ਸਹਿੰਦੀ ਰਹੀ। ਮੈਂ ਚਾਹ ਕੇ ਵੀ ਉਨਾਂ ਨੂੰ ਸ਼ਿਕਾਇਤ ਨਹੀਂ ਕਰ ਸਕਦੀ ਸੀ, ਕਿਉਂਕਿ ਮੈਂ ਆਪਣੀ ਪਸੰਦ ਦੇ ਪਰਿਵਾਰ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੀ ਇੱਛਾ ਆਪਣੇ ਮਾਂ ਬਾਪ ਸਾਹਮਣੇ ਰੱਖੀ ਸੀ।
         ਮੈਂ ਸੋਚਿਆ ਸੀ ਕਿ ਆਪਣੀ ਰਹਿੰਦੀ ਪੜ੍ਹਾਈ ਮੈਂ ਵਿਆਹ ਤੋਂ ਬਾਅਦ ਪੂਰੀ ਕਰ ਲਵਾਂਗੀ, ਪਰ ਇਹ ਸੁਪਨਾ ਵੀ ਮੈਨੂੰ ਪੂਰਾ ਹੁੰਦਾ ਨਹੀਂ ਸੀ ਜਾਪ ਰਿਹਾ ।
     ਪਹਿਲਾਂ ਤਾਂ ਮੈਂ ਬੜੀ ਮੁਸ਼ਕਿਲ ਨਾਲ ਕਾਲਜ ਜਾਣਾ ਸ਼ੁਰੂ ਕੀਤਾ, ਪਰ ਕੁਝ ਸਮੇਂ ਬਾਅਦ ਮੇਰੇ ਸਹੁਰੇ ਪਰਿਵਾਰ ਦੀਆਂ ਸ਼ਿਕਾਇਤਾਂ ਵਧਦੀਆਂ ਗਈਆਂ। ਮੇਰੇ ਸੋਹਰੇ ਨੇ ਇਤਰਾਜ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮੇਰੇ ਪਤੀ ਨੂੰ ਕਿਹਾ ਕਿ “ਇਹ ਤਾਂ ਸੱਜ ਧੱਜ ਕੇ ਰੋਜ਼ ਹੀ ਕਾਲਜਾਂ ਵਿੱਚ ਧੱਕੇ ਖਾਂਦੀ ਫਿਰਦੀ ਰਹਿੰਦੀ ਹੈ। ਪੜ੍ਹਾਈ ਦਾ ਤਾਂ ਸਿਰਫ ਬਹਾਨਾ ਹੀ ਹੈ,  ਉਝ ਤਾਂ ਉਥੇ ਮੁੰਡਿਆਂ ਨਾਲ ਵਕਤ ਗੁਜ਼ਾਰ ਕੇ ਮੁੜ ਆਉਂਦੀ ਹੈ। ਭਲਾ! ਆਪਣੇ ਘਰ ਦੀਆਂ ਬਾਕੀ ਔਰਤਾਂ ਵੀ ਐਨੀਆਂ ਪੜੀਆਂ ਲਿਖੀਆਂ ਹਨ ? ਘਰੋਂ ਬਾਹਰ ਜਾਂਦੀਆਂ ਹਨ ? ਆਪਣੀ ਸੁਪਨਿਆਂ ਦੀ ਵਹੀ ਸਾਡੇ ਸਾਹਮਣੇ ਧਰੀ ਰੱਖਦੀਆਂ ਹਨ? ਆਖਰ ਨੂੰ ਕੰਮ ਤਾਂ ਇਹਨਾਂ ਦਾ ਨਿਆਣੇ ਜੰਮਣਾ- ਪਾਲਣਾ ਤੇ ਰੋਟੀ-ਪਾਣੀ ਬਣਾਉਣ ਦਾ ਹੀ ਹੈ। ਅੱਜ ਇਨੀ ਹੱਥੋਂ ਨਿਕਲਣ ਦਵੇਂਗਾ ਤਾਂ ਕੱਲ ਨੂੰ ਤੇਰੇ ਸਿਰ ਚ ਮੋਰੀਆਂ ਕਰੇਗੀ। ਅਕਲ ਨੂੰ ਹੱਥ ਮਾਰ ਤੇ ਇਹਨੂੰ ਫਾਲਤੂ ਘਰੋਂ ਬਾਹਰ ਨਿਕਲਣ ਤੇ ਬੋਲਣ ਤੋਂ ਰੋਕ। ਔਰਤਾਂ ਦਾ ਕੰਮ ਨਹੀਂ ਹੁੰਦਾ ਮਰਦਾਂ ਦੇ ਕੰਮਾਂ ਚ ਦਖਲ ਅੰਦਾਜ਼ੀ ਕਰਨ ਦਾ, ਇਹ ਤਾਂ ਮਰਦ ਦੀ ਜੁੱਤੀ ਹੁੰਦੀਆਂ ਹਨ।”
      ਇਸ ਤੋਂ ਇਲਾਵਾ ਘਰ ਦੀਆਂ ਔਰਤਾਂ (ਮੇਰੀ ਸੱਸ ਤੇ ਜੇਠਾਣੀ) ਵੀ ਮੇਰੇ ਨਾਲ ਸ਼ਰੀਕਾ ਕਰਨ ਲੱਗ ਗਈਆਂ। ਉਹਨਾਂ ਤੋਂ ਵੀ ਮੇਰੀ ਆਜ਼ਾਦੀ ਜਰੀ ਨਹੀਂ ਸੀ ਜਾਂਦੀ, ਕਿਉਂਕਿ ਉਹ ਵੀ ਆਦਤ ਤੋਂ ਮਜਬੂਰ ਸਨ, ਉਹ ਵੀ ਤੰਗ ਸੋਚ ਦਾ ਸ਼ਿਕਾਰ ਹੋ ਚੁੱਕੀਆਂ ਸਨ, ਉਹਨਾਂ ਨੇ ਵੀ ਮਰਦਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਮੱਚਦੀ ਤੇ ਤੇਲ ਪਾਉਣ ਦਾ ਕੰਮ ਕੀਤਾ।
         ਅਖੀਰ ਇੱਕ ਦਿਨ ਮੈਂ ਕਾਲਜ ਜਾਣ ਲਈ ਤਿਆਰ ਹੋਈ ਤਾਂ ਮੇਰੇ ਪਤੀ ਨੇ ਮੈਨੂੰ ਜਾਣ ਤੋਂ ਰੋਕਿਆ, ਪਰ ਮੈਂ ਪੜ੍ਹਨ ਦੀ ਜ਼ਿੱਦ ਕੀਤੀ। ਉਹਨੇ ਮੇਰੇ ਚਪੇੜ ਮਾਰੀ ਤੇ ਕਹਿਣ ਲੱਗਾ “ਜੇ ਤੂੰ ਪੜਨਾ ਹੈ ਤਾਂ ਆਪਣੇ ਪਿਉ ਦੇ ਘਰ ਜਾ ਕੇ ਪੜ, ਸਾਨੂੰ ਇਹ ਕੰਜਰਖਾਨਾ ਚੰਗਾ ਨਹੀਂ ਲੱਗਦਾ। ਸਾਡੇ ਘਰ ਵਿੱਚ ਮਰਦ ਦੀ ਚੱਲਦੀ ਹੈ ਤੇ ਔਰਤਾਂ ਉਹਨਾਂ ਦਾ ਕਿਹਾ ਮੰਨਦੀਆਂ ਹਨ। ਤੂੰ ਕਿਸੇ ਰਾਜੇ ਦੀ ਧੀ ਨਹੀਂ ਕਿ ਅਸੀਂ ਤੇਰੀਆਂ ਜਿੱਦਾਂ/ਸੁਪਨੇ ਪੂਰੇ ਕਰੀਏ, ਨੰਗਾਂ ਦੀ ਧੀ ਹੈ ਤੇ ਹੁਣ ਆਪਣੀ ਔਕਾਤ ਤੋਂ ਬਾਹਰ ਦੀਆਂ ਗੱਲਾਂ ਨਾ ਕਰ ਤਾਂ ਚੰਗਾ ਹੈ।”
       ਮੇਰਾ ਪਤੀ ਮੇਰਾ ਹਮਸਫਰ ਤੇ ਰੂਹ ਦਾ ਹਾਣੀ ਹੋਣ ਦੇ ਬਾਵਜੂਦ ਵੀ ਮੇਰੇ ਜਜ਼ਬਾਤਾਂ ਨੂੰ ਨਹੀਂ ਸੀ ਸਮਝ ਰਿਹਾ। ਉਹ ਸਿਰਫ ਆਪਣੇ ਘਰਦਿਆਂ ਦੀ ਹੀ ਮੰਨਦਾ ਸੀ। ਉਹ  ਆਪਣੀ ਜਿੰਦਗੀ ਵਿੱਚ ਮੇਰੀ ਮਹੱਤਤਾ ਨੂੰ ਭੁੱਲ ਗਿਆ ਸੀ ਤੇ ਤੰਗ ਸੋਚ ਦਾ ਸ਼ਿਕਾਰ ਹੋ ਚੁੱਕਿਆ ਸੀ।
          ਘਰ ਦੀਆਂ ਔਰਤਾਂ ਵੀ ਮੇਰੇ ਉਡਾਣ ਦੇ ਖੰਭਾਂ ਨੂੰ ਕੱਟਣ ਵਿੱਚ ਹਿੱਸਾ ਪਾ ਰਹੀਆਂ ਸਨ, ਕਿਉਂਕਿ ਉਹ ਨਹੀਂ ਸੀ ਚਾਹੁੰਦੀਆਂ ਕਿ ਮੈਨੂੰ ਉਹਨਾਂ ਤੋਂ ਵੱਧ ਕੇ ਇੱਜਤ ਮਿਲੇ। ਇਥੇ ਔਰਤਾਂ ਹੀ ਔਰਤ ਦੀਆਂ ਦੁਸ਼ਮਣ ਬਣ ਕੇ ਖਲੋਤੀਆਂ ਸਨ।
        ਹੁਣ ਮੈਂ ਜਾਣ ਗਈ ਸੀ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਸਿਰਫ ਭੋਗ-ਵਿਲਾਸ ਦੀ ਵਸਤੂ ਹੀ ਸਮਝਿਆ ਜਾਂਦਾ ਹੈ। ਇਸ ਤੋਂ ਬਿਨਾਂ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਨੂੰ ਕਦੇ ਵੀ ਸਹੁਰੇ ਪਰਿਵਾਰ ਵੱਲੋਂ ਇੱਜਤ ਸਨਮਾਨ ਨਹੀਂ ਮਿਲਦਾ। ਉਹਨੂੰ ਕਦੇ ਵੀ ਘਰ ਵਿੱਚ ਉਹ ਥਾਂ ਨਹੀਂ ਦਿੱਤੀ ਜਾਂਦੀ, ਜੋ ਪਰਿਵਾਰ ਦੀਆਂ ਦੂਜੀਆਂ ਔਰਤਾਂ ਨੂੰ ਦਿੱਤੀ ਹੁੰਦੀ ਹੈ।
ਹਰਪ੍ਰੀਤ ਕੌਰ ‘ਪਾਪੜਾ ‘
ਜ਼ਿਲ੍ਹਾ- ਸੰਗਰੂਰ 
ਮੋ:8728810853
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬਾਬਲ
Next articleਲੋਕ ਸਭਾ ਚੋਣਾਂ 2024 ਅੰਤਿਮ ਪੜਾਅ ਵਿੱਚ