
(ਸਮਾਜ ਵੀਕਲੀ) ਕਹਾਵਤ ਹੈ ਕਿ “ਸਿਹਤ ਹੈ ਤਾਂ ਸੰਸਾਰ ਹੈ” ਤੇ ਇਹ ਕਹਾਵਤ ਜਦੋਂ ਹਕੀਕਤ ਬਣ ਜਾਵੇ ਤਾਂ ਜੀਵਨ ਸਚਮੁੱਚ ਸੁਖਮਈ ਹੋ ਜਾਂਦਾ ਹੈ। ਜਲੰਧਰ ਦੇ ਰਹਿਣ ਵਾਲੇ 33 ਸਾਲਾਂ ਨੌਜਵਾਨ ਚੰਦਨ ਵਰਮਾ ਇਸ ਗੱਲ ਦੇ ਜੀਵੰਤ ਉਦਾਹਰਨ ਹਨ। ਉਹ ਨਿਰੰਤਰ ਆਪਣੀ ਸਿਹਤ ਨੂੰ ਤਰੋਤਾਜਾ ਰੱਖਣ ਨਾਲ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੇ ਕੰਮ ’ਚ ਜੁਟੇ ਹੋਏ ਹਨ। ਚੰਦਨ ਵਰਮਾ ਨੂੰ ਸਿਹਤ ਦੀ ਮੱਹਤਤਾ ਬਚਪਨ ਤੋਂ ਹੀ ਸਮਝ ਆ ਗਈ ਸੀ। ਇਹ ਸੰਸਕਾਰ ਉਨ੍ਹਾਂ ਨੂੰ ਆਪਣੇ ਪਿਤਾ ਰਾਮ ਸਰੂਪ ਵਰਮਾ ਕੋਲੋਂ ਵਿਰਾਸਤ ਵਜੋਂ ਮਿਲੇ। ਉਨ੍ਹਾਂ ਦੇ ਪਿਤਾ ਜੀ ਅਕਸਰ ਅਖਾੜੇ ਜਾਂਦੇ ਸਨ ਅਤੇ ਤੰਦਰੁਸਤੀ ਨੂੰ ਜੀਵਨ ਦੀ ਪਹਿਲੀ ਜ਼ਰੂਰਤ ਮੰਨਦੇ ਸਨ। ਇਹੀ ਰੂਚੀ ਚੰਦਨ ਦੇ ਜੀਵਨ ਦਾ ਹਿੱਸਾ ਵੀ ਬਣ ਗਈ। ਪੇਸ਼ੇ ਤੋਂ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦੇ ਹੋਏ ਅਤੇ ਨਸ਼ੇ-ਪੱਤੇ ਤੋਂ ਰਹਿਤ ਚੰਦਨ ਨੇ ਕਦੇ ਵੀ ਆਪਣੀ ਸਿਹਤ ਨਾਲ ਸਮਝੌਤਾ ਨਹੀਂ ਕੀਤਾ। ਉਹ ਲਗਭਗ 16 ਸਾਲਾਂ ਤੋਂ ਨਿਯਮਤ ਤੌਰ ‘ਤੇ ਜਿਮ ਕਰ ਰਹੇ ਹਨ। ਜਦੋਂ ਕੋਵਿਡ ਮਹਾਮਾਰੀ ਆਈ ਅਤੇ ਜਿਮ ਬੰਦ ਹੋਏ ਤਾਂ ਚੰਦਨ ਨੇ ਫੇਰ ਵੀ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੇ ਆਪਣਾ ਸਾਰਾ ਵਰਕਆਉਟ ਸਮਾਨ ਘਰ ਲਿਆ ਆਪਣਾ ਨਿੱਜੀ ਹੋਮ ਜਿਮ ਤਿਆਰ ਕਰ ਲਿਆ। ਇਹੀ ਨਹੀਂ, ਉਨ੍ਹਾਂ ਨੇ ਆਪਣੇ ਆਸ-ਪਾਸ ਦੇ ਨੌਜਵਾਨਾਂ ਨੂੰ ਵੀ ਉਥੇ ਆ ਕੇ ਵਰਕਆਉਟ ਕਰਨ ਲਈ ਪ੍ਰੇਰਿਤ ਕੀਤਾ। ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਚੰਦਨ ਵਰਮਾ ਸਿਰਫ ਆਪਣੀ ਤੰਦਰੁਸਤ ਜ਼ਿੰਦਗ਼ੀ ਜਿਉਣ ਦੇ ਤਰੀਕੇ ਤੱਕ ਸੀਮਤ ਨਹੀਂ ਰਹੇ, ਸਗੋਂ ਉਹ ਸਮਾਜ ਸੇਵਾ ਦੇ ਰੂਪ ਵਿੱਚ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਯਕੀਨ ਰੱਖਦੇ ਹਨ। ਉਹ ਖਾਣ-ਪੀਣ ਅਤੇ ਵਰਕਆਉਟ ਸੰਬੰਧੀ ਮਸ਼ਵਰੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਲਾਭ ਦੀ ਇੱਛਾ ਤੋਂ ਦੇ ਰਹੇ ਹਨ। ਉਹ ਕਹਿੰਦੇ ਹਨ ਕਿ ਜੇ ਕਿਸੇ ਦੇ ਵੀ ਆਪਣੀ ਸਿਹਤ ਨੂੰ ਲੈ ਕੇ ਕੋਈ ਸਵਾਲ ਮਨ ‘ਚ ਹੋਵੇ, ਤਾਂ ਉਹ ਬਿਨਾਂ ਕਿਸੇ ਸੰਕੋਚ ਤੋਂ ਮੇਰੇ ਨਾਲ 7009398269 ‘ਤੇ ਸੰਪਰਕ ਕਰ ਸਕਦਾ ਹੈ। ਵਿਆਹੁਤਾ ਜ਼ਿੰਦਗੀ ਹੋਣ ਦੇ ਨਾਲ – ਨਾਲ ਇਕ ਬੱਚੀ ਦੇ ਪਿਤਾ ਚੰਦਨ ਵਰਮਾ ਦੀ ਕਹਾਣੀ ਸਾਨੂੰ ਇਹ ਸਿੱਖਾਉਂਦੀ ਹੈ ਕਿ ਸਿਹਤ ਸੰਭਾਲਣਾ ਸਿਰਫ ਨਿੱਜੀ ਲਾਭ ਹੀ ਨਹੀਂ, ਸਗੋਂ ਸਮਾਜ ਲਈ ਵੀ ਇੱਕ ਜ਼ਿੰਮੇਵਾਰੀ ਹੈ ਅਤੇ ਇਸੇ ਤਰ੍ਹਾਂ ਦੇ ਜੁਆਨ ਜਦੋਂ ਅੱਗੇ ਆਉਂਦੇ ਹਨ ਤਾਂ ਨਾ ਸਿਰਫ਼ ਆਪਣੇ ਲਈ ਸਗੋਂ ਸਾਰੇ ਸਮਾਜ ਲਈ ਤੰਦਰੁਸਤੀ ਦੀ ਲਹਿਰ ਬਣ ਜਾਂਦੇ ਹਨ। ਚੰਦਨ ਵਰਮਾ ਜਿਹੇ ਨੌਜਵਾਨ ਸਾਡੀ ਪੀੜ੍ਹੀ ਲਈ ਇੱਕ ਪ੍ਰੇਰਣਾ ਸਰੋਤ ਹਨ ਜੋ ਦਿਖਾਉਂਦੇ ਹਨ ਕਿ ਜੇ ਚਾਹ ਹੋਵੇ ਤਾਂ ਕਿਸੇ ਵੀ ਹਾਲਤ ਵਿੱਚ ਤੰਦਰੁਸਤ ਜੀਵਨ ਹੰਡਾਇਆ ਜਾ ਸਕਦਾ ਹੈ।



