ਜਿੰਦਗੀ ਨੂੰ ਖੂਬਸੂਰਤ ਬਣਾਓ

ਅਮਰਜੀਤ ਚੰਦਰ ਲੁਧਿਆਣਾ

  (ਸਮਾਜ ਵੀਕਲੀ)   ਗਲਤ ਫੈਸਲਿਆਂ ਦਾ ਬੋਝ ਅਕਸਰ ਸਾਡੇ ਉਤੇ ਕਿਉਂ ਭਾਰੂ ਹੋ ਜਾਂਦਾ ਹੈ? ਕਿਊਂਕਿ ਸਾਨੂੰ ਜਿੰਦਗੀ ਵਿੱਚ ਬਹੁਤ ਸਾਰੇ ਫੈਸਲੇ ਲੈਣੇ ਪੈਦੇ ਹਨ।ਕਈ ਵਾਰ ਸਾਡੇ ਵਲੋਂ ਲਏ ਗਏ ਫੈਸਲੇ ਬਾਅਦ ਵਿੱਚ ਗਲਤ ਸਾਬਤ ਵੀ ਹੋ ਜਾਂਦੇ ਹਨ।ਪਰ ਤੋਬਾ ਕਰਨ ਦਾ ਕੋਈ ਫਾਇਦਾ ਨਹੀ ਅਤੇ ਸਾਰੀ ਉਮਰ ਉਦਾਸ ਰਹਿਣ ਦਾ ਕੋਈ ਫਾਇਦਾ ਨਹੀ ਹੁੰਦਾ।ਇਸ ਦੀ ਬਜਾਇ,ਸਾਨੂੰ ਉਨਾਂ ਚੰਗੇ ਫੈਸਲਿਆਂ ਲਈ ਆਪਣੇ ਆਪ ਦੀ ਕਦਰ ਕਰਨ ਦੀ ਲੋੜ ਹੈ,ਜਿੰਨਾਂ ਕਰਕੇ ਅੱਜ ਅਸੀ ਇੱਥੇ ਹਾਂ।ਆਮ ਤੌਰ ‘ਤੇ ਗਲਤ ਫੈਸਲਿਆਂ ਦੀ ਗਿਣਤੀ ਘੱਟ ਅਤੇ ਸਹੀ ਫੈਸਲਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ।ਪਰ ਸਾਨੂੰ ਗਲਤ ਫੈਸਲੇ ਹੀ ਦਿਖਾਈ ਦਿੰਦੇ ਹਨ।ਕਿਉਕਿ ਰਿਸ਼ਤਿਆਂ ਨਾਲੋ ਉਮੀਦਾਂ ਦਾ ਬੋਝ ਜਿਆਦਾ ਭਾਰੀ ਜਾਂਦਾ ਹੈ।ਪਰ ਬਹੁਤ ਸਾਰੇ ਲੋਕ ਇਸ ਸੋਚ ਵਿੱਚ ਹੀ ਉਲਝੇ ਰਹਿੰਦੇ ਹਨ ਕਿ ਉਹ ਰਿਸਤੇਦਾਰ ਮੇਰੇ ਨਾਲੋ ਉਚਾ ਹੋ ਗਿਆ ਹੈ,ਫਲਾਣੇ ਰਿਸ਼ਤੇਦਾਰ ਨੇ ਆਪਣੇ ਵਿਆਹ ਵਿੱਚ ਸਾਨੂੰ ਬਣਦਾ ਸਤਿਕਾਰ ਨਹੀ ਦਿੱਤਾ,ਸੱਦਾ ਪੱਤਰ ਵੀ ਸਹੀ ਢੰਗ ਨਾਲ ਨਹੀ ਦਿੱਤਾ ਗਿਆ,ਖਾਣੇ ਬਾਰੇ ਵੀ ਚੰਗੀ ਤਰਾਂ ਨਾਲ ਨਹੀ ਪੁੱਛਿਆ ਗਿਆ,ਸਾਡੇ ਨਾਲ ਉਹਨਾਂ ਨੇ ਗੱਲਬਾਤ ਵੀ ਸਹੀ ਢੰਗ ਨਾਲ ਨਹੀ ਕੀਤੀ ਆਦਿ।ਇਹੋ ਜਿਹੀਆਂ ਗੱਲਾਂ ਵੀ ਸਾਡੇ ਲਈ ਸਿਰਦਰਦੀ ਬਣਦੀਆਂ ਹਨ,ਸਾਡੀਆਂ ਉਮੀਦਾ ਹੀ ਸਾਡੇ ਦੁਖ ਦਰਦ ਦਾ ਕਾਰਨ ਬਣਦੀਆਂ ਹਨ।ਇਸ ਲਈ ਇਹੋ ਜਿਹੀਆਂ ਗੱਲਾਂ ਵੱਲ ਬਹੁਤਾ ਧਿਆਨ ਨਹੀ ਦੇਣਾ ਚਾਹੀਦਾ।

ਦੁਨੀਆ ਭਰ ਦੇ ਕੰਮਾਂ ਦਾ ਬੋਝ ਆਦਮੀ ਨੂੰ ਕਦੇ ਵੀ ਆਪਣੇ ਸਿਰ ਨਹੀ ਲੈਣਾ ਚਾਹੀਦਾ।ਕੁਝ ਲੋਕਾਂ ਨੂੰ ਹਰ ਕੰਮ ਆਪਣੇ ਸਿਰ ਲੈਣ ਦੀ ਆਦਤ ਹੁੰਦੀ ਹੈ,ਹੋਣ ਭਾਵੇ ਔਖੇ ਹੀ ਪਰ ਆਦਤ ਤੋਂ ਮਜ਼ਬੂਰ ਹੁੰਦੇ ਹਨ।ਭਾਂਵੇ ਉਹ ਪਰਿਵਾਰ ਵਿੱਚ ਕੋਈ ਹੋਵੇ,ਰਿਸ਼ਤੇਦਾਰ,ਜਾਂ ਦਫਤਰ ਦੀ ਗੱਲ ਕਿਉਂ ਨਾ ਹੋਵੇ।ਇਝ ਲੱਗਦਾ ਹੈ ਕਿ ਜਿਵੇ ਹਰ ਕਿਸੇ ਦੇ ਕੰਮ ਕਰਨ ਦੀ ਜਿੰਮੇਦਾਰੀ ਉਸ ਨੇ ਆਪਣੇ ਸਿਰ ‘ਤੇ ਹੀ ਝੱਲਣੀ ਹੈ।ਉਨੇ ਹੀ ਕੰਮ ਕਰੋ ਜਿੰਨੇ ਕੁ ਨਾਲ ਅਸੀ ਔਖੇ ਨਾ ਹੋਈਏ।ਹਰ ਇਨਸਾਨ ਲਈ ਮਨ ਦੀ ਸ਼ਾਤੀ ਬਹੁਤ ਜਰੂਰੀ ਹੈ।ਅੱਜ ਦੇ ਸਮੇਂ ਅੰਦਰ ਸਮਾਜਿਕ ਰੁਤਬੇ ਦਾ ਬੋਝ ਸੱਭ ਤੋਂ ਵੱਡਾ ‘ਤੇ ਭਾਰਾ ਮੰਨਿਆ ਜਾਂਦਾ ਹੈ।ਕੋਈ ਆਮਦਨ ਨਾ ਹੋਣ ਦੇ ਬਾਵਜੂਦ,ਜਿਆਦਾਤਰ ਲੋਕ ਆਪਣੇ ਗੁਆਂਢੀਆਂ,ਦੋਸਤਾਂ ਮਿੱਤਰਾਂ ਜਾਂ ਰਿਸ਼ਤੇਦਾਰਾਂ ਵਿੱਚ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਮਹਿੰਗੇ ਤੋਂ ਮਹਿੰਗੇ ਕਪੜੇ,ਘਰੇਲੂ ਚੀਜ਼ਾਂ,ਗਹਿਣੇ ਆਦਿ ਕਰਜ਼ਾ ਲੈ ਖਰੀਦ ਲੈਦੇ ਹਨ।ਇਸ ਤੋਂ ਬਾਅਦ,ਉਹ ਲੋਕਾਂ ਤੋਂ ਲਏ ਕਰਜੇ,ਜਾਂ ਕਰਜ਼ੇ ਦੀਆਂ ਮਹੀਨਾਂਵਾਰ ਕਿਸ਼ਤਾਂ ਮੋੜਣ ਵਿੱਚ ਹੀ ਸਾਰੀ ਜਿੰਦਗੀ ਬਿਤਾ ਦਿੰਦੇ ਹਨ।ਆਪ ਤਾਂ ਔਖੇ ਹੋਣਾ ਹੀ ਹੋਣਾ ਹੈ ਘਰ ਵਿੱਚ ਵੀ ਕਲਾ ਕਲੇਸ਼ ਕਈ ਵਾਰ ਰਹਿਣ ਲੱਗ ਜਾਂਦਾ ਹੈ।

ਕਮਾਈ ਤੋਂ ਅਸੰਤੁਸ਼ਟਤਾ ਦਾ ਬੋਝ ਰਾਤ ਨੂੰ ਆਰਾਮ ਨਾਲ ਸੌਣ ਅਤੇ ਦਿਨ ਨੂੰ ਚੈਨ ਨਾਲ ਬੈਠਣ ਨਹੀ ਦਿੰਦਾ।ਇਨਸਾਨ ਦੀਆਂ ਇਛਾਵਾਂ ਕਦੇ ਵੀ ਪੂਰੀਆਂ ਨਹੀ ਹੁੰਦੀਆਂ।ਦੁਨੀਆਂ ਭਰ ਵਿੱਚ ਅਣਗਿਣਤ ਹੀ ਲੋਕ ਹੋਣਗੇ ਜੋ ਆਪਣੀ ਕਮਾਈ ਤੋਂ ਪੂਰੇ ਸੰਤੁਸ਼ਟ ਹਨ।ਅਜਿਹੇ ਲੋਕ ਦੁਨੀਆਂ ਵਿੱਚ ਬਹੁਤ ਘੱਟ ਹਨ।ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲਿਆਂ ਦੀ ਗਿਣਤੀ ਜਿਆਦਾ ਹੈ।ਜੇਕਰ ਅਸੀ ਪੈਸਾ ਕਮਾਉਣ ਪਿੱਛੇ ਭੱਜਦੇ ਰਹਾਂਗੇ,ਤਾਂ ਜੋ ਸਾਡੇ ਕੋਲ ਹੈ ਅਸੀ ਉਸ ਨੂੰ ਵੀ ਕਦੇ ਨਹੀ ਖਾ ਪਾਵਾਂਗੇ।ਅੱਜ ਬਹੁਤ ਸਾਰੇ ਲੋਕ ਚੰਗੀ ਆਮਦਨ,ਚੰਗੇ ਜੀਵਨ ਸਾਥੀ,ਚੰਗੇ ਆਗਿਆਕਾਰੀ ਬੱਚੇ ਹੋਣ ਦੇ ਬਾਵਜੂਦ ਅਚਾਨਕ ਉਦਾਸੀ ਦੇ ਸਾਗਰ ਵਿੱਚ ਡੁੱਬਦੇ ਜਾ ਰਹੇ ਹਨ।ਅਸਲ ਵਿੱਚ ਉਹ ਇਹ ਸੋਚ ਵਿੱਚ ਗੁਆਚ ਜਾਂਦੇ ਹਨ ਕਿ ਅੱਜ ਤਾਂ ਸੱਭ ਕੁਝ ਠੀਕ ਹੈ,ਕੱਲ ਨੂੰ ਕਾਰੋਬਾਰ ਠੱਪ ਹੋ ਗਿਆ,ਉਨਾਂ ਦੀ ਨੌਕਰੀ ਚਲੀ ਗਈ,ਉਨਾਂ ਦੇ ਜੀਵਨ ਸਾਥੀ ਨੂੰ ਕੁਝ ਹੋ ਗਿਆ ਜਾਂ ਬੱਚੇ ਬੇਕਾਰ ਹੋ ਗਏ ਤਾਂ ਕੀ ਹੋਵੇਗਾ?ਇਸ ਲਈ,ਜੇਕਰ ਤੁਸੀ ਖੁਸ਼ ਅਤੇ ਆਨੰਦਮਈ ਰਹਿਣਾ ਚਾਹੁੰਦੇ ਹੋ,ਤਾਂ ਤੁਹਾਨੂੰ ਵਰਤਮਾਨ ਵਿੱਚ ਰਹਿਣਾ ਚਾਹੀਦਾ ਹੈ।ਸੱਭ ਕੁਝ ਭੁੱਲ ਜਾਓ ਜੇਕਰ ਤੁਹਾਡੀ ਸਿਹਤ ਠੀਲ ਰਹੇਗੀ ਤਾਂ ਸੱਭ ਕੁਝ ਸਹੀ ਹੈ ਜੇ ਸਿਹਤ ਵਿਗੜ ਗਈ ਤਾਂ ਤੁਹਾਡੇ ਪੱਲੇ ਕੁਝ ਵੀ ਬਾਕੀ ਨਹੀ ਰਹਿ ਜਾਂਦਾ।

ਇਸ ਤੋਂ ਇਲਾਵਾ,ਜੇ ਅਸੀ ਇਸ ਗੱਲ ਦੀ ਪਰਵਾਹ ਕਰਾਂਗੇ ਕਿ ਲੋਕ ਕੀ ਕਹਿਣਗੇ,ਤਾਂ ਸਾਨੂੰ ਦੂਜਿਆਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਪਵੇਗਾ।ਇਹ ਸਪੱਸ਼ਟ ਹੈ ਕਿ ਅਜਿਹੀ ਸਥਿਤੀ ਵਿੱਚ ਅਸੀ ਆਪਣੀ ਬਿਹਤਰੀ,ਸੁੱਖ ਅਤੇ ਸ਼ਾਂਤੀ ਲਈ ਸਮਾਂ ਨਹੀ ਕੱਢ ਪਾਵਾਂਗੇ।ਸਗੋਂ ਦੂਸਰਿਆਂ ਨੂੰ ਹੀ ਖੁਸ਼ ਕਰਨ ਵਿੱਚ ਆਪਣਾ ਸਮਾਂ ਨਹੀ ਬਰਬਾਦ ਕਰਦੇ ਰਹੋਗੇ।ਜਦੋਂ ਅਸੀ ਆਪਣੀਆਂ ਜਰੂਰਤਾਂ ਦੀ ਬਜਾਏ ਦੂਸਰਿਆਂ ਦੀਆਂ ਜਰੂਰਤਾਂ ਪੂਰੀਆਂ ਕਰਨ ਵਿੱਚ ਲੱਗ ਜਾਵਾਂਗੇ,ਤਾਂ ਅਸੀ ਆਪਣੀ ਜਿੰਦਗੀ ਦੇ ਮਹੱਤਵਪੂਰਨ ਫੈਸਲੇ ਨਹੀ ਲੈ ਪਾਵਾਂਗੇ।ਅਸੀ ਹੌਲੀ-ਹੌਲੀ ਆਪਣਾ ਸੁਭਾਅ ਅਤੇ ਸ਼ਖਸੀਅਤ ਗੁਆਉਣ ਲੱਗ ਪੈਦੇ ਹਾਂ।ਆਤਮ ਵਿਸ਼ਵਾਸ਼ ਵਿੱਚ ਲਗਾਤਾਰ ਕਮੀ ਆਉਣ ਲੱਗ ਜਾਂਦੀ ਹੈ,ਅਤੇ ਚਿੰਤਾਵਾਂ ਵਿੱਚ ਦਿਨੋ-ਦਿਨ ਵਾਧਾ ਹੋਣ ਲੱਗ ਜਾਂਦਾ ਹੈ।ਕੀ ਲੋਕਾਂ ਨੂੰ ਸਾਡਾ ਕੰਮ,ਵਿਵਹਾਰ ਅਤੇ ਆਚਰਣ ਪਸੰਦ ਆਇਆ?ਅਸੀ ਅਕਸਰ ਬੇਚੈਨ,ਚਿੰਤਤ ਅਤੇ ਵਿਅਸਤ ਹੋ ਜਾਂਦੇ ਹਾਂ।ਇਸ ਲਈ ਹਰ ਵਿਆਕਤੀ ਨੂੰ ਤੁਰੰਤ ਇਸ ਬੋਝ ਨੂੰ ਸੁੱਟ ਕੇ ਮੁੱਕਤ ਹੋ ਜਾਣਾ ਚਾਹੀਦਾ ਹੈ,ਅਤੇ ਆਪਣੇ ਪਿਆਰਿਆਂ ਲਈ,ਆਪਣੇ ਲਈ,ਆਪਣੀ ਖੁਸ਼ੀ ਲਈ ਆਪਣੀ ਜਿੰਦਗੀ ਨੂੰ ਜਿਊਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।ਲੋਕਾਂ ਦੀਆਂ ਜਿੰਮੇਦਾਰੀਆਂ ਆਪਣੇ ਸਿਰ ਲੈਣਾ ਬੰਦ ਕਰਨਾ ਪਵੇਗਾ।ਨਹੀ ਤਾਂ ਬੀਮਾਰੀਆਂ ਸਾਡੇ ਜੀਵਨ ਤੇ ਭਾਰੂ ਹੋ ਜਾਣ ਲੱਗ ਜਾਣਗੀਆਂ।ਬੀਮਾਰ ਹੋਣਾ ਜਾਂ ਨਾ ਹੋਣਾ ਪੂਰੀ ਤਰਾਂ ਨਾਲ ਸਾਡੇ ਵੱਸ ਵਿੱਚ ਨਹੀ ਹੈ,ਪਰ ਅਸੀ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਵੱਲ ਧਿਆਨ ਦੇ ਕੇ ਕਾਫੀ ਹੱਦ ਤੱਕ ਘਟਾ ਸਕਦੇ ਹਾਂ।

ਆਪਣੀ ਜਿੰਦਗੀ ਨੂੰ ਸੰਵਾਰਨਾ ਸਾਡੇ ਆਪਣੇ ਹੱਥ-ਵੱਸ ਹੁੰਦਾ ਹੈ।ਇਸ ਦੇ ਲਈ ਸਾਨੂੰ ਆਪਣੇ ਪਰਿਵਾਰ,ਦੋਸਤਾਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ,ਉਹਨਾਂ ਨਾਲ ਹਮੇਸ਼ਾਂ ਗੱਲਬਾਤ ਕਰਦੇ ਰਹਿਣਾ,ਗੱਪ-ਸ਼ੱਪ ਕਰਦੇ ਰਹਿਣਾ ਚਾਹੀਦਾ ਹੈ।ਜੇਕਰ ਤੁਸੀ ਹਰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਸਿੱਖਦੇ ਰਹੋਗੇ,ਨਵੇ-ਨਵੇ ਲੋਕਾਂ ਨਾਲ ਮਿਲ ਵਰਤਣ ਕਰਦੇ ਰਹੋਗੇ,ਜਿੰਦਗੀ ਵਿੱਚ ਸਦਾ ਸੁਖ ਹੀ ਪਾਓਗੇ,ਤਾਂ ਬੀਮਾਰੀਆਂ ਤੋਂ ਤੁਹਾਡੀ ਦੂਰੀ ਬਣੀ ਰਹੇਗੀ,ਮਾਨਸਿਕ ਤੌਰ ‘ਤੇ ਵੀ ਤੁਹਾਡੀ ਸਿਹਤ ਠੀਕ ਰਹੇਗੀ।ਰੌਜ਼ਾਨਾ ਸੈਰ ਜਿੰਨੀ ਕੁ ਵੀ ਹੋ ਸਕੇ,ਆਪਣੀ ਆਦਤ ਬਣਾਉਣੀ ਚਾਹੀਦੀ ਹੈ।ਇਸ ਸੱਭ ਦੇ ਨਾਲ ਨਾਲ ਸਾਨੂੰ ਪੌਸ਼ਟਿਕ ਤੱਤਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਰੀਰ ਨੂੰ ਹਰ ਸਮੇ ਹਰ ਕੰਮ ਲਈ ਤਿਆਰ ਰੱਖਣਾ ਚਾਹੀਦਾ ਹੈ।ਆਲਸ ਬਿਲਕੁਲ ਨਹੀ!ਇਹ ਆਦਤਾਂ ਸਾਨੂੰ ਕਾਫੀ ਹੱਦ ਤੱਕ ਫਿੱਟ ਰੱਖਣਗੀਆਂ ਅਤੇ ਤੁਸੀ ਬੇਫਿਕਰ ਹੋ ਕੇ ਆਪਣੀ ਜਿੰਦਗੀ ਜੀਅ ਸਕੋਗੇ।

ਕੁਝ ਲੋਕ ਮਾਮੂਲੀ ਜਿਹੀ ਅਸਫਲਤਾ ਨਾਲ ਹੀ ਢਹਿ ਢੇਰੀ ਹੋ ਜਾਂਦੇ ਹਨ,ਹਰ ਗੱਲ ਨੂੰ ਦਿਮਾਗ਼ ਤੇ ਲੈ ਲੈਦੇ ਹਨ,ਹਰ ਬਾਜ਼ੀ ਜਿੱਤਣ ਦਾ ਬੋਝ ਅਕਸਰ ਸਾਨੂੰ ਉਦਾਸ,ਨਿਰਾਸ਼ ਅਤੇ ਪ੍ਰੇਸ਼ਾਨ ਕਰ ਦਿੰਦਾ ਹੈ।ਸੱਭ ਤੋਂ ਪਹਿਲਾਂ ਸਾਨੂੰ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ,ਕਿ ਸਾਡੀ ਹਰ ਕੋਸ਼ਿਸ਼ ਪੂਰੀ ਤਰਾਂ ਸਫਲ ਹੋਵੇਗੀ,ਇਹ ਕਦੇ ਨਹੀ ਹੋ ਸਕਦਾ ਕਿ ਤੁਸੀ ਕਦੇ ਸਫਲ ਨਹੀ ਹੋਵੋਗੇ,ਜਿੱਤਣਾ ਹੀ ਸਾਡਾ ਇਕ ਨਿਸ਼ਾਨਾ ਹੁੰਦਾ ਹੈ,ਜਿੱਤਣ ਲਈ ਹੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।ਜਿਹੜਿਆ ਵੀ ਸਫਲ ਇਨਸਾਨਾਂ ਨੂੰ ਅਸੀ ਦੇਖਦੇ ਹਾਂ,ਮਿਲਦੇ ਹਾਂ, ਉਹ ਇਹ ਗੱਲਾਂ ਕਦੇ ਨਹੀ ਸੋਚਦੇ ਅਤੇ ਨਾ ਹੀ ਪਿੱਛੇ ਹੱਟਦੇ ਆ।ਉਹ ਜਿੱਤਣ ਤੱਕ ਕੋਸ਼ਿਸ਼ ਕਰਦੇ ਰਹਿੰਦੇ ਹਨ।ਹਰ ਇਨਸਾਨ ਦੇ ਅੰਦਰ ਯਕੀਨੀ ਤੌਰ ‘ਤੇ ਕੋਈ ਨਾ ਕੋਈ ਯੋਗਤਾ ਅਤੇ ਪ੍ਰਤਿਭਾ ਹੁੰਦੀ ਹੀ ਹੈ।ਇਸ ਲਈ ਸਾਨੂੰ ਆਪਣੇ ਅੰਦਰ ਮੌਜੂਦ ਕਾਬਲੀਅਤਾਂ ਦੀ ਸਹੀ ਵਰਤੋਂ ਕਰਕੇ ਆਪਣੀ ਨਾਕਾਰਤਮਕ ਸੋਚ ਤੋਂ ਛੁਟਕਾਰਾ ਪਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।ਪ੍ਰੇਰਕ ਲੇਖਿਕ ‘ਜਗ ਜਿਗਲਰ’ ਆਪਣੀ ਕਿਤਾਬ ‘ਸੀ ਯੂ ਐਟ ਦਾ ਟਾਪ’ਵਿੱਚ ਲਿਖਦੇ ਹਨ ਕਿ ਆਪਣੀਆਂ ਅਸਫਲਤਾਵਾ ਲਈ ਦੋਸਤਾਂ,ਰਿਸ਼ਤੇਦਾਰਾਂ,ਪਰਿਵਾਰਕ ਮੈਬਰਾਂ ਜਾਂ ਕਿਸਮਤ ਨੂੰ ਕੋਸਣ ਦੀ ਬਜਾਏ,ਤੁਹਾਨੂੰ ਆਪਣੀ ਊਰਜਾ,ਟੀਚਿਆਂ,ਯਤਨਾਂ ਅਤੇ ਗਲਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।ਜਿਸ ਸਮੇਂ ਤੁਸੀ ਇਸ ਨੂੰ ਸਵੀਕਾਰ ਕਰ ਲਵੋਗੇ,ਤੁਸੀ ਆਪਣੇ ਆਪ ਹੀ ਮਹਿਸੂਸ ਕਰੋਗੇ। ਤੁਹਾਡੀ ਸਥਿਤੀ,ਸਫਲਤਾ ਜਾਂ ਅਸਫਲਤਾ ਇਹ ਸੱਭ ਤੁਹਾਡੇ ਹੱਥ ਵਿੱਚ ਹੀ ਹੈ,ਉਸ ਸਮੇਂ ਤੁਸੀ ਸਫਲਤਾ ਦੀ ਅੱਧੀ ਦੂਰੀ ਨੂੰ ਪੂਰਾ ਕਰ ਲੈਦੇ ਹੋ।ਸਾਡੀ ਸਫਲਤਾ ਦੇ ਬੀਜ ਜਾਂ ਮਹਾਨਤਾ ਦੀ ਸ਼ਕਤੀ ਸਾਡੇ ਹੱਥਾਂ ਵਿੱਚ ਹੈ।ਸਿਰਫ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਣ ਦੀ ਲੋੜ ਹੈ।

ਅਮਰਜੀਤ ਚੰਦਰ ਲੁਧਿਆਣਾ 9417600014

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੁਣ ਇਹ ਤੈਅ ਹੈ ਕਿ ਦਿੱਲੀ ‘ਚ ਬਣੇਗੀ ਟ੍ਰਿਪਲ ਇੰਜਣ ਦੀ ਸਰਕਾਰ, ਆਮ ਆਦਮੀ ਪਾਰਟੀ ਨਹੀਂ ਲੜੇਗੀ ਮੇਅਰ ਦੀ ਚੋਣ
Next articleਅੱਗ ਲੱਗਣ ਦੀਆਂ ਘਟਨਾਵਾਂ ਨੂੰ ਨਾ ਰੋਕ ਪਾਉਣਾ ਵਿੱਚੋਂ ਸਰਕਾਰ ਦੀ ਨਾਕਾਮੀ ਸਾਫ਼ ਝਲਕਦੀ ਹੈ