ਕੇਂਦਰ ਦੀਆਂ ਚੂਲਾਂ ਹਿਲਾਉਣ ਲਈ ‘ਭਾਰਤ ਬੰਦ’ ਸਫ਼ਲ ਬਣਾਇਆ ਜਾਵੇ: ਰਾਜੇਵਾਲ

Farmers protest

ਐੱਸ.ਏ.ਐੱਸ. ਨਗਰ (ਮੁਹਾਲੀ) (ਸਮਾਜ ਵੀਕਲੀ) : ਇੱਥੇ ਅੱਜ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮਹਾਪੰਚਾਇਤ ਕੀਤੀ ਗਈ ਜਿਸ ਵਿੱਚ ਪੰਜਾਬ ਸਮੇਤ ਹਰਿਆਣਾ ਅਤੇ ਹੋਰ ਨੇੜਲੇ ਇਲਾਕਿਆਂ ਦੇ ਕਿਸਾਨਾਂ ਸਣੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇੱਥੋਂ ਦੇ ਵਾਈਪੀਐੱਸ ਚੌਕ ਫੇਜ਼-8 ਨੇੜੇ ਪੁੱਡਾ ਗਰਾਊਂਡ ਵਿੱਚ ਐਤਵਾਰ ਨੂੰ ਸਵੇਰੇ ਹੀ ਪੰਜਾਬ ਭਰ ’ਚੋਂ ਕਿਸਾਨ, ਬੀਬੀਆਂ ਅਤੇ ਨੌਜਵਾਨ ਵੱਡੇ ਕਾਫ਼ਲਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਦੁਪਹਿਰ 12 ਵਜੇ ਤੱਕ ਵੱਡੀ ਗਿਣਤੀ ਜਮ੍ਹਾਂ ਹੋ ਗਈ ਪਰ ਇਸ ਦੇ ਬਾਵਜੂਦ ਪੰਡਾਲ ਵਿੱਚ ਹਾਜ਼ਰੀ ਉਮੀਦ ਨਾਲੋਂ ਘੱਟ ਦੇਖਣ ਨੂੰ ਮਿਲੀ ਕਿਉਂਕਿ ਜ਼ਿਆਦਾਤਰ ਲੋਕ ਸੜਕ ਕੰਢੇ ਰੁੱਖਾਂ ਦੀ ਛਾਂ ਹੇਠ ਬੈਠੇ ਰਹੇ।

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ, ਬੀਬੀਆਂ ਅਤੇ ਨੌਜਵਾਨਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਚੂਲਾਂ ਹਿਲਾਉਣ ਲਈ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਇਆ ਜਾਵੇ ਅਤੇ ਇਸ ਸਬੰਧੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ, ਕਿਸਾਨਾਂ ਤੇ ਆਮ ਲੋਕਾਂ ਸਮੇਤ ਵਪਾਰੀ ਵਰਗ, ਛੋਟੇ ਕਾਰੋਬਾਰੀਆਂ ਨੂੰ ਲਾਮਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅੱਧੀ ਤੋਂ ਵੱਧ ਲੜਾਈ ਜਿੱਤ ਲਈ ਹੈ ਅਤੇ ਕਿਸਾਨ ਤਿੰਨੋਂ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਨਗੇ। ਸੋਨੀਆ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੂਰੇ ਸੰਸਾਰ ਨੂੰ ਨਵੀਂ ਸੇਧ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਵਿੱਚ ਬੀਬੀਆਂ ਦਾ ਅਹਿਮ ਰੋਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੀਬੀਆਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਗੀਆਂ। ਹਰਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਬੀਬੀਆਂ ਦਾ ਘਰਾਂ ’ਚੋਂ ਬਾਹਰ ਨਿਕਲ ਕੇ ਧਰਨਿਆਂ ’ਤੇ ਬੈਠਣਾ ਨਵੇਂ ਇਨਕਲਾਬ ਦੀ ਸ਼ੁਰੂਆਤ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਜਦੋਂ ਵੀ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਜਾਣ ਤਾਂ ਵਫ਼ਦ ਵਿੱਚ ਘੱਟੋ-ਘੱਟ 5-7 ਬੀਬੀਆਂ ਵੀ ਜ਼ਰੂਰ ਸ਼ਾਮਲ ਕੀਤੀਆਂ ਜਾਣ। ਕਿਉਂਕਿ ਪਿੰਡਾਂ ਵਿੱਚ ਸਿਆਸੀ ਆਗੂਆਂ ਨੂੰ ਬੀਬੀਆਂ ਸਾਫ਼ ਦਿਲ ਨਾਲ ਸਵਾਲ ਪੁੱਛਦੀਆਂ ਹਨ।

ਇਸ ਮੌਕੇ ਗੌਰਵ ਟਿਕੈਤ, ਸਮਾਜਿਕ ਚਿੰਤਕ ਪ੍ਰੋ. ਮਨਜੀਤ ਸਿੰਘ, ਪ੍ਰੋ. ਪਿਆਰੇ ਲਾਲ ਗਰਗ, ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਬਲਦੇਵ ਸਿੰਘ ਸਿਰਸਾ, ਰੁਲਦੂ ਸਿੰਘ ਮਾਨਸਾ, ਹਰਵਿੰਦਰ ਸਿੰਘ ਲੱਖੋਵਾਲ, ਸੋਨੀਆ ਮਾਨ, ਹਰਮਨਪ੍ਰੀਤ ਕੌਰ ਵਿਰਕ, ਜਗਜੀਤ ਸਿੰਘ ਡੱਲੇਵਾਲ, ਮਨਦੀਪ ਸਿੰਘ, ਕੰਵਲਜੀਤ ਸਿੰਘ, ਲਖਵਿੰਦਰ ਸਿੰਘ ਕਰਾਲਾ, ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਹਮੀਰ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਪ੍ਰਤੀਕ ਮਾਨ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ ਅਤੇ ਭਾਜਪਾ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨਾਲ ਵਿਗਾੜ ਕੇ ਕੋਈ ਵੀ ਸਿਆਸੀ ਧਿਰ ਕਾਮਯਾਬ ਨਹੀਂ ਹੋਈ ਅਤੇ ਨਾ ਹੀ ਹੋ ਸਕਦੀ ਹੈ। ਕਿਸਾਨ ਅੰਦੋਲਨ ਜਿੰਨਾ ਲੰਮਾ ਚੱਲੇਗਾ, ਭਾਜਪਾ ਨੂੰ ਇਸ ਦਾ ਓਨਾ ਹੀ ਵੱਧ ਨੁਕਸਾਨ ਝੱਲਣਾ ਪਵੇਗਾ।

ਇਸ ਮੌਕੇ ਨਰਿੰਦਰ ਸਿੰਘ ਕੰਗ, ਕਿਰਪਾਲ ਸਿੰਘ ਸਿਆਊ, ਦੋਧੀ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਅੰਤਰਰਾਸ਼ਟਰੀ ਪੁਆਧੀ ਮੰਚ ਦੇ ਕਾਰਕੁਨ ਕਰਮਜੀਤ ਸਿੰਘ ਚਿੱਲਾ, ਸੁਰਜੀਤ ਸਿੰਘ, ਜਰਨੈਲ ਸਿੰਘ ਬੈਂਸ, ਕੰਵਲਪ੍ਰੀਤ ਸਿੰਘ ਪੰਨੂ, ਨਵਦੀਪ ਸਿੰਘ, ਜਗਦੇਵ ਸਿੰਘ ਮਲੋਆ, ਰਾਜਿੰਦਰ ਸਿੰਘ, ਸੁਦੇਸ਼ ਕਡੈਲਾ, ਜਸਵਿੰਦਰ ਸਿੰਘ ਵਿਰਕ, ਜਗਜੀਤ ਸਿੰਘ ਕਰਾਲਾ ਵੀ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਗੁਰਮੀਤ ਸਿੰਘ ਕੰਡਾਲਾ ਅਤੇ ਜਤਿੰਦਰ ਸਿੰਘ ਰਾਏਪੁਰ ਕਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੰਚ ’ਤੇ ਸਨਮਾਨਿਤ ਕੀਤਾ ਗਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Morphed’: Ex-Union Minister Sadananda Gowda on viral lewd video, files complaint
Next articleਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਸਜ਼ਾ ’ਤੇ ਰੋਕ