ਕਲਮਾਂ ਦੀ ਸ਼ਮਸ਼ੀਰ ਬਣਾਵਾਂ ।

ਮੇਜਰ ਸਿੰਘ ਰਾਜਗੜ੍ਹ

(ਸਮਾਜ ਵੀਕਲੀ)

 

ਆਖਿਰ ਖ਼ਾਕੀ ਖ਼ਾਕ ਚ ਮਿਲਦੈ,ਕੀ ਉਸ ਤੋਂ ਮਗਰੋਂ ਵੀ ਹੈ?ਮਾਇਆ ਕਿਸ ਨੂੰ ਪੁੱਛਾਂ?
ਜਿੰਦ ਨਿਮਾਣੀ ਦਾ ਇਹ ਕੌਤਕ, ਕੌਣ ਭਰਾਵੋ ਸਮਝ ਹੈ ਪਾਇਆ,ਕਿਸ ਨੂੰ ਪੁੱਛਾਂ?

ਕਾਦਰ ਤੇਰੀ ਕੁਦਰਤ ਪਿਆਰੀ,ਪੰਜਾਬ ਤੱਤਾਂ ਨਾਲ ਸ਼ਿੰਗਾਰੀ,ਚਾਰ ਚੁਫੇਰੇ,
ਛੇਵਾਂ ਨੂਰ ਅਕਾਲ ਦਾ ਕਹਿੰਦੇ,ਐਪਰ ਇਹ ਜੋ ਭੇਤ ਛੁਪਾਇਆ ,ਕਿਸ ਨੂੰ ਪੁੱਛਾਂ?

ਫੁੱਲਾਂ ਦੇ ਵਿਚ ਖੁਸ਼ਬੂ ਮਹਿਕੇ,ਤੇਲ ਤਿਲਾਂ ਵਿਚ ਕਿੱਥੋਂ ਆਵੇ,ਸਮਝ ਨਾ ਪਾਵਾਂ,
ਗੁਲਸ਼ਨ ਵਿਚ ਬਹਾਰਾਂ ਮੌਲਣ,ਪਤਝੜ ਰੂੱਤ ਜੋ ਕਹਿਰ ਕਮਾਇਆ,ਕਿਸ ਨੂੰ ਪੁੱਛਾਂ?

ਸੂਰਜ ਚੰਨ ਸਿਤਾਰੇ ਪਿਆਰੇ,ਅਪਣੇ ਰਸਤੇ ਚਲਦੇ ਸਾਰੇ,ਲੱਗਣ ਨਿਆਰੇ,
ਰੌਸ਼ਨ ਕਰਦਾ ਸੂਰਜ ਧਰਤੀ,ਕਿਸ ਸ਼ਕਤੀ ਇਹ ਦੀਪ ਜਗਾਇਆ,ਕਿਸ ਨੂੰ ਪੁੱਛਾਂ?

ਇਸ਼ਕ ਹਕੀਕੀ ਜਾਤ ਜੋ ਤੇਰੀ,ਸਮਝਣ ਮਸਤੀ ਦੇ ਵਿਚ ਨੱਚਣ,ਵਾਹ ਮੌਲਾ ਵਾਹ,
ਧਰਮਾਂ ਜਾਤਾਂ ਵਿਚ ਨਫ਼ਰਤ ਦਾ,ਕਿਸ ਨੇ ਹੈ ਇਹ ਲਾਂਬੂ ਲਾਇਆ,ਕਿਸ ਨੂੰ ਪੁੱਛਾਂ?

ਤੇਰਾ ਬੰਦਾ ਤੇਰੇ ਨਾਂ ਤੇ,ਲੁੱਟ ਮਚਾਵੇ ਚਾਰ ਚੁਫੇਰੇ,ਮੇਰੇ ਮੌਲਾ,
ਪਰਦੇ ਵਿਚ ਛੁਪ ਕੇ ਜਾਲਿਮ ਕਿਉਂ,ਬਣ ਜਾਂਦਾ ਤੇਰਾ ਹਮਸਾਇਆ,ਕਿਸ ਨੂੰ ਪੁੱਛਾਂ?

ਦਿਲ ਕਰਦੈ ਹੁਣ ਬਾਗੀ ਹੋਵਾਂ,ਹੂਕ ਸੁਣਾਵਾਂ ਦਰਦ ਵਿਖਾਵਾਂ,ਦੀਪ ਜਗਾਵਾਂ,
ਕਲਮਾਂ ਦੀ ਸ਼ਮਸ਼ੀਰ ਬਣਾਵਾਂ,ਇਹ ਜਜ਼ਬੇ ਨੇ ਕਿਉਂ ਤੜਫਾਇਆ,ਕਿਸ ਨੂੰ ਪੁੱਛਾਂ?

ਗ਼ਜ਼ਲ-ਮੇਜਰ ਸਿੰਘ ਰਾਜਗੜ੍ਹ।

9876664204

 

Previous articleਮਾਨਵਤਾ ਲਾਇਬ੍ਰੇਰੀ ਅੱਟੀ ਵਿਖੇ ਪਲਸ ਮੰਚ ਦੀ ਮੁਹਿੰਮ ਦਾ ਆਗਾਜ਼
Next articleਗਣਤੰਤਰ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਦਫਤਰ ਦੇ ਮੁੱਖ ਅਧਿਆਪਕ ਨੂੰ ਕੀਤਾ ਗਿਆ ਸਨਮਾਨਿਤ