- ਤਿੰਨ ਰੇਂਜਾਂ ਦੇ ਆਈਜੀ ਅਤੇ ਡੀਆਈਜੀ, 8 ਐੱਸਐੱਸਪੀ, 2 ਡਿਪਟੀ ਕਮਿਸ਼ਨਰ ਤੇ 19 ਡੀਐੱਸਪੀ ਬਦਲੇ
- ਪੀਪੀਐਸ ਅਫਸਰਾਂ ਦੀ ਥਾਂ ਆਈਪੀਐੱਸ ਅਫ਼ਸਰ ਤਾਇਨਾਤ ਕੀਤੇ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ ਤਿੰਨ ਰੇਂਜਾਂ ਬਠਿੰਡਾ, ਫਰੀਦਕੋਟ ਤੇ ਪਟਿਆਲਾ ਦੇ ਆਈਜੀ ਅਤੇ ਡੀਆਈਜੀ, 8 ਜ਼ਿਲ੍ਹਾ ਪੁਲੀਸ ਮੁਖੀ, 2 ਡਿਪਟੀ ਕਮਿਸ਼ਨਰ ਅਤੇ 19 ਡੀਐਸਪੀ ਤਬਦੀਲ ਕਰ ਦਿੱਤੇ ਹਨ।
ਚੋਣ ਕਮਿਸ਼ਨ ਨੇ ਜਲੰਧਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ, ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ, ਪਟਿਆਲਾ ਰੇਂਜ ਦੇ ਆਈਜੀਪੀ ਮੁਖਵਿੰਦਰ ਸਿੰਘ ਛੀਨਾ ਅਤੇ ਫਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਨੂੰ ਤਬਦੀਲ ਕਰ ਦਿੱਤਾ ਹੈ। ਅਰੁਣ ਪਾਲ ਸਿੰਘ ਨੂੰ ਆਈਜੀ ਜਲੰਧਰ ਰੇਂਜ, ਸ਼ਿਵ ਕੁਮਾਰ ਵਰਮਾ ਨੂੰ ਆਈਜੀ ਬਠਿੰਡਾ ਰੇਂਜ, ਰਾਕੇਸ਼ ਅਗਰਵਾਲ ਨੂੰ ਆਈਜੀ ਪਟਿਆਲਾ ਰੇਂਜ ਅਤੇ ਪਰਦੀਪ ਕੁਮਾਰ ਯਾਦਵ ਨੂੰ ਆਈਜੀ ਫਰੀਦਕੋਟ ਰੇਂਜ ਨਿਯੁਕਤ ਕੀਤਾ ਗਿਆ ਹੈ। ਸੁਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ ਅਤੇ ਕੁਲਜੀਤ ਸਿੰਘ ਨੂੰ ਏਆਈਜੀ ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ ਲਾਇਆ ਗਿਆ ਹੈ। ਜੁਗਰਾਜ ਸਿੰਘ ਨੂੰ ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ ਤਾਇਨਾਤ ਕੀਤਾ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਐੱਸਐੱਸਪੀ ਵਜੋਂ ਤਾਇਨਾਤ ਪੀਪੀਐੱਸ ਅਫ਼ਸਰਾਂ ਜਾਂ ਪੀਪੀਐੱਸ ਤੋਂ ਪਦਉੱਨਤ ਹੋਏ ਅਫਸਰਾਂ ਦੀ ਥਾਂ ਸਿੱਧੇ ਭਰਤੀ ਹੋਏ ਆਈਪੀਐੱਸ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ। ਮੁਹਾਲੀ ਤੋਂ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਨਵਜੋਤ ਸਿੰਘ ਮਾਹਲ ਦੀ ਥਾਂ ਹਰਜੀਤ ਸਿੰਘ ਨੂੰ ਐੱਸਐੱਸਪੀ ਲਾਇਆ ਹੈ। ਇਸੇ ਤਰ੍ਹਾਂ ਧਰੁਮਨ ਐਚ. ਨਿੰਬਲੇ ਨੂੰ ਹੁਸ਼ਿਆਰਪੁਰ, ਪਾਟਿਲ ਕੇਤਨ ਬਾਲੀਰਾਮ ਨੂੰ ਲੁਧਿਆਣਾ ਦਿਹਾਤੀ, ਦੀਪਕ ਹਿਲੇਰੀ ਨੂੰ ਅੰਮ੍ਰਿਤਸਰ ਦਿਹਾਤੀ, ਗੁਲਨੀਤ ਸਿੰਘ ਖੁਰਾਣਾ ਨੂੰ ਤਰਨ ਤਾਰਨ, ਅਮਨੀਤ ਕੌਂਡਲ ਨੂੰ ਬਠਿੰਡਾ, ਸੰਦੀਪ ਕੁਮਾਰ ਮਲਿਕ ਨੂੰ ਸ੍ਰੀ ਮੁਕਤਸਰ ਸਾਹਿਬ, ਸਰਤਾਜ ਸਿੰਘ ਚਹਿਲ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦਾ ਐੱਸਐੱਸਪੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।
ਇਸੇ ਤਰ੍ਹਾਂ ਗਿਰੀਸ਼ ਦਿਆਲਨ ਨੂੰ ਫਿਰੋਜ਼ਪੁਰ ਅਤੇ ਵਿਨੀਤ ਕੁਮਾਰ ਨੂੰ ਬਠਿੰਡਾ ਦਾ ਡਿਪਟੀ ਕਮਿਸ਼ਨਰ ਤਾਇਨਾਤ ਕੀਤਾ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਮਿਸ਼ਨ ਵੱਲੋਂ ਸਿਵਲ ਅਤੇ ਪੁਲੀਸ ਅਫਸਰਾਂ ਦੇ ਤਬਾਦਲਿਆਂ ਨੂੰ ਲੈ ਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਕੁਝ ਦਿਨ ਪਹਿਲਾਂ ਹੀ ਨੋਡਲ ਅਫ਼ਸਰ ਵਜੋਂ 1993 ਬੈਚ ਦੇ ਸੀਨੀਅਰ ਪੁਲੀਸ ਅਧਿਕਾਰੀ ਏਡੀਜੀਪੀ ਈਸ਼ਵਰ ਸਿੰਘ ਦੀ ਤਾਇਨਾਤੀ ਕੀਤੀ ਗਈ ਸੀ। ਚੋਣ ਕਮਿਸ਼ਨ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਚੋਣ ਕਮਿਸ਼ਨ ਆਮ ਤੌਰ ’ਤੇ ਚੋਣਾਂ ਦੌਰਾਨ ਸਿੱਧੇ ਭਰਤੀ ਹੋਏ ਆਈਪੀਐੱਸ ਅਧਿਕਾਰੀਆਂ ਦੀ ਤਾਇਨਾਤੀ ਨੂੰ ਤਰਜੀਹ ਦਿੰਦਾ ਹੈ। ਇਸ ਕਰਕੇ ਇਹ ਨਿਯੁਕਤੀਆਂ ਹੋਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly