ਅੰਬੇਡਕਰ ਜੈਯੰਤੀ ਦਾ ਮੁੱਖ ਸਮਾਗਮ ਅੰਬੇਡਕਰ ਭਵਨ ਜਲੰਧਰ ਵਿਖੇ ਮਨਾਇਆ ਜਾਵੇਗਾ
ਸੁਭਾਸ਼ ਮੁਸਾਫ਼ਿਰ ਹੋਣਗੇ ਮੁੱਖ ਮਹਿਮਾਨ ਅਤੇ ਡਾ. ਰਿੱਤੂ ਸਿੰਘ ਵਿਸ਼ੇਸ਼ ਮਹਿਮਾਨ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ “,ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ ਜਲੰਧਰ ਵਿਖੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 133 ਵਾਂ ਜਨਮ ਉਤਸਵ 14 ਅਪ੍ਰੈਲ ਨੂੰ ਮਨਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ, ਜੋ ਕਿ ਬਾਬਾ ਸਾਹਿਬ ਦੀ ਚਰਨ ਛੋਹ ਪ੍ਰਾਪਤ ਭੂਮੀ ਅੰਬੇਡਕਰ ਭਵਨ ਵਿਖੇ ਮਨਾਇਆ ਜਾ ਰਿਹਾ ਹੈ। ਯਾਦ ਰਹੇ ਇਹ ਸਮਾਗਮ ਲੱਗਭਗ ਪਿਛਲੇ ਪੰਜਾਹ ਸਾਲ ਤੋਂ ਸੁਸਾਇਟੀ ਦੇ ਸੰਸਥਾਪਕ ਉੱਘੇ ਅੰਬੇਡਕਰੀ ਮਰਹੂਮ ਸ਼੍ਰੀ ਲਾਹੌਰੀ ਰਾਮ ਬਾਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ੁਰੂ ਕੀਤਾ ਸੀ ਜੋਂ ਲਗਾਤਾਰ ਅੱਜ ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਮੇਂ ਸਮੇਂ ਤੇ ਭਾਰਤ ਦੇ ਉੱਚ ਕੋਟੀ ਦੇ ਬੁੱਧੀਜੀਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਅੰਬੇਡਕਰ ਜੈੰਤੀ ਦੇ ਇਸ ਬਾਰ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਅੰਬੇਡਕਰਵਾਦੀ ਸ੍ਰੀ ਸੁਭਾਸ਼ ਮੁਸਾਫਿਰ (ਹਿਮਾਚਲ ਪ੍ਰਦੇਸ਼) ਸ਼ਿਰਕਤ ਕਰਨਗੇ ਅਤੇ ਉਹਨਾਂ ਦੇ ਨਾਲ ਡਾ. ਰਿੱਤੂ ਸਿੰਘ (ਅਸਿਸਟੈਂਟ ਪ੍ਰੋਫੈਸਰ) ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਆਪਣੀ ਹਾਜ਼ਰੀ ਲਗਵਾਉਣਗੇ। ਡਾ. ਜੀ ਸੀ ਕੌਲ ਪੀਐਚਡੀ, ਸ੍ਰੀ ਸੋਹਣ ਲਾਲ ਸਾਬਕਾ ਡੀਪੀਆਈ ਕਾਲਜਾਂ ਤੇ ਚੇਅਰਮੈਨ ਅੰਬੇਡਕਰ ਭਵਨ ਟਰਸਟ ਜਲੰਧਰ ਅਤੇ ਜਸਵਿੰਦਰ ਵਰਿਆਣਾ ਸੂਬਾ ਪ੍ਰਧਾਨ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕਰਨਗੇ। ਮਿਸ਼ਨਰੀ ਕਲਾਕਾਰ ਜੀਵਨ ਮਹਿਮੀ ਬਾਬਾ ਸਾਹਿਬ ਦੇ ਮਿਸ਼ਨ ਤੇ ਸ਼ਰੋਤਿਆਂ ਨੂੰ ਆਪਣੇ ਗੀਤਾਂ ਰਾਹੀਂ ਜਾਗ੍ਰਿਤ ਕਰਨਗੇ।
ਸੋਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਇਸ ਸਮਾਗਮ ਨੂੰ ਸਫਲ ਕਰਨ ਲਈ ਲੋਕਾਂ ਨੂੰ ਤਨ ਮਨ ਧਨ ਨਾਲ ਸਹਿਯੋਗ ਕਰਨ ਲਈ ਅਪੀਲ ਕੀਤੀ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਵਸ ਅੰਬੇਡਕਰ ਭਵਨ ਜਲੰਧਰ ਵਿਖੇ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਪੂਰਵਕ ਮਨਾਉਣ ਲਈ ਸਭ ਨੂੰ ਸਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਬਲਬੀਰ, ਸੋਹਨ ਲਾਲ ਸਾਬਕਾ ਡੀ ਪੀ ਆਈ (ਕਾਲਜਾਂ), ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਣ ਐਡਵੋਕੇਟ, ਰਾਜ ਕੁਮਾਰ ਵਰਿਆਣਾ, ਕਮਲਸ਼ੀਲ ਬਾਲੀ, ਪਿਸ਼ੋਰੀ ਲਾਲ ਸੰਧੂ, ਸੋਮ ਲਾਲ ਮੱਲ (ਰਿ. ਪ੍ਰਿੰਸੀਪਲ), ਰਾਜ ਕੁਮਾਰ ਮੱਲਣ (ਬੈਂਕ ਮੈਨੇਜਰ) ਅਤੇ ਡਾ. ਮਹਿੰਦਰ ਸੰਧੂ ਹਾਜ਼ਰ ਸਨ। ,
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly