ਮੁੰਬਈ ‘ਚ ਰਾਜਭਵਨ ‘ਚ ਰਾਜਪਾਲ ਨਾਲ ਤਿੰਨੇ ਪਾਰਟੀਆਂ ਦੇ ਨੇਤਾਵਾਂ ਦੀ ਮੁਲਾਕਾਤ ਖ਼ਤਮ ਹੋ ਗਈ ਹੈ। ਮੁਲਾਕਾਤ ਤੋਂ ਬਾਅਦ ਕਾਂਗਰਸ ਨੇਤਾ ਬਾਲਾ ਸਾਹਿਬ ਥੋਰਾਤ ਅਤੇ ਐੱਨਸੀਪੀ ਨੇਤਾ ਜੈਅੰਤ ਪਾਟਿਲ ਨੇ ਕਿਹਾ ਕਿ 28 ਨਵੰਬਰ ਨੂੰ ਸ਼ਾਮ 5:30 ਵਜੇ ਊਧਵ ਠਾਕਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸ਼ਿਵਾਜੀ ਪਾਰਕ ‘ਚ ਸਹੁੰ ਚੁੱਕ ਸਮਾਰੋਹ ਹੋਵੇਗਾ। ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ ਬਾਰੇ ਅਜੇ ਕੋਈ ਚਰਚਾ ਨਹੀਂ ਹੋਈ।ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਸ਼ਿਵਸੇਨਾ, ਐੱਨਸੀਪੀ ਅਤੇ ਕਾਂਗਰਸ ਨੇਤਾਵਾਂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਾਂਗਰਸ ਨੇਤਾ ਪ੍ਰਿਥਵੀ ਰਾਜ ਚਵਾਨ ਨੇ ਕਿਹਾ ਕਿ ਸ਼ਿਵਸੇਨਾ ਮੁਖੀ ਊਧਮ ਠਾਕਰੇ ਦੀ ਅਗਵਾਈ ‘ਚ ਰਾਜ ‘ਚ ਸਰਕਾਰ ਬਣੇਗੀ। ਐੱਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ ਕਿ ਸ਼ਿਵਸੇਨਾ, ਕਾਂਗਰਸ ਅਤੇ ਐੱਨਸੀਪੀ ਗਠਜੋੜ ਨੇ ਊਧਵ ਠਾਕਰੇ ਨੂੰ ਆਪਣਾ ਨੇਤਾ ਚੁਣਿਆ ਹੈ।ਕਾਂਗਰਸ-ਐੱਨਸੀਪੀ-ਸ਼ਿਵ ਸੈਨਾ ਗਠਜੋੜ ਦੇ ਨਵੇਂ ਮੁੱਖ ਮੰਤਰੀ ਵਜੋਂ ਆਪਣੇ ਨਾਂ ‘ਤੇ ਮੋਹਰ ਲੱਗਣ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ ਹੈ ਕਿ ਜਿਨ੍ਹਾਂ ਨਾਲ ਅਸੀਂ 30 ਸਾਲ ਰਹੇ, ਉਹ ਸਾਡੇ ‘ਤੇ ਭਰੋਸਾ ਨਹੀਂ ਕਰ ਸਕੇ ਤੇ ਜਿਨ੍ਹਾਂ ਨਾਲ ਅਸੀਂ ਹਮੇਸ਼ਾ ਲੜਦੇ ਰਹੇ ਉਨ੍ਹਾਂ ਨੇ ਸਾਡੀ ਲੀਡਰਸ਼ਿਪ ‘ਚ ਭਰੋਸਾ ਪ੍ਰਗਟਾਇਆ ਹੈ।ਊਧਵ ਨੇ ਇਸ ਭਰੋਸੇ ਲਈ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਰਕਾਰ ‘ਚ ਅਸੀਂ ਮੇਰੀ-ਤੇਰੀ ਨਹੀਂ ਕਰਨੀ। ਇਹ ਸਾਡੀ ਸਾਰਿਆਂ ਦੀ ਆਪਣੀ ਸਰਕਾਰ ਹੈ। ਆਮ ਲੋਕਾਂ ਦੀ ਸਰਕਾਰ ਹੈ। ਮੰਗਲਵਾਰ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਦੇਵੇਂਦਰ ਫੜਨਵੀਸ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਫੜਨਵੀਸ ਹਾਲੇ ਵੀ ਕਹਿ ਰਹੇ ਸਨ ਕਿ ਢਾਈ-ਢਾਈ ਸਾਲ ਦੇ ਮੁੱਖ ਮੰਤਰੀ ਅਹੁਦੇ ਲਈ ਕੋਈ ਗੱਲ ਨਹੀਂ ਹੋਈ ਜਦਕਿ ਇਹ ਗੱਲ ਮੇਰੇ ਨਿਵਾਸ ਮਾਤੋਸ਼੍ਰੀ ਅੰਦਰ ਹੋਈ ਸੀ। ਜਿਹੜਾ ਵਿਅਕਤੀ ਮਾਤੋਸ਼੍ਰੀ ‘ਚ ਆ ਕੇ ਝੂਠ ਬੋਲਦਾ ਹੋਵੇ, ਮੈਂ ਕਦੇ ਉਸ ਦਾ ਸਾਥ ਦੇਣ ਵਾਲਾ ਨਹੀਂ ਹਾਂ।
ਊਧਵ ਨੇ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਦੇ ਤਜਰਬੇ ਤੇ ਅਸ਼ੀਰਵਾਦ ਨਾਲ ਸੂਬੇ ਨੂੰ ਚੰਗੀ ਸਰਕਾਰ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਵੱਲ ਇਸ਼ਾਰਾ ਕਰਦੇ ਹੋਏ ਊਧਵ ਨੇ ਕਿਹਾ ਕਿ ਉਹ ਛੇਤੀ ਹੀ ‘ਮੋਟਾ ਭਾਈ’ (ਵੱਡੇ ਭਰਾ) ਨੂੰ ਮਿਲਣ ਦਿੱਲੀ ਵੀ ਜਾਣਗੇ।