ਮੁੰਬਈ (ਸਮਾਜ ਵੀਕਲੀ): ਮੁੰਬਈ ਪੁਲੀਸ ਨੇ ਅੱਜ ਵਿਧਾਇਕ ਰਵੀ ਰਾਣਾ ਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਨਵਨੀਤ ਰਾਣਾ ਨੂੰ ਕਥਿਤ ਤੌਰ ’ਤੇ ‘ਦੋ ਧਿਰਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ’ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਪਹਿਲਾਂ ਉਨ੍ਹਾਂ ਨੂੰ ਖਾਰ ਸਥਿਤ ਘਰ ਤੋਂ ਬਾਹਰ ਲਿਆਈ ਤੇ ਨਾਟਕੀ ਘਟਨਾਕ੍ਰਮ ਵਿਚ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਮੁੰਬਈ ਸਥਿਤ ਘਰ ‘ਮਾਤੋਸ਼੍ਰੀ’ ਅੱਗੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਮਗਰੋਂ ਉਨ੍ਹਾਂ ਇਸ ਨੂੰ ਰੱਦ ਕਰ ਦਿੱਤਾ।
ਰਾਣਾ ਖ਼ਿਲਾਫ਼ ਆਈਪੀਸੀ ਦੀਆਂ ਧਾਰਾ 153 (ਏ) (ਦੋ ਧੜਿਆਂ ਵਿਚਾਲੇ ਧਰਮ, ਨਸਲ, ਜਨਮ ਸਥਾਨ, ਨਿਵਾਸ, ਭਾਸ਼ਾ ਦੇ ਅਧਾਰ ਉਤੇ ਦੁਸ਼ਮਣੀ ਪੈਦਾ ਕਰਨਾ) ਅਤੇ ਮੁੰਬਈ ਪੁਲੀਸ ਐਕਟ ਦੀ ਧਾਰਾ 135 (ਪਾਬੰਦੀ ਦੇ ਹੁਕਮਾਂ ਦੀ ਉਲੰਘਣਾ) ਲਾਈਆਂ ਗਈਆਂ ਹਨ। ਨਾਗਪੁਰ ਵਿਚ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਾਰੇ ਘਟਨਾਕ੍ਰਮ ਨਾਲ ਜਿਸ ਤਰ੍ਹਾਂ ਨਜਿੱਠਿਆ ਹੈ, ਉਸ ਵਿਚੋਂ ‘ਸਿਆਣਪ ਦੀ ਘਾਟ’ ਨਜ਼ਰ ਆਉਂਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ ਸਥਿਤੀ ਨਾਲ ਰਾਜ ਸਰਕਾਰ ਨਹੀਂ ਨਜਿੱਠ ਸਕਦੀ, ਉਸ ਦਾ ਜ਼ਿੰਮਾ ਉਹ ਭਾਜਪਾ ਸਿਰ ਪਾ ਕੇ ਆਪਣੀ ਨਾਕਾਮੀ ਲੁਕੋਣ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਆਗੂ ਨੇ ਕਿਹਾ, ‘ਜੇ ਇਜਾਜ਼ਤ ਮਿਲਦੀ ਤਾਂ ਰਾਣਾ ਪਤੀ-ਪਤਨੀ ਉੱਥੇ ਜਾਂਦੇ ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰ ਕੇ ਬਿਨਾਂ ਕੋਈ ਖ਼ਬਰ ਬਣਿਆਂ ਮੁੜ ਆਉਂਦੇ। ਮੈਨੂੰ ਸਮਝ ਨਹੀਂ ਲੱਗੀ ਕਿ ਕਿਉਂ ਬਹੁਤ ਸਾਰੇ ਲੋਕ ਕਈ ਥਾਵਾਂ ਉਤੇ ਇਸ ਤਰ੍ਹਾਂ ਇਕੱਠੇ ਹੋ ਗਏ ਜਿਵੇਂ ਰਾਣਾ ਜੋੜਾ ਕਿਸੇ ਹਮਲੇ ਦੀ ਤਿਆਰੀ ਕਰ ਰਿਹਾ ਹੋਵੇ।’
ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਵਰਕਰਾਂ ਨੇ ਉਸ ਇਮਾਰਤ ਨੂੰ ਘੇਰ ਲਿਆ ਜਿੱਥੇ ਰਾਣਾ ਪਤੀ-ਪਤਨੀ ਰਹਿੰਦੇ ਹਨ। ਦੱਸਣਯੋਗ ਹੈ ਕਿ ਦੋਵੇਂ ਪੂਰਬੀ ਮਹਾਰਾਸ਼ਟਰ ਤੋਂ ਆਜ਼ਾਦ ਵਿਧਾਇਕ ਤੇ ਸੰਸਦ ਮੈਂਬਰ ਹਨ। ਪਾਰਟੀ ਵਰਕਰਾਂ ਨੇ ਦੋਵਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ। ਇਸੇ ਦੌਰਾਨ ਪੁਲੀਸ ਅਧਿਕਾਰੀਆਂ ਨੇ ਦੋਵਾਂ ਨੂੰ ਖਾਰ ਪੁਲੀਸ ਸਟੇਸ਼ਨ ਚੱਲਣ ਲਈ ਮਨਾਇਆ। ਨਵਨੀਤ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਜਦਕਿ ਰਵੀ ਬਦਨੇਰਾ ਤੋਂ ਆਜ਼ਾਦ ਵਿਧਾਇਕ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਵਰਕਰਾਂ ਦੇ ਜ਼ੋਰਦਾਰ ਵਿਰੋਧ ਦੇ ਮੱਦੇਨਜ਼ਰ ਰਵੀ ਤੇ ਨਵਨੀਤ ਰਾਣਾ ਨੇ ਸ਼ਨਿਚਰਵਾਰ ਸਵੇਰੇ ‘ਮਾਤੋਸ਼੍ਰੀ’ ਅੱਗੇ ਹਨੂੰਮਾਨ ਚਾਲੀਸਾ ਦੇ ਪਾਠ ਦਾ ਵਿਚਾਰ ਤਿਆਗ ਦਿੱਤਾ ਸੀ। ਰਵੀ ਰਾਣਾ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸ਼ਹਿਰ ਦੇ ਦੌਰੇ ਉਤੇ ਆ ਰਹੇ ਹਨ ਤੇ ਉਹ ਕਾਨੂੰਨ-ਵਿਵਸਥਾ ਦੀ ਸਥਿਤੀ ਖਰਾਬ ਨਹੀਂ ਕਰਨਾ ਚਾਹੁੰਦੇ। ਇਸ ਤੋਂ ਪਹਿਲਾਂ ਸਵੇਰੇ ਸ਼ਿਵ ਸੈਨਾ ਵਰਕਰਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਜੋੜੇ ਦੀ ਖਾਰ ਰਿਹਾਇਸ਼ ਵਿਚ ਦਾਖਲ ਹੋਣ ਦਾ ਯਤਨ ਕੀਤਾ। ਪੁਲੀਸ ਨੂੰ ਸਥਿਤੀ ਕਾਬੂ ਹੇਠ ਕਰਨ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ।
ਸ਼ਿਵ ਸੈਨਾ ਦੇ ਵਰਕਰ ਆਪਣੇ ਯੂਥ ਆਗੂ ਵਰੁਣ ਸਰਦੇਸਾਈ ਦੀ ਅਗਵਾਈ ਵਿਚ ਸਵੇਰ ਤੋਂ ਹੀ ਨਵਨੀਤ ਤੇ ਰਵੀ ਰਾਣਾ ਦੀ ਰਿਹਾਇਸ਼ ਅੱਗੇ ਜੁੜੇ ਹੋਏ ਸਨ। ਉਨ੍ਹਾਂ ਨਾਲ ਕਈ ਮਹਿਲਾਵਾਂ ਵੀ ਸਨ ਤੇ ਉਹ ਰਾਣਾ ਪਤੀ-ਪਤਨੀ ਨੂੰ ਮੁਆਫ਼ੀ ਮੰਗਣ ਲਈ ਕਹਿ ਰਹੇ ਸਨ। ਜਦ ਉਹ ਬਾਹਰ ਆਏ ਤਾਂ ਉਨ੍ਹਾਂ ਉਤੇ ਪਾਣੀ ਦੀ ਇਕ ਖਾਲੀ ਬੋਤਲ ਵੀ ਸੁੱਟੀ ਗਈ। ਸਰਦੇਸਾਈ ਨੇ ਸੈਨਾ ਵਰਕਰਾਂ ਨੂੰ ਕਿਹਾ ਕਿ ਪੁਲੀਸ ਜੋੜੇ ਨੂੰ ਥਾਣੇ ਲਿਜਾ ਰਹੀ ਹੈ ਤੇ ਉਹ ਹੁਣ ਸ਼ਾਂਤ ਰਹਿਣ, ਕਾਨੂੰਨ ਹੱਥਾਂ ਵਿਚ ਨਾ ਲੈਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly