– ਮਨਦੀਪ ਸਿੰਘ ਸੇਖੋਂ (ਪਮਾਲ)
94643-68055
(ਸਮਾਜ ਵੀਕਲੀ)- ਲੁਧਿਆਣਾ ਜ਼ਿਲ੍ਹੇ ਦੀ ਦੱਖਣ-ਪੱਛਮੀ ਗੁੱਠ ਵਿੱਚ ਵਸੇ ਇਤਿਹਾਸਕ ਸ਼ਹਿਰ ਰਾਏਕੋਟ ਤੋਂ ਜਗਰਾਉਂ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਰਾਏਕੋਟ ਤੋਂ ਤਕਰੀਬਨ ਛੇ ਕੁ ਕਿਲੋਮੀਟਰ ਦੂਰ ਘੁੱਗ ਵਸਦਾ ਪਿੰਡ ਹੈ ਬੱਸੀਆਂ। ਬੱਸੀਆਂ ਪਹੁੰਚਦਿਆਂ ਹੀ ਸੱਜੇ ਪਾਸੇ ਨਿਕਲਦੀ ਮੀਲ ਕੁ ਲੰਮੀ ਲਿੰਕ ਸੜਕ ਖੇਤਾਂ ਵਿੱਚੋਂ ਲੰਘਦੀ ਹੋਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਅਤੇ ਸਿੱਖ ਸਲਤਨਤ ਦੇ ਆਖਰੀ ਸਹਿਨਸ਼ਾਹ ਮਹਾਰਾਜਾ ਦਲੀਪ ਸਿੰਘ ਨਾਲ ਆਖਰੀ ਨਿਸ਼ਾਨੀ ਵਜੋਂ ਇਤਿਹਾਸਕ ਕੜੀ ਜੋੜਦੀ ਪੁਰਾਤਨ ਇਮਾਰਤ ‘ਬੱਸੀਆਂ ਕੋਠੀ’ ਤੱਕ ਲੈ ਜਾਂਦੀ ਹੈ।
ਆਲੇ-ਦੁਆਲੇ ਦੇ ਕਈ ਪਿੰਡਾਂ ਤੋਂ ਹਟਵੀਂ, ਦੂਰ ਤੱਕ ਵਿਖਾਈ ਦਿੰਦੇ ਪੱਧਰੇ ਖੇਤੀਯੋਗ ਮੈਦਾਨ ਦੇ ਵਿੱਚ ਲਗਭਗ 13 ਏਕੜ ਰਕਬੇ ਵਿੱਚ ਬਣੀ ਇਹ ਕੋਠੀ 19ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਉਸਾਰੀ ਗਈ ਦੱਸੀ ਜਾਂਦੀ ਹੈ। ਜੋ ਅੰਗਰੇਜ਼ੀ ਰਾਜ ਦੌਰਾਨ ਇਲਾਕੇ ਵਿੱਚ ਆਉਣ-ਜਾਣ ਵਾਲੇ ਅੰਗਰੇਜ਼ ਅਧਿਕਾਰੀਆਂ ਦਾ ਅਰਾਮ ਘਰ ਹੋਇਆ ਕਰਦੀ ਸੀ। ਇਸ ਤੋਂ ਇਲਾਵਾ ਇਹ ਫਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜ਼ਨ ਦਾ ਅਸਲਾ ਮੁਹੱਈਆ ਕਰਨ ਵਾਲਾ ਡਿਪੂ ਵੀ ਰਿਹਾ। ਅਜ਼ਾਦੀ ਤੋਂ ਬਾਅਦ ਇਹ ਕੋਠੀ ਪੰਜਾਬ ਦੇ ਨਹਿਰੀ ਵਿਭਾਗ ਦੇ ਕਬਜ਼ੇ ਵਿੱਚ ਵੀ ਰਹੀ ਹੈ। ਕਿਸੇ ਸਮੇਂ ਤਿੰਨ ਸਾਲ ਇਸ ਨੂੰ ਜ਼ਿਲ੍ਹਾ ਸੈਸ਼ਨ ਜੱਜ ਲੁਧਿਆਣਾ ਵੱਲੋਂ ਰੈਸਟ ਹਾਊਸ ਵਜੋਂ ਵੀ ਵਰਤਿਆ ਗਿਆ ਹੈ। 1984 ਵਿੱਚ ਸਾਕਾ ਨੀਲਾ ਤਾਰਾ ਦੌਰਾਨ ਬੀ.ਐਸ.ਐਫ. ਦੇ ਜਵਾਨ ਇਸ ਕੋਠੀ ਵਿੱਚ ਰਹਿੰਦੇ ਰਹੇ ਅਤੇ ਇਸ ਤੋਂ ਬਾਅਦ ਪੰਜਾਬ ਵਿੱਚ ਚੱਲੇ ‘ਕਾਲੇ ਦੌਰ’ ਦੌਰਾਨ ਵੀ ਇਹ ਸਥਾਨ ਕਈ ਕਹਾਣੀਆਂ ਵਿੱਚ ਖਾਸ ਰਿਹਾ ਹੈ। ਸੋ, ਇਸ ਕੋਠੀ ਨੇ ਸਮੇਂ-ਸਮੇਂ ’ਤੇ ਵੱਖ-ਵੱਖ ਹਾਲਾਤ ਹੰਢਾਏ ਹਨ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ 1848-49 ਵਿੱਚ ਹੋਏ ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਲਾਹੌਰ ਦਰਬਾਰ (ਪੰਜਾਬ) ਦੀ ਹਾਰ ਤੋਂ ਬਾਅਦ, ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ 29 ਮਾਰਚ, 1849 ਨੂੰ ਸਿੱਖ ਰਾਜ, ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ। ਉਸ ਸਮੇਂ ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਉਮਰ ਸਿਰਫ ਬਾਰਾਂ ਕੁ ਸਾਲ ਦੀ ਸੀ। ਇਸੇ ਤਹਿਤ ਅੰਗਰੇਜ਼ ਫੌਜ ਨੇ ਮਹਾਰਾਜਾ ਦਲੀਪ ਸਿੰਘ ਨੂੰ ਰਾਜਧਾਨੀ ਲਾਹੌਰ ਤੋਂ 21 ਦਸੰਬਰ 1849 ਨੂੰ ਬੰਦੀ ਬਣਾ ਲਿਆ। ਫਿਰ ਉਸ ਨੂੰ ਇੰਗਲੈਂਡ ਜ਼ਲਾਵਤਨ ਕਰਨ ਸਮੇਂ ਅੰਗਰੇਜ਼ ਫੌਜ ਦਾ ਕਾਫਲਾ ਫਿਰੋਜ਼ਪੁਰ, ਮੁੱਦਕੀ, ਬਾਘਾ-ਪੁਰਾਣਾ, ਬੱਧਣੀ, ਲੋਪੋਂ, ਮੱਲ੍ਹਾ, ਮਾਣੂਕੇ ਅਤੇ ਨੇੜਲੇ ਪਿੰਡ ਜੱਟਪੁਰਾ ਰਾਹੀਂ ਹੁੰਦਾ ਹੋਇਆ 31 ਦਸੰਬਰ, 1849 ਨੂੰ ਇਸ ਕੋਠੀ ਵਿਖੇ ਪਹੁੰਚਿਆ। ਉਸ ਦਿਨ ਇੱਥੇ ਪੰਜਾਬ ਦਾ ਗਵਰਨਰ ਹੈਨਰੀ ਲਾਰੈਂਸ ਵੀ ਠਹਿਰਆ ਹੋਇਆ ਸੀ। ਪਰ, ਭਾਈ ਮਹਾਰਾਜਾ ਸਿੰਘ ਵੱਲੋਂ ਕੀਤੇ ਜਾਣ ਵਾਲੇ ਹਮਲੇ ਦੀ ਭਿਣਕ ਮਿਲਦਿਆਂ ਹੀ ਹੈਨਰੀ ਲਾਰੈਂਸ ਇੱਥੋਂ ਨਿਕਲ ਗਿਆ। ਉਸ ਰਾਤ ਫੌਜੀ ਕਾਫਲੇ ਨੇ ਇੱਥੇ ਨਵੇਂ ਸਾਲ ਦੇ ਜਸ਼ਨ ਵੀ ਮਨਾਏ, ਪਰ ਸਿੱਖ ਰਾਜ ਦੇ ਆਖਰੀ ਮਹਾਰਾਜੇ ਦੀ ਆਪਣੇ ਪੰਜਾਬ ਦੀ ਹਦੂਦ ਅੰਦਰ ਇਹ ਆਖਰੀ ਰਾਤ ਸੀ। ਜਿਸ ਦੀ ਆਖਰੀ ਗਵਾਹ ਇਹ ਕੋਠੀ ਅੱਜ ਵੀ ਮੌਜ਼ੂਦ ਹੈ।
1 ਜਨਵਰੀ, 1850 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਫੌਜੀ ਕਾਫਲਾ ਲੋਹਟਬੱਦੀ, ਮਲੇਰਕੋਟਲਾ, ਅਮਰਗੜ੍ਹ, ਪਟਿਆਲਾ, ਅੰਬਾਲਾ, ਮੌਲਾਨਾ, ਮੁਸਤਾਫਾਬਾਦ ਅਤੇ ਚਿਲਕਾਨਾਂ ਹੁੰਦਾ ਹੋਇਆ 20 ਜਨਵਰੀ ਨੂੰ ਮੇਰਠ ਰਾਹੀਂ ਫਤਿਹਗੜ੍ਹ (ਯੂ.ਪੀ.) ਵਿਖੇ ਪਹੁੰਚਿਆ। ਉੱਥੇ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਕਿਲਾ-ਨੁਮਾ ਇਮਾਰਤ ਵਿੱਚ ਨਜ਼ਰਬੰਦ ਰੱਖਿਆ ਗਿਆ। ਅੰਗਰੇਜ ਸਰਕਾਰ ਨੇ ਮਹਾਰਾਜੇ ਦੀ ਦੇਖਭਾਲ ਦੇ ਨਾਲ-ਨਾਲ ਸ਼ਾਹੀ ਖਜਾਨੇ ਦਾ ਚਾਰਜ ਡਾ. ਲੋਗਿਨ ਅਤੇ ਉਸ ਦੀ ਪਤਨੀ ਲੇਡੀ ਲੀਨਾ ਲੋਗਿਨ ਨੂੰ ਦੇ ਦਿੱਤਾ। ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਤੋਂ ਇਸਾਈ ਧਰਮ ਵਿੱਚ ਤਬਦੀਲ ਕਰਨ ਤੱਕ ਲਗਭਗ 3 ਸਾਲ ਆਪਣੇ ਕੋਲ ਰੱਖਿਆ ਅਤੇ ਬਾਅਦ ਵਿੱਚ ਉਸ ਨੂੰ ਕਲਕੱਤੇ ਤੋਂ ਸਮੁੰਦਰੀ ਰਸਤੇ ਰਾਹੀਂ ਇੰਗਲੈਂਡ ਭੇਜਿਆ ਗਿਆ।
ਸਿੱਖ ਇਤਿਹਾਸ ਨੂੰ ਸਾਂਭੀ ਬੈਠੀ ਇਹ ਕੋਠੀ ਦੋ ਸਦੀਆਂ ਦੀ ਉਮਰ ਹੰਢਾ ਕੇ ਖੰਡਰ ਬਣਨ ਦੇ ਕੰਢੇ ਜਾ ਪਹੁੰਚੀ ਤਾਂ 2011-12 ਵਿੱਚ ਪਿੰਡ ਬੱਸੀਆਂ ਵਿੱਚ ਸੰਗਤ ਦਰਸ਼ਨ ਲਈ ਪਹੁੰਚੇ ਮਰਹੂਮ ਤਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਲਾਕੇ ਦੇ ਕੁਝ ਸੁਹਰਿਦ ਇਨਸਾਨਾਂ ਨੇ ਇਸ ਕੋਠੀ ਦੀ ਸਾਰ ਲੈਣ ਦੀ ਬੇਨਤੀ ਕੀਤੀ। ਜਿਸ ’ਤੇ ਫੁੱਲ ਚੜ੍ਹਾਉਂਦਿਆਂ ਪੰਜਾਬ ਸਰਕਾਰ ਵੱਲੋਂ ਨਾਨਕਸ਼ਾਹੀ ਲਾਹੌਰੀ ਇੱਟ ਦੀ ਬਣੀ ਇਸ ਕੋਠੀ ਦੇ ਸੁੰਦਰੀਕਰਨ ਅਤੇ ਬਹਾਲੀ ਦਾ ਕੰਮ ਇੰਡੀਅਨ ਨੈਸ਼ਨਲ ਟਰੱਸਟ ਫਾਰ ਕਲਚਰਲ ਹੈਰੀਟੇਜ (ਇੰਟੈਕ) ਨੂੰ ਦਿੱਤਾ ਗਿਆ। ਬੱਸੀਆਂ ਕੋਠੀ ਦੀ ਉਸਾਰੀ ਵਿੱਚ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਇਸ ਇਤਿਹਾਸਕ ਇਮਾਰਤ ਦੀ ਉਸਾਰੀ ਵਿੱਚ ਪੁਰਾਤਨ ਭਵਨ ਕਲਾ ਅਨੁਸਾਰ ਹੀ ਚੂਨਾ ਅਤੇ ਗੁੜ ਦੀ ਵਰਤੋਂ ਕੀਤੀ ਗਈ ਹੈ।
24 ਮਈ, 2015 ਨੂੰ ਪੰਜਾਬ ਸਰਕਾਰ ਨੇ ਇਸ ਇਤਿਹਾਸਕ ਬੱਸੀਆਂ ਕੋਠੀ ਨੂੰ ਦਲੀਪ ਬ੍ਰਿਟਿਸ਼ ਮਿਊਜ਼ੀਅਮ ਇੰਗਲੈਂਡ ਦੇ ਮਾਡਲ ਦੇ ਅਧਾਰ ’ਤੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਜੋਂ ਸਥਾਪਿਤ ਕੀਤਾ। ਵਿਸ਼ਾਲ ਚਾਰ-ਦਿਵਾਰੀ ਦੇ ਅੰਦਰ ਪੁਨਰ-ਨਿਰਮਾਣ ਉਪਰੰਤ ਤਿਆਰ ਹੋਈ ਹਲਕੇ ਪੀਲੇ ਰੰਗ ਦੀ ਪੁਰਾਤਨ ਇਮਾਰਤ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਜਿਸ ਦੇ ਆਲੇ-ਦੁਆਲੇ ਬਣੇ ਹਰੇ ਘਾਹ ਦੇ ਮੈਦਾਨਾਂ ਵਿੱਚ ਡੇਢ ਸਦੀ ਤੋਂ ਵੀ ਵੱਧ ਪੁਰਾਣੇ ਪਿੱਪਲ ਅਤੇ ਸਿੰਮਲ ਤੋਂ ਇਲਾਵਾ ਅੰਬ, ਜਾਮਣ, ਟਾਹਲੀ ਅਤੇ ਵੱਖ-ਵੱਖ ਕਿਸਮਾਂ ਦੇ ਸੈਂਕੜੇ ਰੁੱਖ ਖੁਬਸੂਰਤੀ ਦੀ ਮਿਸਾਲ ਆਪ ਬਣੇ ਹੋਏ ਹਨ। ਵਿਹੜੇ ਵਿੱਚ ਬਣਿਆ ਛੋਟਾ ਜਿਹਾ ਗੋਲ ਅਕਾਰੀ ਰੰਗਮੰਚ ਅਤੇ ਖੁੱਲ੍ਹੀ ਹਵਾ ਵਾਲਾ ਥੀਏਟਰ ਵੱਖ-ਵੱਖ ਆਰਟਿਸਟਾਂ ਲਈ ਖਿੱਚ ਦਾ ਕੇਂਦਰ ਹੈ। ਮੁੱਖ ਇਮਾਰਤ ਦੇ ਖੱਬੇ ਹੱਥ ਉੱਚੇ ਥੜੇ ’ਤੇ ਘੋੜ-ਸਵਾਰੀ ਦੀ ਮੁਦਰਾ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਵਿਸ਼ਾਲ ਬੁੱਤ ਲਗਾਇਆ ਗਿਆ ਹੈ।
ਇਸ ਅਜ਼ਾਇਬ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਵਿਰਾਸਤੀ ਵਸਤਾਂ ਦੀਆਂ 90 ਫੀਸਦੀ ਕਾਪੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਯਾਦਗਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਦਾ ਮਾਡਲ, ਤਲਵਾਰ ਅਤੇ ਕੋਹਿਨੂਰ ਹੀਰੇ ਦੀ ਹੂਬਹੂ ਨਕਲ ਤੋਂ ਇਲਾਵਾ ਮਹਾਰਾਜਾ ਦਲੀਪ ਸਿੰਘ ਦੇ ਗਹਿਣਿਆਂ, ਦਸਤਾਰ, ਪੁਸ਼ਾਕ ਅਤੇ ਮਹਾਰਾਜੇ ਦੇ ਅੰਗਰੇਜ਼ੀ ਜੀਵਨ ਸ਼ੈਲੀ ਨਾਲ ਸਬੰਧਿਤ ਹੋਰ ਵਸਤਾਂ ਦੀ ਗੈਲਰੀ ਬਣਾਈ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਿਤ ਇਤਿਹਾਸ ਦੀ ਜਾਣਕਾਰੀ ਲਈ ਵੱਖ-ਵੱਖ ਨਕਸ਼ੇ ਅਤੇ ਆਦਮਕੱਦ ਪੇਂਟਿੰਗਜ਼ ਦੇ ਪ੍ਰਿੰਟ ਅਤੇ ਇਤਿਹਾਸਕ ਲਿਖਤਾਂ ਬਹੁਤ ਹੀ ਖੂਬਸੂਰਤ ਢੰਗ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸੇ ਹੀ ਤਰ੍ਹਾਂ ਮਹਾਰਾਣੀ ਜਿੰਦ ਕੌਰ ਦੀ ਪੇਂਟਿੰਗ ਵੀ ਅਜ਼ਾਇਬ ਘਰ ਦਾ ਸ਼ਿੰਗਾਰ ਬਣਾਈ ਹੋਈ ਹੈ। ਮਹਾਰਾਜਾ ਦਲੀਪ ਸਿੰਘ ਦੇ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤੱਕ ਦੇ ਇਤਿਹਾਸ, ਉਸ ਦੇ ਵੰਸ਼ ਅਤੇ ਪਰਿਵਾਰ ਦੀ ਅਜੋਕੀ ਸਥਿਤੀ ਨੂੰ ਚਿਤਰਦੀਆਂ ਵੱਡ-ਅਕਾਰੀ ਤਸਵੀਰਾਂ ਅਤੇ ਲਿਖਤੀ ਜਾਣਕਾਰੀ ਇਸ ਅਜ਼ਾਇਬ ਘਰ ਨੂੰ ਪੂਰਨਤਾ ਪ੍ਰਦਾਨ ਕਰਦੀ ਹੈ। ਇੱਥੇ ਸੇਵਾ ਨਿਭਾ ਰਹੇ ਅਗਵਾਈ ਕਰਤਾ ਵੱਲੋਂ ਵੀ ਇਸ ਇਤਿਹਾਸ ਦੇ ਹਰ ਪਹਿਲੂ ਨੂੰ ਬਾਖੂਬੀ ਪੇਸ਼ ਕੀਤਾ ਜਾਂਦਾ ਹੈ।
ਸਿੱਖ ਰਾਜ ਦੀ ਵਿਰਾਸਤ ਨੂੰ ਤਰਜ਼ਮਾਨ ਕਰਦੀ ਇਸ ਇਤਿਹਾਸਕ ਕੋਠੀ ਤੋਂ ਬਹੁਤੇ ਲੋਕ ਅਜੇ ਵੀ ਅਨਜਾਣ ਹਨ। ਆਪਣੇ ਅਮੀਰ ਇਤਿਹਾਸ ਨੂੰ ਸੰਭਾਲੀ ਬੈਠੀਆਂ ਅਜਿਹੀਆਂ ਥਾਵਾਂ ਪ੍ਰਤੀ ਨੌਜਵਾਨਾਂ ਖਾਸਕਰ ਵਿਦਿਆਰਥੀਆਂ ਦਾ ਅਵੇਸਲਾਪਣ ਸਾਡੇ ਸਭ ਲਈ ਵੱਡੀ ਫਿਕਰਮੰਦੀ ਹੈ। ਜਿਸ ਕਰਕੇ ਅਜਿਹੀਆਂ ਇਤਿਹਾਸਕ ਥਾਵਾਂ ਵੱਲ ਵਿਦਿਆਰਥੀਆਂ ਦੀ ਉਤਸੁਕਤਾ ਵਧਾਉਣ ਲਈ ਸਿੱਖਿਆ ਅਤੇ ਪ੍ਰਸ਼ਾਸ਼ਨਿਕ ਵਿਭਾਗ ਨੂੰ ਪਹਿਲ ਕਦਮੀ ਕਰਨੀ ਬਣਦੀ ਹੈ। ਪੰਜਾਬ ਸਰਕਾਰ ਨੂੰ ਵੀ ਅਜਿਹੀਆਂ ਲੋਪ ਹੋ ਰਹੀਆਂ ਵਿਰਾਸਤੀ ਇਮਾਰਤਾਂ ਨੂੰ ਸੁਹਿਰਦਤਾ ਨਾਲ ਸੰਭਾਲਣ ਦੇ ਉਪਰਾਲੇ ਕਰਨ ਵੱਲ ਉਚੇਚਤਾ ਵਿਖਾਉਣ ਦੀ ਲੋੜ ਹੈ।