(ਸਮਾਜ ਵੀਕਲੀ)
ਮਾਧੋ ਤੇ ਨਾਨਕ-
ਕਰਨ ਜਗਤ ਦੀਆਂ ਗੱਲਾਂ
ਨਾ ਕੁਝ ਮੇਰੀ ਮੁਰਲੀ ਕੀਤਾ
ਨਾ ਕੁਝ ਤੇਰੇ ਹੱਲਾਂ!
ਜਿੰਨ੍ਹਾਂ ਖ਼ਾਤਰ ਸ਼ਹਿਰ ਗਰਾਂ ਤੂੰ
ਭੁੱਖੇ ਭਾਣੇ ਗਾਹੇ
ਉਹਨਾਂ ਨੇ ਤਾਂ ਤਰਕ ਤੇਰੇ ਦੇ
ਭੋਰਾ ਮੁੱਲ ਨਾ ਪਾਏ
ਕਿਉਂ ਤੂੰ ਆਪਣੇ ਘਰੋਂ ਨਿਕਲਿਆ?
ਪੀਰਾ! ਚੜ੍ਹੀ ਜਵਾਨੀ
ਇਹ ਵਹਿਮੀ ਤਾਂ ਸੱਚ ਤੇਰੇ ਨੂੰ
ਅਜੇ ਵੀ ਦੇਣ ਝਕਾਨੀ
ਪਹਿਲਾਂ ਤਾਂ ਸੀ ਦੋ ਸੂਤਰ ਦਾ
ਗਲ਼ੇ ਜਨੇਊ ਪਾਉਂਦੇ
ਹੁਣ ਤਾਂ ਗਲ਼ ‘ਚੋਂ ਕੱਟੜਤਾ ਦਾ
ਚੋਲ਼ਾ ਹੀ ਨਹੀਂ ਲਾਹੁੰਦੇ
ਮਾਤਾ ਕਹਿ ਕੇ ਬਾਬਾ ਸੀ ਤੂੰ
ਜੱਗ ਜਨਣੀ ਸਤਿਕਾਰੀ
ਇਹਨਾਂ ਦੁਸ਼ਟਾਂ ਮਾਂ ਵੇਚੀ
ਤੇ ਕੰਜਕ ਕੁੱਖੇ ਮਾਰੀ
ਤੇਰੀਓ ਗ਼ਲਤੀ! ਐਂਵੇਂ ਮਨ ਦੇ
ਮੱਕੇ ਰਿਹਾ ਘੁਮਾਉਂਦਾ
ਇਹਨਾਂ ਬਾਣੀ ਰਟ ਲਈ ਵਿੱਚੋਂ
ਊੜਾ ਵੀ ਨਾ ਆਉਂਦਾ
ਤੇਰਾਂ-ਤੇਰਾਂ ਆਖ ਤੋਲਿਆ
ਸ਼ਾਹੂਕਾਰਾ! ਕਾਹਨੂੰ ?
ਸਾਥੋਂ ਦਾਤਾਂ ਮੰਗਣ ਵਾਲ਼ੇ
ਟਿੱਚ ਜਾਣਦੇ ਸਾਨੂੰ!
ਗੁਰੂ ਪੀਰ ਬਣ ਸਭ ਦਾ ਸਾਂਝਾ
ਬਦਲੀਆਂ ਸੀ ਤਕਦੀਰਾਂ
ਵੇਖ ! ਮੂਰਖਾਂ ਧਰਤੀ ਵੰਡੀ
ਬੈਠੇ ਮਾਰ ਲਕੀਰਾਂ
ਮੱਥੇ ‘ਤੇ ਹੱਥ ਧਰ ਕੇ ਬਾਬਾ
ਬੋਲ ਪਿਆ ਸੀ ਸਹਿੰਦਾ
ਸੋਚੇ ਅੱਜ ਤੇ ਇਹ ਵੀ ਚਾਤਰ
ਖ਼ਰੀਆਂ-ਖ਼ਰੀਆਂ ਕਹਿੰਦਾ
ਹਿੰਮਤ ਜਰਾ ਬਟੋਰ ਕੇ ਬਾਬੇ
ਮਾਧੋ ਨੂੰ ਸਮਝਾਇਆ
ਤੂੰ ਵੀ ਦੱਸ! ਦਵਾਪਰ ਯੁੱਗੇ
ਕਿਹੜਾ ਰੰਗ ਸੀ ਲਾਇਆ?
ਨਾਲ਼ ਗੋਪੀਆਂ ਮਸਤੀ ਕੀਤੀ
ਨਾਲ਼ੇ ਚੋਰ – ਚਕਾਰੀ
ਉਲਟੀਆਂ ਸਿੱਧੀਆਂ ਚਾਲਾਂ ਚੱਲ ਕੇ
ਹਰ ਥਾਂ ਬਾਜੀ ਮਾਰੀ
ਵੱਡਾ ਤੂੰ ਗਊਆਂ ਦਾ ਹੇਜੀ
ਗੋਰਖ ਤੇਰਾ ਧੰਦਾ
ਰਿਹਾ ਏਂ ਗੁਰੂਆ ਤੂੰ ਵੀ ਆਪਣੇ
ਦੌਰ ਦਾ ਸ਼ਾਤਰ ਬੰਦਾ
ਤੈਨੂੰ ਧਰਮ ਦੀ ਆੜ ‘ਚ ਬੈਠੇ
ਗਿੱਦੜ ਨਹੀਂ ਸੀ ਭਾਉੰਦੇ
ਵੇਖ! ਤੇਰੇ ਮਾਮੇ ਦੇ ਵੰਸ਼ਜ
ਜੰਗਲ਼ ਰਾਜ ਚਲਾਉਂਦੇ
ਆਪਾਂ ਤਾਂ ਕਾਲ਼ੂ ਤੋਂ ਖ਼ਾਸੀ
ਝਾੜ – ਝੰਬ ਕਰਵਾਈ
ਤੂੰ ਤਾਂ ਫਿਰਦਾ ਰਿਹਾ ਚਲਾਕਾ
ਹਰ ਥਾਂ ਰਾਸ ਰਚਾਈ
ਮੌਜੀ ਬਣ ਕੇ ਵਰਿੰਦਾਵਣ ਨੂੰ
ਮੁਰਲੀ ਰਿਹਾ ਸੁਣਾਂਦਾ
ਯਾਰਾਂ ਦਾ ਤੂੰ ਨਾਢੂ ਖਾਂ ਸੀ
ਮਾਂ ਤੋਂ ਧੌਲਾਂ ਖਾਂਦਾ
ਦੋਵੇਂ ਖਚਰਾ ਹਾਸਾ ਹੱਸੇ
ਬੀਤੀਆਂ ਚੇਤੇ ਕਰਕੇ
ਬਣ ਗਈ ਹੋਰ, ਬਣਾਈ ਬਣਤਰ
ਵੇਖਣ ਹੌਕਾ ਭਰ ਕੇ!
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly