ਔਰਤਾਂ ਨਾਲ ਘਣਾਉਣੀਆਂ ਹਰਕਤਾਂ ਕਰਨ ਵਾਲਿਆਂ ਖਿਲਾਫ਼ ਅਦਾਲਤਾਂ ਸਖ਼ਤ ਅਤੇ ਜਲਦ ਫੈਸਲੇ ਕਰਨ – ਲਾਇਨ ਸੋਮਿਨਾਂ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): “ਵਿਸ਼ਵ ਮਹਿਲਾ ਦਿਵਸ” ਦੇ ਮੱਦੇਨਜ਼ਰ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਜ਼ਿਲ੍ਹਾ 321- ਡੀ ਦੀ ਕਲੱਬ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਅਹੁਦੇਦਾਰਾਂ ਨੇ ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਲਏ ਫੈਸਲੇ ਮੁਤਾਬਕ ਇੱਕ ਨੌਜਵਾਨ ਲੜਕੀ ਨੂੰ ਇੱਕ ਖ਼ੂਬਸੂਰਤ ਮੁਸਕੁਰਾਹਟ ਦੇਣ ਸੰਬੰਧੀ ਨੇਕ ਕਾਰਜ ਕਰਨ ਦਾ ਫੈਸਲਾ ਲਿਆ ਗਿਆ। ਇੱਕ ਨੌਜਵਾਨ ਲੜਕੀ ਜਿਸ ਦੇ ਦੰਦਾਂ ਦਾ ਪੀੜ੍ਹ ਬਹੁਤ ਬੇਢੰਗਾ ਸੀ ਜਿਸ ਕਾਰਣ ਲੜਕੀ ਹਮੇਸ਼ਾਂ ਨਿੰਮੋਝੂਣਾ ਜਿਹਾ ਜੀਵਨ ਜਿਊਣ ਲਈ ਬੇਬੱਸ ਸੀ। ਚਵਨ ਹਸਪਤਾਲ ਦੇ ਡਾਕਟਰ ਤਰੁਣ ਅਤੇ ਸ਼ਿਲਪਾ ਖੇੜਾ ਨੂੰ ਲੜਕੀ ਦੇ ਬਾਹਰ ਨਿਕਲੇ ਦੰਦ ਦਿਖਾਏ ਅਤੇ ਉਨ੍ਹਾਂ ਕਿਹਾ ਕਿ ਅਸੀਂ ਆਧੁਨਿਕ ਤਕਨੀਕ ਰਾਹੀਂ ਦੰਦ ਠੀਕ ਕਰ ਦਿਆਂਗੇ। ਲੜਕੀ ਨੂੰ ਹੋਰ ਨਿੰਮੋਝੂਣਾ ਜੀਵਨ ਬਤੀਤ ਨਹੀਂ ਕਰਨਾ ਪਵੇਗਾ।
ਇਸ ਮੌਕੇ ਕਲੱਬ ਦੀ ਫਸਟ ਵਾਇਸ ਪ੍ਰੈਜ਼ੀਡੈਂਟ ਲਾਇਨ ਸੋਮਿਨਾਂ ਸੰਧੂ ਨੇ “ਵਿਸ਼ਵ ਮਹਿਲਾ ਦਿਵਸ” ਤੇ ਨਿਆਂ ਪਾਲਿਕਾ ਤੋਂ ਮੰਗ ਕੀਤੀ ਕਿ ਮਾਣਯੋਗ ਅਦਾਲਤਾਂ ਔਰਤਾਂ ਨਾਲ ਹੋ ਰਹੇ ਅਤਿਅੰਤ ਘਣਾਉਣੇ ਅਤੇ ਖ਼ਤਰਨਾਕ ਅਪਰਾਧ ਕਰਨ ਵਾਲਿਆਂ ਖ਼ਿਲਾਫ ਜਲਦ ਅਤੇ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਕਦਮ ਚੁੱਕਣ ਤਾਂ ਹੀ ਔਰਤਾਂ ਭਾਰਤ ਵਿੱਚ ਮਹਿਫ਼ੂਜ਼ ਰਹਿ ਸਕਦੀਆਂ ਹਨ। ਗੱਲਬਾਤ ਕਰਦਿਆਂ ਕਲੱਬ ਦੇ ਚੇਅਰਪਰਸਨ ਲਾਇਨ ਯੋਗੇਸ਼ ਗੁਪਤਾ ਐਡਵੋਕੇਟ ਫਿਲੌਰ, ਸੈਕ੍ਰੇਟਰੀ ਲਾਇਨ ਬਬਿਤਾ ਸੰਧੂ, ਡਾਇਰੈਕਟਰ ਲਾਇਨ ਵਿਸ਼ੂ ਗੁਪਤਾ, ਲਾਇਨ ਆਂਚਲ ਸੰਧੂ ਸੋਖਲ ਮੈਂਬਰਸ਼ਿਪ ਚੇਅਰਪਰਸਨ, ਐਡਮਿਨਸਟ੍ਰੇਟਰ ਲਾਇਨ ਰੋਹਿਤ ਸੰਧੂ, ਸੈਕੰਡ ਵਾਇਸ ਪ੍ਰੈਜ਼ੀਡੈਂਟ ਜਸਪ੍ਰੀਤ ਸੰਧੂ, ਟਰੈਜਰਰ ਰਣਜੀਤ ਸਿੰਘ ਨੇ ਕਿਹਾ ਸਾਨੂੰ ਸੇਵਾ ਦੇ ਕਾਰਜ ਸ਼ਬਦਾਂ ਦੇ ਨਾਲ ਹੀ ਨਹੀਂ ਬਲਕਿ ਹਕੀਕਤ ਵਿੱਚ ਕਰਨੇ ਚਾਹੀਦੇ ਹਨ। ਸਮੂਹ ਮੈਂਬਰਾਂ ਨੇ ਮੌਕੇ ਪਰ ਹੀ 15000/- ਰੁਪਏ ਦੀ ਪੇਸ਼ਗੀ ਰਾਸ਼ੀ ਡਾ: ਤਰੁਣ ਖੇੜਾ ਅਤੇ ਡਾ: ਸ਼ਿਲਪਾ ਖੇੜਾ ਨੂੰ ਅਦਾ ਕੀਤੀ ਤਾਂ ਕਿ ਕਲੱਬ ਵੱਲੋਂ ਦਿੱਤੀ ਮੁਸਕੁਰਾਹਟ ਸਦਾ ਹੀ ਨੌਜਵਾਨ ਲੜਕੀ ਦੇ ਚਿਹਰੇ ਅਤੇ ਬੁੱਲ੍ਹਾ ਤੇ ਵਾਸ ਕਰਦੀ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly