HOME ਮੈਡਮ ਜੀ ਤੁਸੀਂ ਆਉਗੇ ਨਾ ਸਾਡੇ ਘਰੇ

ਮੈਡਮ ਜੀ ਤੁਸੀਂ ਆਉਗੇ ਨਾ ਸਾਡੇ ਘਰੇ

1
ਮਨਿੰਦਰ ਕੌਰ ਬੇਦੀ
  ਮਨਿੰਦਰ ਕੌਰ ਬੇਦੀ
   (ਸਮਾਜ ਵੀਕਲੀ)    ਪਿਆਰ ਦੀ ਪਵਿੱਤਰਤਾ ਨਿਰਛਲਤਾ ਨਾਪਣੀ ਹੋਵੇ ਤਾਂ ਸਾਨੂੰ ਲੱਗੇਗਾ ਕਿ ਇਸ ਨੂੰ ਨਾਪਣ ਦਾ ਤਾਂ ਕੋਈ ਪੈਮਾਨਾ ਹੀ ਹੈ ਨੀ ਪਰ ਨਹੀਂ ਅਜਿਹਾ ਨਹੀਂ ਹੈ,ਭੋਲਾ ਭਾਲਾ ਹਰ ਕਪਟ ਤੋਂ ਮੁਕਤ ਬਚਪਨ ਇਸਨੂੰ ਮਾਪਣ ਦਾ ਸਹੀ ਪੈਮਾਨਾ ਹੈ,ਬੱਚਿਆਂ ਦੀਆਂ ਖੁਸ਼ੀਆਂ ਉਨ੍ਹਾਂ ਵਰਗੀਆਂ ਹੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਚੀਜ਼ਾਂ ‘ਚ ਹੀ ਹੁੰਦੀਆਂ ਹਨ,ਬਾਹਰੋਂ ਨਹੀਂ ਜੇ ਧੁਰ ਅੰਦਰੋਂ ਮੁਸਕੁਰਾਉਣਾ ਹੋਵੇ ਤਾਂ ਬੱਚਿਆਂ ਦੀ  ਸੰਗਤ ਤੋਂ ਵਧੀਆ ਹੋਰ ਕੋਈ ਸੰਗਤ ਨਹੀਂ।
      ਮਨਜੀਤ ਮੇਰੀ ਗੁਆਂਢਣ ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹੈ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਹੈ,ਮਨਜੀਤ ਦਾ ਪਤੀ ਅਮਰਜੀਤ ਵੀ ਇੱਕ ਪ੍ਰਾਈਵੇਟ ਫਰਮ ‘ਚ ਕੰਮ ਕਰਦਾ ਹੈ,ਦੋਵੇਂ ਪਤੀ ਪਤਨੀ ਬਹੁਤ ਹੀ ਮਿਹਨਤੀ ਤੇ
ਮਿਲਣਸਾਰ ਹਨ,ਮਨਜੀਤ ਤੇ ਮੇਰੀ ਚੰਗੀ  ਬਣਦੀ ਹੋਣ ਕਾਰਨ ਮਨਜੀਤ ਹਫ਼ਤੇ ‘ਚ ਇੱਕ ਜਾਂ ਦੋ ਵਾਰ ਮੇਰੇ ਘਰੇ ਮੈਨੂੰ ਮਿਲਣ ਜ਼ਰੂਰ ਆਉਂਦੀ ਹੈ,ਅਸੀਂ ਦੋਵੇਂ ਘੰਟਾ ਘੰਟਾ ਬੈਠ ਗੱਲਾਂ ਮਾਰਦੀਆਂ ਤੇ ਨਾਲੇ ਚਾਹ ਪੀਂਦੀਆਂ ਹਾਂ, ਉਹ ਅਕਸਰ ਮੈਨੂੰ ਸਕੂਲ ਅਤੇ ਟਿਊਸ਼ਨ ‘ਤੇ ਆਉਣ ਵਾਲਿਆਂ ਬੱਚਿਆਂ ਦੀਆਂ ਗੱਲਾਂ ਸੁਣਾਉਂਦੀ ਹੈ ਜਿਸ ਕਾਰਨ ਮੈਨੂੰ ਵੀ ਉਸ ਨਾਲ ਗੱਲਾਂ ਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਹਨ।
    ਅੱਜ ਮਨਜੀਤ ਮੈਨੂੰ ਮਿਲਣ ਜਦੋਂ ਮੇਰੇ ਘਰ ਆਈ ਤਾਂ ਮੈਂ ਆਪਣੇ ਲਈ ਚਾਹ ਬਣਾਉਣ ਹੀ ਲੱਗੀ ਸੀ,ਉਸਨੂੰ ਆਇਆ ਦੇਖ ਮੈਂ ਵੀ ਉਸ ਲਈ ਵੀ ਚਾਹ ਦਾ ਪਾਣੀ ਨਾਲ ਹੀ ਤਿਆਰ ਕਰ ਲਿਆ,ਉਹ ਹੱਸਦੀ ਹੋਈ ਆਖਣ ਲੱਗੀ ‘ਮੈਂ ਤਾਂ ਸਹੀ ਸਮੇਂ ਤੇ ਆ ਗਈ ਤੂੰ ਤਾਂ ਇਕੱਲੀ ਨੇ ਹੀ ਚਾਹ ਪੀ ਲੈਣੀ ਸੀ’ ਤੇ ਮੈਂ ਵੀ ਹੱਸਦੀ ਹੋਈ ਨੇ ਆਖਿਆ ‘ਦਾਣੇ ਦਾਣੇ ‘ਤੇ ਲਿਖਿਆ ਹੈ ਖਾਣ ਵਾਲੇ ਦਾ ਨਾਂ ਫ਼ਿਰ ਭਲਾਂ ਮੈਂ ਕਿਵੇਂ ਇਕੱਲੀ ਚਾਹ ਪੀ ਲੈਂਦੀ’ ਫ਼ਿਰ ਅਸੀਂ ਦੋਵੇਂ ਹੀ ਹੱਸ ਪਈਆਂ,ਮੈਂ ਦੋ ਕੱਪਾਂ ‘ਚ ਚਾਹ ਪਾ ਕੱਪ ਟਰੇਅ ‘ਚ ਰੱਖਣ ਹੀ ਲੱਗੀ ਸੀ ਤਾਂ ਮਨਜੀਤ ਨੇ ਹੱਥ ਚੋਂ ਕੱਪ ਫੜਦੀ ਨੇ ਆਖਿਆ ‘ਟਰੇਅ ਰਹਿਣ ਦੇ ਆਪੋ ਆਪਣੇ ਕੱਪ ਲੈ ਚੱਲਦੀਆਂ ਹਾਂ’ ਅਸੀਂ ਦੋਵਾਂ ਨੇ ਆਪੋ ਆਪਣੇ ਚਾਹ ਦਾ ਕੱਪ ਫੜਿਆ ਤੇ ਡਰਾਇੰਗ ਰੂਮ ‘ਚ ਆ ਕੇ ਬਹਿ ਗਈਆਂ।
    ਚਾਹ ਪੀਂਦੇ ਹੋਏ ਮਨਜੀਤ ਨੇ ਹੱਸਦੀ ਹੋਈ ਨੇ ਆਖਿਆ ਇੰਦਰਜੀਤ ਮੈਂ ਅੱਜ ਤੈਨੂੰ ਟਿਊਸ਼ਨ ‘ਤੇ ਲੱਗੇ ਨਵੇਂ ਬੱਚੇ ਗੋਲੂ ਦੀ ਗੱਲ ਸੁਣਾਉਂਦੀ ਹਾਂ, ਸਚਮੁੱਚ ਬੱਚਿਆਂ ਦੀਆਂ ਗੱਲਾਂ ਮਨ ਨੂੰ ਬਹੁਤ ਖੁਸ਼ੀ ਦਿੰਦੀਆਂ ਨੇ,ਮੇਰੇ ਕੋਲ ਨਵਾਂ ਬੱਚਾ ਗੋਲੂ ਟਿਊਸ਼ਨ ਲੱਗਿਆ ਏ ਉਨ੍ਹਾਂ ਦੇ ਘਰ ਦਾ ਮਹੂਰਤ ਸੀ ਵੈਸੇ ਤਾਂ ਉਸਦੀ ਮੰਮੀ ਮੈਨੂੰ ਆਉਣ ਲਈ ਕਹਿ ਗਈ ਸੀ ਪਰ ਪਰਸੋਂ ਗੋਲੂ ਬੜੇ ਪਿਆਰ ਨਾਲ ਮੈਨੂੰ ਪੁੱਛਣ ਲੱਗਾ ‘ਮੈਡਮ ਜੀ ਤੁਸੀਂ ਆਉਗੇ ਨਾ ਸਾਡੇ ਘਰੇ’ ਮੈਂ ਵੀ ਉਸਨੂੰ ਬੜੇ ਪਿਆਰ ਨਾਲ ਪੁੱਛਿਆ ਕਿਉਂ ਪੁੱਤ ਤੇਰੇ ਘਰੇ ਕੀ ਐ ਤਾਂ ਆਖਣ ਲੱਗਾ ‘ਸਾਡੇ ਘਰੇ ਪਾਠ ਰੱਖਿਆ ਹੋਇਆ ਹੈ ਮੈਡਮ ਜੀ’,ਮੈਂ ਵੀ ਆਖਿਆ ‘ਹਾਂ ਆਵਾਂਗੀ ਪੱਕਾ ਤੂੰ ਮੈਨੂੰ ਕੀ ਖਵਾਏਂਗਾ’ ਤਾਂ ਬੜੇ ਪਿਆਰ ਨਾਲ ਬੋਲਿਆ ‘ਮੈਡਮ ਜੀ ਮੈਂ ਤੁਹਾਨੂੰ ਪਕੌੜੇ ਖਵਾਉਂਗਾ’,ਬੱਚਿਆਂ ਦਾ ਪਿਆਰ ਤੇ ਉਨ੍ਹਾਂ ਦੀਆਂ ਭਾਵਨਾਵਾਂ ਕਿੰਨੀਆਂ ਸੱਚੀਆਂ ਸੁੱਚੀਆਂ ਹੁੰਦੀਆਂ ਨੇ ਹਨਾ, ਮੈਂ ਸੋਚਿਆ ਜੇ ਮੈਂ ਨਾ ਗਈ ਤਾਂ ਗੋਲੂ ਵਿਚਾਰੇ ਦਾ ਦਿਲ ਟੁੱਟ ਜਾਵੇਗਾ ਇਸ ਲਈ ਕੱਲ੍ਹ ਮੈਂ ਉਨ੍ਹਾਂ ਦੇ ਘਰੇ ਪਾਠ ‘ਤੇ ਗਈ ਸੀ।
     ਮੈਨੂੰ ਆਈ ਨੂੰ ਦੇਖ ਕੇ ਗੋਲੂ ਨੂੰ ਤਾਂ ਚਾਅ ਹੀ ਚੜ੍ਹ ਗਿਆ,ਮੈਨੂੰ ਵੇਖ ਮੇਰੇ ਵੱਲ ਭੱਜਾ ਆਇਆ ਮੇਰੇ ਕੋਲ ਆਣ ਕੇ ਮੇਰੇ ਪੈਰੀ ਹੱਥ ਲਾਏ,ਮੈਂ ਆਖਿਆ ਲੈ ਪੁੱਤ ਹੁਣ ਮੈਂ ਆ ਗਈ ਖੁਆ ਪਕੌੜੇ ਤਾਂ ਆਖਣ ਲੱਗਾ ‘ਮੈਡਮ ਜੀ ਇਸ ਟੇਬਲ ‘ਤੇ ਵੀ ਪਕੌੜੇ ਪਏ ਨੇ ਉਧਰ ਟੇਬਲ ‘ਤੇ ਵੀ ਪਕੌੜੇ ਪਏ ਨੇ ਤੁਸੀਂ ਖਾ ਲਉ’, ਟਿੱਡਾ ਜਿਹਾ ਇੰਨੇ ਪਿਆਰ ਨਾਲ ਬੋਲਿਆ ਮਨ ਖੁਸ਼ ਹੋ ਗਿਆ,ਉਸਦੇ ਮੰਮੀ ਪਾਪਾ ਨੇ ਵੀ ਬਹੁਤ ਇੱਜ਼ਤ ਮਾਣ ਕੀਤਾ, ਗੋਲੂ ਤਾਂ ਜਿੰਨੀ ਦੇਰ ਮੈਂ ਉੱਥੇ ਹੀ ਰਹੀ ਮੇਰੇ ਨੇੜੇ ਤੇੜੇ ਹੀ ਘੁੰਮਦਾ ਰਿਹਾ।
    ਫ਼ਿਰ ਥੋੜਾ ਜਿਹਾ ਰੁਕ ਕੇ ਮਨਜੀਤ ਆਖਣ ਲੱਗੀ ਮੇਰੀ ਤਾਂ ਕੱਲ੍ਹ ਸਿਹਤ ਵੀ ਠੀਕ ਨਹੀਂ ਸੀ ਪਰ ਫ਼ਿਰ ਮੈਂ ਸੋਚਿਆ ਜੇ ਮੈਂ ਨਾ ਗਈ ਤਾਂ ਗੋਲੂ ਮੈਨੂੰ ਪੁੱਛੇਗਾ ਮੈਡਮ ਜੀ ਤੁਸੀਂ ਸਾਡੇ ਘਰੇ ਕਿਉਂ ਨਹੀਂ ਆਏ ਤਾਂ ਮੈਂ ਉਸ ਭੋਰਾ ਜਿਹੇ ਜਵਾਕ ਨੂੰ ਕੀ ਜਵਾਬ ਦੇਵਾਂਗੀ,ਇਸ ਲਈ ਸੋਚਿਆ ਮਨਾ ਚਲ ਥੋੜ੍ਹੀ ਦੇਰ ਲਈ ਹੀ ਸਹੀ ਜਾ ਆਵਾਂ ਨਾਲੇ ਬੱਚੇ ਦਾ ਵੀ ਦਿਲ ਰਹਿ ਜਾਉ, ਮੈਥੋਂ ਬੱਚਿਆਂ ਨੂੰ ਉਦਾਸ ਨਹੀਂ ਦੇਖਿਆ ਜਾਂਦਾ ਫ਼ਿਰ ਮਨਜੀਤ ਨੇ ਲੰਮਾ ਸਾਹ ਆਪਣੇ ਅੰਦਰ ਇਸ ਤਰ੍ਹਾਂ ਖਿੱਚਿਆ ਜਿਵੇਂ ਗੋਲੂ ਦੇ ਪਿਆਰ ਤੇ ਭੋਲੇਪਣ ਨੂੰ ਧੁਰ ਅੰਦਰੋਂ ਮਹਿਸੂਸ ਕਰ ਰਹੀ ਹੋਵੇ, ਅੱਖਾਂ ਨੂੰ ਹੋਲੀ ਦੇਣੇ ਬੰਦ ਕਰਦੀ ਹੋਈ ਮੈਨੂੰ ਬੋਲੀ ਇੰਦਰਜੀਤ ਇਨ੍ਹਾਂ ਬੱਚਿਆਂ ਤੋਂ ਹੀ ਤਾਂ ਸੱਚਾ ਤੇ ਨਿਰਸਵਾਰਥ ਪਿਆਰ ਮਿਲਦਾ ਹੈ।
    ਚਾਹ ਪੀ ਮਨਜੀਤ ਨੇ ਖਾਲੀ ਕੱਪ ਟੇਬਲ ‘ਤੇ ਧਰਿਆ ਤੇ ਆਪਣੇ ਘਰ ਚਲੀ ਗਈ, ਮੈਂ ਉੱਥੇ ਹੀ ਬੈਠੀ ਇਹ ਸੋਚਣ ਲੱਗੀ ਕਿ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਤਿਵੇਂ ਤਿਵੇਂ ਸਾਡੇ ਪਿਆਰ ਵਿੱਚੋਂ ਆਪਣਾਪਣ ਗੁਆਚ ਜਾਂਦਾ ਹੈ ਤੇ ਮੇਰੇ ਦਿਮਾਗ ਵਿੱਚ ਗੋਲੂ ਦੀ ਕਹੀ ਗੱਲ ‘ਮੈਡਮ ਜੀ ਤੁਸੀਂ ਆਉਗੇ ਨਾ ਸਾਡੇ ਘਰੇ’ ਵਾਰ ਵਾਰ ਘੁੰਮਣ ਲੱਗੀ ਤੇ ਗੋਲੂ ਦੇ ਪਿਆਰ ਨੂੰ ਮਹਿਸੂਸ ਕਰ ਮੇਰੇ ਚਿਹਰੇ ‘ਤੇ ਵੀ ਮੁਸਕਾਨ ਆ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 02/06/2025
Next articleਭਾਈ ਰਾਮ ਕਿਸ਼ਨ ਸਕੂਲ ਵਿਖੇ ਪੰਜਾਬੀ ਫਿਲਮ”ਅਸੀਂ ਦੂਣ ਸਵਾਏ ਹੋਏ” ਦੇ ਆਡੀਸ਼ਨ ਕਰਵਾਏ