ਮਾਛੀਵਾੜਾ ਸਾਹਿਬ (ਸਮਾਜ ਵੀਕਲੀ)ਬਲਬੀਰ ਸਿੰਘ ਬੱਬੀ:- ਜਿਲਾ ਲੁਧਿਆਣਾ ਦਾ ਇਤਿਹਾਸਿਕ ਪੇਂਡੂ ਸ਼ਹਿਰ ਸ਼੍ਰੀ ਮਾਛੀਵਾੜਾ ਸਾਹਿਬ, ਜੋ ਆਪਣੀ ਇਤਿਹਾਸਿਕ ਵਿਲੱਖਣਤਾ ਕਾਰਨ ਸਮੁੱਚੀ ਦੁਨੀਆਂ ਵਿੱਚ ਮਸ਼ਹੂਰ ਹੈ। ਇਸ ਸ਼ਹਿਰ ਦੇ ਵਿੱਚ ਪਿੱਛੇ ਜਿਹੇ ਨਗਰ ਕੌਂਸਲ ਚੋਣਾਂ ਹੋਈਆਂ ਜਿੱਤ ਹਾਰ ਹੋਈ ਤੇ ਉਸ ਤੋਂ ਬਾਅਦ ਨਗਰ ਕੌਂਸਲ ਮਾਛੀਵਾੜਾ ਦੇ ਨਵੇਂ ਪ੍ਰਧਾਨ ਦੀ ਚੋਣ ਹੋਈ ਜਿਸ ਵਿੱਚ ਮਾਛੀਵਾੜਾ ਵਿਚਲੇ ਵੱਡੇ ਕਾਰੋਬਾਰੀ ਕੁੰਦਰਾ ਪਰਿਵਾਰ ਦੇ ਫਰਜ਼ੰਦ ਮੋਹਿਤ ਉਰਫ ਸੋਨੂ ਨਗਰ ਕੌਂਸਲ ਚੋਣ ਦੀ ਪ੍ਰਧਾਨਗੀ ਲਈ ਪ੍ਰਧਾਨ ਥਾਪੇ ਗਏ।ਅੱਜ ਸੋਨੂ ਕੁੰਦਰਾ ਨੇ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦਾ ਅਹੁਦਾ ਸਾਂਭਿਆਂ। ਇਸ ਮੌਕੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਐਮਐਲਏ ਜਗਤਾਰ ਸਿੰਘ ਦਿਆਲਪੁਰਾ ਜਿਨਾਂ ਦੇ ਯਤਨਾ ਸਦਕਾ ਸੋਨੂ ਕੁੰਦਰਾ ਪ੍ਰਧਾਨਗੀ ਦੇ ਅਹੁਦੇ ਉੱਤੇ ਬੈਠੇ, ਐਮ ਐਲਏ ਨੇ ਮਿੱਠਾ ਕਰਵਾ ਕੇ ਕੁਰਸੀ ਉੱਤੇ ਬਿਠਾਇਆ। ਉਹਨਾਂ ਦੇ ਨਾਲ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ ਪ੍ਰਧਾਨਗੀ ਸਾਂਭਣ ਮੌਕੇ ਵਿਸ਼ੇਸ਼ ਤੌਰ ਉੱਤੇ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਸਮਰਾਲਾ ਤੇ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵੱਡੇ ਛੋਟੇ ਆਗੂ ਤੇ ਮਾਛੀਵਾੜਾ ਸਾਹਿਬ ਨਾਲ ਸਬੰਧਿਤ ਰਾਜਨੀਤਿਕ ਹਸਤੀਆਂ ਇਸ ਨਵੇਂ ਪ੍ਰਧਾਨ ਦੇ ਅਹੁਦਾ ਸੰਭਾਲਣ ਮੌਕੇ ਹਾਜ਼ਰ ਸਨ। ਇੱਥੇ ਵਰਣਨ ਯੋਗ ਹੈ ਕਿ ਪਿਛਲੇ ਸਮੇਂ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਹੀ ਕੁੰਦਰਾ ਪਰਿਵਾਰ ਦੇ ਸ੍ਰੀ ਸੁਰਿੰਦਰ ਕੁੰਦਰਾ ਜੀ ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ ਰਹੇ ਤੇ ਹੁਣ ਜੋ ਨਵੀਆਂ ਚੋਣਾਂ ਹੋਈਆਂ ਹਨ ਉਸ ਵਿੱਚ ਉਹਨਾਂ ਦੇ ਭਤੀਜੇ ਸੋਨੂ ਕੁੰਦਰਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਬਣੇ ਤੇ ਮਾਛੀਵਾੜਾ ਨਗਰ ਕੌਂਸਲ ਦੀ ਪ੍ਰਧਾਨਗੀ ਮੁੜ ਕੁੰਦਰਾ ਪਰਿਵਾਰ ਕੋਲ ਹੀ ਪੁੱਜ ਗਈ ਹੈ।ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਐਮਐਲਏ ਜਗਤਾਰ ਸਿੰਘ ਨਵੇਂ ਪ੍ਰਧਾਨ ਸੋਨੂ ਕੁੰਦਰਾ ਨੂੰ ਵਧਾਈਆਂ ਦਿੱਤੀਆਂ। ਅਹੁਦਾ ਸੰਭਾਲਣ ਤੋਂ ਬਾਅਦ ਸੋਨੂ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਵਾਸੀਆਂ ਨੇ ਵੱਡੀ ਜਿੰਮੇਵਾਰੀ ਮੈਨੂੰ ਸੌਂਪੀ ਹੈ। ਮੈਂ ਇਸ ਸੌਂਪੀ ਹੋਈ ਜਿੰਮੇਵਾਰੀ ਨੂੰ ਸਾਰਿਆਂ ਦੇ ਸਹਿਯੋਗ ਨਾਲ ਨਿਭਾਉਣ ਦਾ ਯਤਨ ਕਰਾਂਗਾ। ਇਸ ਮੌਕੇ ਜਗਤਾਰ ਸਿੰਘ ਹਲਕਾ ਵਿਧਾਇਕ ਨੇ ਕਿਹਾ ਕਿ ਮਾਛੀਵਾੜਾ ਸਾਹਿਬ ਇਤਿਹਾਸਕ ਤੌਰ ਉੱਤੇ ਸਮੁੱਚੀ ਦੁਨੀਆਂ ਵਿੱਚ ਇਤਿਹਾਸਕ ਪੱਖ ਤੋਂ ਜਾਣਿਆ ਜਾਂਦਾ ਹੈ। ਮਾਛੀਵਾੜਾ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਹੈ। ਅਸੀਂ ਸਾਰੇ ਹੀ ਨਗਰ ਨਿਵਾਸੀਆਂ ਬਾਕੀ ਰਾਜਨੀਤਿਕ ਪਾਰਟੀਆਂ ਤੇ ਲੋਕਾਂ ਨੂੰ ਨਾਲ ਲੈ ਕੇ ਮਾਛੀਵਾੜਾ ਸਾਹਿਬ ਦੀ ਦਿੱਖ ਸੰਵਾਰਨ ਦਾ ਯਤਨ ਕਰਾਂਗੇ। ਜਲਦੀ ਹੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਅਹਿਮ ਮਸਲੇ ਵਿਚਾਰੇ ਜਾਣਗੇ ਤੇ ਉਹਨਾਂ ਉੱਤੇ ਕਾਰਵਾਈ ਸ਼ੁਰੂ ਹੋਵੇਗੀ।