
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਕੱਲ ਫਾਸਟ ਫੂਡ ਖਾਣ ਦਾ ਬਹੁਤ ਰਿਵਾਜ਼ ਹੈ ਹਾਲਾਂਕਿ ਸਮੇਂ ਸਮੇਂ ਉੱਤੇ ਇਹ ਸਾਹਮਣੇ ਆਇਆਂ ਕਿ ਫਾਸਟ ਫੂਡ ਖਾਣਾ ਸਾਡੀ ਸਿਹਤ ਲਈ ਹਾਨੀਕਾਰਕ ਤਾਂ ਹੈ ਹੀ ਨਾਲ ਹੀ ਬਿਮਾਰੀਆਂ ਨੂੰ ਵੀ ਫਾਸਟ ਫੂਡ ਸੱਦਾ ਦਿੰਦਾ ਹੈ ਪਰ ਜਦੋਂ ਵੱਡੇ ਵੱਡੇ ਸ਼ਹਿਰਾਂ ਕਸਬਿਆਂ ਤੋਂ ਬਾਅਦ ਪਿੰਡਾਂ ਵਿੱਚ ਦੇਖਦੇ ਹਾਂ ਤਾਂ ਤੁਹਾਨੂੰ ਹਰ ਪਾਸੇ ਫਾਸਟ ਫੂਡ ਦੀਆਂ ਰੇੜੀਆਂ ਦੁਕਾਨਾਂ ਆਮ ਦਿਖਣਗੀਆਂ ਤੇ ਸ਼ਾਮ ਨੂੰ ਇਹਨਾਂ ਥਾਵਾਂ ਦੇ ਉੱਪਰ ਫਾਸਟ ਫੂਡ ਖਾਣ ਦੇ ਸ਼ਕੀਨ ਬੜੇ ਚਟਕਾਰੇ ਲਾ ਕੇ ਫਾਸਟ ਫੂਡ ਖਾਂਦੇ ਨਜ਼ਰ ਆਉਂਦੇ ਹਨ ਅਨੇਕਾਂ ਵਾਰ ਇਹ ਵੀ ਸਾਹਮਣੇ ਆਇਆ ਹੈ ਤੇ ਜਿਆਦਾਤਰ ਪ੍ਰਵਾਸੀ ਲੋਕ ਜੋ ਫਾਸਟ ਫੂਡ ਬਣਾਉਂਦੇ ਹਨ ਉਹ ਇਸ ਮਾਮਲੇ ਵਿੱਚ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਪਿਛਲੇ ਦਿਨੀ ਮੋਹਾਲੀ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਫਾਸਟ ਫੂਡ ਬਣਾਉਣ ਵਾਲੀ ਥਾਂ ਉੱਪਰ ਗੰਦਗੀ ਹੀ ਗੰਦਗੀ ਤੇ ਬਹੁਤ ਹੀ ਘਟੀਆ ਸਮਾਨ ਵਰਤਿਆ ਜਾ ਰਿਹਾ ਸੀ। ਅੱਜ ਜਿਲਾ ਲੁਧਿਆਣਾ ਦੇ ਮਾਛੀਵਾੜਾ ਵਿੱਚ ਵੀ ਅਜਿਹਾ ਕੁਝ ਹੀ ਦੇਖਣ ਨੂੰ ਮਿਲਿਆ ਬਾਕੀ ਸ਼ਹਿਰਾਂ ਵਾਂਗ ਮਾਛੀਵਾੜਾ ਵਿੱਚ ਵੀ ਥਾਂ ਥਾਂ ਤੇ ਫਾਸਟ ਫੂਡ ਪਰੋਸਿਆ ਜਾ ਰਿਹਾ ਹੈ ਜਦੋਂ ਫਾਸਟ ਫੂਡ ਬਣਨ ਵਾਲੀ ਪ੍ਰਮੁੱਖ ਥਾਂ ਦੇ ਉੱਪਰ ਜਿੱਥੇ ਫਾਸਟ ਫੂਡ ਬਣ ਰਿਹਾ ਸੀ ਉਥੋਂ ਵੀ ਸ਼ਿਕਾਇਤ ਆ ਰਹੀਆਂ ਸਨ ਕਿ ਫਾਸਟ ਫੂਡ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਅੱਜ ਮਾਛੀਵਾੜਾ ਦੇ ਸਿਵਲ ਹਸਪਤਾਲ ਤੋਂ ਇੱਕ ਡਾਕਟਰਾਂ ਦੀ ਟੀਮ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਮਾਛੀਵਾੜਾ ਦੀ ਮਹਾਵੀਰ ਕਲੋਨੀ ਵਿੱਚ ਪੁੱਜੀ ਜਿੱਥੇ ਫਾਸਟ ਫੂਡ ਮੋਮਸ ਆਦਿ ਬਣਾਇਆ ਜਾਂਦਾ ਹੈ ਚੈਕਿੰਗ ਕਰਨ ਗਈ ਟੀਮ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਹੇਠਾਂ ਧਰਤੀ ਦੇ ਉੱਪਰ ਬਿਨਾਂ ਕਿਸੇ ਸੁਰੱਖਿਆ ਤੋਂ ਸਮਾਨ ਬਣਾ ਕੇ ਰੱਖਿਆ ਜਾ ਰਿਹਾ ਸੀ ਜਿਸ ਉੱਪਰ ਮੱਖੀਆਂ ਦੀ ਪੂਰੀ ਭਰਮਾਰ ਸੀ। ਇਸ ਤੋਂ ਇਲਾਵਾ ਜਿਹੜਾ ਵਿੱਚ ਫਾਸਟ ਫੂਡ ਬਣਿਆ ਪਿਆ ਸੀ ਉਹ ਕਈ ਦਿਨ ਦਾ ਬੇਹਾ ਤੇ ਗਲਿਆ ਸੜਿਆ ਸੀ ਤੇ ਉਹੀ ਗਰਮ ਕਰਕੇ ਲੋਕਾਂ ਨੂੰ ਖਿਲਾਉਣਾ ਸੀ ਇਸ ਸਬੰਧੀ ਸਿਹਤ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਇਸ ਲਈ ਅਸੀਂ ਜਦੋਂ ਚੈਕਿੰਗ ਕਰਨ ਆਏ ਤਾਂ ਸਭ ਕੁਝ ਬਹੁਤ ਹੀ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਸੀ ਤੇ ਨਗਰ ਕੌਂਸਲ ਨੂੰ ਸੂਚਿਤ ਕਰਨ ਤੋਂ ਬਾਅਦ ਇਹਨਾਂ ਦਾ ਸਮਾਨ ਜਬਤ ਕਰਕੇ ਨਸਟ ਕੀਤਾ ਜਾਵੇਗਾ ਤੇ ਨਾਲ ਹੀ ਖਾਣ ਪੀਣ ਦੇ ਸਮਾਨ ਸਬੰਧੀ ਅਣਗਹਿਲੀ ਵਰਤਣ ਕਰਕੇ ਚਲਾਣ ਵੀ ਕੱਟਿਆ ਜਾਵੇਗਾ।