(ਸਮਾਜ ਵੀਕਲੀ)
ਮਾਏ ਨੀ ਮਾਏ ਤੇਰੇ ਬਰੀਆ ਦੇ ਸੂਟ ਸਾਥੋਂ ਗਏ ਨਾ ਹਢਾਏ,
ਸਾਡੀ ਰੁਲ਼ ਗਈ ਜਵਾਨੀ ਤੁਰ ਗਿਆ ਉਮਰਾਂ ਦਾ ਹਾਣੀ,
ਗਈ ਨਾਲ਼ ਲਾਸ਼ ਵਿਆਹੀ ਤੇਰੀ ਧੀ ਲਾਡੋ ਰਾਣੀ,
ਖੇਡ ਨਸ਼ਿਆਂ ਨੇ ਖੇਡੀ ਮਰੇ ਚਾਅ ਤਿਰਹਾਏ,
ਮਾਏ ਨੀ ਮਾਏ…….
ਮਾਏ ਨੀ ਮਾਏ ਮੇਰੇ ਬਾਬਲੇ ਦਾ ਪੀੜ੍ਹਾ,
ਨੀ ਮੈਂ ਕਿਥੇ ਜਾ ਕੇ ਡਾਹਵਾਂ ਵਿਹੜਾ ਤੇਰੇ ਕੁੜਮਾਂ ਦਾ ਭੀੜਾ,
ਵਿਹੜੇ ਸੱਥਰ ਮਕਾਣਾਂ ਨੀ ਇਹ ਨਸ਼ਾ ਬੰਦੇ ਖਾਣਾਂ,
ਸਭ ਲਾਸ਼ਾਂ ਦੇ ਵਪਾਰੀ,ਕੀ ਕਚਹਿਰੀ ਅਤੇ ਥਾਣਾ,
ਨੀ ਮੈਂ ਦੱਸ ਕਿੱਥੇ ਫੂਕਾਂ ਸੂਹਾ ਕੱਪੜਾ ਤੇ ਲੀੜਾ,
ਮਾਏ ਨੀ ਮਾਏ. ….
ਮਾਏ ਨੀ ਮਾਏ ਸੋਨੇ ਚਾਂਦੀਆ ਦੇ ਗਹਿਣੇ,
ਸਿਰੋਂ ਨੰਗੀਆਂ ਦੇ ਦੱਸ ਇਹ ਕਿੱਦਾਂ ਪੈਣੇ,
ਸਿਰੋਂ ਨੰਗੀਆਂ ਨੇ ਹੋਈਆਂ ਧੀਆਂ ਪੰਜਾਬ ਦੀਆਂ ਰੋਈਆਂ ,
ਲੱਗਾ ਕੁੱਖਾਂ ਨੂੰ ਵੀ ਦਾਗ਼ ਮਾਵਾਂ ਜਿਉਂਦੀਆਂ ਨੇ ਮੋਈਆਂ,
ਦੁੱਖ ਉਮਰਾਂ ਦੇ ਲੱਗੇ ਮਾਏਂ ਔਖੇ ਬੜੇ ਸਹਿਣੇ,
ਮਾਏ ਨੀ ਮਾਏ …
ਮਾਏ ਨੀ ਮਾਏ ਇਹ ਰੁੱਤ ਜੋ ਕੁਲਹਿਣੀ,
ਕਿੰਨੇ ਫੂਕਣੇ ਨੇ ਸਿਵੇ ਜਾਨ ਕਿੰਨੇਆ ਦੀ ਲੈਣੀ,
ਉੱਡੇ ਸਿਵਿਆਂ ਚੋਂ ਰਾਖ ਹੋਈ ਜ਼ਿੰਦਗੀ ਵੀ ਖ਼ਾਕ,
ਵੇ ਕੁੱਝ ਲਿੱਖ ਬੇਈਮਾਨਾਂ ਸਾਨੂੰ ਭੰਡਦਾ ਜ਼ਮਾਨਾ,
ਨਹੀਂ ਤਾਂ ਇਹ ਖ਼ਾਕ ਇੰਝ ਉੱਡਦੀ ਹੀ ਰਹਿਣੀ
ਮਾਏ ਨੀ ਮਾਏ ਇਹ ਰੁੱਤ ਜੋ ਕੁਲਹਿਣੀ…….….
……..…………….
ਜਸਵੀਰ ਮਾਨ
ਲੁਧਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly