3 ਜਨਵਰੀ ਨੂੰ ਪਵੇਗਾ ਮਾਤਾ ਸੁਰਜੀਤ ਕੌਰ ਨਮਿੱਤ ਪਾਠ ਦਾ ਭੋਗ
ਫਿਰੋਜ਼ਪੁਰ/ਭਲੂਰ ਜਨਵਰੀ (ਬੇਅੰਤ ਗਿੱਲ) -ਬੀਤੇ ਦਿਨੀਂ ਗੀਤਕਾਰ ਭੁਪਿੰਦਰ ਸਿੰਘ ਗਿੱਲ ਦੇ ਸਤਿਕਾਰਤ ਮਾਤਾ ਸੁਰਜੀਤ ਕੌਰ ਪਤਨੀ ਸਰਦਾਰ ਗੁਰਮੇਲ ਸਿੰਘ ਗਿੱਲ ਪਿੰਡ ਗਿੱਲ (ਫਿਰੋਜ਼ਪੁਰ) ਅਚਾਨਕ ਸਦੀਵੀ ਵਿਛੋੜਾ ਦੇ ਗਏ। ਮਾਵਾਂ ਦਾ ਵਿੱਛੜ ਜਾਣਾ ਬੇਹੱਦ ਦੁਖਦਾਈ ਹੈ । ਮਾਵਾਂ ਸਿਰ ‘ਤੇ ਹੋਣ ਤਾਂ ਬਲਾਵਾਂ ਨੇੜੇ ਨਹੀਂ ਆਉਂਦੀਆਂ। “ਮਾਂ ਦੀ ਪੈੜ ‘ਚ ਲਿਖਿਆ ਹੁੰਦਾ, ਸੁਰਗਾਂ ਦਾ ਸਿਰਨਾਵਾਂ, ਹੁੰਦੀਆਂ ਹਨ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ” । ਮਾਂ ਬਹੁਤ ਹੀ ਖੂਬਸੂਰਤ ਰਿਸ਼ਤਾ ਹੈ। ਪੀਰ ਪੈਗੰਬਰਾਂ ਦੀ ਜਨਮਦਾਤੀ ਵੀ ਇਕ ਮਾਂ ਹੈ। ਮਾਂ ਤਾਂ ਸੱਚਮੁੱਚ ਰੱਬ ਦਾ ਰੂਪ ਹੈ। ਮਾਂ ਦਾ ਹੋਣਾ ਹੀ, ਸਾਡੇ ਹੋਣ ਦੀ ਅਹਿਮੀਅਤ ਹੈ। ਮਾਂ ਦਾ ਤੁਰ ਜਾਣਾ ਸਾਨੂੰ ਇਕੱਲਤਾ ਦੇ ਖੂਹ ਵਿੱਚ ਸੁੱਟਦਾ ਹੈ। ਮਾਂ ਦਾ ਵਿਛੋੜਾ ਅਸਹਿ ਹੈ। ਸ਼ਬਦਾਂ ਨਾਲ ਜੁੜੇ ਇਕ ਇਨਸਾਨ ਲਈ ਮਾਂ ਦੀ ਜੁਦਾਈ ਨੂੰ ਜਰਨਾ ਹੋਰ ਵੀ ਔਖਾ ਹੈ। ਉਸ ਲਈ ਇਹ ਜੁਦਾਈ ਕਿਸੇ ਡੂੰਘੀ ਪੀੜ ਵਰਗੀ ਹੈ। ਗੀਤਕਾਰ ਭੁਪਿੰਦਰ ਸਿੰਘ ਗਿੱਲ ਸ਼ਬਦਾਂ ਨਾਲ ਜੁੜਿਆ ਪਿਆਰਾ ਇਨਸਾਨ ਹੈ। ਉਸਦਾ ਗੀਤਕਾਰ ਹੋਣਾ ਇਸ ਗੱਲ ਦੀ ਗਵਾਹੀ ਹੈ। ਮਾਤਾ ਸੁਰਜੀਤ ਕੌਰ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਬੇਟੇ ਡਾ ਜਗਸੀਰ ਸਿੰਘ ਗਿੱਲ, ਗੀਤਕਾਰ ਭੁਪਿੰਦਰ ਸਿੰਘ ਗਿੱਲ, ਨੂੰਹਾਂ ਰਮਿੰਦਰ ਕੌਰ, ਵੀਰਪਾਲ ਕੌਰ, ਬੇਟੀਆਂ ਗੁਰਮੀਤ ਕੌਰ, ਮਹਿੰਦਰ ਕੌਰ, ਇਕਬਾਲ ਕੌਰ ਅਤੇ ਸਮੂਹ ਪਰਿਵਾਰ ਤੇ ਰਿਸ਼ਤੇਦਾਰ ਸਕੇ ਸਬੰਧੀਆਂ ਨੂੰ ਗਹਿਰਾ ਸਦਮਾ ਲੱਗਾ ਹੈ। ਇਸ ਦੁੱਖ ਦੇ ਵਕਤ ਵਿਚ ਸਮੂਹ ਪਿੰਡ ਵਾਸੀਆਂ, ਗੀਤਕਾਰ ਸੰਸਥਾਵਾਂ, ਸਾਹਿਤ ਸਭਾਵਾਂ ਅਤੇ ਇਲਾਕੇ ਦੇ ਮੋਹਤਬਰ ਲੋਕਾਂ ਨੇ ਡਾ ਜਗਸੀਰ ਸਿੰਘ ਅਤੇ ਗੀਤਕਾਰ ਭੁਪਿੰਦਰ ਸਿੰਘ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦੇ ਬੇਟੇ ਭੁਪਿੰਦਰ ਸਿੰਘ ਗਿੱਲ ਨੇ ਮਾਂ ਬਾਰੇ ਗੱਲਬਾਤ ਕਰਦਿਆਂ ਇਹ ਜਾਣਕਾਰੀ ਵੀ ਦਿੱਤੀ ਕਿ ਮਾਤਾ ਸੁਰਜੀਤ ਕੌਰ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 3 ਜਨਵਰੀ 2024 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗਿੱਲ ਵਿਖੇ ਬਾਬਾ ਸ਼ਰਧਾ ਰਾਮ ਦੇ ਗੁਰਦੁਆਰਾ ਸਾਹਿਬ ਅੰਦਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly