ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਅਤੇ ਵੇਲਜ਼ ਵਿੱਚ ਸੇਵਾ ਨਿਭਾ ਰਹੇ ਸਾਰੇ ਪੁਲਿਸ ਮੁਲਾਜ਼ਮਾਂ ਲਈ ਹੁਣ ਨੌਕਰੀ ਜਾਰੀ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਕੀਤੀ ਜਾ ਰਹੀ ਵੱਡੀ ਪੁਲਿਸ ਸੁਧਾਰ ਪ੍ਰਕਿਰਿਆ ਦੇ ਤਹਿਤ ਇਹ ਨਵਾਂ ਕਦਮ ਚੁੱਕਿਆ ਗਿਆ ਹੈ, ਜਿਸ ਅਨੁਸਾਰ ਲਾਇਸੈਂਸ ਹਾਸਲ ਕਰਨ ਵਿੱਚ ਅਸਫ਼ਲ ਰਹਿਣ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕੇਗਾ। ਗ੍ਰਿਹ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ, ਇਹ ਪ੍ਰਬੰਧ ਇਸ ਲਈ ਲਿਆਂਦਾ ਜਾ ਰਿਹਾ ਹੈ ਤਾਂ ਜੋ ਪੁਲਿਸ ਵਿਭਾਗ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਾਂ ਦਾ ਭਰੋਸਾ ਮੁੜ ਕਾਇਮ ਕੀਤਾ ਜਾ ਸਕੇ। ਪਿਛਲੇ ਕੁਝ ਸਮੇਂ ਦੌਰਾਨ ਸਾਹਮਣੇ ਆਏ ਕਈ ਗੰਭੀਰ ਮਾਮਲਿਆਂ ਤੋਂ ਬਾਅਦ ਪੁਲਿਸ ਪ੍ਰਣਾਲੀ ’ਤੇ ਸਵਾਲ ਖੜੇ ਹੋਏ ਸਨ, ਜਿਸ ਕਾਰਨ ਸਰਕਾਰ ਉੱਤੇ ਸੁਧਾਰ ਲਿਆਉਣ ਦਾ ਦਬਾਅ ਵਧ ਗਿਆ ਸੀ। ਨਵੇਂ ਪ੍ਰਸਤਾਵਾਂ ਅਨੁਸਾਰ ਹਰ ਪੁਲਿਸ ਮੁਲਾਜ਼ਮ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਸਰੀਰਕ, ਮਾਨਸਿਕ ਅਤੇ ਨੈਤਿਕ ਤੌਰ ’ਤੇ ਡਿਊਟੀ ਨਿਭਾਉਣ ਯੋਗ ਹੈ। ਲਾਇਸੈਂਸ ਪ੍ਰਣਾਲੀ ਅਧੀਨ ਮੁਲਾਜ਼ਮਾਂ ਦੇ ਪਿਛਲੇ ਰਿਕਾਰਡ, ਸ਼ਿਕਾਇਤਾਂ, ਵਿਵਹਾਰ ਅਤੇ ਪੇਸ਼ਾਵਰ ਮਿਆਰਾਂ ਦੀ ਜਾਂਚ ਕੀਤੀ ਜਾਵੇਗੀ। ਜਿਹੜੇ ਮੁਲਾਜ਼ਮ ਲੋੜੀਂਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰਣਗੇ, ਉਨ੍ਹਾਂ ਨੂੰ ਸੇਵਾ ਤੋਂ ਹਟਾਉਣ ਦਾ ਅਧਿਕਾਰ ਅਧਿਕਾਰੀਆਂ ਕੋਲ ਹੋਵੇਗਾ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਕਿਸੇ ਖ਼ਿਲਾਫ਼ ਸਜ਼ਾਮੁਲਕ ਨਹੀਂ, ਸਗੋਂ ਪੁਲਿਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਲੋਕ-ਹਿਤੈਸ਼ੀ ਬਣਾਉਣ ਵੱਲ ਇਕ ਅਹੰਮ ਪਹਲ ਹੈ। ਉਨ੍ਹਾਂ ਅਨੁਸਾਰ ਆਮ ਲੋਕਾਂ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਹੱਥਾਂ ਵਿੱਚ ਕਾਨੂੰਨ ਦੀ ਰੱਖਿਆ ਦੀ ਜ਼ਿੰਮੇਵਾਰੀ ਹੈ, ਉਹ ਪੂਰੀ ਤਰ੍ਹਾਂ ਯੋਗ ਅਤੇ ਇਮਾਨਦਾਰ ਹਨ। ਇਸ ਯੋਜਨਾ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੇ ਵੱਖ-ਵੱਖ ਸੰਘਠਨਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਝ ਇਸਨੂੰ ਜ਼ਰੂਰੀ ਸੁਧਾਰ ਮੰਨ ਰਹੇ ਹਨ, ਜਦਕਿ ਕੁਝ ਸੰਘਠਨਾਂ ਦਾ ਕਹਿਣਾ ਹੈ ਕਿ ਲਾਇਸੈਂਸ ਪ੍ਰਣਾਲੀ ਲਾਗੂ ਕਰਨ ਸਮੇਂ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਵੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਬੰਧ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਅਤੇ ਇਸ ਨਾਲ ਪੁਲਿਸ ਵਿਭਾਗ ਵਿੱਚ ਅਨੁਸ਼ਾਸਨ ਅਤੇ ਪੇਸ਼ਾਵਰ ਮਿਆਰ ਹੋਰ ਮਜ਼ਬੂਤ ਹੋਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



