ਲੁਤਫੀ ਮਿਡਲ ਕਲਾਸ ਦੀ ਅਕ਼ਲ ਕੀਹਨੇ ਕੀਤੀ ਅਗਵਾ! “ਚਾਲਾਕ ਏ ਆਜ਼ਮ” ਕਿਵੇਂ ਬਣ ਗਏ ਹੁਕ਼ਮਰਾਨ

(ਸਮਾਜ ਵੀਕਲੀ)

*ਆਮ ਬਸ਼ਰ ਦੀ ਪਰਵਾਜ਼*

ਜੰਗੇ ਆਜ਼ਾਦੀ ਦੌਰਾਨ ਜਿਹੜੀ ਮੱਧ ਸ਼੍ਰੇਣੀ ਅਕਲ, ਇਲਮ, ਸ਼ਊਰ, ਕਾਬਲੀਅਤ, ਇਤਿਹਾਸਕ/ਸਿਆਸੀ ਸੋਝੀ ਦੇ ਸਦਕਾ ਬ੍ਰਿਟਿਸ਼ ਹਾਕਮਾਂ ਲਈ ਚੁਣੌਤੀ ਬਣੀ ਹੋਈ ਸੀ, ਓਹ ਦਰਮਿਆਨਾ ਤਬਕਾ ਹੁਣ ਓਸ ਕਿਰਦਾਰ ਵਿਚ ਕਿਤੇ ਵੀ ਰੜਕਦਾ ਹੋਇਆਨਜ਼ਰ ਨਹੀਂ ਨਜ਼ਰ ਆਉਂਦਾ। ਵੋਟਾਂ ਦੇ ਦੌਰ ਵਿਚ 1000 ਰੁਪਏ ਤੇ ਦਾਰੂ ਦੀ ਸ਼ੀਸ਼ੀ ਬਦਲੇ ਵਿਕਣ ਲਈ ਤਰਲੇ ਪਾਉਣ ਵਾਲੇ, ਮੁਫ਼ਤ ਦੀ ਦਾਰੂ ਡਫ ਕੇ ਚਾਂਗਰਾਂ ਮਾਰਨ ਵਾਲੇ, ਰੌਲੇ ਰੱਪੇ ਵਾਲਾ ਸੰਗੀਤ ਸੁਣਨ ਵਾਲਿਆਂ ਦੀ ਕੋਈ ਕਮੀ ਨਹੀਂ ਹੁੰਦੀ। ਸਾਡੇ ਮੁਲਕ ਬਾਰੇ ਆਖਦੇ ਨੇ ਕਿ ਉੱਪਰਲਾ ਤਬਕਾ ਵੋਟਾਂ ਨਹੀਂ ਪਾਉਂਦਾ। ਹੇਠਲਾ ਤੇ ਨਪੀੜ੍ਹਿਆ ਤਬਕਾ ਇਕ ਦਿਨ ਦਾ ਬਾਦਸ਼ਾਹ ਬਣਨ ਲਈ, ਕਤਾਰਾਂ ਵਿਚ ਖੜ੍ਹ ਕੇ ਵੋਟ ਪਾਉਣ ਜਾਂਦੈ। ਮੇਲੇ ਗੇਲੇ ਵਾਲੀ ਭਾਵਨਾ ਵੀ ਮਾਣ ਲੈਂਦੈ। ਪਹਿਲਾਂ ਖ਼ਾਸਕਰ 1947 ਦੀ ਸੱਤਾ ਤਬਦੀਲੀ ਤੋਂ ਪਹਿਲਾਂ ਮੱਧ ਵਰਗ ਦੀ ਚੇਤਨਾ ਅੱਗੇ ਵਧੂ ਹੁੰਦੀ ਸੀ, ਇਹ ਦਰਜ ਤੇ ਸੰਕਲਿਤ ਇਤਿਹਾਸ ਹੈ।
****

ਇਹ ਵਰਤਾਰਾ ਕੀਹਨੇ ਉਲਟਾਇਆ ਹੈ? ਕਿੱਥੇ ਗਏ ਓਹ ਮੁੰਡੇ ਜਿਹੜੇ ਰਾਮ ਪ੍ਰਸਾਦ ਬਿਸਮਿਲ ਬਣਦੇ ਹੁੰਦੇ ਸੀ, ਓਹ ਊਧਮ ਸਿੰਘ, ਜੀਹਨੇ ਫਿਰਕੂ ਜੁੰਡਲੀਆਂ ਨੂੰ ਚੁੱਪ ਕਰਾਉਣ ਲਈ ਆਪਣਾ ਨਾਂ ਮੋਹੰਮਦ ਸਿੰਘ ਅਜ਼ਾਦ ਰੱਖਿਆ ਹੁੰਦਾ ਸੀ। ਦੁਰਗਾ ਭਾਬੀ, ਗ਼ਦਰੀ ਬਾਬੇ ਤੇ ਹੋਰ ਕੁਰਬਾਨੀ ਵਾਲੇ ਲੋਕ। ਇਹ ਬੀਤੇ ਵਰਤਾਰੇ ਗਿਣਾਉਣ ਲਈ ਜਾਂ ਆਪਣੀ ਇਤਿਹਾਸਕ ਵਾਅਕ਼ਫੀਅਤ ਦੱਸਣ ਲਈ ਮਜ਼ਮੂਨ ਨਹੀਂ ਲਿਖਿਆ, ਹਲੂਣਾ ਦੇਣ ਲਈ ਲਿਖਿਆ ਹੈ। ਜੇ ਅਗਾਂਹ ਪੜ੍ਹੋਗੇ ਤਾਂ ਪਤਾ ਲੱਗ ਜਾਏਗਾ।

ਮਿਡਲ ਕਲਾਸੀਏ ਤੇ ਨੈਤਿਕ ਨਿਘਾਰ
“ਭਾਰਤ ਨੌਜਵਾਨ ਉਮਰ ਵਰਗ ਵਾਲਿਆਂ ਦਾ ਮੁਲਕ ਹੈ। ਸਾਡੇ ਵਤਨ ਭਾਰਤ ਵਿਚ ਬਹੁਤ ਵੱਡੀ ਮਿਡਲ ਕਲਾਸ ਹੈ। ਅਸੀਂ ਬਹੁਤ ਉਤਸ਼ਾਹੀ ਹਾਂ… ਅਸੀਂ ਕਿਉਂਕਿ ਕੁਲ ਜਹਾਨ ਦੀ ਵੱਡੀ ਗਿਣਤੀ ਵਾਲੀ ਅਬਾਦੀ ਹਾਂ, ਏਸ ਲਈ ਸਾਡੀ ਮਿਡਲ ਕਲਾਸ ਮਤਲਬ ਕਿ ਸਾਡਾ ਵਰਗ ਬਹੁਤ ਕਾਬਲ ਹੈ, ਯੇ ਹੈ… ਵੋ ਹੈ..!!”
****

ਦੋ-ਦੋ ਕੋਮੇ ਅੱਗੇ ਤੇ ਪਿੱਛੇ ਲਾ ਕੇ ਕੀਤੀ ਇਹ ਸਵੈ-ਪ੍ਰਸ਼ੰਸ਼ਾ ਮੇਰੀ ਤਰਫੋਂ ਨਹੀਂ ਹੈ। ਜੇ ਤੁਸੀਂ, ਕਿਸੇ ਤੇਜ਼ੀ ਨਾਲ ਉੱਭਰ ਰਹੀ ਵਪਾਰਕ ਵਸਤਾਂ ਵੰਡਾਊ ਕੰਪਨੀ ਦੇ ਕਿਸੇ, ਮਾਰਕੀਟਿੰਗ ਕਾਮੇ ਜਾਂ ਇਲਾਕਾ ਨਿਗਰਾਨ ਨੂੰ ਮਿਲੇ ਹੋਏ ਓ ਤਾਂ ਇਹੋ ਜਿਹੇ ਅਤਿ ਉਤਸ਼ਾਹੀ ਬੋਲ ਓਹਦੇ ਸ੍ਰੀਮੁੱਖ ਤੋਂ ਜ਼ਰੂਰ ਬਰ ਜ਼ਰੂਰ ਸੁਣੇ ਹੋਣਗੇ। ਹੋ ਸਕਦਾ ਹੈ ਤੁਸੀਂ ਇਹੋ ਜਿਹੀਆਂ ਮੁਲਾਕਾਤਾਂ ਨੂੰ ਲਾਭਕਾਰੀ ਨਾ ਮੰਨਦੇ ਹੋਵੋ। …ਪਰ, ਏਨਾ ਯਕੀਨੀ ਆਖ ਸਕਦਾ ਹਾਂ ਕਿ ਜੇ ਤੁਸੀਂ ਕਿਸੇ ਮਿਆਰੀ ਅਖ਼ਬਾਰ ਦੇ ਸੰਪਾਦਕੀ ਸਫ਼ੇ ਉੱਤੇ ਛਪਿਆ ਮਿਡਲ ਪੀਸ ਪੜ੍ਹਦੇ ਓ, ਜਾਂ ਤੁਸੀਂ ਡੂੰਘੇ ਮਨੁੱਖਾਂ ਦੇ ਕ਼ਦਰਦਾਨ ਓ ਤਾਂ ਤੁਸੀਂ ਬਜ਼ਾਰੀ ਬੰਦਿਆਂ ਨੂੰ ਥੋਥੇ ਬੰਦੇ ਮੰਨ ਰਹੇ ਹੋਵੋਂਗੇ। ਯਾਦ ਕਰੋ ਜਦੋਂ ਥੋਥੇ ਲਫਜ਼ਾਂ ਵਾਲੇ ਬਜ਼ਾਰੂ ਬੰਦੇ ਬੰਦੀਆਂ ਤੁਹਾਨੂੰ ਬਿਨਾਂ ਵਾਅਕ਼ਫੀਅਤ ਤੋਂ ਫੋਨ ਕਰਦੇ ਨੇ, ਆਪਣੀ ਕੰਪਨੀ ਦੀਆਂ ਪੇਸ਼ਕਸ਼ਾਂ ਦੱਸਦੇ ਨੇ, ਪਿੱਛੇ ਪੈ ਜਾਂਦੇ ਨੇ, ਤੁਸੀਂ ਬਿਲ ਆਖ਼ਿਰ ਫੋਨ ਕਾਲ ਡਿਸ ਕੋਨੇਕਟ ਕਰ ਕੇ ਸੁੱਖ ਦਾ ਸਾਹ ਲੈਂਦੇ ਓ। ਏਸ ਮਗਰੋਂ ਅਪਰਾਧ ਬੋਧ ਹੁੰਦਾ ਹੈ ਕਿ ਅਗਲੇ ਨੇ ਆਰਥਕ ਮਜਬੂਰੀ ਕਾਰਨ ਤਰਲੇ ਪਾਏ ਹੋਣਗੇ ਤੇ ਆਪਾਂ ਓਹਦੀ ਹੌਸਲਾ ਸ਼ਿਕ਼ਨੀ ਕਰ ਦਿੱਤੀ। ਵਗੈਰਾ ਵਗੈਰਾ।

ਸਮਾਜੀ ਸ਼ਿਸ਼ਟਾਚਾਰ, ਦੁਆ ਸਲਾਮ ਦੇ ਰਸਮੋ ਰਸੂਮ ਕ਼ਤਈ ਤੌਰ ਉੱਤੇ ਸਾਨੂੰ ਖ਼ਾਲਸ ਸੱਚ ਨਹੀਂ ਆਖਣ ਦਿੰਦੇ ਪਰ ਸਾਹਿਤ, ਸਮਾਜੀ ਸਰੋਕਾਰਾਂ ਦੀ ਸੋਝੀ ਤੇ ਸੁੱਘੜ ਬਣਨ ਲਈ ਸਾਡੇ ਅਚੇਤ ਸਚੇਤ ਜਤਨ ਸਾਨੂੰ ਰੋਕ ਕੇ ਰੱਖਦੇ ਨੇ। “ਜੇਹਾ ਵੇਖਿਆ, ਤੇਹਾ ਆਖ” ਵਾਲੀ ਅਖੌਤ ਉੱਤੇ ਅਮਲ ਕਰਨ ਦਾ ਜੇਰਾ ਅਸੀਂ ਨਹੀਂ ਕਰ ਸਕਦੇ ਹਾਂ। ਸਮਾਜੀ ਜੀਅ ਜੁ ਹਾਂ ਅਸੀਂ ਸਾਰੇ। ਸਮਕਾਲ ਤੇ ਅੱਜ ਵਿਚ ਵਿਚਰਦੇ ਆਂ। ਕਈ ਮਜਬੂਰੀਆਂ..!
****

ਜੇ ਕੋਈ ਮਾਅਰਕੇਬਾਜ਼ ਬਜ਼ਾਰੀ ਟੋਲਾ ਇਹ ਆਖਦਾ ਹੈ ਕਿ ਸਾਡੇ ਸਮਾਜ, ਸਾਡੇ ਮੁਲਕ ਵਿਚ ਮੱਧ ਵਰਗ ਦੀ ਅਬਾਦੀ, ਚੋਖੀ ਗਿਣਤੀ ਵਿਚ ਹੈ। ਓਹਦੇ ਬੋਲਾਂ ਪਿੱਛੇ ਇਰਾਦੇ ਕੁਝ ਹੋਰ ਹੁੰਦੇ ਨੇ। ਓਹ ਦਰਅਸਲ ਸਾਡੀ ਹਊਮੈ ਨੂੰ ਪੱਠੇ ਪਾ ਰਿਹਾ ਹੁੰਦੈ। ਓਹਨੇ ਮਿਹਨਤ ਏਸ ਲਈ (ਵੀ) ਕੀਤੀ ਹੋ ਸਕਦੀ ਹੈ ਜਿਹੜੀ ਵੀ ਕੰਪਨੀ ਦੇ ਜਿਹੜੇ ਵੀ ਉਤਪਾਦਾਂ ਦੇ ਓਹ ਲਾਭ ਗਿਣਾਅ ਰਿਹਾ ਹੁੰਦਾ ਹੈ, ਜਾਂ ਤਾਂ ਅਸੀਂ ਹਿਪਨੋਟਾਈਜ਼ ਹੋ ਕੇ ਓਹਦੇ ਗਾਹਕ ਬਣ ਕੇ, ਉਤਪਾਦ ਖ਼ਰੀਦ ਲਈਏ ਜਾਂ ਫੇਰ … ਕੰਪਨੀ ਦੀ ਏਜੰਟਸ਼ਿਪ ਲੈ ਕੇ ਓਹਦੇ ਨਾਲ਼, ਓਹਦੇ ਵਾਂਗ ਵੱਟਣ/ਖਟਣ ਤੁਰ ਪਈਏ।

ਰਤਾ ਸੋਚਿਓ… ਸਾਹਿਤ, ਸਿਆਸਤ, ਕਲਾ, ਫ਼ਨਕਾਰੀ, ਵਿਹਲੇ ਪਲਾਂ, ਲੁਤਫ਼ ਵਰਗੇ ਦਿਮਾਗ਼ੀ ਸੰਕਲਪਾਂ ਤੋਂ ਦੂਰ, ਇਹ ਜਿਹੜੇ ਟੋਲਿਆਂ ਦੇ ਟੋਲੇ ਘੁੰਮ ਫਿਰ ਕੇ ਵਸਤਾਂ ਵੇਚਣ ਤੁਰੇ ਨੇ, ਇਹ ਸਿਰਫ਼ ਰੋਟੀ ਕਮਾਉਣ ਤੁਰੇ ਨੇ? ਓਹਦੇ ਲਈ ਤਾਂ ਹੋਰ ਰਾਹ ਵੀ ਮੌਜੂਦ ਹੁੰਦੇ ਨੇ। ਜੇ ਤੁਸੀਂ ਇਹ ਲਿਖਤ ਪੜ੍ਹ ਕੇ ਮੈਨੂੰ ਕੋਈ ਬੇਦਰਦ ਲਿਖਾਰੀ ਮੰਨ ਲਿਆ ਹੈ ਜਾਂ ਵਸਤੂ ਵੇਚਕਾਂ ਦਾ ਵਿਰੋਧੀ ਮੰਨ ਲਿਆ ਹੈ ਤਾਂ ਹੁਣੇ ਥੋੜ੍ਹਾ ਅਟਕੋ, ਆਪਣੇ ਮਨ ਦੇ ਵੇਗ ਨਾਲ ਇਕਮਿਕ ਨਾ ਹੋਵੋ। ਕ਼ਤਈ ਤੌਰ ਉੱਤੇ ਨਈਂ।

ਹਾਂ…ਮੈਂ ਵਸਤ ਵਰਤਾਰੇ ਨੂੰ ਸਾਰਾ ਕੁਝ ਮੰਨ ਲੈਣ ਦੇ ਖ਼ਿਲਾਫ਼ ਹਾਂ, ਸੋਚਿਓ ਕਿ ਇਨਸਾਨਾਂ ਕੁਲ ਵਜੂਦ, ਕੀ ਵਸਤੂ ਵਰਤਾਰੇ ਦੇ ਉਲਝਾਅ ਵਿਚ ਉਲਝ ਜਾਣ ਲਈ ਹੁੰਦਾ ਹੈ? ਜਾਣਦਾ ਹਾਂ… ਕਿ … ਜਿਉਂਦੇ ਵੱਸਣ ਲਈ ਵਸਤਾਂ ਲਾਜ਼ਮੀ ਜ਼ਰੂਰਤ ਨੇ। ਕਿਸੇ ਸ਼ੈ ਬਿਨਾਂ ਨਹੀਂ ਸਰਦਾ ਹੁੰਦਾ। ਨਿੱਕੀ ਜਿਹੀ ਸੂਈ ਵੀ ਵਾਹਵਾ ਲੋੜ ਦੀ ਸ਼ੈ ਹੈ… ਇਨ੍ਹਾਂ ਤੱਥਾਂ ਤੋਂ ਉੱਪਰ ਵੀ ਕੁਝ ਹੈਗਾ ਐ। ਓਹ ਹੈ ਚੇਤੰਨ ਹੋਣ ਦੀ ਤਾਂਘ।

ਸਾਡਾ ਵਸੇਬ, ਸਾਡੀ ਰਹਿਤਲ, ਸਾਡਾ ਜੀਊਣ ਚੱਜ ਸਦੀਆਂ ਪੁਰਾਣਾ ਹੈ। ਇਹ ਵਸਤ ਵੇਚਕਾਂ ਦੇ ਜਿਹੋ ਜਿਹੇ ਗਿਰੋਹ ਹੁਣ ਗਸ਼ਤ ਕਰ ਰਹੇ ਨੇ, ਇਹ ਕੁਝ ਕੁ ਵਰ੍ਹਿਆਂ ਦੀ ਈਜਾਦ ਨੇ। ਪੱਕਾ ਯਕੀਨ ਹੈ ਕਿ ਬੰਦੇ ਨੂੰ ਭੁਲੇਖੇ ਪਾਉਣ ਲਈ ਤੇ ਵਸਤਾਂ ਦਾ ਗ਼ੁਲਾਮ ਬਣਾਉਣ ਲਈ ਮਾਰਕੀਟਿੰਗ ਗਰੁੱਪਾਂ ਦੀ ਘੜ੍ਹਤ ਘੜ੍ਹੀ ਗਈ ਹੈ। ਕਾਮੇ ਨੂੰ ਖ਼ਾਸ ਲਾਭ ਨਹੀਂ ਮਿਲਦਾ ਹੁੰਦਾ, ਕਾਮੇ ਨੂੰ ਹੁਕਮ ਕਰਨ ਵਾਲੇ ਅਣ ਦਿੱਸਦੇ ਲੋਕ ਨਫ਼ਾ ਆਪਣੀ ਜੇਬ ਵਿਚ ਪਾਉਂਦੇ ਹਨ। ਬਜ਼ਾਰੀ ਬੰਦਿਆਂ ਤੇ ਵਿੱਤੀ ਕਾਮਿਆਂ ਨੂੰ ਬਜ਼ਾਰ ਦੀਆਂ ਤਾਕ਼ਤਾਂ ਨੇ ਤੋਰਿਆ ਹੋਇਆ ਹੁੰਦਾ ਐ।
******

ਆਪਣੇ ਆਲੇ ਦੁਆਲੇ ਸਤਹੀ ਕਿਸਮ ਦੇ ਬੰਦੇ/ਜ਼ਨਾਨੀਆਂ ਵੇਖਦੇ ਹੋ, ਉਨ੍ਹਾਂ ਦੀ ਪਛਾਣ ਕਰ ਸਕਦੇ ਓ। ਕੋਈ ਰੋਕੇਟ ਸਾਇੰਸ ਨਹੀਂ ਹੈ ਇਹਦੇ ਪਿੱਛੇ। ਇਹੋ ਜਿਹਿਆਂ ਦੀ ਅਬਾਦੀ ਹੁਣ 94 ਤੋਂ 96% ਤਕ ਅੱਪੜ ਚੁੱਕੀ ਹੈ। ਜੇ ਤੁਸੀਂ ਕਿਸੇ ਕ਼ਮਾਲ ਦੇ ਕਵੀ ਨੂੰ ਪੜ੍ਹਦੇ ਹੋ, ਕਿਸੇ ਬ-ਕ਼ਮਾਲ ਲਿਖਾਰੀ ਦੀ ਲਿਖਤ ਪੜ੍ਹਦੇ ਹੋ ਤੇ ਦਿਮਾਗੀ ਸੰਤੁਸ਼ਟੀ ਦੇ ਕਈ ਖ਼ਾਸ ਮੁਕਾਮਾਂ ਦੀ ਹੋਂਦ ਮਹਿਸੂਸਦੇ ਹੋ ਤਾਂ ਇਕ ਸਦਮਾ ਸਹਿਣ ਲਈ ਤਗੜੇ ਹੋਵੋ। ਉਹ ਮਾਮਲਾ ਇਹ ਹੈ ਕਿ ਤੁਹਾਦੇ ਪਸੰਦੀਦਾ ਕਵੀ ਦੀਆਂ ਕਵਿਤਾਵਾਂ, ਤੁਹਾਡੇ ਮਹਿਬੂਬ ਲਿਖਾਰੀ ਦੇ ਦਿਲ-ਲੱਗਵੇ ਸੁਲੇਖ ਤੇ ਹੋਰ ਲਿਖਤਾਂ, ਚੋਖੀ ਆਬਾਦੀ ਲਈ ਫਜ਼ੂਲ ਤੇ ਬੇਕਾਰ ਹਨ। ਏਸ ਵੇਲੇ ਜਿਹੜਾ ਦਰਮਿਆਨਾ ਤਬਕਾ ਹੈ, ਇਹਹਨੂੰ ਦਰਮਿਆਨੀ ਜਮਾਤ ਕਹਿ ਲਓ ਜਾਂ ਮਿਡਲ ਕਲਾਸ ਕਹਿ ਲਓ,ਇਨ੍ਹਾਂ ਦਾ ਕੁਲ ਕਿਰਦਾਰ ਇਹੀ ਤੇ ਏਨੇ ਜੋਗਾ ਈ ਐ।
***

ਆਓ, ਵਕ਼ਤ ਕੱਢ ਕੇ ਰਤਾ ਸੋਚਦੇ ਹਾਂ…ਇਹ ਮਿਡਲ ਕਲਾਸ ਇਹੋ ਜਿਹੀ ਤਾਂ ਨਹੀਂ ਸੀ। ਫ਼ਿਰੰਗੀ ਬ੍ਰਿਟਿਸ਼ ਸਾਮਰਾਜ ਦੇ ਜਿੰਨੇ ਚਾਕਰਾਂ ਨੇ ਸਾਨੂੰ ਸਿਆਸੀ ਗ਼ੁਲਾਮ ਬਣਾਇਆ ਸੀ, ਉਨ੍ਹਾਂ ਚਾਕਰਾਂ ਵਿਰੁੱਧ ਮਿਡਲ ਕਲਾਸ ਨੇ ਹੀ ਸੰਘਰਸ਼ ਮਘਾਇਆ ਸੀ। ਸ਼ਹਿਰਾਂ ਦੀਆਂ ਸੌੜੀਆਂ ਗਲੀਆਂ ਵਿਚ ਉਸਾਰੇ ਨਿੱਕੇ ਨਿੱਕੇ ਘਰ ਹੁੰਦੇ ਸਨ। ਇਹੋ ਜਿਹੇ ਆਮ ਘਰਾਂ ਵਿਚ ਜੰਗੇ ਆਜ਼ਾਦੀ ਦੇ ਬਹੁਤ ਸਾਰੇ ਪਰਵਾਨਿਆਂ ਦਾ ਬਚਪਣ ਬੀਤਿਆ। ਸਾਡੇ ਮੁਲਕ ਦੀ ਸ਼ਹਿਰੀ ਮਿਡਲ ਕਲਾਸ ਨੇ 1947 ਵਿਚ ਫ਼ਿਰੰਗੀ ਹਾਕਮਾਂ ਤੋਂ ਆਜ਼ਾਦੀ ਲੈਣ ਲਈ ਤਵਾਰੀਖੀ ਕਿਰਦਾਰ ਅਦਾ ਕੀਤਾ ਹੋਇਆ ਹੈ। ..ਪਰ, 1947 ਮਗਰੋਂ ਰਾਜ ਭਾਗ ਜਿੰਨਾ ਕਾਲੇ ‘ਗਰੇਜਾਂ ਦੇ ਹੱਥਾਂ ਵਿਚ ਆਇਆ, ਉਨ੍ਹਾਂ ਲੋਕਾਂ ਨੇ ਆਪਣੇ ਟੁਚੇਪਣ ਉੱਤੇ ਪਰਦੇ ਪਾਉਣ ਲਈ ਸਭਿਆਚਾਰਕ ਸਾਜ਼ਸ਼ਾਂ ਰਚੀਆਂ ਹਨ। ਨਤੀਜਤਨ, ਸਾਨੂੰ ਮਾਨਸਕ ਪੱਖੋਂ ਊਣੇ ਤੇ ਅਪਾਹਜ ਕਰਨ ਵਿਚ ਕੋਈ ਕ਼ਸਰ ਬਾਕੀ ਨਹੀਂ ਰਹਿਣ ਦਿੱਤੀ।

ਓਹ ਲੋਕ ਚੁਸਤ ਸਨ, ਜਾਣਦੇ ਸਨ ਕਿ ਅਖਬਾਰਾਂ, ਰਸਾਲੇ ਪੜ੍ਹਣ ਨਾਲ ਇਨਸਾਨੀ ਮਨ ਖੂਹ ਦਾ ਡੱਡੂ ਨਹੀਂ ਰਹਿ ਸਕਦਾ ਹੁੰਦਾ, ਮਨ ਦਾ ਪੰਖੇਰੂ ਆਤਮਾ (ਕੁਲ ਨਿੱਜਤਾ) ਦੇ ਗਗਨ ਵਿਚ ਉਡਾਰੀਆਂ ਮਾਰਨ ਲੱਗਦਾ ਹੈ। ਏਸ ਲਈ ਉਨ੍ਹਾਂ ਲੋਕ ਦੁਸ਼ਮਨਾਂ ਨੇ ਸਿਲੇਬਸ ਤੋਂ ਬਾਹਰ ਕੁਝ ਵੀ ਪੜ੍ਹਨ ਨੂੰ ਫਿਜ਼ੂਲਤਰੀਨ ਤੇ ਬੇਕਾਰ ਕੰਮ ਸਾਬਤ ਕਰ ਦਿੱਤਾ। ਇਹੋ ਜਿਹੇ ਲੋਕਾਂ ਨੂੰ ਅਸੀਂ”ਚਲਾਕ ਏ ਆਜ਼ਮ” ਆਖ ਸਕਦੇ ਹਾਂ। ਦਰਹਕੀਕਤ,ਉਹ ਜਾਣਦੇ ਸਨ ਕਿ ਕਵਿਤਾ ਪੜ੍ਹਣ ਵਾਲਾ ਪਾਠਕ ਕਿਸੇ ਦਿਨ ਖ਼ੁਦ ਕਵੀ ਬਣ ਜਾਂਦਾ ਹੈ। ਜਿੱਥੇ ਨਹੀਂ ਪਹੁੰਚ ਸਕਦਾ ਹੁੰਦਾ ਰਵੀ (ਸੂਰਜ), ਓਥੇ ਪੁੱਜ ਜਾਂਦੈ ਕਵੀ। ਕਵੀ ਨੇ ਵਿਚਾਰ ਉੱਤੇ ਸਵਾਰ ਹੋ ਕੇ, ਪੜ੍ਹਨਹਾਰ ਦੇ ਮਨ ਦੀਆਂ ਤੈਹਾਂ ਤਕ ਅੱਪੜ ਜਾਣਾ ਹੁੰਦਾ ਹੈ। ਕਵੀ ਮਨ, ਮੁਕਤੀ ਲੋਚਦਾ ਹੈ, ਕਵੀ ਹਮੇਸ਼ਾ, ਸੈਰ, ਸਫ਼ਰ, ਸੰਵਾਦ ਲਈ ਤਾਂਘਵਾਨ ਹੋਵੇਗਾ। ਇਹ ਸਰਬ ਸਮਿਆਂ ਦਾ ਸੱਚ ਐ। ਵੈਦਿਕ ਕਾਲ ਦੇ ਲਫ਼ਜ਼ ਵਰਤਾਂ ਤਾਂ ਇਹ “ਆਰੀਆ ਸੱਚ” ਮੰਨੋ। ਆਰੀਆ ਯਾਅਨੀ ਸਦਾ ਤੋਂ ਸੀ ਤੇ ਸਦਾ ਸਦਾ ਲਈ ਰਹਵੇਗਾ।
******

ਮੁੱਦਾ ਇਹ ਹੈ ਕਿ ਅੱਜਕਲ੍ਹ ਦੇ ਦੌਰ ਦੀ ਗੁਮਰਾਹ ਮਿਡਲ ਕਲਾਸ ਉਰਫ਼ ਦਰਮਿਆਨੇ ਤਬਕੇ ਦੀ ਜਿਹਨਸਾਜ਼ੀ ਕੀਹਨੇ ਕੀਤੀ ਹੈ। ਇਕ ਰਮਜ਼ੀਆ ਗੱਲ ਦੱਸਣ ਲੱਗਿਆ ਹਾਂ, ਓਹ ਇਹ ਕਿ ਜਦੋਂ ਕਿਸੇ ਥਾਂ, ਕਿਸੇ ਦਾ ਕ਼ਤਲ ਹੋ ਜਾਵੇ ਤਾਂ ਥਾਣੇ ਦੀ ਤਰਫੋਂ ਓਸ ਅਫ਼ਸਰ ਨੂੰ ਤਫਤੀਸ਼ ਲਈ ਭੇਜਿਆ ਜਾਂਦੈ, ਜਿਹੜਾ ਮਨੋ ਵਿਗਿਆਨ ਦੇ ਭੇਤ ਸਮਝਦਾ ਹੋਵੇ।

ਕ਼ਤਲ ਦੀ ਵਾਰਦਾਤ ਹੋ ਜਵੇ ਜਾਂ ਕੋਈ ਹੋਰ ਜੁਰਮ ਦਾ ਮਾਮਲਾ ਹੋਵੇ, ਸਿਆਣਾ ਤਫਤੀਸ਼ੀ ਅਫ਼ਸਰ ਹਮੇਸ਼ਾ ਇਹ ਲੱਭਣ ਦੇ ਜਤਨ ਕਰੇਗਾ ਕਿ ਮਾਸਟਰ ਮਾਈਂਡ ਕੌਣ ਹੈ? ਵਾਰਦਾਤ ਐਵੇਂ ਈ ਨਹੀਂ ਕੀਤੀ ਗਈ ਹੁੰਦੀ!ਕਿਸੇ ਨਾ ਕਿਸੇ ਨੇ ਮਨ ਬਣਾਇਆ ਹੁੰਦਾ ਹੈ!! ਏਸ ਤੱਥ ਦੀ ਲੋਅ ਵਿਚ ਸਾਨੂੰ ਇਹ ਲੱਭਣਾ ਪਵੇਗਾ ਕਿ ਸਾਡੀ ਏਨੀ ਚੋਖੀ ਮਿਡਲ ਕਲਾਸ ਅਬਾਦੀ ਨੂੰ ਓਹਦੇ ਇਤਿਹਾਸਕ ਰੋਲ ਤੋਂ ਬੇਗਾਨਾ ਕੀਹਨੇ ਕੀਤਾ ਹੈ? ਚੋਟੀ ਦੇ ਵਪਾਰੀ, ਕਾਰਖਾਨੇ ਲਾਉਣ ਲਈ ਤਿਆਰ ਬੈਠੇ ਨੇ ਪਰ ਅਖਬਾਰ ਸ਼ੁਰੂ ਕਰਨ ਲਈ ਕੋਈ ਨਹੀਂ ਤਿਆਰ ਦਿੱਸਦਾ!! ਮੁਨਾਫ਼ੇ ਦੇ ਯਾਰ ਤਾਂ ਮੁਨਾਫ਼ਾ ਭਾਲਦੇ ਨੇ, ਉਨ੍ਹਾਂ ਨੇ ਅਖਬਾਰ, ਟੀ ਵੀ ਚੈਨਲ ਜਾਂ ਰਸਾਲਾ ਸ਼ੁਰੂ ਕਰ ਕੇ ਵੜੇਵੇ ਲੈਣੇ ਨੇ? ਮੈਨੂੰ ਬਜ਼ਾਰ ਦੀ ਲੱਚਰ ਤੇ ਟੁਚੀ ਭਾਸ਼ਾ ਵਰਤਣ ਦੀ ਪ੍ਰਵਾਨਗੀ ਦਿਓ! ਉਨ੍ਹਾਂ ਨੇ ਪੈਸੇ ਡੋਬਣਾ ਏ? ਉਨ੍ਹਾਂ ਵਿੱਚੋਂ ਛਿੱਕੂ ਲੈਣਾ ਏ!
****

ਇਤਿਹਾਸਕ ਭੂਮਿਕਾ ਤੋਂ ਬੇਗਾਨੀ ਮਿਡਲ ਕਲਾਸ ਦੇ “ਸੈਲਫ ਗੋਲ,” ਵੱਡੇ ਤੇ ਆਲੀਸ਼ਾਨ ਘਰਾਂ ਨੂੰ ਵੇਖ ਕੇ ਮਿਡਲ ਕਲਾਸ ਦੇ ਕਲੇਜੇ ਵਿਚ ਐਵੇਂ ਈ ਨਹੀਂ ਧੱਕ ਪੈਂਦੀ। ਮਿਡਲ ਕਲਾਸ ਸੋਚ ਬਾਲ ਵਰੇਸ ਤੋਂ ਉਸਾਰੀ ਜਾਂਦੀ ਹੈ। ਏਸ ਸੋਚ ਦੀ ਬੁਨਿਆਦ ਏਸ ਖਾਮ ਖ਼ਿਆਲੀ ਉੱਤੇ ਉਸਰੀ ਹੋਈ ਹੁੰਦੀ ਐ ਕਿ ਰਾਜੇ ਦੀ ਸੋਭਾ ਮਹਿਜ਼ ਓਹਦੇ ਰਾਜ ਭਾਗ ਦੀਆਂ ਹੱਦਾਂ ਤਕ ਹੁੰਦੀ ਹੈ ਪਰ “ਵਿਦਵਾਨ” ਦੀ ਸੋਭਾ ਸਾਰਾ ਜੱਗ ਕਰਦਾ ਹੈ। ਇਹ ਵਿਦਵਾਨ ਕੌਣ ਨੇ, ਕਿਹੜੇ ਜੱਗ ਵਿਚ ਉਨ੍ਹਾਂ ਦੀ ਸੋਭਾ ਹੁੰਦੀ ਰਹਿੰਦੀ ਏ? ਇਹ ਭੇਤ ਕਦੇ ਨਹੀਂ ਖੁਲ੍ਹਦਾ! ਕਿਸੇ ਵੀ ਵਿਦਵਾਨ ਅਧਿਆਪਕ ਨੂੰ ਰੋਕ ਕੇ ਪੁੱਛ ਲਿਓ, ਓਹਨੇ ਦੱਸ ਦੇਣਾ ਕਿ ਓਹਦੇ ਸਕੂਲ ਦਾ ਅਨਪੜ੍ਹ ਮਾਲਕ ਸਾਰੀ ਉਸਤਤ ਕਰਵਾ ਲੈਂਦਾ ਹੈ। ਸਾਰਾ ਮੁਨਾਫ਼ਾ ਓਹਦੀ ਜੇਬ ਵਿਚ ਪਹੁੰਚ ਜਾਂਦਾ ਐ। ਵਿਦਵਾਨ ਅਧਿਆਪਕ ਨੂੰ ਤਾਂ ਬੱਝਵੀਂ ਤੇ ਨਿਗੂਣੀ ਤਨਖ਼ਾਹ ਮਸਾਂ ਮਿਲਦੀ ਹੈ।

…ਪਰ ਅਸੀਂ ਮਿਡਲ ਕਲਾਸੀਏ ਸਾਰੀ ਹਯਾਤੀ ਏਸੇ ਭਰਮ ਵਿਚ ਕੱਢ ਸਕਦੇ ਹੁੰਨੇ ਆ ਕਿ ਅਸੀਂ ਕੁਝ ਡਿਗਰੀਆਂ ਦੇ ਸਰਟੀਫਿਕੇਟ ਹਾਸਲ ਕਰ ਕੇ ਵਿਦਵਾਨੀ ਦਾ ਪੱਕਾ ਠੱਪਾ ਲੁਆ ਲਿਆ ਹੋਇਆ ਐ। ਸਾਡੀ ਏਸ ਦਰਮਿਆਨੀ ਜਮਾਤ ਵਿਚ ਵੱਡਾ ਸਾਰਾ ਹਿੱਸਾ ਓਸ ਅਨਪੜ੍ਹ ਤਬਕੇ ਦਾ ਹੈ ਜਿਹੜਾ ਡਿਗਰੀ ਪ੍ਰਾਪਤ ਕਰਨ ਜੋਗਾ ਵੀ ਨਹੀਂ ਪੜ੍ਹਦਾ। ਇਹ ਜਮਾਤ ਕੁਝ ਵੀ ਨਹੀਂ ਪੜ੍ਹਦੀ। ਠੱਗੀ ਠੋਰੀ ਲਈ ਮਨਸੂਬੇ ਘੜ੍ਹਦੀ ਰਹਿੰਦੀ ਹੈ। ਇਤਬਾਰ ਬਣਾ ਕੇ, ਵਸਤਾਂ ਘਰ ਲਿਆ ਕੇ ਕਦੇ ਉਧਾਰ ਨਾ ਮੋੜਨਾ, ਇਕ ਜਗ੍ਹਾ ਤੋਂ ਉਧਾਰ ਚੱਕ ਕੇ, ਦੂਜੀ ਹੱਟੀ ਦੀ ਭਾਲ ਕਰ ਲੈਣੀ। ਆਪਣੀ ਹੱਟੀ ਖੋਲ੍ਹੀ ਹੋਵੇ ਤਾਂ ਇਹ ਲੋਕ ਓਥੇ ਨਹੀਂ ਬੈਠਨਾ ਚਾਹੁਣਗੇ ਮਨ ਦਾ ਪੰਖੀ ਕਿਸੇ ਕਲੱਬ ਜਾਂ ਅਯਾਸ਼ੀਖਾਨੇ ਵਿਚ ਜਾਣ ਲਈ ਕਾਹਲਾ ਪੈਂਦਾ ਹੋਵੇਗਾ। ਏਸ ਆਲਸੀ ਸੋਚ ਨੂੰ ਪਾਲਣ ਦੇ ਬਾਵਜੂਦ ਲੰਮੀਆਂ ਕਾਰਾਂ, ਵੱਡੇ ਘਰ, ਸਿਆਸੀ ਟੋਹਰ ਟੱਪਾ ਭਾਲਦੇ ਨਜ਼ਰੀਂ ਪੈਣਗੇ। ਸਾਰੀ ਉਮਰ ਏਸੇ ਭਰਮ ਦੇ ਹਨੇਰੇ ਵਿਚ ਨਿਕਲ ਜਾਂਦੀ ਐ।

ਵਜ੍ਹਾ ਕੀ ਹੋਵੇਗੀ?
ਵਜ੍ਹਾ ਬੱਸ ਇਹ ਹੈ ਕਿ ਬਿਨਾਂ ਖ਼ਾਸ ਮਿਹਨਤ ਕੀਤਿਆਂ ਸੱਭ ਕੁਝ ਪ੍ਰਾਪਤ ਕਰਨ ਦੀ ਕਾਹਲ ਹੈ। ਅਕਲ, ਇਲਮ, ਅਧਿਐਨ, ਮੁਤਾਲ’ਅ ਉੱਤੋਂ ਭਰੋਸਾ ਚੁੱਕਿਆ ਗਿਆ ਹੈ। ਇਮਾਨਦਾਰ ਤੇ ਲਾਇਕ ਲੋਕਾਂ ਨੂੰ ਸਖ਼ਤ ਮਿਹਨਤ ਕਰਦੇ ਵੇਖਦੇ ਹਨ ਤਾਂ ਤੁਰਤ ਫ਼ੈਸਲਾ ਲੈਂਦੇ ਨੇ ਕਿ ਵਿਚਾਰੇ ਨੇ ਸਾਰੀ ਉਮਰ ਮਿਹਨਤਾਂ ਕੀਤੀਆਂ ਪਰ ਖੱਟਿਆ ਕੀ? ਏਸੇ ਲਈ ਇਹ ਲੁਤਫੀ ਮਿਡਲ ਕਲਾਸ ਛਲ ਕਪਟ ਨੂੰ ਦਿਆਨਤਦਾਰੀ ਤੋੰ ਉੱਪਰ ਰੱਖ ਕੇ ਵਿਚਰਦੀ ਹੈ।

ਸਪਸ਼ੱਟ ਵਜ੍ਹਾ ਇਹ ਹੈ ਕਿ ਆਲੀਸ਼ਾਨ ਜ਼ਿੰਦਗੀ ਬਿਤਾਉਣ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ। ਉਧਾਰ ਚੁੱਕਣਾ ਤੇ ਮੋੜਨ ਤੋਂ ਇਨਕਾਰ ਕਰਨਾ, ਬੇਇੱਜਤ ਹੋਣਾ ਏਸ ਹਸ਼ਰ ਨੂੰ ਪਹੁੰਚ ਕੇ ਵੀ ਅੱਖ ਨਹੀਂ ਖੁਲ੍ਹਦੀ ਕਿ ਕਿੱਥੇ ਪੁੱਜਣਾ ਸੀ ਤੇ ਕਿੱਥੇ ਜਾ ਡਿੱਗੇ।

ਇਤਿਹਾਸ ਤੋੰ ਲੈ ਸਕਦੇ ਹਾਂ ਸੇਧ
ਇਤਿਹਾਸ ਦੱਸਦਾ ਹੈ ਕਿ ਸਿਲੇਬਸ ਤੋਂ ਬਾਹਰਲੀਆਂ ਕਤਾਬਾਂ ਪੜ੍ਹ ਕੇ, ਚੰਗੇ ਤੇ ਇਮਾਨਦਾਰ ਇਨਸਾਨ ਬਣਨ ਦਾ ਅਹਿਦ ਲੈ ਕੇ ਜਦੋਂ ਵੀ ਮੱਧ ਸ਼੍ਰੇਣੀ ਨੇ ਮਿਹਨਤ ਕੀਤੀ ਹੈ, ਫਤਹਿਯਾਬ ਹੋਈ ਹੈ। ਸਿਰਫ਼ ਸੁਪਨੇ ਵੇਖਣ ਵਾਲੀ ਲੁਤਫੀ ਮਿਡਲ ਕਲਾਸ ਨਾ ਤਾਂ ਆਪਣੇ ਕੁਝ ਕਰ ਸਕਦੀ ਹੈ ਤੇ ਨਾ ਆਪਣੀ ਲੋਕਾਈ ਦੀ ਤਬਦੀਲੀ ਲਈ ਕੁਝ ਕਰ ਸਕੇਗੀ। ਨਾਕਾਮ ਠੱਗ ਬਣ ਕੇ ਜ਼ਲਾਲਤ ਪੱਲੇ ਪਵੇਗੀ। ਹੋਰ, ਕੋਈ ਟਾਟਾ ਬਿਰਲਾ ਤਾਂ ਆਪਣੀ ਜਾਇਦਾਦ ਵਿੱਚੋਂ ਹਿੱਸਾ ਦੇਣੋਂ ਰਿਹਾ। ਹੈ ਕਿ ਨਹੀਂ?!

ਯਾਦਵਿੰਦਰ

 

 

 

 

 

 

 

+919465329617

ਰਾਬਤਾ : ਸਰੂਪ ਨਗਰ, ਰਾਓਵਾਲੀ, ਲਾਗੇ ਪੰਜਾਬੀ ਬਾਗ਼, ਜਲੰਧਰ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS military admits Aug drone strike in Kabul killed 10 civilians
Next articleਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਵਿਧਾਇਕ ਚੀਮਾ ਵਲੋਂ 21 ਪਿੰਡਾਂ ਨੂੰ 2.78 ਕਰੋੜ ਦੀਆਂ ਗਰਾਂਟਾਂ ਦੀ ਵੰਡ