(ਸਮਾਜ ਵੀਕਲੀ)
ਲ੍ਹੂਸਿਆ ਗਿਆ ਧਰਤੀ ਦਾ ਪਿੰਡਾ ਚੁਫ਼ੇਰੇ ਧੂੰਆਂ ਧੂੰਆਂ।
ਚੰਦਰੇ ਬਾਰੂਦ ਨੇ ਲੂਹ ਧਰੀਆਂ ਘੁੱਗ ਵਸਦੀਆਂ ਜੂਹਾਂ।
ਦਿਨ ਕਟੀ ਕਰਦੇ ਤਿਲ ਤਿਲ ਮਰਦੇ ਬਣਾ ਕੇ ਸਾਰੇ ਮਜਰਿਮ
ਹੋ ਬੇਪਰਵਾਹ ਮੂੰਹ ਜੋਰ ਹਾਕਮ ਨੇ ਮਿੱਧੀਆਂ ਸਭ ਬਰੂਹਾਂ ।
ਬੇਝਿਜਕ ਆਖੇ ਨਾ ਕਿਸੇ ਦੀ ਹਿੰਮਤ ਕੌਣ ਉਸ ਨੂੰ ਰੋਕੂ
ਜੋਰ ਜਬਰ ਦੀ ਸਿਖ਼ਰ ਵੇਖ ਕੇ ਧੁਰ ਤੱਕ ਕੰਬੀਆਂ ਰੂਹਾਂ।
ਧਰਤੀ ਰੋਈ ਅੰਬਰ ਕੰਬਿਆ ਕਣ ਕਣ ਕੀਤਾ ਜ਼ਖ਼ਮੀਂ
ਇਹੋ ਜਿਹੀ ਤਰੱਕੀਆਂ ਤਾਂ ਕਿਤੇ ਡੁੱਬ ਮਰਨ ਵਿੱਚ ਖੂਹਾਂ।
ਕਿੱਧਰ ਗਏ ਵਾਤਾਵਰਨ ਪ੍ਰੇਮੀ, ਕੋਮਲ ਹਿਰਦਿਆਂ ਵਾਲੇ
ਹੁਣ ਕਿਹੜੀ ਗੱਲੋਂ ਪਾ ਰੱਖੀਆਂ ਨੇ ਘੁੰਗਣੀਆ ਵਿੱਚ ਮੂੰਹਾਂ।
ਕਾਹਦੀ ਕਲਾ ਕਾਹਦੀ ਸਿਰਜਣਾ ਜੋ ਸੱਚ ਤੋਂ ਪਾਸਾ ਵੱਟੇ
ਕਲਮਕਾਰਾਂ ਨੂੰ ਕਾਹਤੋਂ ਡੰਗ ਗਿਐ ਆ ਕੇ ਨਾਗ ਦਮੂੰਹਾ।
ਛੱਡ ਬੌਣਾ ਦਾਇਰਾ ਮੁਹੱਬਤ ਵਾਲ਼ਾ ਜੱਗ ਬਾਰੇ ਵੀ ਸੋਚ
ਅਮਨ ਚੈਨ ਨੂੰ ਅਗਵਾ ਕੀਤਾ ਵਗਦੀਆਂ ਤੱਤੀਆਂ ਲੂਆਂ।
ਮੈਂ ਹਾਂ ਪੈਗ਼ਾਮ ਮੁਹੱਬਤ ਵਾਲ਼ਾ ਪੀੜਾਂ ਜਿਸ ਦੇ ਪੱਲੇ
ਨਾਲ ਈਮਾਨ ਦੇ ਇੱਕ ਵਾਰ ਦੇ ਜਾ ਦਿਲ ਤੋਂ ਸੁੱਚੀਆਂ ਛੂਹਾਂ।
ਪ੍ਰੋ.(ਡਾ. ) ਮੇਹਰ ਮਾਣਕ