ਹਵਸ ਭਰੀਆਂ ਅੱਖਾਂ

 ਹਰਪ੍ਰੀਤ ਕੌਰ
 ਹਰਪ੍ਰੀਤ ਕੌਰ
  (ਸਮਾਜ ਵੀਕਲੀ)   ਮੈਂ ਰੋਜ਼ ਸਵੇਰੇ ਆਪਣੇ ਪਿੰਡੋਂ ਬੱਸ ਚੜ੍ਹ ਕੇ ਲਾਗਲੇ ਸ਼ਹਿਰ , ਜੋ ਕਿ ਮੇਰੇ ਪਿੰਡ ਤੋਂ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਸੀ, ਸਲਾਈ-ਸੈਂਟਰ ਵਿਚ ਟ੍ਰੇਨਿੰਗ ਦੇਣ ਜਾਂਦੀ ਹੁੰਦੀ ਸੀ। ਉਸ ਬੱਸ ਦਾ ਡਰਾਇਵਰ, ਜਿਹੜਾ ਲਗਭਗ ਮੇਰੇ ਚਾਚਾ ਜੀ ਦੀ ਉਮਰ ਦਾ ਸੀ, ਨਿੱਤ ਮੇਰੇ ਵੱਲ ਨਜ਼ਰਾਂ ਗੱਡ ਕੇ ਵੇਖਦਾ ਰਹਿੰਦਾ। ਜਿੰਨਾ ਚਿਰ ਮੈਂ ਬੱਸ ਵਿਚੋਂ ਨਹੀਂ ਸੀ ਉੱਤਰਦੀ ਓਨਾ ਚਿਰ ਉਹ ਨਜ਼ਰਾਂ ਗੱਡੀ ਰੱਖਦਾ , ਸ਼ੀਸ਼ੇ ਵਿੱਚ ਦੀ ਤੇ ਕਦੇ ਮੁੜ ਮੁੜ ਵੇਖਦਾ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਸੀ। ਮੈਂ ਕਈ ਵਾਰ ਸੋਚਿਆ ਕਿ ਇਸ ਬੱਸ ਤੇ ਆਉਣਾ-ਜਾਣਾ ਬੰਦ ਕਰ ਦੇਵਾਂ, ਪਰ ਘਰ ਕੋਈ ਸ਼ਹਿਰ ਛੱਡਣ ਵਾਲਾ ਨਹੀਂ ਸੀ ਡੈਡੀ ਤੇ ਭਰਾ ਤਾਂ ਕੰਮ ਵਿਚ ਹੀ ਉਲਝੇ ਰਹਿੰਦੇ ਤੇ ਨਾ ਹੀ ਕੋਈ ਹੋਰ ਸਾਧਨ ਜਾਂਦਾ ਸੀ ਸਿਰਫ਼ ਇਹੀ ਇਕ ਮਿੰਨੀ ਬੱਸ ਲੱਗੀ ਹੋਈ ਸੀ ਇਸ ਤੇ ਜਾਣ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ।
    ਮੈਂ ਕਈ ਵਾਰੀ ਇਸ ਬੰਦੇ ਦੀ ਲਾਹ- ਪਾਹ ਵੀ ਕਰਨੀ ਚਾਹੀ ਪਰ ਚੁੱਪ ਰਹਿਣਾ ਠੀਕ ਸਮਝਦੀ, ਮੈਂ ਅੰਦਰੋਂ ਸਹਿਮੀ ਜਿਹੀ ਰਹਿੰਦੀ। ਮੈਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੀ ਸੀ ਮੈਨੂੰ ਯਕੀਨ ਹੋ ਗਿਆ ਸੀ ਕਿ ਇਸ ਬੰਦੇ ਦੀ ਮੇਰੇ ਤੇ ਮੈਲ਼ੀ ਨਜ਼ਰ ਹੈ। ਇਸਦੀਆਂ ਮੇਰੇ ਵੱਲ ਤੱਕਦੀਆਂ ਰਹਿੰਦੀਆਂ ਅੱਖਾਂ ਮੈਨੂੰ ਹਵਸ ਨਾਲ਼ ਭਰੀਆਂ ਜਾਪਣ ਲੱਗੀਆਂ। ਇਹ ਸਿਲਸਿਲਾ ਕਾਫ਼ੀ ਸਮਾਂ ਚੱਲਦਾ ਰਿਹਾ, ਮੈਨੂੰ ਪਤਾ ਸੀ ਕਿ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਮੈਂ ਇਸਦੀ ਹਵਸ ਦੀ ਸ਼ਿਕਾਰ ਹੋ ਜਾਵਾਂਗੀ। ਪਰ ਫਿਰ ਵੀ ਮੈਂ ਖਮੋਸ਼ੀ ਧਾਰੀ ਰੱਖੀ।
        ਇੱਕ ਦਿਨ ਸਵੇਰੇ ਬੱਦਲ ਬਣ ਰਿਹਾ ਸੀ ਤੇ ਧੁੰਦ ਵੀ ਬਹੁਤ ਸੀ, ਜਿਸ ਕਾਰਨ ਬੱਸ ਵਿਚ ਸਵਾਰੀਆਂ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਸੀ। ਬੱਸ ਅੱਡੇ ‘ਤੇ ਆ ਕੇ ਰੁਕੀ ਤੇ ਮੈਂ ਬੱਸ ਵਿਚ ਚੜ੍ਹ ਕੇ ਦੇਖਿਆ ਕਿ ਅਸੀਂ ਕੰਡਕਟਰ ਤੇ ਡਰਾਇਵਰ ਤੋਂ ਇਲਾਵਾ ਕੇਵਲ ਦੋ ਸਵਰੀਆਂ ਹੀ ਸੀ। ਓਹ ਮੁੰਡਾ ਵੀ ਅੱਗਲੇ ਪਿੰਡ ਉੱਤਰ ਗਿਆ। ਇਧਰੋਂ ਮੇਰੇ ਦਿਲ ਦੀ ਧੜਕਣ ਵੀ ਵੱਧ ਗਈ। ਥੋੜ੍ਹੀ ਦੂਰ ਜਾ ਕੇ ਅਚਾਨਕ ਬੱਸ ਰੁਕ ਗਈ ਸ਼ਾਇਦ ਬੱਸ ਦਾ ਟਾਇਰ ਪੈਂਚਰ ਹੋ ਗਿਆ ਸੀ, ਪਰੰਤੂ ਮੈਨੂੰ ਤਾਂ ਇਹ ਡਰਾਈਵਰ ਦੀ ਹੀ ਚਾਲ ਜਾਪਦੀ ਸੀ। ਕੰਡਕਟਰ ਉੱਤਰ ਕੇ ਪਿੱਛਲੇ ਪਿੰਡ ਤੋਂ ਮਿਸਤਰੀ ਨੂੰ ਲੈਣ ਚਲਾ ਗਿਆ ਤੇ ਮੈਂ ਡਰ ਨਾਲ਼ ਕੱਠੀ ਹੋਈ ਸੀਟ ‘ਤੇ  ਬੈਠੀ ਰਹੀ। ਓਹ ਆਪਣੀ ਸੀਟ ਤੋਂ ਉੱਠ ਕੇ ਮੇਰੇ ਵੱਲ ਆਉਣ ਲੱਗਾ। ਮੈਂ ਸੋਚਿਆ ਬੱਸ ਵਿਚੋਂ ਉੱਤਰ ਕੇ ਰੌਲ਼ਾ ਪਾ ਦੇਵਾਂ ਤੇ ਜਾਨ ਬਚਾ ਕੇ ਭੱਜ ਹੀ ਜਾਵਾਂ। ਜਦੋਂ ਮੈਂ ਉੱਠ ਕੇ ਤੁਰਨ ਲੱਗੀ ਓਹਨੇ ਮੇਰੀ ਬਾਹ ਫੜ ਲਈ, ਮੈ ਗੁੱਸੇ ਵਿਚ ਓਹਦੇ ਚਪੇੜ ਮਾਰਨੀ ਚਾਹੀ । ਜਦੋਂ ਮੈਂ ਓਹਦੇ ਥੱਪੜ ਮਾਰਨ ਲੱਗੀ ਤਾਂ ਓਹਦੇ ਮੂੰਹੋਂ ਕੁਝ ਲਫ਼ਜ਼ ਨਿਕਲ਼ੇ। ਜਦੋਂ ਓਹਨੇ ਸ਼ਿੰਦੀ ਪੁੱਤ ਕਿਹਾ ਤਾਂ ਮੇਰਾ ਹੱਥ ਓਹਦੇ ਚਿਹਰੇ ਤੋਂ ਥੋੜ੍ਹੀ ਦੂਰ ਹੀ ਰੁਕ ਗਿਆ । ਓਹਦੀਆਂ ਅੱਖਾਂ ਵਿਚੋਂ ਹੰਝੂ ਨਿਕਲਣ ਲੱਗੇ ਮੇਰਾ ਵੀ ਦਿਲ ਪਿਘਲ ਗਿਆ। ਮੈਂ ਰੋਣ ਦੀ ਵਜਾਹ ਪੁੱਛੀ ਤਾਂ ਓਹਨੇ ਦੱਸਿਆ ਕਿ ਓਹਦੀ ਧੀ ਜੋ ਮੇਰੀ ਹੀ ਉਮਰ ਦੀ ਤੇ ਨੈਣ ਨਕਸ਼ ਵੀ ਜਵਾਂ ਮੇਰੇ ਵਰਗੇ ਸਨ, ਪੰਜ ਸਾਲ ਪਹਿਲਾਂ ਕਿਸੇ ਮੁੰਡੇ ਦੀ ਹਵਸ ਦਾ ਸ਼ਿਕਾਰ ਹੋ ਗਈ। ਜਦੋਂ ਓਹਨੇ ਮੁੰਡੇ ਨੂੰ ਕੁਝ ਵੀ ਨਾ ਕਰਨ ਲਈ ਇਨਕਾਰ ਕਰ ਦਿੱਤਾ ਤਾਂ ਓਹਨੇ ਹੋਰਨਾਂ ਮੁੰਡਿਆਂ ਨਾਲ਼ ਰਲ਼ ਕੇ ਉਸ ਨਾਲ਼ ਧੱਕਾ ਕੀਤਾ ਤੇ ਬਲਾਤਕਾਰ ਕਰਨ ਤੋਂ ਬਾਅਦ ਉਸ ਉੱਤੇ ਤੇਜ਼ਾਬ ਪਾ ਕੇ ਉਸ ਦੇ ਚਿਹਰੇ ਤੇ ਪੂਰੇ ਸਰੀਰ ਨੂੰ ਸਾੜ ਦਿੱਤਾ ਤੇ ਰਾਤ ਨੂੰ ਪਿੰਡ ਦੀ ਨਹਿਰ ਤੇ ਸੁੱਟ ਗਏ। ਅਗਲੇ ਦਿਨ ਸ਼ਿੰਦੀ ਦੇ ਸਮਾਨ ਫੋਨ, ਪਰਸ ਆਦਿ ਤੋਂ ਪਹਿਚਾਣ ਹੋਈ , ਜਦੋਂ ਘਰ ਲਾਸ਼ ਲਿਆਂਦੀ ਤਾਂ ਉਹਦਾ ਪੂਰਾ ਤਨ ਸੜਿਆ ਹੋਇਆ ਸੀ ਬਿਲਕੁਲ ਪਹਿਚਾਣ ਨਹੀਂ ਸੀ ਆਉਂਦੀ।
          ਓਹਦੀ ਧੀ ਨਾਲ਼ ਹੋਏ ਬਲਾਤਕਾਰ ਦੀ ਦੁਖਮਈ ਕਹਾਣੀ ਸੁਣ ਕੇ ਮੇਰੀ ਆਤਮਾ ਪਥਰਾ ਗਈ, ਹੁਣ ਮੈਨੂੰ ਪੰਜਾਬ ਦੀ ਕੋਈ ਵੀ ਧੀ ਸੁਰੱਖਿਅਤ ਨਹੀਂ ਸੀ ਜਾਪਦੀ।
      ਜਿਹੜੀਆਂ ਅੱਖਾਂ ਕਦੇ ਮੈਨੂੰ ਹਵਸ ਭਰੀਆਂ ਜਾਪਦੀਆਂ ਸਨ ਹੁਣ ਮੈਨੂੰ ਪਤਾ ਲਗਿਆ ਸੀ ਕਿ ਇਹ ਅੱਖਾਂ ਨੂੰ ਹਵਸ ਮੇਰੇ ਤਨ ਦੀ ਨਹੀਂ ਬਲਕਿ ਬਲਾਤਕਾਰ ਦੀ ਅੱਗ ਵਿਚ ਸੜੀ ਇੱਕ ਧੀ ਦੀ ਸੀ। ਜਿਸਦਾ ਚਿਹਰਾ ਇੱਕ ਪਿਓ ਕਈ ਸਾਲਾਂ ਤੋਂ ਲੱਭਦਾ ਫਿਰਦਾ ਸੀ, ਜਿਹੜੀਆਂ ਅੱਖਾਂ ਆਖਰੀ ਵਾਰ ਆਪਣੇ ਜਿਗਰ ਦੇ ਟੁਕੜੇ ਦੇ ਮੁੱਖ ਨੂੰ ਵੀ ਨਹੀਂ ਸਨ ਦੇਖ ਸਕੀਆਂ।
 ਹਰਪ੍ਰੀਤ ਕੌਰ
ਪਿੰਡ- ਗੋਬਿੰਦਪੁਰਾ ਪਾਪੜਾ 
ਜ਼ਿਲ੍ਹਾ- ਸੰਗਰੂਰ
ਮੋ: 8728810853
Previous article111 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ
Next articleਸੋਹਣਿਆਂ ਵੇ….