ਲੁਧਿਆਣਾ (ਸਮਾਜ ਵੀਕਲੀ): ਲੁਧਿਆਣਾ ਦੀ ਅਦਾਲਤ ਵਿੱਚ ਬੀਤੇ ਦਿਨੀਂ ਹੋਏ ਬੰਬ ਧਮਾਕੇ ਨੂੰ ਹੁਣ ਖਾਲਿਸਤਾਨੀ ਕੁਨੈਕਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬੀਤੀ ਦੇਰ ਰਾਤ ਐੱਨਆਈਏ ਤੇ ਐੱਨਐੱਸਜੀ ਦੀ ਟੀਮ ਨੇ ਬੰਬ ਧਮਾਕੇ ’ਚ ਮਰੇ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਭੇਜੀ ਸੀ। ਇਸ ਦੌਰਾਨ ਟੀਮ ਨੇ ਮ੍ਰਿਤਕ ਦੀ ਬਾਂਹ ’ਤੇ ਇੱਕ ਧਾਰਮਿਕ ਟੈਟੂ ਬਣਿਆ ਹੋਇਆ ਵੇਖਿਆ, ਜਿਸ ਤੋਂ ਬਾਅਦ ਪੁਲੀਸ ਹੁਣ ਇਸ ਨੂੰ ਖਾਲਿਸਤਾਨੀ ਐਂਗਲ ਨਾਲ ਜੋੜ ਕੇ ਦੇਖ ਰਹੀ ਹੈ। ਕੇਂਦਰੀ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਸਮਰਥਕਾਂ ਨੇ ਇਸ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ।
ਅੱਜ ਸਵੇਰੇ ਜੰਮੂ ਕਸ਼ਮੀਰ ਤੋਂ ਇੱਕ ਵਿਸ਼ੇਸ਼ ਜਾਂਚ ਟੀਮ ਲੁਧਿਆਣਾ ਪੁੱਜੀ, ਜੋ ਕਿ ਆਈਈਡੀ ਵਿਸਫੋਟਾਂ ਦੀ ਮਾਹਿਰ ਹੈ। ਉਪਰੰਤ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੀ ਜ਼ਿਲ੍ਹਾ ਅਦਾਲਤ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਉਹ ਦੁਪਹਿਰ ਬਾਅਦ ਪੱਤਰਕਾਰ ਮਿਲਣੀ ਕਰ ਕੇ ਸਾਰੀ ਘਟਨਾ ’ਤੇ ਹੁਣ ਤੱਕ ਕੀਤੀ ਜਾਂਚ ਬਾਰੇ ਜਾਣਕਾਰੀ ਵੀ ਦੇਣਗੇ। ਕੇਂਦਰੀ ਮੰਤਰੀ ਅਦਾਲਤ ਤੋਂ ਬਾਅਦ ਸਿਵਲ ਹਸਪਤਾਲ ਤੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਪੁੱਛਣ ਵੀ ਗਏ। ਉੱਧਰ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਸਿਵਲ ਹਸਪਤਾਲ ਤੇ ਸੀਐੱਮਸੀ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਜਾਣਨ ਲਈ ਪੁੱਜੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਦੂਜੇ ਪਾਸੇ ਕਾਂਗਰਸੀ ਆਪਸ ਵਿੱਚ ਲੜ ਰਹੇ ਹਨ।
ਹੁਣ ਤੱਕ ਇਸ ਧਮਾਕੇ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਟੀਮ ਨੂੰ ਮਲਬਾ ਹਟਾਉਂਦੇ ਹੋਏ ਇੱਕ ਮੋਬਾਈਲ ਫੋਨ ਵੀ ਮਿਲਿਆ ਹੈ, ਪਰ ਹਾਲੇ ਇਹ ਨਹੀਂ ਪਤਾ ਲੱਗਾ ਹੈ ਕਿ ਇਹ ਮੋਬਾਈਲ ਫੋਨ ਮ੍ਰਿਤਕ ਵਿਅਕਤੀ ਦਾ ਹੈ ਜਾਂ ਫਿਰ ਫੱਟੜ ਵਿਅਕਤੀਆਂ ਵਿੱਚੋਂ ਕਿਸੇ ਦਾ ਹੈ। ਟੀਮ ਨੇ ਮੌਕੇ ’ਤੇ ਮਲਬੇ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣ ਦੀ ਗੱਲ ਆਖੀ ਹੈ। ਪੁਲੀਸ ਵੀ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਤਾਂ ਜੋ ਮ੍ਰਿਤਕ ਦੀ ਜਲਦੀ ਤੋਂ ਜਲਦੀ ਪਛਾਣ ਕੀਤੀ ਜਾ ਸਕੇ।
ਬੰਬ ਧਮਾਕੇ ਦੀ ਘਟਨਾ ਤੋਂ ਅੱਜ ਸਵੇਰ ਤੋਂ ਹੀ ਪੁਲੀਸ ਅਦਾਲਤ ਦੇ ਬਾਹਰ ਸਖ਼ਤ ਚੈਕਿੰਗ ਕਰ ਰਹੀ ਹੈ। ਅਦਾਲਤ ਦੇ ਅੰਦਰ ਜਾਣ ਵਾਲੇ ਦੀ ਦੋ-ਤਿੰਨ ਥਾਵਾਂ ’ਤੇ ਚੈਕਿੰਗ ਕੀਤੀ ਜਾਂਦੀ ਹੈ। ਮੈਟਲ ਡਿਟੈਕਟਰ ਵੀ ਲਗਾ ਦਿੱਤੇ ਗਏ ਹਨ। ਇਸ ਨੂੰ ਲੈ ਕੇ ਵਕੀਲ ਭਾਈਚਾਰੇ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਨੂੰ ਚੈਕਿੰਗ ਦੇ ਨਾਂ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly