ਬਰਨਾਲਾ/ਧਨੌਲਾ (ਸਮਾਜ ਵੀਕਲੀ): ਲਵਪ੍ਰੀਤ ਸਿੰਘ (23) ਦੇ ਖ਼ੁਦਕੁਸ਼ੀ ਮਾਮਲੇ ਵਿੱਚ ਪੁਲੀਸ ਵੱਲੋਂ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਤੋਂ ਅੱਕੇ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਵਰ੍ਹਦੇ ਮੀਂਹ ਵਿੱਚ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਸਹਿਯੋਗ ਨਾਲ ਬਠਿਡਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕਰ ਦਿੱਤਾ।
ਪਰਿਵਾਰ ਦੀ ਹਮਾਇਤ ਲਈ ਪਹੁੰਚੇ ਲੱਖਾ ਸਿਧਾਣਾ ਤੇ ਕਿਸਾਨ ਆਗੂ ਦਰਸ਼ਨ ਦਾਸ ਧਨੌਲਾ, ਸਿਕੰਦਰ ਸਿੰਘ ਭੂਰੇ, ਕਰਨੈਲ ਸਿੰਘ, ਦੇਵ ਸਿੰਘ ਨੇ ਕਿਹਾ ਕਿ ਬੇਅੰਤ ਕੌਰ ਨੇ ਦੁਨੀਆਂ ਦੀਆਂ ਸਾਰੀਆਂ ਲੜਕੀਆਂ ’ਤੇ ਧੋਖਾ ਕਰਨ ਦਾ ਕਲੰਕ ਲਾ ਦਿੱਤਾ ਹੈ ਕਿਉਂਕਿ ਬੇਅੰਤ ਕੌਰ ਦੇ ਧੋਖੇ ਕਾਰਨ ਲਵਪ੍ਰੀਤ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਤੇ ਜੇ ਸਰਕਾਰ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਵੱਲੋਂ ਬੇਅੰਤ ਕੌਰ ਤੇ ਉਸ ਦੇ ਪਰਿਵਾਰ ’ਤੇ ਧਾਰਾ 306 ਦਾ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਪ੍ਰਸ਼ਾਸਨ ਧਾਰਾਵਾਂ ਵਿੱਚ ਵਾਧਾ ਨਹੀਂ ਕਰਦਾ, ਉਹ ਸੰਘਰਸ਼ ਜਾਰੀ ਰੱਖਣਗੇ।
ਲਵਪ੍ਰੀਤ ਦੇ ਵਕੀਲ ਐਡਵੋਕੇਟ ਸੁਨੀਲ ਕੁਮਾਰ ਨੇ ਕਿਹਾ ਕਿ ਬੇਅੰਤ ਕੌਰ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿਵਾਈ ਜਾਵੇਗੀ। ਮੌਕੇ ’ਤੇ ਪੁੁੱਜੇ ਤਹਿਸੀਲਦਾਰ ਧਨੌਲਾ ਆਸ਼ੂਤੋਸ਼ ਪ੍ਰਭਾਸ ਜੋਸ਼ੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਮੰਗ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਥਾਣਾ ਧਨੌਲਾ ਦੇ ਐੱਸਐੱਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ ’ਤੇ 420 ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly