(ਸਮਾਜ ਵੀਕਲੀ)
ਕਿੰਨੀਆਂ ਰੁੱਤਾਂ ਕਿੰਨੇ ਮੌਸਮ,
ਧਰਤੀ ਦਾ ਸ਼ਿੰਗਾਰ।
ਮਾਸਟਰ ਜੀ ਸਾਨੂੰ ਖੋਲ੍ਹ ਕੇ ਦੱਸੋ,
ਸੁਆਲ ਇਹ ਗੁੰਝਲਦਾਰ।
ਕਿਵੇਂ ਬਣਦੀਆਂ ਰੁੱਤਾਂ ਇੱਥੇ,
ਆਉਣ ਜੋ ਵਾਰੋ ਵਾਰ।
ਇਕ ਰੁੱਤ ਦੇਖੋ ਔਹ ਜਾਂਦੀ ਐ,
ਦੂਜੀ ਆਉਣ ਨੂੰ ਤਿਆਰ।
ਪਿਆਰੇ ਬੱਚਿਓ ਦਿਓ ਧਿਆਨ ਫਿਰ,
ਫਰਜ਼ ਮੇਰਾ ਸਮਝਾਉਣਾ।
ਭਾਵੇਂ ਗੁੰਝਲਦਾਰ ਨੇ ਗੱਲਾਂ,
ਰਤਾ ਨਾ ਪਰ ਘਬਰਾਉਣਾ।
ਚੇਤਰ ਚੜ੍ਹੇ ਬਸੰਤ ਹੈ ਆਉਂਦੀ,
ਚਹੁੰ ਪਾਸੇ ਗੁਲਜ਼ਾਰ ਹੈ ਖਿੜ੍ਹਾਉਂਦੀ।
ਖ਼ੁਸ਼ਬੋ ਖ਼ੁਸ਼ਬੋ ਚਾਰੇ ਪਾਸੇ,
ਦੂਰ ਦੂਰ ਤੱਕ ਮਹਿਕ ਖਿੰਡਾਉਂਦੀ।
ਕੁਲੀਆਂ ਵੇਖ ਕਰੂੰਬਲਾਂ ਫੁੱਟੀਆਂ,
ਕੂਲੀਆਂ,ਕੂਲੇ ਭੂਰੇ ਪੱਤੇ।
ਸਭ ਪਾਸੇ ਹਰਿਆਲੀ ਛਾਈ,
ਇੱਧਰ ਉੱਧਰ ਥੱਲੇ ਉੱਤੇ।
ਵਕਤ ਦਾ ਪਹੀਆ ਘੁੰਮਦਾ ਘੁੰਮਦਾ,
ਐਸੀ ਥਾਂ ਤੇ ਆਇਆ।
ਸੂਰਜ ਸਿਖ਼ਰ ਦੁਪਹਿਰੇ ਚਮਕੇ,
ਗਰਮੀ ਦੀ ਰੁੱਤ ਲਿਆਇਆ।
ਸੂਰਜ ਅੱਖਾਂ ਕੱਢ ਡਰਾਉਂਦਾ,
ਗਰਮੀ ਕਰਦੀ ਤੰਗ।
ਚੱਲਣ ਲੂੰਆਂ ਸਾੜਨ ਪਿੰਡੇ,
ਮੱਛਰ ਮਾਰਨ ਡੰਗ।
ਧਰਤੀ ਘੁੰਮੀ ਬੱਦਲ ਛਾਏ,
ਰੁੱਤ ਬਰਸਾਤ ਦੀ ਆਈ।
ਕੜ ਕੜ ਕਰਦੀ ਬਿਜਲੀ ਚਮਕੇ,
ਮੀਂਹ ਵੀ ਨਾਲ ਲਿਆਈ।
ਢਾਬਾਂ ਟੋਭੇ ਜਲ ਥਲ ਹੋਏ,
ਪੈਣ ਪੁਰੇ ਦੀਆਂ ਕਣੀਆਂ।
ਪੂੜੇ ਕਿਤੇ ਕੜਾਹੀ ਚੜ੍ਹਗੇ,
ਕਿਧਰੇ ਖੀਰਾਂ ਬਣੀਆਂ।
ਗੇੜਾ ਕੱਢਦਿਆਂ ਧਰਤੀ ਉੱਤੇ,
ਸਰਦੀ ਦੀ ਰੁੱਤ ਆਈ
ਬੁੱਢੇ ਠੇਰੇ ਅੰਦਰ ਵੜ ਗਏ,
ਠੁਰ ਠੁਰ ਕਰੇ ਲੋਕਾਈ।
ਕੰਬਲ,ਖੇਸ ਤੇ ਸ਼ਾਲ ਰਜਾਈਆਂ,
ਬਾਹਰ ਸੰਦੂਕੋਂ ਆਏ।
ਚਾਹ ਦੇ ਕੌਲੇ ਨਾਲ ਪਕੌੜੇ,
ਧੁੰਈਆਂ ਉੱਤੇ ਲਿਆਏ।
ਸਰਦੀ ਲੰਘੀ ਮੌਸਮ ਬਦਲਿਆ,
ਖ਼ੁਸ਼ਕੀ ਸਾਰੇ ਛਾਈ।
ਰੁੰਡ ਮੁੰਡ ਸਾਰੇ ਬਿਰਖ਼ ਹੋ ਗਏ,
ਪਤਝੜ ਦੀ ਰੁੱਤ ਆਈ।
ਪੀਲੇ ਹੋ ਕੇ ਪੱਤੇ ਝੜ ਗਏ,
ਗੁੰਮ ਹੋਈ ਹਰਿਆਲੀ।
ਹੱਡਾਂ ਦੇ ਵਿੱਚ ਆਲਸ ਵੜ ਗਈ,
ਸੁਸਤ ਹੋ ਗਏ ਮਾਲੀ।
ਪਤਝੜ ਸਾਵਣ ਗਰਮੀ ਸਰਦੀ,
ਵਾਰ ਵਾਰ ਨਾ ਆਉਂਦੀ।
ਸਾਢੇ ਛਿਆਹਟ ਦੇ ਕੋਣ ਤੇ ਜੇ ਨਾ,
ਧਰਤੀ ਟੇਢੀ ਹੁੰਦੀ।
ਸੂਰਜ ਦੀ ਦੂਰੀ ਤੇ ਗਰਮੀ,
ਪਾਉਂਦੀਆਂ ਹਨ ਪ੍ਰਭਾਵ,
ਆਉਂਦੀਆਂ ਜਾਂਦੀਆਂ ਰੁੱਤਾਂ ਮਾਣੋ,
ਇਹੋ ਮੇਰਾ ਜਵਾਬ।
ਮਾਸਟਰ ਪ੍ਰੇਮ ਸਰੂਪ ਛਾਜਲੀ
ਜ਼ਿਲ੍ਹਾ ਸੰਗਰੂਰ
9417134982
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly