(ਸਮਾਜ ਵੀਕਲੀ)
“ਲਵ ਯੂ” ਅੱਜ ਸਾਡੀ ਆਮ ਜ਼ਿੰਦਗੀ ਦਾ ਹਿੱਸਾ ਹੈ। ਕਿਸੇ ਲਈ ਵੀ ਭਾਵਨਾਤਮਕ ਤੌਰ ਤੇ ਜਦੋਂ ਅਸੀਂ ਸਕਾਰਾਤਮਕ ਮਹਿਸੂਸ ਕਰਦੇ ਹਾਂ ਇਸ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਇਸ ਵਿੱਚ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਪਿਆਰ ਸਿਰਫ ਪ੍ਰੇਮੀ ਤੇ ਪ੍ਰੇਮਿਕਾ ਵਾਲਾ ਹੀ ਨਹੀਂ ਹੁੰਦਾ। ਪਿਆਰ ਦੇ ਅਨੇਕਾਂ ਰੂਪ ਹਨ। ਮਾਂ ਬੱਚੇ ਨੂੰ ਪਿਆਰ ਕਰਦੀ ਹੈ। ਅਸੀ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਦੇ ਹਾਂ। ਸਾਡਾ ਆਪਣੇ ਕੁਝ ਰਿਸ਼ਤੇਦਾਰਾਂ ਦਾ ਗੂੜ੍ਹਾ ਪਿਆਰ ਹੁੰਦਾ ਹੈ। ਅਸੀਂ ਆਪਣੇ ਘਰ ਵਿਚ ਰੱਖੇ ਪਾਲਤੂ ਜਾਨਵਰਾਂ ਨਾਲ ਪਿਆਰ ਕਰਦੇ ਹਾਂ। ਆਪਣੇ ਦੋਸਤਾਂ ਨੂੰ ਪਿਆਰ ਕਰਦੇ ਹਾਂ। ਸਾਡੀ ਕੋਈ ਵਸਤੂ ਸਾਨੂੰ ਬਹੁਤ ਪਿਆਰੀ ਹੁੰਦੀ ਹੈ।
ਇਥੇ ਇਹ ਸਪਸ਼ਟ ਹੁੰਦਾ ਹੈ ਪਿਆਰ ਹੈ ਭਾਵਨਾ ਹੈ ਕਿਸੇ ਵੀ ਸਬੰਧ ਵਿੱਚ ਮਹਿਸੂਸ ਕੀਤੀ ਜਾਂਦੀ ਹੈ। ਸਾਡੇ ਭਾਰਤੀ ਸਮਾਜ ਵਿਚ ਪਿਆਰ ਨੂੰ ਕੇਵਲ ਪ੍ਰੇਮੀ-ਪ੍ਰੇਮਿਕਾ ਵਿੱਚ ਸੀਮਤ ਰਹਿਣ ਦਿੱਤਾ ਹੈ। ਅਸਲ ਵਿੱਚ ਅਸੀਂ ਇਸ਼ਕ, ਮੁਹੱਬਤ, ਪਿਆਰ ਤੇ ਪਸੰਦ ਦਾ ਫਰਕ ਹੀ ਨਹੀਂ ਸਮਝਦੇ। ਕੋਈ ਜਿਸ ਤਰ੍ਹਾਂ ਆਪਣੀ ਮਾਂ ਨੂੰ ਪਿਆਰ ਕਰਦਾ ਹੈ ਉਸ ਤਰ੍ਹਾਂ ਆਪਣੀ ਕਾਰ ਨੂੰ ਪਿਆਰ ਨਹੀਂ ਕਰ ਸਕਦਾ।ਦੋਵਾਂ ਵਿੱਚ ਬਹੁਤ ਅੰਤਰ ਹੈ। ਪਸੰਦ ਨੂੰ ਵੀ ਅਸੀਂ ਪਿਆਰ ਹੀ ਸਮਝਦੇ ਹਾਂ। ਅਸਲ ਵਿਚ ਵਸਤੂਆਂ ਨਾਲ ਸਾਡਾ ਜੁੜਾਵ ਹੁੰਦਾ ਹੈ। ਬਹੁਤੀ ਵਾਰ ਤਾਂ ਪਿਆਰ ਆਪਣੇ ਆਲੇ ਦੁਆਲੇ ਜਾਂ ਆਪਣੀਆਂ ਵਸਤੂਆਂ ਨਾਲ ਇਕ ਜੁੜਾਵ ਹੀ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਦੀ ਸਾਨੂੰ ਆਦਤ ਪੈ ਜਾਂਦੀ ਹੈ। ਇਹ ਬਹੁਤ ਸਾਰੇ ਮਨੁੱਖ ਨਾਲ ਵੀ ਹੁੰਦਾ ਹੈ। ਸਾਡੇ ਸਹਿਕਰਮੀ ਦੀ ਸਾਨੂੰ ਆਦਤ ਹੋ ਜਾਂਦੀ ਹੈ। ਆਪਣੇ ਦੋਸਤਾਂ ਦੀ ਵੀ ਆਦਤ ਪੈ ਜਾਂਦੀ ਹੈ। ਦਿਨ ਦਾ ਜ਼ਿਆਦਾ ਸਮਾਂ ਉਨ੍ਹਾਂ ਨਾਲ ਬਿਤਾਉਣ ਕਰ ਕੇ ਅਸੀਂ ਉਨ੍ਹਾਂ ਦੇ ਆਦੀ ਹੋ ਜਾਂਦੇ ਹਾਂ।
ਇਸ ਜੁੜਾਵ ਜਾਂ ਆਦਤ ਨੂੰ ਅਕਸਰ ਨੌਜਵਾਨ ਬੱਚੇ-ਬੱਚੀਆਂ ਪਿਆਰ ਸਮਝ ਲੈਂਦੇ ਹਨ। ਪਿਆਰ ਇਕ ਡੂੰਘੀ ਸੰਵੇਦਨਾ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਪਿਆਰ ਵਿੱਚ ਸ਼ਰਤਾਂ ਨਹੀਂ ਹੁੰਦੀਆਂ। ਪਿਆਰ ਕਿਸੇ ਨੂੰ ਵਧਦਿਆਂ ਮੌਲਦਿਆ ਦੇਖਣਾ ਹੈ। ਪਿਆਰ ਵਿਚ ਕਬਜ਼ਾ ਕਰਨ ਦੀ ਭਾਵਨਾ ਨਹੀਂ ਹੁੰਦੀ। ਸਾਡੇ ਸਮਾਜ ਨੇ ਪਿਆਰ ਸ਼ਬਦ ਨੂੰ ਬੰਨ੍ਹ ਦਿੱਤਾ ਹੈ। ਅਸੀਂ ਇਸ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਾਂ। ਜਦ ਇਹ ਇੱਕ ਉੱਚੀ-ਸੁੱਚੀ ਭਾਵਨਾ ਹੈ। ਕਿਸੇ ਨੂੰ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ। ਮਾਂ ਬਾਪ ਤੋਂ ਕਿਵੇਂ ਉਮੀਦ ਕਰੀਏ ਕਿ ਉਹ ਬੱਚਿਆਂ ਨੂੰ ਇਸ ਬਾਰੇ ਸਿਖਾਉਣਗੇ ਜਦਕਿ ਉਹ ਇਸ ਬਾਰੇ ਆਪ ਹੀ ਨਹੀਂ ਜਾਣਦੇ। ਬੱਚਿਆਂ ਨੂੰ ਦੋਸਤੀ ਦੀ ਪਰਿਭਾਸ਼ਾ ਦੱਸਣੀ ਪਵੇਗੀ। ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਦੋਸਤਾਂ ਵਿੱਚ ਵੀ ਪਿਆਰ ਹੁੰਦਾ ਹੈ।
ਘਰਾਂ ਵਿੱਚ ਬੱਚਿਆਂ ਨਾਲ ਪਿਆਰ ਬਾਰੇ ਗੱਲ ਕਰਨੀ ਪਵੇਗੀ। ਉਹਨਾ ਦੇ ਭੁਲੇਖੇ ਦੂਰ ਕਰਨੇ ਪੈਣਗੇ। ਕੱਚੀ ਉਮਰ ਵਿੱਚ ਜਿਸ ਆਕਰਸ਼ਣ ਨੂੰ ਪਿਆਰ ਸਮਝ ਲੈਂਦੇ ਹਨ ਦਰਅਸਲ ਉਹ ਪਿਆਰ ਨਹੀਂ ਹੁੰਦਾ। ਲਵ ਯੂ ਕਿਸੇ ਨੂੰ ਵੀ ਕਿਹਾ ਜਾ ਸਕਦਾ ਹੈ ਜਿਸਨੂੰ ਅਸੀਂ ਪਿਆਰ ਕਰਦੇ ਹਾਂ। ਇਸ ਨੂੰ ਮੁਹੱਬਤ ਦਾ ਰੂਪ ਦੇਣਾ ਠੀਕ ਨਹੀਂ। ਮਾਂ ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ‘ਲਵ ਯੂ’ ਕਹਿਣ ਤੇ ਓਹਨਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਨ। ਇਸ ਤਰ੍ਹਾਂ ਬੱਚੇ ਲਈ ਪਿਆਰ ਸ਼ਬਦ ਕੋਈ ਆਕਰਸ਼ਣ ਦਾ ਕੇਂਦਰ ਨਹੀਂ ਬਣੇਗਾ। ਸ਼ੁਰੂ ਤੋਂ ਹੀ ਇਸ ਭਾਵਨਾ ਨੂੰ ਸਮਝਣਗੇ। ਸਮਝ ਮੁਤਾਬਕ ਸਾਨੂੰ ਆਪਣੀ ਸੋਚ ਤੇ ਵਿਹਾਰ ਬਦਲਨਾ ਪਵੇਗਾ। ਸਾਡੀਆਂ ਫ਼ਿਲਮਾਂ ਨੇ ਪਿਆਰ ਦਾ ਜੋ ਬਾਜਾਰੀਕਰਨ ਕੀਤਾ ਹੈ ਉਸ ਤੋਂ ਪਾਰ ਜਾ ਕੇ ਪਿਆਰ ਨੂੰ ਸਮਝਣਾ ਪਵੇਗਾ।
ਅਸੀਂ ਆਪਣੀ ਨੌਜਵਾਨ ਪੀੜ੍ਹੀ ਦੀ ਕੁਰਾਹੇ ਪੈਣ ਤੋਂ ਤਾਂ ਹੀ ਮਦਦ ਕਰ ਸਕਦੇ ਹਾਂ। ਪਿਆਰ ਦੇ ਨਾਂ ਦੇ ਬੱਚੇ ਆਪਣੀ ਜਾਨ ਤੱਕ ਦੇ ਦਿੰਦੇ ਹਨ। ਇਹ ਗਲਤ ਧਾਰਨਾਵਾਂ ਦੇ ਚੱਲਦਿਆਂ ਹੋ ਰਿਹਾ ਹੈ। ਅੱਜ ਲੋੜ ਹੈ ਆਪਣੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਧਾਰਨਾਵਾਂ ਤੋਂ ਮੁਕਤ ਕਰਨ ਦੀ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly