(ਸਮਾਜ ਵੀਕਲੀ)
ਪਿਆਰ ਤਿੰਨ ਅੱਖਰਾਂ ਦਾ ਸ਼ਬਦ ਪਰ ਇਸਦੇ ਅਥਾਹ ਡੂੰਘੇ ਹਨ।ਇਸ ਨੂੰ ਬਿਆਨ ਕਰਨਾ ਡੂੰਘੇ ਦੇ ਗੁੱੜ ਖਾਣ ਵਾਂਗ ਹੈ।ਇਸ ਨੂੰ ਕਿਸੇ ਨਾ ਤਾਂ ਪ੍ਰੀਭਾਸ਼ਾ ਵਿੱਚ ਬੰਨਿਆ ਜਾ ਸਕਦਾ ਹੈ, ਨਾ ਇਸਨੂੰ ਮਾਪਿਆ ਜਾ ਸਕਦਾ ਹੈ ਅਤੇ ਨਾ ਤੋਲਿਆ ਜਾ ਸਕਦਾ ਹੈ। ਇਸਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।ਬੋਧੀ ਪਰੰਪਰਾ, “ਮੈਂ ਇਕ ਰੂਹ ਹਾਂ। ਮੇਰੇ ਕੋਲ ਇੱਕ ਦਿਲ ਹੈ ਤੇ ਮੇਰਾ ਉਦੇਸ਼ ਪਿਆਰ ਹੈ।ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ।ਅਸੀਂ ਰੁੱਖਾਂ ਨੂੰ ਪਿਆਰ ਕਰ ਸਕਦੇ ਹਾਂ, ਅਸੀਂ ਜਾਨਵਰਾਂ ਨੂੰ ਵੀ ਪਿਆਰ ਕਰਨ ਲੱਗ ਜਾਂਦੇ ਹਾਂ। ਕਈ ਵਾਰ ਅਸੀਂ ਕਿਸੇ ਜਗ੍ਹਾ ਨੂੰ ਪਿਆਰ ਕਰਨ ਲੱਗ ਜਾਂਦੇ ਹਾਂ। ਕਈ ਵਾਰ ਅਸੀਂ ਕਿਸੇ ਬੱਚੇ ਜਾਂ ਇਨਸਾਨ ਨੂੰ ਪਿਆਰ ਕਰਦੇ ਹਾਂ।
ਅਗਿਆਤ ਨੇ ਲਿਖਿਆ ਹੈ, “ਤੁਹਾਨੂੰ ਮਿਲਣਾ ਇੱਕ ਸੰਜੋਗ ਸੀ।ਤੁਹਾਡਾ ਦੋਸਤ ਬਣਨਾ ਮੇਰੀ ਚੋਣ ਸੀ।ਪਰ ਤੁਹਾਡੇ ਪਿਆਰ ਦੇ ਵੱਸ ਪੈਣ ਸਮੇਂ ਮੇਰਾ ਆਪਣੇ ਆਪ ਉੱਪਰ ਕੋਈ ਜ਼ੋਰ ਨਹੀਂ ਸੀ।”ਇਸਦੇ ਨਾਲ ਹੀ ਇਕ ਗੀਤ ਯਾਦ ਆ ਗਿਆ, “ਪਿਆਰ ਕੀਆ ਨਹੀਂ ਜਾਤਾ ਪਿਆਰ ਹੋ ਜਾਤਾ ਹੈ।”ਜਿਹੜੇ ਪਿਆਰ ਦੀਆਂ ਕਿਸਮਾਂ, ਕਿਉਂ ਅਤੇ ਕਿਵੇਂ ਬਾਰੇ ਸੋਚਦੇ ਹਨ ਉਹ ਪਿਆਰ ਨਹੀਂ ਕਰ ਸਕਦੇ।ਹਾਂ, ਜਿਹੜੇ ਆਪਣੇ ਆਪਨੂੰ ਸਭ ਤੋਂ ਸਿਆਣਾ ਅਤੇ ਅਮੀਰ ਸਮਝਦਾ ਹੈ,ਉਹ ਵੀ ਪਿਆਰ ਨਹੀਂ ਕਰ ਸਕਦਾ।ਪਿਆਰ ਅਮੀਰੀ ਗਰੀਬੀ ਅਤੇ ਜਾਤਪਾਤ ਨਹੀਂ ਵੇਖਦਾ।ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਇਸਦੀ ਬਹੁਤ ਵੱਡੀ ਉਦਾਹਰਣ ਹੈ।
ਪਿਆਰ ਹਰ ਰਿਸ਼ਤੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ।ਜਦੋਂ ਪਿਆਰ ਦੇ ਵਿੱਚ ਪੈਸਾ ਆ ਜਾਂਦਾ ਹੈ ਤਾਂ ਪਿਆਰ ਵਿੱਚ ਕੁੜੱਤਣ ਆ ਜਾਂਦੀ ਹੈ।ਕੁੱਝ ਕੁਦਰਤ ਵੱਲੋਂ ਦਿੱਤੇ ਰਿਸ਼ਤੇ ਹੁੰਦੇ ਹਨ ਅਤੇ ਕੁੱਝ ਪਿਆਰ ਦੀਆਂ ਤੰਦਾਂ ਨਾਲ ਬੱਝੇ ਦੋਸਤੀ ਦੇ ਰਿਸ਼ਤੇ ਹੁੰਦੇ ਹਨ। ਹਾਂ,ਹਰ ਰਿਸ਼ਤਾ ਟਿਕਿਆ ਪਿਆਰ ਤੇ ਹੀ ਹੁੰਦਾ ਹੈ। ਜਿਵੇਂ ਮਾਪੇ ਪਿਆਰ ਕਰਦੇ ਹਨ ਉਵੇਂ ਦਾ ਪਿਆਰ ਹੋਰ ਕੋਈ ਨਹੀਂ ਕਰ ਸਕਦਾ।ਮਾਂ ਤਾਂ ਔਲਾਦ ਨੂੰ ਝਿੜਕ ਕੇ ਆਪ ਰੋਣ ਲੱਗ ਜਾਂਦੀ ਹੈ ਅਤੇ ਬਾਪ ਦਾ ਪਿਆਰ ਹੀ ਹੈ ਕਿ ਉਸਨੂੰ ਮਿਹਨਤ ਕਰਨੀ ਔਲਾਦ ਲਈ ਚੰਗੀ ਲੱਗਦੀ ਹੈ। ਜਿਹੜੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਉਨ੍ਹਾਂ ਨੂੰ ਤਾਂ ਜਾਨਵਰ ਵੀ ਨਹੀਂ ਕਿਹਾ ਜਾ ਸਕਦਾ।
ਪਿਆਰ ਦੀ ਭਾਸ਼ਾ ਜਾਨਵਰ ਅਤੇ ਪੌਦੇ ਵੀ ਸਮਝਦੇ ਹਨ।ਪਿਆਰ ਕਰਨ ਵਾਲਿਆਂ ਦੇ ਮੂੰਹ ਤੇ ਇਕ ਵੱਖਰੀ ਚਮਕ ਹੁੰਦੀ ਹੈ।ਉਨ੍ਹਾਂ ਦਾ ਹੋਣਾ ਆਸਪਾਸ ਇਕ ਵੱਖਰੀ ਊਰਜਾ ਭਰ ਦਿੰਦਾ ਹੈ। ਪਿਆਰ ਦਿਲ ਤੋਂ ਦਿਲ ਅਤੇ ਰੂਹ ਤੋਂ ਰੂਹ ਤੱਕ ਦਾ ਰਿਸ਼ਤਾ ਹੁੰਦਾ ਹੈ। ਜਿੰਨਾ ਘਰਾਂ ਵਿੱਚ ਪਿਆਰ ਨਹੀਂ ਉਥੇ ਖੁਸ਼ਹਾਲੀ ਆਉਣ ਤੋਂ ਹਮੇਸ਼ਾਂ ਡਰਦੀ ਹੈ।ਪਿਆਰ ਕਰਨ ਵਾਲਾ ਵਿਤਕਰਾ ਨਹੀਂ ਕਰਦਾ।ਅਫਰੀਕੀ ਕਹਾਵਤ ਹੈ, “ਜਿਹੜਾ ਬਿਰਖ ਨੂੰ ਪਿਆਰ ਕਰਦਾ ਹੈ, ਉਹ ਟਹਿਣੀਆਂ ਨੂੰ ਵੀ ਪਿਆਰ ਕਰਦਾ ਹੈ।
“ਇਹ ਉਸਦੀ ਫਿਤਰਤ ਹੈ।ਉਹ ਤਕੜਾ ਅਤੇ ਕਮਜ਼ੋਰ ਨਹੀਂ ਵੇਖਦਾ।ਟਹਿਣੀਆਂ ਦੀ ਆਪਣੀ ਖਾਸੀਅਤ ਅਤੇ ਖੂਬਸੂਰਤੀ ਹੈ ਜਦ ਕਿ ਬਿਰਖ ਦੀ ਆਪਣੀ ਮਜ਼ਬੂਤੀ ਅਤੇ ਖਾਸੀਅਤ।”ਜਿਸਨੂੰ ਅਸੀਂ ਪਿਆਰ ਕਰਦੇ ਹਾਂ ਉਸਦੀਆਂ ਕਮੀਆਂ ਅਸੀਂ ਵੇਖਦੇ ਹੀ ਨਹੀਂ ਜਾਂ ਪਿਆਰ ਵਿੱਚ ਸਾਨੂੰ ਵਿਖਾਈ ਹੀ ਨਹੀਂ ਦਿੰਦੀਆਂ। ਪਿਆਰ ਵਿਸ਼ਵਾਸ ਤੇ ਖੜ੍ਹਾ ਹੁੰਦਾ ਹੈ।ਨਰਿੰਦਰ ਸਿੰਘ ਕਪੂਰ ਨੇ ਕਿਹਾ ਹੈ,”ਜਿਸਨੂੰ ਅਸੀਂ ਪਿਆਰ ਕਰਦੇ ਹਾਂ, ਉਸਨੂੰ ਅਸੀਂ ਆਪਣੀ ਜ਼ਿੰਦਗੀ ਦੇ ਗੁੱਝੇ ਭੇਤ ਦੱਸਦੇ ਜਾਂਦੇ ਹਾਂ,ਇਵੇਂ ਪਿਆਰ ਗੂੜਾ ਹੁੰਦਾ ਜਾਂਦਾ ਹੈ।”
ਪਿਆਰ ਸਿਰਫ਼ ਪਿਆਰ ਹੈ।ਇਹ ਭਾਵਨਾਵਾਂ ਹਨ,ਇੰਨਾ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਪਿਆਰ ਨਾਲ ਵੱਡੇ ਤੋਂ ਵੱਡੇ ਮਸਲੇ ਹਲ ਕੀਤੇ ਜਾ ਸਕਦੇ ਹਨ।ਜਿਹੜਾ ਪਿਆਰ ਕਿਸੇ ਲਾਲਚ ਜਾਂ ਧੰਨ ਦੌਲਤ ਕਰਕੇ ਕੀਤਾ ਜਾਂਦਾ ਹੈ ਉਹ ਪਿਆਰ ਨਹੀਂ ਹੁੰਦਾ ਅਤੇ ਟਿਕਦਾ ਵੀ ਨਹੀਂ ਹੈ। ਪਿਆਰ ਬਹੁਤ ਛੋਟਾ ਲਫਜ਼ ਹੈ ਪਰ ਇਸ ਵਿੱਚ ਬਹੁਤ ਕੁੱਝ ਹੈ।ਇਹ ਗਾਗਰ ਵਿੱਚ ਸਾਗਰ ਹੈ।ਪਿਆਰ ਕਰਨ ਵਾਲਿਆਂ ਵਿੱਚ ਸਹਿਣਸ਼ੀਲਤਾ ਕੁਦਰਤ ਦਿੰਦੀ ਹੈ।
ਜਿਹੜੇ ਪਿਆਰ ਕਰਨ ਵਾਲੇ ਹੁੰਦੇ ਹਨ ਉਹ ਫੋਕੇ ਵਿਖਾਵੇ ਨਹੀਂ ਕਰਦੇ।ਉਹ ਗੱਲ ਗੱਲ ਤੇ ਦੂਸਰਿਆਂ ਨੂੰ ਨੀਵਾਂ ਨਹੀਂ ਵਿਖਾਉਂਦੇ।ਉਹ ਦੂਸਰਿਆਂ ਦੀ ਤਰੱਕੀ ਅਤੇ ਖੁਸ਼ਹਾਲੀ ਤੇ ਘੜਦੇ ਨਹੀਂ ਸਗੋਂ ਖੁਸ਼ ਹੁੰਦੇ ਹਨ।ਪਿਆਰ ਕੁਦਰਤ ਵੱਲੋਂ ਦਿੱਤਾ ਵਡਮੁੱਲਾ ਤੋਹਫ਼ਾ ਹੈ।ਜੇਕਰ ਪਿਆਰ ਕਰਾਂਗੇ ਤਾਂ ਪਿਆਰ ਮਿਲੇਗਾ। ਜਿਵੇਂ ਗੁਲਾਬ ਵੇਚਣ ਵਾਲੇ ਦੇ ਹੱਥਾਂ ਵਿੱਚੋਂ ਗੁਲਾਬ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly