ਬਰੇਲ ਲਿਪੀ ਦਾ ਜਨਮਦਾਤਾ-ਲੂਈ ਬਰੇਲ ਜਾਂ ਨੇਤਰਹੀਣਾਂ ਦੇ ਭਵਿੱਖ ਨੂੰ ਉਜਵਲ ਕਰਨ ਵਾਲਾ- ਲੂਈ ਬਰੇਲ


ਜਨਮ-ਦਿਨ ’ਤੇ ਵਿਸ਼ੇਸ਼ 
(ਸਮਾਜ ਵੀਕਲੀ) ਅੱਜ-ਕੱਲ੍ਹ ਉਹਨਾਂ ਛੂਹਣ ਵਾਲੇ ਯੰਤਰਾਂ ਨੂੰ ਬਰੇਲ ਯੰਤਰਾਂ ਦਾ ਨਾਂ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਨੇਤਰਹੀਣ ਕਰਦੇ ਹਨ। ਉਹ ਛੂਹਣ ਲਿਪੀ ਜਿਸ ਦੀ ਖੋਜ ਲੂਈ ਬਰੇਲ ਨੇ ਨੇਤਰਹੀਣ ਵਿਅਕਤੀਆਂ ਲਈ ਕੀਤੀ, ਉਸ ਲਿਪੀ ਨਾਲ ਉਹਨਾਂ ਦਾ ਨਾਂ ਹੀ ਸਦਾ ਲਈ ਜੁੜ ਗਿਆ ਹੈ। ਬਹੁਤ ਘੱਟ ਪਾਠਕ ਇਸ ਗੱਲ ਤੋਂ ਵਾਕਫ਼ ਹੋਣਗੇ ਕਿ ਇਸ ਲਿਪੀ ਤੋਂ ਪਹਿਲਾਂ ਜਾਂ ਇਸ ਲਿਪੀ ਤੋਂ ਬਾਅਦ ਕਈ ਛੂਹਣ ਲਿਪੀਆਂ ਬਣਾਈਆਂ ਗਈਆਂ ਪਰ ਬਰੇਲ ਦੇ ਮੁਕਾਬਲੇ ਇਹਨਾਂ ਨੂੰ ਅਲੱਗ-ਅਲੱਗ ਢੰਗ ਨਾਲ ਪੜ੍ਹਨਾ-ਲਿਖਣਾ ਮੁਸ਼ਕਲ ਸੀ। ਇਹਨਾਂ ਵਿੱਚੋਂ ਕਿਸੇ ਵੀ ਲਿਪੀ ਵਿੱਚ ਨੇਤਰਹੀਣ ਵਿਅਕਤੀ ਸੁਤੰਤਰਤਾ ਪੂਰਵਕ ਲਿਖ ਨਹੀਂ ਸਕਦੇ ਸੀ। ਬਰੇਲ ਲਿਪੀ ਨੇ ਪਹਿਲੀ ਵਾਰ ਉਹਨਾਂ ਨੂੰ ਪੜ੍ਹਨ ਦੀ ਸਰਲਤਾ ਦੇ ਨਾਲ-ਨਾਲ ਲਿਖਣਾ ਵੀ ਸੌਖਾ ਕਰ ਦਿੱਤਾ।
ਲੂਈ ਬਰੇਲ ਦਾ ਜਨਮ 4 ਜਨਵਰੀ 1809 ਈ: ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਕੁਝ ਦੂਰ ਕੁਰਵੇ ਨਾਂ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਸਵੇਰੇ ਚਾਰ ਵਜੇ ਹੋਇਆ। ਇਹ ਇੱਕ ਅਜਿਹਾ ਸਮਾਂ ਸੀ ਜੋ ਨਵੇਂ ਦਿਨ ਦਾ ਪਹਿਲਾ ਪਲ ਹੁੰਦਾ ਹੈ। ਲੂਈ ਦੇ ਪਿਤਾ ਸਾਈਮਨ ਰੇਨੇ ਆਪਣੇ ਕੰਮ ਵਿੱਚ ਮਾਹਿਰ ਸਨ।  ਉਹ ਘੋੜਿਆਂ ਦੀਆਂ ਲਗਾਮਾਂ ਅਤੇ ਜੀਨ ਆਦਿ ਬਣਾਉਣ ਦਾ ਕੰਮ ਕਰਦੇ ਸਨ। ਘਰ ਦੇ ਇੱਕ ਹਿੱਸੇ ਵਿੱਚ ਹੀ ਕਾਰਜਸ਼ਾਲਾ ਸੀ। ਵਰਕਸ਼ਾਪ ’ਚ ਬਹੁਤ ਸਾਰੇ ਤੇਜ਼ਧਾਰ ਵਾਲੇ ਅਤੇ ਨੌਕੀਲੇ ਹਥਿਆਰਾਂ ਦਾ ਹੋਣਾ ਸੰਭਵ ਸੀ। ਬਾਲਕ ਲੂਈ ਜਦ ਚੱਲਣ ਫਿਰਨ ਲੱਗਿਆ ਤਾਂ ਉਸ ਨੂੰ ਘਰ ਦੇ ਅੰਦਰ ਬਣੀ ਕਾਰਜਸ਼ਾਲਾ ਵਿੱਚ ਜਾਣ ਤੋਂ ਰੋਕਣਾ ਸੌਖਾ ਨਹੀਂ ਸੀ। ਉਹ ਆਪਣੇ ਪਿਤਾ ਨੂੰ ਜਦ ਔਜ਼ਾਰਾਂ ਨਾਲ ਚਮੜੇ ਨੂੰ ਕੱਟਦਾ ਅਤੇ ਅਲੱਗ-ਅਲੱਗ ਸ਼ਕਲਾਂ ਵਿੱਚ ਢਾਲਦਿਆਂ ਦੇਖਦਾ ਤਾਂ ਉਸ ਦੇ ਸ਼ਰਾਰਤੀ ਮਨ ਵਿੱਚ ਇਸ ਨੂੰ ਜਾਣਨ ਦੀ ਇੱਛਾ ਵੱਧ ਜਾਂਦੀ। ਉਹ ਇਸ ਨੂੰ ਵੀ ਇੱਕ ਖੇਡ ਸਮਝਦਾ ਸੀ।
1812 ਵਿੱਚ ਉਸ ਦੀ ਉਮਰ ਤਿੰਨ ਸਾਲ ਦੀ ਸੀ। ਉਹ ਬਾਕੀ ਦਿਨਾਂ ਦੀ ਤਰ੍ਹਾਂ ਹੀ ਆਪਣੇ ਪਿਤਾ ਕੋਲ ਵਰਕਸ਼ਾਪ ਵਿੱਚ ਖੇਡ ਰਿਹਾ ਸੀ। ਪਿਤਾ ਦਾ ਧਿਆਨ ਕੁਝ ਦੇਰ ਬੱਚੇ ਵੱਲੋਂ ਪਾਸੇ ਹੋ ਗਿਆ। ਇਸੇ ਸਮੇਂ ਵਿੱਚ ਲੂਈ ਨੇ ਬੈਂਚ ਤੇ ਪਏ ਇੱਕ ਤਿੱਖੇ ਹਥਿਆਰ ਅਤੇ ਚਮੜੇ ਦੇ ਟੁਕੜੇ ਨੂੰ ਚੁੱਕਿਆ। ਚਮੜਾ ਬਹੁਤ ਸਖ਼ਤ ਸੀ। ਇਹ ਉਸ ਤੋਂ ਅਸਾਨੀ ਨਾਲ ਕੱਟਿਆ ਨਹੀਂ ਜਾ ਸਕਿਆ। ਇਸ ਅਸਫਲਤਾ ਤੋਂ ਬਾਅਦ ਬੱਚੇ ਨੇ ਦੂਜੀ ਵਾਰ ਜ਼ਿਆਦਾ ਜ਼ੋਰ ਨਾਲ ਹਥਿਆਰ ਨੂੰ ਚਮੜੇ ਤੇ ਚਲਾਇਆ। ਚਮੜਾ ਕੱਟਿਆ ਨਹੀਂ ਜਾ ਸਕਿਆ ਪਰ ਔਜ਼ਾਰ ਤਿਲਕ ਕੇ ਉਸ ਦੀ ਇੱਕ ਅੱਖ ਵਿੱਚ ਜਾ ਲੱਗਿਆ। ਅੱਖ ’ਚੋਂ ਖ਼ੂਨ ਵਗਣ ਲੱਗ ਪਿਆ। ਹੌਲੀ-ਹੌਲੀ ਅੱਖ ਖ਼ਰਾਬ ਹੋਣ ਲੱਗੀ ਅਤੇ ਉਸ ਦੀ ਨਿਗ੍ਹਾ ਘਟਣ ਲੱਗ ਪਈ। ਇਸ ਦਾ ਅਸਰ ਉਸ ਦੀ ਦੂਜੀ ਅੱਖ ’ਤੇ ਪਿਆ। ਉਸ ਦੀ ਦੂਜੀ ਅੱਖ ਦੀ ਨਿਗ੍ਹਾ ਵੀ ਕਮਜ਼ੋਰ ਹੋਣ ਲੱਗ ਪਈ। ਅਖੀਰ ਪੰਜ ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਲੂਈ ਪੂਰੀ ਤਰ੍ਹਾਂ ਨੇਤਰਹੀਣ ਹੋ ਗਿਆ।
ਉਹ ਬਹੁਤ ਹੀ ਹੁਸ਼ਿਆਰ ਲੜਕਾ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਦੂਜੇ ਬੱਚਿਆਂ ਵਾਂਗ ਸਕੂਲ ਭੇਜਣਾ ਚਾਹੁੰਦੇ ਸੀ। ਸੰਜੋਗ ਨਾਲ ਕੁਰਵੇ ਦੇ ਸਕੂਲ ਦੇ ਹੈੱਡਮਾਸਟਰ ਦੇ ਵਿਚਾਰ ਵੀ ਨੇਤਰਹੀਣਾਂ ਦੇ ਮਾਮਲੇ ਵਿੱਚ ਦੂਜਿਆਂ ਨਾਲੋਂ ਅਲੱਗ ਸਨ। ਉਹਨਾਂ ਨੇ ਲੂਈ ਨੂੰ ਪਿੰਡ ਦੇ ਦੂਸਰੇ ਬੱਚਿਆਂ ਨਾਲ ਪੜ੍ਹਨ ਦੀ ਪ੍ਰਵਾਨਗੀ ਦੇ ਦਿੱਤੀ। ਲੂਈ ਕਿਸ ਉਮਰ ਵਿੱਚ ਸਕੂਲ ’ਚ ਗਿਆ ਅਤੇ ਕਿੰਨੀ ਉਮਰ ਤੱਕ ਉਸ ਨੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕੀਤੀ ਇਸ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੈ। ਪ੍ਰੰਤੂ ਸਕੂਲ ਦੇ 1818 ਦੇ ਹਾਜ਼ਰੀ ਰਜਿਸਟਰ ਵਿੱਚ ਉਸ ਦਾ ਨਾਮ ਕਜ਼ਰੂਰ ਦਰਜ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸਮਾਂ ਕਿੰਨਾ ਵੀ ਹੋਵੇ ਪਰ ਉਹ ਸਕੂਲ ਦਾ ਵਿਦਿਆਰਥੀ ਰਿਹਾ ਹੈ। ਹੈੱਡਮਾਸਟਰ ਨੇ ਉਸ ਨੂੰ ਸਕੂਲ ਵਿੱਚ ਦਾਖ਼ਲ ਜ਼ਰੂਰ ਕੀਤਾ ਪਰ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਨੇਤਰਹੀਣ ਬੱਚੇ ਨੂੰ ਜ਼ੁਬਾਨੀ ਵਿੱਦਿਆ ਤੋਂ ਇਲਾਵਾ ਪੜ੍ਹਨ-ਲਿਖਣ ਦੀ ਵਿੱਦਿਆ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ। ਬਰੇਲ ਪਰਿਵਾਰ ਦੇ ਇੱਕ ਨੇੜੇ ਦੇ ਵਿਅਕਤੀ ਦੀ ਸੂਚਨਾ ਅਨੁਸਾਰ ਲੂਈ ਦੇ ਪਿਤਾ ਨੇ ਇਸ ਮੁਸ਼ਕਲ ਦਾ ਹੱਲ ਆਪਣੇ ਢੰਗ ਨਾਲ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲੱਕੜ ਦੇ ਫੱਟੇ ਤੇ ਕਿੱਲਾਂ  ਠੋਕ ਕੇ ਅੱਖਰਾਂ ਦੀ ਬਣਾਵਟ ਨੂੰ ਛੂਹ ਕੇ ਪੜ੍ਹਨ ਲਈ ਤਿਆਰ ਕੀਤਾ ਤਾਂ ਕਿ ਲੂਈ ਛੂਹ ਕੇ ਪੜ੍ਹ ਸਕੇ। ਇਸ ਵਿੱਚ ਸਿਰਫ ਸਾਈਮਨ ਰੇਨੇ ਦਾ ਦਿਮਾਗ਼ ਕੰਮ ਕਰ ਰਿਹਾ ਸੀ ਜਾਂ ਹੈੱਡਮਾਸਟਰ ਦੀ ਸਲਾਹ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਸ ਦੌਰਾਨ ਪੈਰਿਸ ਦੇ ਨੇਤਰਹੀਣ ਸਕੂਲ ਵਿੱਚ ਲੂਈ ਨੂੰ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਕੂਲ ਦੇ ਪ੍ਰਧਾਨ ਨੇ ਇਜ਼ਾਜਤ ਦੇ ਦਿੱਤੀ ਅਤੇ ਫ਼ਰਵਰੀ 1819 ਈ: ਨੂੰ ਲੂਈ ਨੇ ਨੇਤਰਹੀਣਾਂ ਦੇ ਸਕੂਲ ਵਿੱਚ ਦਾਖ਼ਲਾ ਲੈ ਲਿਆ। ਦਾਖ਼ਲ ਹੋਣ ਉਪਰੰਤ ਲੂਈ ਨੇ ਸਕੂਲ ਵਿੱਚ ਪੜ੍ਹਾਏ (ਸਿਖਾਏ) ਜਾਣ ਵਾਲੇ ਵਿਸ਼ਿਆਂ ਨੂੰ ਬੜੀ ਮਿਹਨਤ ਨਾਲ ਸਿੱਖਿਆ। ਆਪਣੀ ਲਗਨ ਅਤੇ ਸਖ਼ਤ ਮਿਹਨਤ ਨਾਲ ਉਸ ਨੇ ਅਧਿਆਪਕਾਂ ਤੇ ਮੁੱਖ ਅਧਿਆਪਕ ਨੂੰ ਕਾਫ਼ੀ ਪ੍ਰਭਾਵਿਤ ਕੀਤਾ।
1821 ਵਿੱਚ ਲੂਈ ਦੇ ਅਧਿਆਪਕ ਅਤੇ ਸਕੂਲ ਦੇ ਮੁੱਖ ਅਧਿਆਪਕ ਪਿਗਨੀਅਰ ਨੇ ਬਾਅਦ ਵਿੱਚ ਆਪਣੇ ਹੁਸ਼ਿਆਰ ਵਿਦਿਆਰਥੀ ਬਾਰੇ ਲਿਖਿਆ, ‘‘ਉਸ ਨੇ ਆਪਣੀ ਤੇਜ਼ ਬੁੱਧੀ ਦੀ ਮਦਦ ਨਾਲ ਅਤੇ ਮਿਹਨਤ ਦੇ ਅਧਾਰ ਤੇ ਜਲਦੀ ਹੀ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾ ਲਿਆ। ਉਹ ਕਲਪਨਾ ਦਾ ਧਨੀ ਸੀ ਪ੍ਰੰਤੂ ਹਮੇਸ਼ਾਂ ਉਸ ਨੂੰ ਤਰਕ ਵਿੱਚ ਬੰਨ੍ਹ ਕੇ ਰੱਖਦਾ ਸੀ।
ਜਾਨ ਰਾਬਲਿਨ ਅਨੁਸਾਰ ਉਸ ਸਕੂਲ ’ਚ ਦਾਖ਼ਲ ਹੋਣ ਦੇ ਦੋ ਸਾਲ ਵਿੱਚ ਹੀ ਲੂਈ ਨੂੰ ਆਪਣੀ ਉੱਚ ਕਲਪਨਾ ਸ਼ਕਤੀ ਅਤੇ ਤਰਕ ਦੋਹਾਂ ਨੂੰ ਸਹੀ ਰੂਪ ਵਿੱਚ ਪ੍ਰਯੋਗ ਕਰਨ ਦਾ ਇੱਕ ਸੁਨਹਿਰੀ ਮੌਕਾ ਮਿਲਿਆ ਜੋ ਸਹੀ ਰੂਪ ਵਿੱਚ ਚੁਣੌਤੀ ਭਰਿਆ ਸੀ। ਫਰਾਂਸੀਸੀ ਤੋਪਖਾਨੇ ਦੇ ਇੱਕ ਅਧਿਕਾਰੀ ਚਾਰਲਸ ਬਾਰਬਰੀਅਰ ਨੇ ਸੈਨਾ ਵਿੱਚ ਗੁਪਤ ਸੰਕੇਤਾਂ ਦਾ ਪ੍ਰੀਖਣ ਕਰਨ ਲਈ ਰਾਤ ਲੇਖਣ ਪ੍ਰਣਾਲੀ ਦੀ ਖੋਜ ਕੀਤੀ। ਉਸ ਨੂੰ ਲੱਗਿਆ ਕਿ ਇਸ ਦਾ ਪ੍ਰਯੋਗ ਨੇਤਰਹੀਣਾਂ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ। ਇਹ ਸੋਚ ਕੇ ਚਾਰਲਸ ਨੇ 11 ਅਪ੍ਰੈਲ 1821 ਨੂੰ ਲਿਖੇ ਆਪਣੇ ਇੱਕ ਪੱਤਰ ਵਿੱਚ ਨੇਤਰਹੀਣਾਂ ਦੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਇਸ ਪ੍ਰਣਾਲੀ ਬਾਰੇ ਦੱਸਿਆ। ਉਹ ਬਹੁਤ ਖ਼ੁਸ਼ ਹੋਏ ਅਤੇ ਇੱਕ ਹਫ਼ਤੇ ਦੇ ਵਿੱਚ ਹੀ ਚਾਰਲਸ ਨੂੰ ਇੱਕ ਪ੍ਰਸੰਸਾ ਭਰਿਆ ਪੱਤਰ ਲਿਖਿਆ। 30 ਅਕਤੂਬਰ ਨੂੰ ਪਿਗਨੀਅਰ ਨੇ ਚਾਰਲਸ ਨੂੰ ਚਿੱਠੀ (ਪੱਤਰ) ਦੁਆਰਾ ਦੱਸਿਆ ਕਿ ਵਿਦਿਆਰਥੀ ਛੁੱਟੀਆਂ ਤੋਂ ਬਾਅਦ ਹੀ ਰਾਤ ਲੇਖਣ ਪ੍ਰਣਾਲੀ ਨੂੰ ਸਿੱਖਣ ਲਈ ਜ਼ਿਆਦਾ ਸਮਾਂ ਦੇ ਸਕਣਗੇ। ਲੂਈ ਇਹਨਾਂ ਵਿਦਿਆਰਥੀਆਂ ਵਿੱਚ ਸ਼ਾਮਲ ਸੀ। ਰਾਤ ਲੇਖਣ ਪ੍ਰਣਾਲੀ 12 ਬਿੰਦੂਆਂ ਤੇ ਆਧਾਰਿਤ ਸੀ। ਹੋਰ ਸੀਮਾਵਾਂ ਦੇ ਨਾਲ ਸਮੂਹ ਨਿਰਧਾਰਤ ਕੀਤੇ ਗਏ ਸਨ ਜੋ ਕੁਝ ਨਿਸ਼ਚਿਤ ਆਵਾਜ਼ਾਂ ਤੇ ਆਧਾਰਿਤ ਸਨ। ਇਸ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਵਿਵਸਥਾ ਨਹੀਂ ਸੀ। ਲੂਈ ਨੇ ਮਿਲਣ ਸਮੇਂ ਇਹਨਾਂ ਸੀਮਾਵਾਂ ਵੱਲ ਚਾਰਲਸ ਬਾਰਬਰੀਅਰ ਦਾ ਧਿਆਨ ਦਿਵਾਇਆ। ਕਪਤਾਨ ਬਾਰਬਰੀਅਰ ਦਾ ਇਸ ਪ੍ਰਤੀਕਿਰਿਆ ਨਾਲ ਉਤਸ਼ਾਹ ਘੱਟ ਨਹੀਂ ਹੋਇਆ। ਉਹ ਆਪਣੇ ਕੰਮ ਨੂੰ ਅੱਗੇ ਵਧਾਉਣ ਵਿੱਚ ਲੱਗਿਆ ਰਿਹਾ।
ਦੂਜੇ ਪਾਸੇ ਲੂਈ ਨੇ ਇਸ ਨੂੰ ਆਧਾਰ ਬਣਾ ਕੇ, ਨੇਤਰਹੀਣਾਂ ਲਈ ਪੜ੍ਹਨ-ਲਿਖਣ ਦਾ ਮਾਧਿਅਮ ਤਿਆਰ ਕਰਨ ਲਈ ਇੱਕ ਖ਼ਾਸ ਲਿਪੀ ਬਣਾਉਣ ਦਾ ਨਿਸ਼ਚਾ ਕਰ ਲਿਆ ਤੇ ਉਸ ਲਈ ਮਿਹਨਤ ਕਰਨ ਲੱਗਾ। ਉਸ ਨੇ 1829 ਵਿੱਚ ਛੇ ਬਿੰਦੂਆਂ ਉੱਤੇ ਆਧਾਰਿਤ ਅੱਖਰ ਮਾਲਾ ਬਣਾਈ। ਉੱਪਰ ਤੋਂ ਥੱਲੇ ਤੱਕ ਇਹਨਾਂ 6 ਬਿੰਦੂਆਂ ਨੂੰ ਤਿੰਨ-ਤਿੰਨ ਦੀਆਂ ਦੋ ਲਾਈਨਾਂ ਵਿੱਚ ਜੋੜ ਕੇ ਲਿਖਿਆ ਗਿਆ। ਇਹਨਾਂ ਛੇ ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਅਤੇ ਸਥਿਤੀ ਵਿੱਚ ਰੱਖ ਕੇ 63 ਵਾਕ ਬਣਤਰਾਂ ਬਣਾਈਆਂ। ਇਹ ਇੱਕ ਸੰਪੂਰਨ ਪ੍ਰਣਾਲੀ ਸੀ। ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ੍ਹ ਸੰਭਵ ਸਨ ਅਤੇ ਵਿਸ਼ਰਾਮ ਚਿੰਨ੍ਹ ਵੀ ਮਿਲਦੇ ਸਨ। ਇਸ ਤੋਂ ਬਾਅਦ ਦੇ ਵਿਗਿਆਨਕ ਪ੍ਰਯੋਗਾਂ ਦੁਆਰਾ ਇਹ ਸਿੱਧ ਹੋ ਗਿਆ ਕਿ ਲੂਈ ਬਰੇਲ ਦੁਆਰਾ ਦਰਸਾਏ ਗਏ 6 ਬਿੰਦੂਆਂ ਤੇ ਆਧਾਰਿਤ ਵਿਭਿੰਨ ਵਾਕ ਬਣਤਰਾਂ ਨੂੰ ਉਂਗਲ ਦੇ ਅਗਲੇ ਹਿੱਸੇ ਨਾਲ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਕਪਤਾਨ ਬਾਰਬਰੀਅਰ ਨੇ ਵੀ ਇਸ ਪ੍ਰਣਾਲੀ ਦੀ ਪ੍ਰਸੰਸਾ ਕਰਦਿਆਂ 31 ਮਾਰਚ 1833 ਨੂੰ ਲਿਖੇ ਪੱਤਰ ਵਿੱਚ ਲੂਈ ਨੂੰ ਕਿਹਾ, ‘‘ਨਜ਼ਰ ਤੋਂ ਵਾਂਝੇ ਵਿਅਕਤੀਆਂ ਦੇ ਵਿਸ਼ੇਸ਼ ਉਪਯੋਗ ਲਈ ਤੁਹਾਡੇ ਦੁਆਰਾ ਤਿਆਰ ਕੀਤੀ ਗਈ ਵਿਧੀ ਨੂੰ ਬਹੁਤ ਰੁਚੀ (ਦਿਲਚਸਪੀ) ਨਾਲ ਪਰਖਿਆ ਹੈ। ਇੰਨੀ ਡੂੰਘਾਈ ਤੇਜ਼ੀ ਨਾਲ ਸਫਲਤਾ ਉਸ ਰਾਹ ਵੱਲ ਇਸ਼ਾਰਾ ਹੈ ਜਿਸ ਵੱਲ ਤੁਹਾਡੇ ਚੰਗੇ ਵਿਚਾਰ ਤੁਹਾਨੂੰ ਪ੍ਰਸਿੱਧੀ ਦਿਵਾਉਣਗੇ।
ਲੂਈ ਨੇ ਆਪਣੇ ਕੰਮ ਨੂੰ 1834 ਤੱਕ ਪੂਰਨ ਰੂਪ ਦੇ ਦਿੱਤਾ। ਉਹ ਜਾਣਦੇ ਸਨ ਕਿ ਉਹਨਾਂ ਦੀ ਲਿਪੀ ਦੀ ਉਪਯੋਗਤਾ ਉਸ ਸਮੇਂ ਤੱਕ ਅਧੂਰੀ ਰਹੇਗੀ ਜਦ ਤੱਕ ਉਸ ਵਿੱਚ ਸੰਗੀਤ ਦੇ ਸੁਰਾਂ ਦੀ ਲਿਪੀ ਦੀ ਵਰਤੋਂ ਨਾ ਕੀਤੀ ਜਾ ਸਕੇ। ਉਹਨਾਂ 1837 ਵਿੱਚ ਬਰੇਲ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ। ਇਸ ਦੌਰਾਨ ਲੂਈ ਨੂੰ 1828 ਵਿੱਚ ਉਸੇ ਸਕੂਲ ਵਿੱਚ ਅਧਿਆਪਕ ਦੇ ਤੌਰ ਤੇ ਨਿਯੁਕਤ ਕਰ ਲਿਆ ਗਿਆ।  ਉਹ ਇਸ ਕੰਮ ਨੂੰ ਅਧਿਆਪਕ ਕਿੱਤੇ ਦੇ ਨਾਲ-ਨਾਲ ਕਰਦੇ ਰਹੇ। ਆਪਣੇ ਵੱਲੋਂ ਉਹ ਬਰੇਲ ਲਿਪੀ ਨੂੰ ਅੰਤਿਮ ਰੂਪ ਦੇ ਚੁੱਕੇ ਸਨ ਪਰ ਸਕੂਲ ਦੇ ਅਧਿਕਾਰੀਆਂ ਨੇ ਹਾਲੇ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਸੀ। ਸਿਰਫ਼ ਸ਼ਾਮ ਦੇ ਸਮੇਂ ਇਸ ਪ੍ਰਣਾਲੀ ਦਾ ਅਭਿਆਸ ਵਿਦਿਆਰਥੀਆਂ ਨੂੰ ਕਰਾਉਣ ਲਈ ਪ੍ਰਵਾਨਗੀ ਜ਼ਰੂਰ ਮਿਲ ਗਈ ਸੀ। ਵਿਦਿਆਰਥੀਆਂ ਨੂੰ ਉਸ ਸਮੇਂ ਸਿਖਾਈ ਜਾਂਦੀ ਰੇਖਾ ਪ੍ਰਣਾਲੀ ਦੇ ਮੁਕਾਬਲੇ ਬਰੇਲ ਬਹੁਤ ਸੌਖੀ ਅਤੇ ਅਧਿਕ ਉਪਯੋਗੀ ਲੱਗਦੀ ਸੀ।
ਰੇਖਾ ਪ੍ਰਣਾਲੀ ਰੋਮਨ ਅੱਖਰਾਂ ਦੇ ਵੱਡੇ ਸਪਰਸ਼ ਰੂਪਾਂ ਤੇ ਆਧਾਰਿਤ ਸੀ। ਇਸ ਤਰੀਕੇ ਨਾਲ ਬਹੁਤ ਹੀ ਹੌਲੀ ਗਤੀ ਨਾਲ ਪੜ੍ਹ ਸਕਣਾ ਸੰਭਵ ਸੀ, ਪ੍ਰੰਤੂ ਲਿਖਣਾ ਸੰਭਵ ਨਹੀਂ ਸੀ। ਸਕੂਲ ਦੇ ਨਵੇਂ ਮੁੱਖ ਅਧਿਆਪਕ ਦਫੋ ਦੇ ਵਿਵਹਾਰ ਨੇ ਲੂਈ ਨੂੰ ਹੋਰ ਵੀ ਦੁਖੀ ਕੀਤਾ ਕਿਉਂਕਿ ਉਹ ਬਰੇਲ ਲਿਪੀ ਨੂੰ ਪਸੰਦ ਨਹੀਂ ਕਰਦਾ ਸੀ। ਹਾਂ, ਕੁਝ ਸਾਲਾਂ ਬਾਅਦ ਸਕੂਲ ਦੇ ਉਪ ਮੁੱਖ ਅਧਿਆਪਕ ਗਵਾਦੇ ਨੇ ਇਸ ਪ੍ਰਣਾਲੀ ਦੇ ਮਹੱਤਵ ਨੂੰ ਸਮਝਿਆ ਅਤੇ 22 ਫ਼ਰਵਰੀ 1844 ਨੂੰ ਆਯੋਜਿਤ ਇੱਕ ਸਮਾਰੋਹ ਵਿੱਚ ਸਰਵਜਨਕ ਰੂਪ ਵਿੱਚ ਪ੍ਰਸੰਸਾ ਕੀਤੀ। ਇਸ ਪ੍ਰਸੰਸਾ ਨੇ ਵਿਦਿਆਰਥੀਆਂ ਨੂੰ ਬਰੇਲ ਦਾ ਪ੍ਰਯੋਗ ਕਰਨ ਲਈ ਉਤਸ਼ਾਹਤ ਕੀਤਾ ਜੋ ਲੂਈ ਲਈ ਬਹੁਤ ਖ਼ੁਸ਼ੀ ਦੀ ਗੱਲ ਸੀ।
ਲੂਈ ਦੀ ਇੱਕ ਹੋਰ ਮਹੱਤਵਪੂਰਨ ਖੋਜ ਰੈਫੀਗ੍ਰਾਫੀ ਸੀ। ਇਸ ਵਿੱਚ ਰੋਮਨ ਅੱਖਰਾਂ ਨੂੰ ਲਿਖਣ ਲਈ ਬਿੰਦੂਆਂ ਨੂੰ ਕਰਮ ਵਿੱਚ ਉਭਾਰਿਆ ਜਾਂਦਾ ਸੀ। ਇਸ ਲਈ ਉਹਨਾਂ ਨੇ ਉਪਕਰਣ ਦਾ ਨਿਰਮਾਣ ਕੀਤਾ। ਰੈਫੀਗ੍ਰਾਫੀ ਦੇ ਮਾਧਿਅਮ ਦੁਆਰਾ ਨੇਤਰਹੀਣ ਵਿਅਕਤੀ ਆਪਣੇ ਸੁਜਾਖੇ ਦੋਸਤਾਂ-ਮਿੱਤਰਾਂ ਨੂੰ ਚਿੱਠੀ-ਪੱਤਰ ਲਿਖ ਸਕਦੇ ਸਨ। ਲੂਈ ਆਪਣੇ ਮਿੱਤਰਾਂ ਅਤੇ ਪਰਿਵਾਰ ਦੇ ਵਿਅਕਤੀਆਂ ਨੂੰ ਪੱਤਰ ਲਿਖਣ ਲਈ ਇਸੇ ਮਾਧਿਅਮ ਦਾ ਪ੍ਰਯੋਗ ਕਰਦਾ ਸੀ। ਇਸ ਸੰਬੰਧ ਵਿੱਚ ਉਹਨਾਂ ਨੇ 1839 ਵਿੱਚ ਆਪਣਾ ਸਪਸ਼ਟੀਕਰਣ ਪ੍ਰਕਾਸ਼ਿਤ ਕੀਤਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਟਾਈਪਰਾਈਟਰ ਦਾ ਨਿਰਮਾਣ ਇਸੇ ਪ੍ਰਣਾਲੀ ਨੂੰ ਵੇਖ ਕੇ ਕੀਤਾ ਗਿਆ।
ਸੰਨ 1838 ਈ: ਵਿੱਚ ਫਰਾਂਸੀਸੀ ਵਿਦਵਾਨ ਅਤੇ ਰਾਸ਼ਟਰੀ ਅਸੈਂਬਲੀ ਦੇ ਇੱਕ ਮੈਂਬਰ ਲਮਾਰਤਿਨ ਨੇ ਸਕੂਲ ਨੂੰ ਦੇਖਣ ਤੋਂ ਬਾਅਦ ਅਸੈਂਬਲੀ ਵਿੱਚ ਸਕੂਲ ਲਈ ਨਵੇਂ ਭਵਨ ਦੇ ਲਈ ਧਨ-ਰਾਸ਼ੀ ਦੇਣ ਵਾਸਤੇ ਪ੍ਰਸਤਾਵ ਰੱਖਿਆ ਅਤੇ ਉਸ ਨੂੰ ਸਵੀਕਾਰ ਕਰ ਲਿਆ ਗਿਆ। 11 ਨਵੰਬਰ 1843 ਨੂੰ ਸਕੂਲ ਦੀਆਂ ਗਤੀਵਿਧੀਆਂ ਨੂੰ ਨਵੇਂ ਭਵਨ ਵਿੱਚ ਤਬਦੀਲ ਕਰ ਦਿੱਤਾ ਗਿਆ। ਸਕੂਲ ਦੇ ਅਧਿਆਪਕ ਦੇ ਰੂਪ ਵਿੱਚ ਲੂਈ ਨੂੰ ਵੀ ਨਵੀਂ ਇਮਾਰਤ ’ਚ ਜਾਣ ਅਤੇ ਰਹਿਣ ਦਾ ਮੌਕਾ ਮਿਲਿਆ ਕਿਉਂਕਿ ਉਹ ਸਕੂਲ ਦੀ ਪ੍ਰਯੋਗਸ਼ਾਲਾ ਵਿੱਚ ਹੀ ਰਹਿੰਦੇ ਸਨ ਪਰ ਲਗਾਤਾਰ ਸਖ਼ਤ ਮਿਹਨਤ ਤੇ ਸਿੱਲ ਵਾਲੀ ਇਮਾਰਤ ’ਚ ਰਹਿਣ ਨੇ ਉਸ ਦੇ ਸਰੀਰ ਤੇ ਬੁਰਾ ਪ੍ਰਭਾਵ ਪਾਇਆ ਜਿਸ ਦੇ ਫਲਸਰੂਪ ਉਸ ਨੂੰ ਸਮੇਂ ਦੀ ਪ੍ਰਚਲਿਤ ਜਾਨ-ਲੇਵਾ ਬਿਮਾਰੀ ਛੂਤ ਨੇ ਘੇਰ ਲਿਆ। ਛੂਤ ਦੇ ਰੋਗ ਦੇ ਲੱਛਣ ਪਹਿਲੀ ਵਾਰ 1835 ਵਿੱਚ ਦਿਖਾਈ ਦਿੱਤੇ। ਇੱਕ ਸਥਿਤੀ ਇਹੋ ਜਿਹੀ ਵੀ ਆਈ ਕਿ ਉਹ ਆਪਣੇ ਆਪ ਨੂੰ ਅਰੋਗ ਸਮਝਣ ਲੱਗੇ ਪਰ 1844 ਵਿੱਚ ਉਹਨਾਂ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗੀ। ਉਹਨਾਂ ਨੇ ਆਪਣਾ ਅਧਿਆਪਕ ਦਾ ਕੰਮ ਥੋੜ੍ਹੇ ਸਮੇਂ ਲਈ ਛੱਡ ਦਿੱਤਾ। 1847 ਈ: ਵਿੱਚ ਸਕੂਲ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਫਿਰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ। ਤਿੰਨ ਸਾਲ ਬਾਅਦ ਲੂਈ ਨੇ ਵੱਧਦੀ ਹੋਈ ਕਮਜ਼ੋਰੀ ਦੇ ਕਾਰਨ ਆਪਣਾ ਸਕੂਲ ਛੱਡ ਦਿੱਤਾ। ਨੌਕਰੀ ਛੱਡਣ ਤੋਂ ਬਾਅਦ ਵੀ ਉਹ ਉੱਥੇ ਹੀ ਰਹੇ ਅਤੇ ਕਦੇ-ਕਦਾਈਂ ਪਿਆਨੋ ਸਿਖਾਇਆ ਕਰਦੇ ਸੀ।
ਦਸੰਬਰ 1851 ਈ: ਵਿੱਚ ਉਹਨਾਂ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ। 18 ਦਸੰਬਰ ਨੂੰ ਉਹਨਾਂ ਨੂੰ ਸਕੂਲ ਦੇ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ। ਉਹ ਆਪਣੀ ਮੌਤ ਨੂੰ ਨਜ਼ਦੀਕ ਵੇਖ ਰਹੇ ਸਨ। ਇਸ ਲਈ ਉਹਨਾਂ ਨੇ ਆਪਣੀ ਵਸੀਅਤ ਤਿਆਰ ਕਰਵਾਈ। ਇੱਕ ਮਹਾਨ ਖੋਜੀ, ਇਕੱਲਾ ਅਤੇ ਜ਼ਰੂਰੀ ਸਮਾਜਿਕ ਮਾਨਤਾ ਪ੍ਰਾਪਤ ਕੀਤੇ ਬਗ਼ੈਰ ਮੌਤ ਨਾਲ ਲੜ ਰਿਹਾ ਸੀ। ਅਜਿਹੀ ਹਾਲਤ ਵਿੱਚ ਵੀ ਆਪਣੀ ਵਸੀਅਤ ਵਿੱਚ ਦੂਸਰੇ ਲੋਕਾਂ ਦੇ ਨਾਲ-ਨਾਲ ਉਹਨਾਂ ਨੇ ਆਪਣੇ ਨਾਲ ਇੱਧਰ ਉੱਧਰ ਜਾਣ ਵਾਲੇ ਛੋੋਟੇ ਲੜਕੇ, ਆਪਣੀ ਨਰਸ ਅਤੇ ਕਮਰਾ ਸਾਫ਼ ਕਰਨ ਵਾਲੇ ਸਫ਼ਾਈ ਕਰਮਚਾਰੀ ਨੂੰ ਵੀ ਯਾਦ ਰੱਖਿਆ। ਆਪਣੇ ਪਰਿਵਾਰ ਦੇ ਉਹਨਾਂ ਸਾਰੇ ਕਾਗ਼ਜ਼ਾਂ ਨੂੰ ਖੁਰਦ ਬੁਰਦ ਕਰ ਦੇਣ ਲਈ ਕਿਹਾ ਜਿਨ੍ਹਾਂ ਵਿੱਚ ਉਹਨਾਂ ਤੋਂ ਕਰਜ਼ਾ ਲੈਣ ਵਾਲੇ ਲੋਕਾਂ ਦੇ ਨਾਂ ਅਤੇ ਉਸ ਨਾਲ ਸੰਬੰਧਿਤ ਜਾਣਕਾਰੀ ਸੀ।
ਲੂਈ ਨੇ ਆਪਣਾ 44ਵਾਂ ਜਨਮ-ਦਿਨ ਹਸਪਤਾਲ ਵਿੱਚ ਮਨਾਇਆ। 6 ਜਨਵਰੀ 1852 ਨੂੰ ਉਹਨਾਂ ਦੀ ਹਾਲਤ ਤੇਜ਼ੀ ਨਾਲ ਖ਼ਰਾਬ ਹੋ ਗਈ ਅਤੇ ਦੁਪਹਿਰ ਹੁੰਦੇ ਤੱਕ ਉਹ ਬੋਲਣ ਵਿੱਚ ਔਖ ਮਹਿਸੂਸ ਕਰਨ ਲੱਗੇ। ਲੂਈ ਦੇ ਨੇੜਲੇ ਮਿੱਤਰ ਕੋਲਤਾਤ ਅਨੁਸਾਰ ਸਾਢੇ ਸੱਤ ਵਜੇ ਲੂਈ ਨੇ ਆਪਣੀ ਪਵਿੱਤਰ ਆਤਮਾ ਨੂੰ ਪਰਮਾਤਮਾ ਦੇ ਸਪੁਰਦ ਕਰ ਦਿੱਤਾ। ਸ਼ਾਮ ਦੇ ਸੂਰਜ ਛਿਪਣ  ਦੇ ਨਾਲ-ਨਾਲ ਇਹ ਸੂਰਜ ਵੀ ਛਿਪ ਗਿਆ। ਲੂਈ ਦੇ ਮ੍ਰਿਤਕ ਸਰੀਰ ਨੂੰ ਉਹਨਾਂ ਦੇ ਜਨਮ-ਅਸਥਾਨ ਕੁਰਵੇ ਵਿੱਚ 9 ਜਨਵਰੀ 1852 ਈ: ਨੂੰ ਬਿਨਾਂ ਕਿਸੇ ਸਰਕਾਰੀ ਸਮਾਰੋਹ ਦੇ ਦਫ਼ਨਾ ਦਿੱਤਾ ਗਿਆ। ਲੂਈ ਬਰੇਲ ਦੀ ਮੌਤ ਤੋਂ ਬਾਅਦ ਹੀ ਇਸ ਲਿਪੀ ਦਾ ਨਾਂ ‘ਬਰੇਲ ਲਿਪੀ’ ਪੈ ਗਿਆ।
ਲੂਈ ਬਰੇਲ ਨੇ ਆਪਣੇ ਹੁਨਰ ਰਾਹੀਂ ਖ਼ੁਦ ਨਾਲ ਵਾਪਰੇ ਹਾਦਸੇ ਨੂੰ ਕਾਮਯਾਬੀ ਦੀ ਪੌੜੀ ਬਣਾ ਲਿਆ, ਇੰਨਾ ਹੀ ਨਹੀਂ, ਉਹਨਾਂ ਦੀ ਇਸ ਪੌੜੀ ਦੀ ਵਰਤੋਂ ਅੱਜ ਵੀ ਨੇਤਰਹੀਣ ਕਰਦੇ ਹਨ ਅਤੇ ਕਾਮਯਾਬ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ। ਲੂਈ ਬਰੇਲ ਨੇ ਆਪਣੇ ਵਿਸ਼ਵਾਸ ਦੇ ਦਮ ਤੇ ਹਰ ਰੁਕਾਵਟ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ। 43 ਸਾਲ ਦੀ ਘੱਟ ਉਮਰ ਵਿੱਚ ਹੀ ਨੇਤਰਹੀਣਾਂ ਦੇ ਜੀਵਨ ਵਿੱਚ ਸਿੱਖਿਆ ਜੀ ਜੋਤ ਜਗਾਉਣ ਵਾਲੇ ਲੂਈ ਬਰੇਲ ਦੇ ਜੀਵਨ ਦੀ ਜੋਤ ਬੁੱਝ ਗਈ। ਉਹਨਾਂ ਦੇ ਦਿਹਾਂਤ ਪਿੱਛੋਂ ਅੱਜ ਵੀ ਬਰੇਲ ਲਿਪੀ ਦੀ ਮਦਦ ਨਾਲ ਉਹਨਾਂ ਦੇ ਅਨੋਖੇ ਕਾਰਜ ਤੇ ਸ਼ਖ਼ਸੀਅਤ ਦੀ ਜੋਤ ਅਨੇਕਾਂ ਨੇਤਰਹੀਣਾਂ ਦੀਆਂ ਅੱਖਾਂ ਵਿੱਚ ਬਲ ਰਹੀ ਹੈ ਅਤੇ ਬਲਦੀ ਰਹੇਗੀ।
ਭਾਰਤ ਸਰਕਾਰ ਨੇ ਲੂਈ ਬਰੇਲ ਦੇ 200ਵੇਂ ਜਨਮ-ਦਿਨ ਤੇ ਉਸ ਦੇ ਸਨਮਾਨ ਵਿੱਚ 4 ਜਨਵਰੀ 2009 ਈ: ਨੂੰ ਇੱਕ ਡਾਕ-ਟਿਕਟ ਜਾਰੀ ਕੀਤੀ। ਭਾਰਤੀ ਰਿਜਰਵ ਬੈਂਕ ਨੇ ਸਾਰੀ ਕਰੰਸੀ ਵਿੱਚ ਬਰੇਲ ਲਿਪੀ ਦੇ ਖ਼ਾਸ ਚਿੰਨ੍ਹਾਂ ਨੂੰ ਸ਼ਾਮਲ ਕੀਤਾ ਜਿਸ ਨਾਲ ਨੇਤਰਹੀਣਾਂ ਨੂੰ ਅਸਲੀ ਤੇ ਨਕਲੀ ਨੋਟਾਂ ਦੀ ਪਛਾਣ ਕਰਨ ’ਚ ਮਦਦ ਮਿਲੀ।
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਦੇ ਸਲੇਬਸ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ‘ਲੂਈ ਬਰੇਲ’ ਦਾ ਜੀਵਨ ਵੀ ਪੜ੍ਹਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਬਰੇਲ ਲਿਪੀ ਰਾਹੀਂ ਪੜ੍ਹਾਉਣ ਦਾ ਕੰਮ ਸਭ ਤੋਂ ਪਹਿਲਾਂ 1885 ਈ: ਵਿੱਚ ਅੰਮ੍ਰਿਤਸਰ ਵਿਖੇ ਵਿਕਟੋਰੀਆ ਸਕੂਲ ਦੇ ਨਾਂ ‘ਤੇ ਸ਼ੁਰੂ ਕੀਤਾ ਗਿਆ, ਜੋ ਅੱਜ-ਕੱਲ੍ਹ 116 ਰਾਜਪੁਰ ਰੋਡ ਦੇਹਰਾਦੂਨ ਵਿਖੇ ਸਥਿਤ ਹੈ। ਪੰਜਾਬ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ ਵਿਖੇ ਬਰੇਲ ਪ੍ਰੈਸ ਸਥਾਪਿਤ ਹੈ। ਲੂਈ ਬਰੇਲ ਨੇ ਲਿਪੀ ਤਿਆਰ ਕਰਕੇ ਨੇਤਰਹੀਣਾਂ ਦੇ ਭਵਿੱਖ ਨੂੰ ਰੁਸ਼ਨਾਇਆ ਹੈ। ਬਰੇਲ ਲਿਪੀ ਦੇ ਜਨਮਦਾਤਾ ਲੂਈ ਬਰੇਲ ਦਾ 215 ਵਾਂ ਜਨਮ-ਦਿਨ 4 ਜਨਵਰੀ ਦਿਨ ਸ਼ਨੀਵਾਰ ਨੂੰ ਏਕ ਜੋਤ ਵਿਕਲਾਂਗ ਬੱਚਿਆਂ ਦਾ ਸਕੂਲ ਲੁਧਿਆਣਾ ਅਤੇ ਬਲਾਈਂਡ ਪਰਸਨ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ11 ਵਜੇ ਤੋਂ 2 ਵਜੇ ਤੱਕ ਮਨਾਇਆ ਜਾ ਰਿਹਾ ਹੈ।
ਲੇਖਕ: ਆਰ.ਐਸ.ਚੌਹਾਨ
ਅਨੁਵਾਦ: ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਨੇ ਰਾਜ ਅੰਦਰ ਖੇਡਾਂ ਦਾ ਪੱਧਰ ਉੱਚਾ ਚੁੱਕਿਆ – ਬ੍ਰਹਮ ਸ਼ੰਕਰ ਜਿੰਪਾ
Next article“ਹੱਕ-ਸੱਚ ਦੀ ਲੜਾਈ”