ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਵਲੋਂ ਪਿੰਡ ਕੁਲਾਮ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 91 ਵਾਂ ਜਨਮ ਦਿਨ ਸਕੂਲ ਦੇ 172 ਬੱਚਿਆਂ ਨੂੰ ਕਾਪੀਆਂ, ਪੈਨ, ਪੈਨਸਲਾਂ ਦੇ ਕੇ ਮਨਾਇਆ ਗਿਆ। ਬੱਚਿਆਂ ਨੂੰ ਇਹ ਸਟੇਸ਼ਨਰੀ ਦਾ ਸਮਾਨ ਸਵਰਗੀ ਮਾਤਾ ਊਧਮ ਕੌਰ ਦੇ ਪਰਿਵਾਰ ਵਲੋਂ ਦਿੱਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਰਮੇਸ਼ ਕੁਮਾਰ (ਜਿਲ੍ਹਾ ਲੀਡ ਬੈਂਕ ਮੈਨੇਜਰ) ਅਤੇ ਤਰਸੇਮ ਲੱਧੜ ਕੈਨੇਡਾ ਨੇ ਹਾਜਰੀ ਭਰੀ। ਇਹਨਾਂ ਦੋਵਾਂ ਨੇ ਸਭ ਤੋਂ ਪਹਿਲਾਂ ਸਾਹਿਬ ਕਾਂਸ਼ੀ ਰਾਮ ਜੀ ਦੀ ਫੋਟੋ ਤੇ ਹਾਰ ਪਾਏ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਅਮਰੀਕਾ ਬਰਾਬਰ ਲਿਆਉਣ ਲਈ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਪ੍ਰਧਾਨ ਨਿੱਕੂ ਰਾਮ ਜਨਾਗਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ 1978 ਵਿੱਚ ਸਰਕਾਰੀ ਵੱਡੇ ਅਫਸਰ ਵਾਲੀ ਨੌਕਰੀ ਛੱਡ ਕੇ ਭਾਰਤ ਦੇ ਕਰੋੜਾਂ ਗਰੀਬ ਲੋਕਾਂ ਦੀ ਮੱਦਦ ਵਿੱਚ ਆਪਣੀ ਸਾਰੀ ਜਿੰਦਗੀ ਲਗਾ ਦਿੱਤੀ। ਉਹਨਾਂ ਮੁਲਾਜਮ ਵਰਗ ਨੂੰ ਇਕਜੁੱਟ ਕਰਨ ਲਈ ਬਾਮਸੇਫ ਤੇ ਫਿਰ ਸਮਾਜ ਨੂੰ ਇਕਜੁਟ ਕਰਨ ਹਿੱਤ ਡੀ ਐਸ ਫੌਰ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ 1989 ਵਿੱਚ 15 ਲੋਕ ਸਭਾ ਮੈਂਬਰ ਜਿਤਾਏ ਅਤੇ ਉੱਤਰ ਪ੍ਰਦੇਸ਼ ਵਰਗੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ 4/5 ਵਾਰ ਆਪਣੀ ਸਰਕਾਰ ਬਣਾ ਕੇ ਬਹੁਜਨ ਸਮਾਜ ਦੇ ਲੋਕਾਂ ਨਾਲ ਇਨਸਾਫ ਕੀਤਾ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਖੁਦ 2 ਵਾਰੀ ਰਾਜ ਸਭਾ ਮੈਂਬਰ ਤੇ ਦੋ ਵਾਰ ਲੋਕ ਸਭਾ ਦੀਆਂ ਚੋਣਾ ਜਿੱਤ ਕੇ ਲੋਕਾਂ ਦੇ ਹਿੱਤਾਂ ਲਈ ਸਦਨ ਵਿੱਚ ਜਾ ਕੇ ਗਰਜੇ। ਉਹਨਾਂ ਹੋਰ ਕਿਹਾ ਕਿ ਸਾਨੂੰ ਵੀ ਸਾਰਿਆਂ ਨੂੰ ਹੰਭਲਾ ਮਾਰ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਸੋਚ ਵਾਲੀ ਸਰਕਾਰ ਬਣਾ ਲੈਣੀ ਚਾਹੀਦੀ ਹੈ। ਜਿਸ ਨਾਲ ਦੇਸ਼ ਨੂੰ ਹੋਰ ਤਰੱਕੀ ਮਿਲੇ ਤੇ ਬਹੁਜਨ ਸਮਾਜ ਦਾ ਵੀ ਭਲਾ ਹੋ ਸਕੇ। ਇਸ ਮੌਕੇ ਤੇ ਮਾਸਟਰ ਸੰਤੋਖ ਸਿੰਘ, ਮਨਜੀਤ ਰਾਜ, ਸੰਦੀਪ ਸਿੰਘ ਕਲੇਰ, ਕੇਸਰ ਸੱਲਣ, ਸੱਤਪਾਲ ਬਾਲੀ, ਸਤੀਸ਼ ਕੁਮਾਰ, ਪਵਨ ਵਰਮਾ (ਇੰਚਾਰਜ ਮਿਡਲ ਸਕੂਲ ਕੁਲਾਮ), ਮਿੱਡ ਡੇ ਮੀਲ ਵਰਕਰਜ ਦਲਜੀਤ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ ਅਤੇ ਰਾਜਿੰਦਰ ਸਿੰਘ ਮੂਮ (ਸੀਨੀਅਰ ਐਡਮਨਿਸਟ੍ਰੇਸ਼ਨ ਅਫਸਰ ਕੇ ਸੀ ਕਾਲਜ) ਵੀ ਮੌਜੂਦ ਸਨ। ਇਸ ਮੌਕੇ ਜੋਗਾ ਸਿੰਘ, ਦੇਸ ਰਾਜ ਨੌਰਦ ਪ੍ਰਧਾਨ ਐਸ ਸੀ/ਬੀ ਸੀ ਅਧਿਆਪਕ ਯੂਨੀਅਨ, ਆਸ਼ਾ ਰਾਣੀ, ਕੁਲਵਿੰਦਰ ਕੌਰ, ਨਰੇਸ਼ ਕੁਮਾਰ ਸਮੇਤ ਸਕੂਲ ਦੇ ਬੱਚੇ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj