(ਸਮਾਜ ਵੀਕਲੀ)
ਕਾਸਾ ਚੁੱਕ ਕੇ, ਤਸਬੀ ਫੜ੍ਹਕੇ ਕਿੰਨੇ ਜੰਗਲ ਗਾਹ ਦਿੱਤੇ ਨੇ
ਅੰਦਰ ਝਾਤੀ ਮਾਰ ਨਾ ਹੋਈ ਭਗਵੇਂ ਵਸਤਰ ਲਾਹ ਦਿੱਤੇ ਨੇ
ਦੱਸੋ ਉਸਨੂੰ ਲੱਭਾਂ ਕਿੱਥੇ, ਕਿੱਦਾਂ ਮੈਂ ਉਸਦੀ ਭਾਲ ਕਰਾਂ
ਮੈਂ ਤਾਂ ਸਾਰੇ ਮੰਦਿਰ ਮਸਜਿਦ ਗੁੱਸੇ ਦੇ ਵਿੱਚ ਢਾਹ ਦਿੱਤੇ ਨੇ
ਨਾ ਮੈਂ ਸੱਸੀ ਹੀਰ, ਨਾ ਸੋਹਣੀ,ਨਾ ਮੈਂ ਲੈਲਾ ਮਜਨੂੰ ਦੀ ਹਾਂ
ਐਪਰ ਤੇਰੇ ਨਾਵੇਂ ਕਰਤੇ ਜਿੰਨੇ ਉਸਨੇ ਸਾਹ ਦਿੱਤੇ ਨੇ
ਛੱਡੋ ਹੁਣ ਤਾਂ ਗੱਲ ਪੁਰਾਣੀ ,ਹੁਣ ਕੀ ਉਸਦੀ ਗੱਲ ਕਰਨੀ ਏਂ
ਮੈਂ ਤਾਂ ਸਾਰੇ ਸੁਪਨੇ ਸਪਨੇ ਇੱਕੋ ਰੱਸੇ ਫਾਹ ਦਿੱਤੇ ਨੇ
ਪੈਰਾਂ ਵਿਚ ਬੇੜੀ ਪਾ ਕੇ,ਚਲਣੇ ਦਾ ਫ਼ਰਮਾਨ ਸੁਣਾਇਆ
ਚੁੰਮ ਕੇ ਰੱਸਾ, ਮੈਂ ਮੁਨਸਿਫ਼ ਦੇ ਸਾਰੇ ਖਦਸੇ਼ ਲਾਹ ਦਿੱਤੇ ਨੇ
ਅਪਣੀ ਨਾਕਾਮੀ ਦਾ ਸਿਹਰਾ ਮੜ੍ਹ ਨਾ ਰੱਬ ਦੇ ਮੱਥੇ ‘ਤੇ ਤੂੰ
ਜਿਸਨੇ ਮੰਜ਼ਿਲ ਤੱਕ ਪਹੁੰਚਣ ਲਈ, ਤੈਨੂੰ ਕਿੰਨੇ ਰਾਹ ਦਿੱਤੇ ਨੇ
ਰਾਹ ਸੁਖਾਵਾਂ ਹੋ ਜਾਣਾ ਸੀ,ਤੇਰਾ ਮੇਰਾ,ਮੇਰਾ ਤੇਰਾ
ਕਿੰਨੇ ਹੀ ਇਹ ਦਰਦ ਅਵੱਲੇ ਤੂੰ ਤਾਂ ਖਾਹ-ਮ-ਖਾਹ ਦਿੱਤੇ ਨੇ
ਹਰਸਿਮਰਤ ਕੌਰ
9417172754
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly